ਗੁਰਦਛਣਾ
ਬਾਬਾ ਨੰਦ ਸਿੰਘ ਸਾਹਿਬ ਨੇ ਬਚਨ ਸ਼ੁਰੂ ਕੀਤੇ-
ਵਜ਼ੀਰ ਨੇ ਆ ਕੇ ਸ਼ਕਾਇਤ ਕੀਤੀ- ਰਾਜਨ ਇੱਕ ਘਰ ਵਿੱਚੋਂ ਧੂੰਆ ਨਿਕਲ ਰਿਹਾ ਹੈ।
ਰਾਜੇ ਨੇ ਬੁਲਾ ਭੇਜਿਆ, ਉਹ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ।
ਪੁੱਛਣ ਲੱਗੇ- ਬਈ ਅੱਜ ਸਾਡੀ ਸਾਰੀ ਪ੍ਰਜਾ ਨੇ ਵਰਤ ਰੱਖਿਆ ਹੋਇਆ ਹੈ ਪਰ ਇੱਕ ਤੂੰ ਹੈਂ ਜਿਸ ਦੇ ਘਰੋਂ ਧੂੰਆ ਨਿਕਲ ਰਿਹਾ ਹੈ, ਅਸੀਂ ਤੈਨੂੰ ਪੁੱਛ ਸਕਦੇ ਹਾਂ ਕੀ ਵਜ੍ਹਾ ਹੈ ?
ਹੱਥ ਜੋੜ ਕੇ ਬੇਨਤੀ ਕਰਦਾ ਹੈ- ਹੇ ਰਾਜਨ ! ਮੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ।
ਰਾਜਾ ਬੜਾ ਹੈਰਾਨ ਹੈ ਕਿ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ।
ਉਹ ਕਹਿਣ ਲਗਾ- ਰਾਜਨ, ਮੇਰੇ ਗੁਰੂ ਨੇ ਮੇਰੇ ਕੋਲੋਂ ਸਦਾ ਲਈ ਵਰਤ ਰਖਾ ਦਿੱਤਾ ਹੈ।
ਰਾਜਾ ਬੜਾ ਹੈਰਾਨ ਸਦਾ ਲਈਂ ਵਰਤ, ਰੋਜ ਦਾ ਵਰਤ!!!
ਕਹਿਣ ਲਗਾ- ਜੀ ਹਾਂ ! ਰਾਜਨ ਮੈਨੂੰ ਮੇਰੇ ਪੂਰੇ ਗੁਰੂ ਨੇ ਭੈੜੇ ਕੰਮਾ ਤੋਂ ਸਦਾ ਲਈ ਵਰਤ ਰਖਾ ਦਿੱਤਾ ਹੈ।ਰਾਜਾ ਬੜਾ ਹੈਰਾਨ ਹੈ।
ਕਹਿਣ ਲਗਾ- ਮੇਰੇ ਗੁਰੂ ਦਾ ਉਪਦੇਸ਼ ਹੈ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ ਅਤੇ ਥੋੜ੍ਹਾ ਖਾਣਾ। 'ਮੈਂ'' ਇੱਕ ਪਰਸ਼ਾਦਾ ਰੋਜ ਛਕਦਾ ਹਾਂ, ਇਹ ਮੇਰਾ ਰੋਜ ਦਾ ਆਹਾਰ ਹੈ। ਫਿਰ ਗੁਰੂ ਦਾ ਉਪਦੇਸ਼ ਹੈ ਹਰ ਵੇਲੇ ਸਾਹਿਬ ਦੇ, ਸਤਿਗੁਰੂ ਦੇ ਬਖਸ਼ੇ ਹੋਏ ਨਾਮ ਦੇ ਵਿੱਚ ਹੀ, ਆਪਣੇ ਨਿਤਨੇਮ ਵਿੱਚ ਲੀਨ ਰਹਿਣਾ, ਇਸ ਕਰਕੇ ਰਾਜਨ ਮੈਂ ਮਾਫੀ ਮੰਗਦਾ ਹਾਂ।
ਰਾਜੇ ਦੇ ਉੱਤੇ ਐਸਾ ਅਸਰ ਹੋਇਆ ਕਹਿਣ ਲੱਗਾ- ਗੁਰਮੁੱਖਾ, ਆਪਣੇ ਸਤਿਗੁਰੂ ਦੇ ਸਾਨੂੰ ਵੀ ਦਰਸ਼ਨ ਕਰਾ।
