ਸਿੱਖ ਅਤੇ ਸਤਿਗੁਰੂ ਦਾ ਰਿਸ਼ਤਾ

 


ਬਾਬਾ ਨੰਦ ਸਿੰਘ ਸਾਹਿਬ, ਸਿੱਖ ਅਤੇ ਸਤਿਗੁਰੂ ਦੇ ਰਿਸ਼ਤੇ ਪ੍ਰਤੀ ਬਚਨ ਕਰਦੇ ਹੋਏ ਫੁਰਮਾਉਣ ਲੱਗੇ-

ਅਰਜਨ ਅਤੇ ਦੁਰਯੋਧਨ ਦੋਨੋਂ ਹੀ ਭਗਵਾਨ ਕ੍ਰਿਸ਼ਨ ਦੇ ਚਰਨਾਂ 'ਚ ਪਹੁੰਚਦੇ ਹਨ। ਭਗਵਾਨ ਕ੍ਰਿਸ਼ਨ ਆਰਾਮ ਕਰ ਰਹੇ ਸਨ, ਅਰਜਨ ਉਨ੍ਹਾਂ ਦੇ ਚਰਨਾ ਵੱਲ ਬੈਠ ਕੇ ਇੰਤਜਾਰ ਕਰ ਰਿਹਾ ਹੈ। ਇੰਨੀ ਦੇਰ ਨੂੰ ਦੁਰਯੋਧਨ ਵੀ ਪਹੁੰਚ ਗਿਆ ਅਤੇ ਉਹ ਉਨ੍ਹਾਂ ਦੇ ਸਰ੍ਹਾਨੇ ਵੱਲ ਬੈਠ ਗਿਆ। ਇੰਤਜਾਰ ਕਰ ਰਹੇ ਹਨ ਕਿ ਕਦੋਂ ਭਗਵਾਨ ਉਠਣਗੇ। 

ਜਿਸ ਵਕਤ ਉਨ੍ਹਾਂ ਨੇ ਨੇਤਰ ਖੋਲ੍ਹੇ ਤਾਂ ਪਹਿਲੀ ਨਜ਼ਰ ਅਰਜਨ ਤੇ ਪਈ ਹੈ ਜਦੋਂ ਸਰ੍ਹਾਨੇ ਵੱਲ ਦੇਖਿਆ ਤਾਂ ਦੁਰਯੋਧਨ ਬੈਠਾ ਸੀ। 

ਪੁੱਛਿਆ- ਕਿਸ ਤਰ੍ਹਾਂ ਆਉਣਾ ਹੋਇਆ? 

ਉਨ੍ਹਾਂ ਨੇ ਬੇਨਤੀ ਕੀਤੀ ਕਿ- ਗਰੀਬ ਨਿਵਾਜ! ਆਪ ਸਾਡੇ ਦੋਨਾਂ ਵਿੱਚ ਕਿਸ ਪਾਸੇ ਹੋ? 

ਜਦੋਂ ਦੁਰਯੋਧਨ ਨੇ ਬੇਨਤੀ ਕੀਤੀ ਤਾਂ ਫਿਰ ਭਗਵਾਨ ਕ੍ਰਿਸ਼ਨ ਨੇ ਵਾਦਾ ਕੀਤਾ ਕਿ-

 ਅਸੀ ਜੰਗ ਦੇ ਵਿੱਚ ਹਿਸਾ ਨਹੀਂ ਲਵਾਂਗੇ, ਦੇਖਾਂਗੇ ਜਰੂਰ ਪਰ ਨਿਹੱਥੇ ਦੇਖਾਂਗੇ। ਅਸੀਂ ਇੱਕ ਪਾਸੇ ਹਾਂ, ਇੱਕ ਪਾਸੇ ਸਾਡੀ ਸਾਰੀ ਸ਼ਕਤੀ, ਪੂਰੀ ਤਾਕਤ ਹੈ, ਫੋਜ ਹੈ, ਹਥਿਆਰ ਹਨ। 

