ਗ੍ਰਿਹਸਥ ਮਾਰਗ - ਸਨਿਆਸੀ ਕੌਣ ਹੈ?

ਇਹ ਸਾਖੀ ਸਮੱਸਤ ਇਲਾਹੀ ਜੋਤ ਬਾਬਾ ਨੰਦ ਸਿੰਘ ਜੀ ਮਹਾਰਾਜ ਭਾਗ-3 ਵਿਚੋਂ ਲਈ ਗਈ ਹੈ| 

ਬਾਬਾ ਨੰਦ ਸਿੰਘ ਜੀ ਮਹਾਰਾਜ ਭਾਵੇਂ ਆਪ ਸਾਰੀ ਉਮਰ ਜਤੀ ਸਤੀ ਰਹੇ ਪ੍ਰੰਤੂ ਦੂਸਰਿਆਂ ਨੂੰ ਹਮੇਸ਼ਾ ਗ੍ਰਹਿਸਥ ਜੀਵਨ ਵਿਚ ਰਹਿਣ ਦਾ ਉਪਦੇਸ਼ ਦਿਤਾ | ਸੰਸਾਰ ਦੇ ਸਾਰੇ ਮਹਾਨ ਤਿਆਗੀਆਂ ਵਿਚ ਭਾਵੇਂ ਉਹ ਸ਼ਹਿਨਸ਼ਾਹ ਰਹੇ, ਉਹਨਾਂ ਨੇ ਹਮੇਸ਼ਾ ਦੂਸਰਿਆਂ ਨੂੰ ਸਚਾਈ, ਪਵਿੱਤਰਤਾ ਅਤੇ ਇਮਾਨਦਾਰੀ ਦੇ ਉਚ ਸਿਧਾਂਤਾਂ ਦਾ ਅਨੁਕਰਣ ਕਰਦੇ ਹੋਏ ਆਪਣੇ ਕੰਮਾਂ ਕਾਰਾਂ ਵਿਚ ਰਹਿਣ ਅਤੇ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ | 



ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਸਾਖੀ ਸਣਾਈ:- 

ਦਸਮੇਸ਼ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ ਹੈ | ਕੁਝ ਬਾਣ-ਪ੍ਰਸਤਾਂ ਦੀ ਟੋਲੀ ਉੱਥੇ ਪਹੁੰਚੀ, ਬੜੇ ਸਤਿਕਾਰ ਨਾਲ ਉਹਨਾਂ ਨੂੰ ਬਿਠਾਇਆ ਗਿਆ | 

ਦੀਵਾਨ ਦੇ ਬਾਅਦ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਇਕ ਪ੍ਰਸ਼ਨ ਕੀਤਾ -
 ਕੀ ਗ੍ਰਹਿਸਥ ਆਸ਼ਰਮ ਵਿਚ ਵੀ ਮੁਕਤੀ ਮਿਲ ਸਕਦੀ ਹੈ?

 

 ਅਗੋਂ ਸੱਚੇ ਪਾਤਸ਼ਾਹ ਨੇ ਫੁਰਮਾਇਆ ਕਿ -
ਤੁਸੀਂ ਹੁਣ ਸਾਰੇ ਗ੍ਰਹਿਸਥ ਆਸ਼ਰਮ ਤਿਆਗ ਕੇ ਬਾਣ ਪ੍ਰਸਤ ਆਸ਼ਰਮ ਵਿਚ ਹੋ, ਤੁਸੀਂ ਹੁਣ ਕੀ-ਕੀ ਵਸਤੂਆਂ ਤਿਆਗ ਕੇ ਆਏ ਹੋ ? 