ਅੱਗੋਂ ਹੱਥ ਜੋੜ ਕੇ ਕਹਿੰਦਾ ਹੈ - ਰਾਜਨ ਉਹ ਸਭ ਦੇ ਦਿਲਾਂ ਦੀ ਜਾਣਦਾ ਹੈ, ਇਸ ਵੇਲੇ ਮੇਰਾ ਗੁਰੂ ਜਿੱਥੇ ਵੀ ਬੈਠਾ ਹੈ ਉਹ ਸਾਡੇ ਵਿੱਚ ਹੋ ਰਹੀ ਗਲਬਾਤ ਸਭ ਸੁਣ ਰਿਹਾ ਹੈ, ਸਭ ਦੇਖ ਰਿਹਾ ਹੈਂ। ਤੁਸੀਂ ਬੜੇ ਧਰਮੀ ਹੋ, ਭਜਨ ਬੰਦਗੀ ਕਰਦੇ ਹੋ ਉਸਦੇ ਚਰਨਾਂ ਵਿੱਚ ਬੇਨਤੀ ਕਰੋ, ਅਰਜੋਈ ਕਰੋ, ਅਰਦਾਸ ਕਰੋ ਉਹ ਤੁਹਾਡੀ ਵੀ ਸੁਨਣਗੇ, ਉਹ ਤੁਹਾਨੂੰ ਵੀ ਜਰੂਰ ਦਰਸ਼ਨ ਦੇਣਗੇ।
ਜਦੋਂ ਇਹ ਕਿਹਾ ਤੇ ਰਾਜਾ ਬੜਾ ਖੁਸ਼ ਹੋਇਆ ਬੜੀ ਇੱਜਤ ਨਾਲ ਉਸ ਨੂੰ ਵਿਦਾ ਕਰ ਦਿੱਤਾ। ਥੋੜ੍ਹਾ ਸਮਾਂ ਬੀਤ ਗਿਆ।
ਵਜ਼ੀਰ ਨੇ ਇੱਕ ਦਿਨ ਆ ਕੇ ਦੱਸਿਆ- ਰਾਜਨ ਬਾਹਰ ਸੁੱਕੇ ਹੋਏ ਬਾਗ ਵਿੱਚ ਤਿੰਨ ਸਾਧੂ ਆ ਕੇ ਠਹਿਰੇ ਹਨ। ਸਾਰੀ ਪ੍ਰਜਾ ਉਨ੍ਹਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀ ਹੈ। ਇੱਕ ਅਚੰਭੇ ਵਾਲੀ ਗੱਲ ਇਹ ਹੋਈ ਹੈ ਕਿ ਜਿਹੜਾ ਬਾਗ ਸਾਡਾ ਐਨੇ ਸਾਲਾ ਤੋਂ ਸੁੱਕਾ ਪਿਆ ਸੀ, ਉਨ੍ਹਾਂ ਦੇ ਚਰਨ ਪਾਉਂਣ ਨਾਲ ਉਹ ਬਾਗ ਹਰਾ ਹੋ ਗਿਆ ਹੈ।
ਰਾਜੇ ਨੇ ਸਾਰੀ ਗੱਲ ਸੁਣੀ ਪਰ ਦਿਲ ਵਿੱਚ ਇੱਕ ਖਿਆਲ ਆ ਗਿਆ ਕਿ ਜਾਣ ਤੋਂ ਪਹਿਲਾਂ ਉਨ੍ਹਾਂ ਸਾਧੂਆਂ ਦੀ ਪਰਖ ਕਰਾਂ ? ਇਹ ਸੋਚ ਕੇ ਆਪਣੇ ਦਰਬਾਰ ਦੀਆਂ ਸੋਹਣੀਆਂ, ਨੱਚਣ ਵਾਲੀਆਂ ਸੁੰਦਰੀਆਂ ਨੂੰ ਬੁਲਾਇਆ ਤੇ ਸਮਝਾਇਆ ਜਾ ਕੇ ਪਰਖ ਕਰੋ। ਉਹ ਸੱਜ ਬਣ ਕੇ ਗਈਆਂ ਹਨ।
ਉੱਥੇ ਬਿਰਾਜਮਾਨ ਕੌਣ ਹਨ ? ਗੁਰੂ ਨਾਨਕ ਪਾਤਸ਼ਾਹ, ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ।
ਜਿਸ ਵਕਤ ਗਈਆਂ ਹਨ, ਉਹ ਬਿਰਤੀ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟੀ ਉਨ੍ਹਾਂ ਵੱਲ ਪਈ, ਅੰਮ੍ਰਿਤ ਦ੍ਰਿਸ਼ਟੀ ਦੇ ਪੈਂਦੇ ਹੀ ਉਨ੍ਹਾਂ ਦੀਆਂ ਬਿਰਤੀਆਂ ਬਦਲ ਗਈਆਂ ਉਹ ਕਿਹੜੀ ਅੰਮ੍ਰਿਤ ਦ੍ਰਿਸ਼ਟੀ ਪਈ?