ਦੁਰਯੋਧਨ ਕਹਿਣ ਲੱਗਾ- ਜੀ ਮੈਂ ਮੰਗਾਂ। 

ਭਗਵਾਨ ਕ੍ਰਿਸ਼ਨ ਫੁਰਮਾਉਣ ਲੱਗੇ ਕਿ- ਦੁਰਯੋਧਨ ਸਾਡੀ ਨਜ਼ਰ ਪਹਿਲੋਂ ਅਰਜਨ ਵੱਲ ਪਈ ਹੈ। ਪਹਿਲੇ ਉਹ ਮੰਗੇਗਾ ਉਹਦੇ ਬਾਅਦ ਹੀ ਤੁਹਾਡੀ ਵਾਰੀ ਹੈ। 

ਅਰਜਨ ਹੱਥ ਜੋੜ ਕੇ ਮੰਗ ਕੀ ਰਿਹਾ ਹੈ ਆਪਣੇ ਨਿਹੱਥੇ ਭਗਵਾਨ ਨੂੰ। 

ਸਿੱਖ ਤੇ ਗੁਰੂ ਦੇ ਰਿਸ਼ਤੇ ਪ੍ਰਤੀ ਬਾਬਾ ਨੰਦ ਸਿੰਘ ਸਾਹਿਬ ਬਚਨ ਕਰ ਰਹੇ ਸਨ-

ਮੰਗ ਰਿਹਾ ਹੈ ਭਗਵਾਨ ਨੂੰ ਪਰ ਉਹ ਵੀ ਨਿਹੱਥੇ ਭਗਵਾਨ ਨੂੰ। ਕੀ ਮਜਾਲ ਹੈ ਉਹਦਾ ਧਿਆਨ ਵੀ ਉਨ੍ਹਾਂ ਦੀ ਸ਼ਕਤੀ, ਉਨ੍ਹਾਂ ਦੀ ਤਾਕਤ ਜਾਂ ਕਿਸੇ ਹੋਰ ਦਾਤ ਵੱਲ ਗਿਆ ਹੋਵੇ।

ਦੁਰਯੋਧਨ ਬੜਾ ਖੁਸ਼ ਹੋਇਆ। ਸੋਚ ਰਿਹਾ ਸੀ ਮੰਗਣਾ ਵੀ ਉਹੀ ਚੀਜ਼ ਚਾਹੁੰਦਾ ਸੀ- ਉਨ੍ਹਾਂ ਦੀ ਸ਼ਕਤੀ ਅਤੇ ਤਾਕਤ ਨੂੰ। 

ਪਰ ਸਾਧ ਸੰਗਤ ਜੀ ਜਿਸ ਵਕਤ ਜੰਗੇ ਮਹਾਂਭਾਰਤ ਦੇ ਮੈਦਾਨ ਵਿੱਚ ਖਲੋ ਕੇ, ਜਦੋਂ ਭਗਵਾਨ ਕ੍ਰਿਸ਼ਨ ਦੋਨੋਂ ਪਾਸੇ ਦੇਖਦੇ ਹਨ ਉਸ ਵੇਲੇ ਅਰਜਨ ਕੁੱਝ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦਿੰਦਾ ਹੈ।