 

ਅਗੋਂ ਆਪ ਹੀ ਸੋਝੀ ਪਾਉਂਦੇ ਹੋਏ ਫੁਰਮਾਇਆ : -
ਕੀ ਤੁਸੀਂ ਆਪਣੇ ਤਨ (ਸਰੀਰ) ਦੇ ਸਾਰੇ ਸੁਖ ਤਿਆਗ ਦਿੱਤੇ? ਤਾਂ ਉਹਨਾਂ ਉੱਤਰ ਦਿਤਾ "ਜੀ ਮਹਾਰਾਜ |" -ਆਪਣਾ ਧਨ ਵੀ ਤਿਆਗ ਦਿੱਤਾ ? 

 

ਬਾਣ ਪ੍ਰਸਤ -     ਜੀ ਮਹਾਰਾਜ |

ਸੱਚੇ ਪਾਤਸ਼ਾਹ-    ਆਪਣੇ ਮਨ ਦੀਆਂ ਸੋਚਾਂ, ਆਸਰੇ ਤੇ ਸੁਖ ਤਿਆਗ ਦਿੱਤੇ ? 

 ਬਾਣ ਪ੍ਰਸਤ-      ਹਾਂ ਗਰੀਬ ਨਿਵਾਜ, ਅਸੀਂ ਤਨ ਮਨ ਧਨ ਸਭ ਕੁਝ ਤਿਆਗ ਕੇ ਉਸ ਦੇ ਆਸਰੇ ਤੇ ਨਿਕਲ ਪਏ ਹਾਂ| 

 

ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਰਾਤ ਇਥੇ ਆਰਾਮ ਕਰੋ ਅਤੇ ਬਾਕੀ ਗੱਲ ਕਲ੍ਹ ਕਰਾਂਗੇ | 

ਅੰਮ੍ਰਿਤ ਵੇਲੇ ਹੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ | ਪੂਰੇ ਸਿੱਖ ਮਾਈ ਭਾਈ ਸੰਗਤ ਇਲਾਹੀ ਕੀਰਤਨ ਵਿਚ ਜੁੜੀ ਬੈਠੀ ਹੈ| ਕਈ ਘੰਟਿਆਂ ਦੇ ਬਾਅਦ ਭੋਗ ਪਿਆ | ਚਾਰੇ ਪਾਸਿਉਂ ਸੰਗਤਾਂ ਆਪਣੇ ਘਰਾਂ ਤੋਂ ਪ੍ਰਸ਼ਾਦੇ ਸਿਰਾਂ ਤੇ ਚੁੱਕੀਂ ਲਿਆ ਰਹੀਆਂ ਸਨ | 

ਗੁਰੂ ਸਾਹਿਬ ਬਾਣ-ਪ੍ਰਸਤਾਂ ਨੂੰ ਪੁੱਛਦੇ ਹਨ- 
ਕੀ ਡਿੱਠਾ ?

 

ਅਗੋਂ ਉੱਤਰ ਮਿਲਿਆ-
 ਗਰੀਬ ਨਿਵਾਜ ਰੱਬੀ ਮਨੋਹਰ ਕੀਰਤਨ ਹੋ ਰਿਹਾ ਸੀ | ਸੰਗਤ ਸਾਰੀ ਕੀਰਤਨ ਵਿਚ ਜੁੜੀ ਬੈਠੀ ਸੀ |

 

ਅਗੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ ਕਿ-
ਇਹ ਤਾਂ ਸਾਰੇ ਹੀ ਆਪਣਾ ਮਨ ਗੁਰੂ ਨੂੰ ਅਰਪਣ ਕਰੀ ਬੈਠੇ ਹਨ | ਫਿਰ ਫੁਰਮਾਇਆ ਕਿ ਉਹ ਸਿੱਖਾਂ ਨੂੰ ਦੇਖ ਰਹੇ ਹੋ ਜੋ ਕਿ ਸੰਗਤਾਂ ਵਾਸਤੇ ਆਪਣੇ ਘਰਾਂ 'ਚੋਂ ਪ੍ਰਸ਼ਾਦੇ ਲਿਆ ਰਹੇ ਹਨ, ਇਹ ਆਪਣਾ ਧਨ ਵੀ ਗੁਰੂ ਨੂੰ ਅਰਪਣ ਕਰੀ ਬੈਠੇ ਹਨ | 

ਫਿਰ ਅਗੇ ਫੁਰਮਾਇਆ-
ਜੋਗੀ ਜੀ ਕੁਝ ਦਿਨ ਹੋ ਗਏ ਹਨ ਇੱਥੇ ਇਕ ਭਾਰੀ ਯੁਧ ਹੋਇਆ ਸੀ | ਜਿਸ ਵਿਚ ਧਰਮ ਦੀ ਖ਼ਾਤਰ, ਸੱਚ ਦੀ ਖ਼ਾਤਰ, ਜੁਲਮ ਦਾ ਮੁਕਾਬਲਾ ਕਰਦੇ ਹੋਏ ਕਈ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਗੁਰੂ ਦੀ ਖ਼ਾਤਰ ਉਹਨਾਂ ਨੇ ਆਪਣਾ ਤਨ ਵੀ ਅਰਪਣ ਕਰ ਦਿੱਤਾ| ਇਹ ਸਿੱਖ ਆਪਣਾ ਸਭ ਕੁਝ (ਤਨ ਮਨ ਧਨ) ਅਰਪਣ ਕਰਦੇ ਹੋਏ ਹਰ ਵਕਤ ਸਾਡੇ ਹੁਕਮ ਦੀ ਉਡੀਕ ਵਿਚ ਰਹਿੰਦੇ ਹਨ | 

ਫੁਰਮਾਇਆ- 
ਹੁਣ ਤੁਸੀਂ ਆਪਣੀ ਸੁਣਾਉ ਕਿ ਸਭ ਕੁਝ ਤਿਆਗ ਕੇ ਆਏ ਹੋ ਤੇ ਤੁਹਾਡੀ ਕੀ ਅਵਸਥਾ ਹੈ, ਤੁਸੀਂ ਇਹ ਚਿੱਪੀਆਂ ਨਾਲ ਰਖੀਆਂ ਹਨ ਇਹਨਾਂ ਵਿਚ ਕੀ ਹੈ? 

ਉਹਨਾਂ ਨੇ ਚਿੱਪੀਆਂ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਤੇਜੀ ਨਾਲ ਉਹ ਫੜ੍ਹ ਕੇ ਗੁਰੂ ਸਾਹਿਬ ਦੇ ਸਾਹਮਣੇ ਲਿਆ ਰੱਖੀਆਂ | ਉਹਨਾਂ ਚਿੱਪੀਆਂ ਦੀ ਲਾਖ ਪਿੰਘਲਾਈ ਗਈ ਤਾਂ ਉਹਨਾਂ ਵਿਚੋਂ ਦੀਨਾਰ (ਅਸ਼ਰਫੀਆਂ) ਨਿਕਲੀਆਂ | 

ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦੇਖਿਆ ਤੇ ਪੁੱਛਿਆ-
ਇਹ ਕਿਸ ਲਈ ਹਨ ?

 ਉਹਨਾਂ ਦਾ ਗੁਰੂ ਬੋਲਿਆ-
 ਗਰੀਬ ਨਿਵਾਜ, ਜੇਕਰ ਕੋਈ ਭੈੜਾ ਵਕਤ ਆ ਜਾਏ ਤਾਂ ਇਹ ਅਸ਼ਰਫੀਆਂ ਉਸ ਵਕਤ ਵਾਸਤੇ ਰੱਖੀਆਂ ਹਨ | 

ਅੰਤਰਜਾਮੀ ਗੁਰੂ ਸਾਹਿਬ ਕਹਿਣ ਲਗੇ ਕਿ - 
ਤੁਹਾਡੇ ਭਗਵੇਂ ਚੋਲੇ ਇੰਨੇ ਭਾਰੇ ਕਿਉਂ ਲਗਦੇ ਹਨ? 