ਸਾਧ ਸੰਗਤ ਜੀ,
- ਉਹ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਕੌਡੇ ਰਾਕਸ਼ ਤੇ ਪਈ ਸੀ ਤੇ ਛਿੱਨ ਵਿੱਚ ਉਸ ਨੂੰ ਦੇਵਤਾ ਬਣਾ ਦਿੱਤਾ ਸੀ।
- ਉਹੀ ਅੰਮ੍ਰਿਤ ਦ੍ਰਿਸ਼ਟੀ ਜਦੋਂ ਸੱਜਣ ਠੱਗ ਤੇ ਪਈ ਹੈ ਛਿੱਨ ਵਿੱਚ ਉਸ ਨੂੰ ਸੰਤ ਬਣਾ ਦਿੱਤਾ।
- ਜੇ ਦਿਪਾਲਪੁਰ ਦੇ ਕੋੜ੍ਹੀ ਤੇ ਪਈ ਹੈ ਤੇ ਛਿੱਨ ਵਿੱਚ ਉਸ ਨੂੰ ਨੌ ਬਰ ਨੌ ਕਰਕੇ ਨਾਮ ਨਾਲ ਮਹਿਕਾ ਦਿੱਤਾ ਹੈ।
- ਜੇ ਕੌੜੇ ਰੀਠੇ ਤੇ ਪਈ ਹੈ ਤੇ ਉਸ ਨੂੰ ਅੰਮ੍ਰਿਤ ਵਰਗਾ ਮਿੱਠਾ ਪਰਸ਼ਾਦ ਬਣਾ ਦਿੱਤਾ ਹੈ।
ਜਿਸ ਵਕਤ ਰਾਜੇ ਨੇ ਉਨ੍ਹਾਂ ਵੱਲ ਦੇਖਿਆ ਹੈ, ਉਹ ਪਵਿੱਤਰਤਾ ਦੀਆਂ ਦੇਵੀਆਂ ਵੱਲ ਵੇਖਿਆ ਹੈ, ਉਹ ਸੱਚ ਦੀਆਂ ਮੂਰਤੀਆਂ ਵੱਲ ਵੇਖਿਆ ਹੈ, ਰਾਜਾ ਬੜਾ ਹੈਰਾਨ ਹੋ ਗਿਆ ਹੈ, ਉਹ ਕਹਿ ਰਹੀਆਂ ਹਨ- ਅਸੀਂ ਜਿਹੜਾ ਇਹ ਭੈੜਾ ਜੀਵਨ ਬਸਰ ਕੀਤਾ ਹੈ ਹੁਣ ਇਹ ਨੌਕਰੀ ਨਹੀਂ ਕਰਨੀ।
ਰਾਜਾ ਹੈਰਾਨ ਹੈ ਕਿ ਇੱਕ ਦਰਸ਼ਨਾ ਨਾਲ ਉਹ ਭੈੜੀਆਂ ਔਰਤਾਂ ਸੱਚ ਦੀਆਂ ਮੂਰਤੀਆਂ, ਪਵਿੱਤਰਤਾ ਦੀਆਂ ਦੇਵੀਆਂ ਬਣ ਗਈਆਂ ਹਨ।
ਬੜਾ ਪਛਤਾਇਆ ਹੈ, ਜਾਣ ਦੀ ਤਿਆਰੀ ਕੀਤੀ ਹੈ ਵਜ਼ੀਰ, ਅਹਲਕਾਰ, ਭੇਟਾ ਤਿਆਰ ਕੀਤੀ ਗਈ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ, ਭੇਟਾ ਅੱਗੇ ਰੱਖੀ ਥਾਲ ਅੱਗੇ ਰੱਖੇ, ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ, ਗੁਰੂ ਨਾਨਕ ਪਾਤਸ਼ਾਹ ਨੂੰ- ਸੱਚੇ ਪਾਤਸ਼ਾਹ ਪਰਵਾਨ ਕਰੋ।
ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਦ੍ਰਿਸ਼ਟੀ ਪਈ ਹੈ, ਸੁੱਧ ਬੁੱਧ ਭੁੱਲ ਗਈ ਹੈ, ਫੁਰਮਾਉਂਣ ਲੱਗੇ- ਰਾਜਨ ! ਸਾਨੂੰ ਇਨ੍ਹਾਂ ਚੀਜਾਂ ਦੀ ਲੋੜ ਨਹੀਂ ਹੈ।
ਫਿਰ ਸੋਚ ਕੇ ਕਹਿਣ ਲੱਗਾ- ਸੱਚੇ ਪਾਤਸ਼ਾਹ! ਮਹੱਲਾਂ ਵਿੱਚ ਚੱਲੋ ਉੱਥੇ ਪਰਸ਼ਾਦਾ ਛਕੋ।
ਅੱਗੋ ਬਾਬਾ ਨੰਦ ਸਿੰਘ ਸਾਹਿਬ ਦੱਸਦੇ ਹਨ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਰਾਜੇ ਨੂੰ ਪੁੱਛਦੇ ਹਨ-
ਰਾਜਨ ! ਤੇਰੇ ਮਹੱਲਾਂ ਵਿੱਚ ਚਲੀਏ ਪਰਸ਼ਾਦਾ ਛਕੀਏ ਤਾਂ ਕੀ ਦਖਿਣਾ ਦੇਵੇਗਾ ? ਫਿਰ ਕੀ ਦਖਿਣਾ ਸਾਡੇ ਅੱਗੇ ਰੱਖੇਂਗਾ ?
ਹੁਣ ਰਾਜਾ ਸੋਚਾਂ ਵਿੱਚ ਪੈ ਗਿਆ ਇੱਕ ਦਮ ਜਵਾਬ ਦਿੱਤਾ ਹੈ ਕਿ- ਸੱਚੇ ਪਾਤਸ਼ਾਹ ! ਮੇਰਾ ਰਾਜ ਪਾਟ ਹਾਜ਼ਰ ਹੈ
ਅੱਗੋ ਸਾਹਿਬ ਦੇਖ ਕੇ ਫੁਰਮਾਉਂਦੇ ਹਨ- ਰਾਜਨ ਕੋਈ 'ਆਪਣੀ' ਸ਼ੈ ਦੇ, ਕੋਈ 'ਆਪਣੀ' ਸ਼ੈ ਦੇ!
ਰਾਜਾ- ਰਾਜਪਾਟ ਮੇਰਾ ਹੈ ਸੱਚੇ ਪਾਤਸ਼ਾਹ ! ਸਾਰਾ ਰਾਜਪਾਟ ਹਾਜ਼ਿਰ ਹੈ, ਸੱਚੇ ਪਾਤਸ਼ਾਹ! ਇਹ ਮੇਰਾ ਹੈ !