ਪਿਤਾ ਜੀ ਸਮਝਾਉਂਦੇ ਹੋਏ ਫੁਰਮਾਉਣ ਲੱਗੇ ਕਿ- 

ਅਰਜਨ ਦੇ ਵਿੱਚ ਕੋਈ ਕਮਜੋਰੀ ਨਹੀਂ ਸੀ, ਅਰਜਨ ਬੜਾ ਸੁਲਝਿਆ ਹੋਇਆ ਸੀ ਜਿਸਨੇ ਸਿਰਫ ਗੁਰੂ ਨੂੰ ਹੀ ਮੰਗਿਆ ਹੈ, ਆਪਣੇ ਸਤਿਗੁਰੂ ਨੂੰ ਹੀ ਮੰਗਿਆ ਹੈ। ਉਸ ਵੇਲੇ ਜਿਹੜੇ ਪ੍ਰਸ਼ਨ ਪੁੱਛ ਰਿਹਾ ਹੈ, ਜਿਹੜੀ ਜੁਗਤੀ ਵਰਤ ਰਿਹਾ ਹੈ ਉਹ ਕਿਸ ਕਰਕੇ, ਉਹੀ ਪ੍ਰਸ਼ਨ ਜਿਹੜੇ ਇੱਕ ਫਾਨੀ ਇਨਸਾਨ, ਜਿਹੜੇ ਬੰਧਨਾ' 'ਚ ਉਹ ਫਸਿਆ ਹੁੰਦਾ ਹੈ, ਜਿਹੜੀਆਂ ਚੀਜਾਂ ਉਸ ਵੇਲੇ ਉਹ ਸੋਚਦਾ ਹੈ ਉਹ ਸਾਰੇ ਪ੍ਰਸ਼ਨ ਪੁੱਛੇ। 

ਉਹ ਭਗਵਾਨ ਕ੍ਰਿਸ਼ਨ ਦਾ ਸਾਰਾ ਪ੍ਰੇਮ ਪ੍ਰਸ਼ਨਾਂ ਰਾਹੀਂ ਖਿੱਚ ਲੈਂਦਾ ਹੈ। ਉਹ ਪ੍ਰੇਮ ਕਰਦੇ ਹਨ ਅਰਜਨ ਨਾਲ, ਅਰਜਨ ਜੁੱਗਤੀ ਵਰਤ ਰਿਹਾ ਹੈ। ਉਹ ਕਿਹਦੇ ਵਾਸਤੇ ਖਿੱਚ ਰਿਹਾ ਹੈ, ਰਹਿੰਦੀ ਦੁਨੀਆਂ ਤਕ ਜਿੰਨੇ ਵੀ ਪ੍ਰਸ਼ਨ ਕਿਸੇ ਫਾਨੀ ਇਨਸਾਨ ਦੇ ਮਨ ਦੇ ਵਿੱਚ ਪੈਦਾ ਹੋ ਸਕਦੇ ਹਨ, ਉਸ ਵੇਲੇ ਉਨ੍ਹਾਂ ਦਾ ਜਵਾਬ ਖਿੱਚ ਰਿਹਾ ਹੈ।

ਪਿਤਾ ਜੀ ਕਹਿਣ ਲੱਗੇ- ਉਸ ਪ੍ਰੇਮ ਨੂੰ ਖਿੱਚ ਕੇ ਮਾਤਾ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਉਸ ਪ੍ਰੇਮ ਦਾ ਪ੍ਰਸ਼ਾਦ ਅਰਜਨ ਨੇ ਵੰਡ ਦਿੱਤਾ। 

ਉਸੇ ਪ੍ਰੇਮ 'ਚ ਜਿਸ ਵਕਤ ਬਚਨ ਕਰ ਰਹੇ ਹਨ ਭਗਵਾਨ ਫੁਰਮਾ ਕੀ ਰਹੇ ਹਨ ? 

ਬਾਅਦ ਵਿੱਚ ਭਗਵਾਨ ਉਸਨੂੰ ਕਹਿਣ ਲੱਗੇ- 

ਅਰਜਨ ਸਾਨੂੰ ਆਪਣਾ ਸਤਿਗੁਰੂ ਸਮਝ ਲੈ, ਸਤਿਗੁਰੂ ਮਨ ਲੈ, ਆਪਣੀ ਬੁੱਧੀ, ਆਪਣਾ ਮਨ, ਆਪਣੀ ਸੋਚ ਸਾਨੂੰ ਅਰਪਣ ਕਰ ਦੇ। ਸਾਡੀ ਆਗਿਆ, ਸਾਡੀ ਸੋਚ ਵਿੱਚ ਆ ਜਾ, ਜੋ ਅਸੀ ਆਗਿਆ ਦੇਵਾਂਗੇ ਉਸੇ ਤਰ੍ਹਾਂ ਚਲਦਾ ਰਹੋ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-

ਸਤਿਗੁਰੂ ਨੇ ਕੀ ਕਰਨਾ ਹੈ? 