ਤਾਂ ਉਹ ਫਿਰ ਘਬਰਾਏ ਤੇ ਸਿੱਖਾਂ ਨੇ ਦੇਖਿਆ ਤਾਂ ਚੋਲਿਆਂ ਦੀਆਂ ਤਹਿਆਂ ਵਿਚ ਪੈਸੇ ਸੀਤੇ ਹੋਏ ਸਨ|

 ਮੁਕਤੀ ਦੇ ਦਾਤੇ, ਬ੍ਰਹਮਗਿਆਨ ਦੇ ਪ੍ਰਕਾਸ਼, ਅਗਿਆਨ ਦੇ ਹਰਤਾ, ਦਸਵੇਂ ਗੁਰੂ ਨਾਨਕ ਜੀ ਨੇ ਫਿਰ ਆਪਣੇ ਮੁਬਾਰਿਕ ਮੁਖਾਰਬਿੰਦ ਤੋਂ ਇਸ ਤਰ੍ਹਾਂ ਅੰਮ੍ਰਿਤ ਦੀ (ਗਿਆਨ ਦੀ) ਵਰਖਾ ਕੀਤੀ- 

ਜਿਥੇ ਇਹ ਗ੍ਰਹਿਸਥੀ ਸਿੱਖ ਆਪਣਾ ਤਨ, ਮਨ, ਧਨ ਸਭ ਕੁਝ ਅਰਪਿਤ ਕਰਕੇ ਹੁਕਮ ਵਿਚ ਸਾਵਧਾਨ ਖੜ੍ਹੇ ਹਨ| 
ਤੁਸੀਂ ਬਾਣ ਪ੍ਰਸਤ ਹੁੰਦੇ ਹੋਏ ਵੀ ਕੁਝ ਨਹੀਂ ਛੱਡਿਆ ਅਤੇ ਤਿਆਗਿਆ, ਨਾ ਹੀ ਸੇਵਕਾਂ ਨੇ ਆਪਣੇ ਗੁਰੂ ਅਗੇ ਇਹ ਤਿੰਨ ਚੀਜ਼ਾਂ ਅਰਪਨ ਕੀਤੀਆਂ ਹਨ ਅਤੇ ਨਾ ਹੀ ਗੁਰੂ ਨੇ ਪਾਰਬ੍ਰਹਮ ਪਰਮੇਸਰ ਅਗੇ ਇਹ ਤਿੰਨ ਚੀਜ਼ਾਂ ਅਰਪਿਤ ਕੀਤੀਆਂ ਹਨ|" 

ਗੁਰੂ ਨੂੰ ਮੁਖਾਤਿਬ ਕਰਦੇ ਹੋਏ ਫਿਰ ਫੁਰਮਾਇਆ ਕਿ- 
ਤੇਰੇ ਸੇਵਕਾਂ ਨੂੰ ਤੇਰੇ ਤੇ ਕੋਈ ਭਰੋਸਾ ਨਹੀਂ ਤੇ ਤੈਨੂੰ ਪਾਰਬ੍ਰਹਮ ਪਰਮੇਸਰ ਤੇ ਕੋਈ ਭਰੋਸਾ ਨਹੀਂ |

ਦਸਮੇਸ਼ ਪਿਤਾ ਫਿਰ ਉਹਨਾਂ ਨੂੰ ਪੁੱਛਦੇ ਹਨ-
ਫਿਰ ਸਨਿਆਸੀ ਕੌਣ ਹੋਇਆ ?" 
ਇਹ ਗ੍ਰਹਿਸਥੀ ਅਸਲ ਵਿਚ ਸਨਿਆਸੀ ਹਨ | 