ਅੱਗੋ ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ- ਨਹੀਂ ਰਾਜਨ ! ਇਹ ਰਾਜ ਪਾਟ ਜਿਸ ਨੂੰ ਤੇਰਾ ਪਿਤਾ, ਤੇਰਾ ਦਾਦਾ, ਤੇਰਾ ਪੜਦਾਦਾ ਸਭ ਆਪਣਾ ਕਹਿੰਦੇ ਚਲੇ ਗਏ ਤੂੰ ਵੀ ਇਸ ਨੂੰ ਆਪਣਾ ਕਹਿੰਦੇ ਚਲੇ ਜਾਣਾ ਹੈ, ਇਹ ਤੇਰਾ ਨਹੀਂ ਹੈ, ਉਨ੍ਹਾਂ ਨਾਲ ਵੀ ਨਹੀਂ ਗਿਆ, ਤੇਰੇ ਨਾਲ ਵੀ ਨਹੀਂ ਜਾਣਾ,ਕੋਈ ਆਪਣੀ ਸ਼ੈ ਦੇ।
ਰਾਜਾ ਫਿਰ ਸੋਚਾਂ ਵਿੱਚ ਪੈ ਗਿਆ,ਕਹਿਣ ਲੱਗਾ- ਸੱਚੇ ਪਾਤਸ਼ਾਹ ! ਜੇ ਇਹ ਰਾਜ ਪਾਟ ਮੇਰਾ ਨਹੀਂ ਹੈ ਤੇ ਸੱਚੇ ਪਾਤਸ਼ਾਹ ਇਹ ਤਨ (ਜਿਸਮ) ਹਾਜ਼ਿਰ ਹੈ।
ਫਿਰ ਗੁਰੂ ਨਾਨਕ ਪਾਤਸ਼ਾਹ ਫੁਰਮਾਉਂਣ ਲਗੇ- ਰਾਜਨ ! ਕੋਈ ਆਪਣੀ ਸ਼ੈ ਦੇ।
ਰਾਜਾ- ਸੱਚੇ ਪਾਤਸ਼ਾਹ ! ਮੇਰਾ ਸ਼ਰੀਰ ਹਾਜ਼ਿਰ ਹੈ, ਤਨ ਹਾਜ਼ਿਰ ਹੈ।
ਗੁਰੂ ਨਾਨਕ ਪਾਤਸ਼ਾਹ- ਨਹੀਂ, ਰਾਜਨ ਕੋਈ ਆਪਣੀ ਸ਼ੈ ਦੇ।
ਰਾਜਾ- ਜੀ ਇਹ ਸ਼ਰੀਰ ਮੇਰਾ ਹੈ।
ਫੁਰਮਾਉਂਣ ਲੱਗੇ- ਤੂੰ ਇਸ ਤਰ੍ਹਾਂ ਦੇ ਕਈ ਚੋਲੇ ਬਦਲ ਆਇਆ ਹੈਂ, ਇਹ ਚੋਲਾ ਵੀ ਤੂੰ ਛੱਡ ਜਾਣਾ ਹੈ, ਇਹ ਸਵਾਹ ਦੀ ਢੇਰੀ ਕੀ ਸਾਨੂੰ ਦੇ ਰਿਹਾ ਹੈ, ਇਹ ਸਵਾਹ ਦੀ ਮੁੱਠੀ ਸਾਨੂੰ ਕੀ ਦੇ ਰਿਹਾ ਹੈ, ਕੋਈ ਆਪਣੀ ਸ਼ੈ ਦੇ।
ਸੋਚਾਂ ਵਿੱਚ ਪੈ ਗਿਆ ਕਹਿਣ ਲੱਗਾ- ਸੱਚੇ ਪਾਤਸ਼ਾਹ! ਮੇਰਾ ਮਨ ਹਾਜ਼ਿਰ ਹੈ।
ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ- ਰਾਜਨ ! ਕੋਈ ਅਪਣੀ ਸ਼ੈ ਦੇ।
ਅੱਗੋਂ ਰਾਜਾ ਕਹਿਣ ਲੱਗਾ- ਜੀ ਮਨ
ਫੁਰਮਾਇਆ- ਮਨ ਤੇਰਾ ਸਭ ਤੋਂ ਵੱਡਾ ਸ਼ਤਰੂ ਹੈ, ਦੁਸ਼ਮਨ ਹੈ। ਇਸ ਨੇ ਤੈਨੂੰ ਨਕੇਲ ਪਾਈ ਹੋਈ ਹੈ ਇਹ ਚਾਰੇ ਕੁੰਟਾ, ਦਸੋ ਦਿਸ਼ਾਵਾਂ ਵਿੱਚ ਤੈਨੂੰ ਲਈ ਫਿਰਦਾ ਹੈ, ਜਿਹੜਾ ਤੇਰੇ ਵਸ ਵਿੱਚ ਨਹੀਂ ਹੈ, ਜਿਹੜਾ ਤੇਰਾ ਸ਼ਤਰੂ ਹੈ ਉਹ ਤੂੰ ਸਾਨੂੰ ਕਿਸ ਤਰ੍ਹਾਂ ਦੇ ਸਕਦਾ ਹੈ, ਕੋਈ ਆਪਣੀ ਸ਼ੈ ਦੇ।
ਰਾਜਾ ਸੋਚਾਂ ਵਿੱਚ ਪੈ ਗਿਆ ਬੜਾ ਸੋਚ ਕੇ ਕਹਿਣ ਲੱਗਾ: ਇਹ ਰਾਜ ਪਾਟ ਮੇਰਾ ਨਹੀਂ ਹੈ, ਸੱਚੇ ਪਾਤਸ਼ਾਹ!ਇਹ ਤਨ ਇਹ ਸ਼ਰੀਰ ਵੀ ਮੇਰਾ ਨਹੀਂ ਹੈ, ਸੱਚੇ ਪਾਤਸ਼ਾਹ !ਇਹ ਮਨ ਵੀ ਮੇਰਾ ਨਹੀਂ ਹੈ ਤੇ ਫਿਰ ਮੈਂ' ਕੀ ਅਰਪਨ ਕਰਾਂ? ਜੇ ਇਹ ਤਿੰਨੋ ਚੀਜਾਂ ਮੇਰੀਆਂ ਨਹੀਂ ਹਨ ਤਾਂ 'ਮੈਂ' ਅਰਪਨ ਕੀ ਕਰਾਂ?”