ਫੁਰਮਾਇਆ-

ਇਹ ਜਿਹੜੀ 'ਮੈਂ' ਹੈ ਇਹਦੀ ਜਿਹੜੀ ਸੋਚ ਹੈ, ਉਹ ਹੈ ਮਨ ਦੀ ਸੋਚ। ਜਿਹੜਾ 'ਮੈਂ ਮੈਂ' ਕਰਦਾ ਹੈ, ਉਹ ਆਪਣੀ ਮਨ ਦੀ ਸੋਚ ਦੇ ਮਗਰ ਤੁਰਦਾ ਹੈ, ਉਹ ਮਨਮੁੱਖ ਹੈ। ਜਿਹੜਾ ਗੁਰੂ ਦੀ ਸੋਚ ਵਿੱਚ ਹੈ, ਉਹ ਗੁਰਮਤ ਦੇ ਵਿੱਚ ਹੈ, ਉਹ ਗੁਰੂ ਦੀ ਆਗਿਆ ਵਿੱਚ ਚਲਦਾ ਹੈ, ਗੁਰੂ ਦੀ ਸੋਚ ਵਿੱਚ ਚਲਦਾ ਹੈ, ਉਹਦੀ ਆਪਣੀ ਸੋਚ ਕੋਈ ਨਹੀਂ।

ਉਸ ਵੇਲੇ ਸਤਿਗੁਰੂ ਲੈਂਦਾ ਕੀ ਹੈ?

ਉਹ ਸਿੱਖ ਦੀ ਸੋਚ ਨੂੰ ਖ਼ਤਮ ਕਰਦਾ ਹੈ ਪਰ ਪਹਿਲੋਂ ਇਹ ਜਿਹੜੀਆਂ ਦਾਤਾਂ ਹਨ ਜਿਹੜੇ ਪਦਾਰਥਾਂ ਨੂੰ ਰੋਜ਼ ਮੰਗਦਾ ਹੈ, ਇਸ ਦੁਨੀਆਂ ਦੇ ਮਾਇਆ ਦੇ ਪਦਾਰਥਾਂ ਦੀ ਰੋਜ਼ ਹੀ ਥੋੜ ਪਈ ਰਹਿਣੀ ਹੈ ਉਨ੍ਹਾਂ ਨੂੰ ਖਤਮ ਕਰਦਾ ਹੈ, ਉਨ੍ਹਾਂ ਵਿੱਚੋਂ ਕੱਢ ਲੈਂਦਾ ਹੈ, ਉਸ ਵੇਲੇ ਉਸਨੂੰ ਅਭੈ ਅਤੇ ਅਜ਼ਾਦ ਕਰ ਦਿੰਦਾ ਹੈ। ਉਸਨੂੰ ਹੁਕਮ ਅਤੇ ਰਜ਼ਾ ਵਿੱਚ ਟਿਕਾ ਦਿੰਦਾ ਹੈ ਫਿਰ ਸਤਿਗੁਰੂ ਦੀ ਸੋਚ ਵਿੱਚ ਜਿਸ ਵੇਲੇ ਸਿੱਖ ਆ ਜਾਂਦਾ ਹੈ ਉਸਨੂੰ ਭਾਣੇ ਅਤੇ ਰਜ਼ਾ ਦੇ ਸਾਂਚੇ ਵਿੱਚ ਘੜ੍ਹ ਅਤੇ ਮੜ੍ਹ ਦਿੰਦਾ ਹੈ ਇਹ ਸਤਿਗੁਰੂ ਕਰਦਾ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥ 

(Gobind Prem) 

Comments

Popular Posts