ਬਾਬਾ ਨਰਿੰਦਰ ਸਿੰਘ ਜੀ ਨੇ ਬਾਬਾ ਜੀ ਦੀ ਇਹ ਸਾਖੀ ਸੁਣਾਉਂਦੇ ਹੋਏ ਅਗੇ ਫੁਰਮਾਇਆ ਕਿ-

ਐਸੇ ਮਹਾਨ ਗੁਰੂ ਦੇ, ਐਸੇ ਪਿਆਰੇ ਸਿੱਖਾਂ ਦੇ 
ਚਰਨਾ ਵਿਚ ਮੁਕਤੀ ਰੁਲਦੀ ਫਿਰਦੀ ਹੈ|
 
ਭਾਈ ਰਤਨ ਸਿੰਘ ਹੋਰਾਂ ਨੇ ਇਕ ਦਿਨ ਦਸਿਆ ਕਿ -

ਬਾਬਿਆਂ ਦੀ ਸੇਵਾ ਕਰਦੇ ਕਰਦੇ ਮੇਰੇ ਅਤੇ ਨੱਥਾ ਸਿੰਘ ਦੇ ਦਿਲ ਵਿਚ ਖ਼ਿਆਲ ਆਇਆ ਕਿ ਬਾਬਿਆਂ ਦੀ ਸੇਵਾ ਹੀ ਕਰੀਏ, ਵਿਆਹ ਕਰਾ ਕੇ ਜੰਜਾਲ ਵਿਚ ਕਿਉਂ ਪੈਣਾ ਹੈ | 

ਅੰਤਰਜਾਮੀ ਬਾਬਾ ਜੀ ਦੇ ਪਾਸ ਅਸੀਂ ਦੋਨੋਂ ਹੀ ਖੜ੍ਹੇ ਸੀ, ਉਹਨਾਂ ਇਸ ਤਰ੍ਹਾਂ ਫੁਰਮਾਇਆ-
ਅਸੀਂ ਤੁਹਾਨੂੰ ਬਿਹਗੰਮ ਨਹੀਂ ਬਣਾਉਣਾ ਕਿਉਂਕਿ ਗ੍ਰਹਿਸਥ ਮਾਰਗ ਪ੍ਰਧਾਨ ਹੈ| 
ਸ਼ਾਦੀ ਕਰਨੀ ਹੈ, ਸ਼ਾਦੀ ਕਰਕੇ ਸੇਵਾ ਨਹੀਂ ਛੱਡਣੀ ਤੇ ਉੱਚਾ ਤੇ ਸੁੱਚਾ ਜੀਵਨ ਬਤੀਤ ਕਰਨਾ ਹੈ | ਗ੍ਰਹਿਸਥ ਜੀਵਨ ਦੇ ਵਿਚ ਵੀ ਤਿਆਗ ਅਤੇ ਕੁਰਬਾਨੀ ਦੇ ਮੌਕੇ ਆਉਂਦੇ ਹਨ, 
ਐਸੇ ਮੌਕਿਆਂ ਤੇ ਗੁਰੂ ਸਾਹਿਬਾਨ ਦੇ ਪੂਰਨਿਆਂ ਨੂੰ ਯਾਦ ਰਖੋ, 
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਸਾ ਮੌਕਾ ਬਣਨ ਤੇ ਆਪਣਾ ਸਾਰਾ ਸਰਬੰਸ ਹੀ ਵਾਰ ਦਿੱਤਾ |

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਫੁਰਮਾਇਆ ਕਿ- 

ਗ੍ਰਹਿਸਥੀ ਦੀ ਸੁੱਚੀ ਕਮਾਈ ਅੰਮ੍ਰਿਤ ਦੀ ਨਿਆਈਂ ਹੈ 
ਅਤੇ ਬਿਹੰਗਮਾਂ ਵਾਸਤੇ ਪੈਸਾ ਜ਼ਹਿਰ ਹੈ |

ਗੁਰੂ ਨਾਨਕ ਦਾਤਾ ਬਖਸ਼ ਲੈ।

ਬਾਬਾ ਨਾਨਕ ਬਖਸ਼ ਲੈ॥ 

Comments