ਇਹ 'ਮੈਂ' ਅਰਪਨ ਕਰਦੇ, ਇਹ 'ਮੈਂ' ਸਾਨੂੰ ਅਰਪਨ ਕਰਦੇ।
ਗੁਰੂ ਨਾਨਕ ਪਾਤਸ਼ਾਹ ਨੇ ਥਾਪੜਾ ਦਿੱਤਾ ਕਿ- ਰਾਜਨ ! ਉੱਠੋ ਜਾਓ ਜਾਕੇ ਰਾਜ ਕਰੋ।
ਸੀਸ ਚੁੱਕਿਆ ਹੈ....ਕਹਿਣ ਲਗਾ- ਸੱਚੇ ਪਾਤਸ਼ਾਹ ! ਹੁਣ ਰਾਜ ਕਰਨ ਜੋਗਾ ਰਹਿ ਕੌਣ ਗਿਆ ਹੈ।
ਗੁਰੂ ਨਾਨਕ ਪਾਤਸ਼ਾਹ- ਨਹੀਂ ਰਾਜਨ ਪਹਿਲੋਂ ਤੂੰ ਕਹਿੰਦਾ ਸੀ, ਇਹ ਰਾਜਪਾਟ ਮੇਰਾ ਹੈ ਇਹ ਮਹਲ ਮਾੜੀਆਂ ਮੇਰੀਆਂ ਹਨ, ਇਹ ਲਾਹੋ ਲਸ਼ਕਰ ਮੇਰੇ ਹਨ, ਅੱਗੇ ਸਭ ਕੁੱਝ ਮੇਰਾ ਕਹਿੰਦਾ ਸੀ ਪਰ ਹੁਣ 'ਮੈਂ' ਕਿਸ ਨੂੰ ਅਰਪਨ ਕੀਤੀ ਹੈ?
ਰਾਜਾ- ਸੱਚੇ ਪਾਤਸ਼ਾਹ! ਤੁਹਾਨੂੰ।
ਗੁਰੂ ਨਾਨਕ ਪਾਤਸ਼ਾਹ- ਫਿਰ ਇਹ ਕਿਸ ਦਾ ਹੋਇਆ?
ਰਾਜਾ- ਜੀ ਤੁਹਾਡਾ।
- ਜਾਹ, ਹੁਣ ਗੁਰੂ ਦਾ ਸਮਝ ਕੇ... ਕਿ ਰਾਜਪਾਟ ਗੁਰੂ ਦਾ ਹੈ,
- ਮਹਲ ਮਾੜੀਆਂ ਗੁਰੂ ਦੀਆਂ ਹਨ, ਇਹ ਸਭ ਕੁੱਝ ਗੁਰੂ ਦਾ ਹੈ ,
- ਇਹ ਸਾਡੀ ਅਮਾਨਤ ਤੇਰੇ ਪਾਸ ਹੈ, ਇਸ ਅਮਾਨਤ ਵਿੱਚ ਖਿਆਨਤ ਨਾ ਕਰੀਂ।
ਇਹ ਜਿਹੜੀ 'ਮੈਂ'' ਹੈ, ਇਹੀ ਗੁਰਦਛਣਾ ਹੈ।
- www.Sikh Videos.org
- www.SriGuruGranthSahib.org
- www.BabaNandSinghSahib.org

Comments
Post a Comment