ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਨਿਮਰਤਾ


ਇਕ ਵਾਰ ਦੀ ਗੱਲ ਹੈ ਕਿ -



            ਇਕ ਗਰੀਬ ਕਾਰੀਗਰ ਸਿੰਘ ਨੇ ਲੋਹੇ ਦਾ ਇਕ ਗੜਵਾ ਬਣਾਇਆ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾ ਵਿਚ ਪੇਸ਼ ਕਰਨ ਵਾਸਤੇ ਠਾਠ ਤੇ ਪਹੁੰਚਿਆ | ਸੰਗਤ ਵਿਚ ਬੈਠਾ ਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਸ਼ਾਨ ਦਾ ਆਨੰਦ ਮਾਣ ਰਿਹਾ ਹੈ ਤੇ ਉਸ ਇਲਾਹੀ ਸ਼ਾਨ ਵਿਚ ਇਹ ਹੌਂਸਲਾ ਹੀ ਨਹੀਂ ਪਿਆ ਕਿ ਇਸ ਤਰ੍ਹਾਂ ਦੀ ਤੁਛ ਜਿਹੀ ਭੇਟ ਨੂੰ ਬਾਬਾ ਜੀ ਦੇ ਸਾਹਮਣੇ ਪੇਸ਼ ਕਰਾਂ | ਇਹਨਾਂ ਸੋਚਾਂ ਵਿਚ ਹੀ ਡਰਦਾ ਰਿਹਾ ਅਤੇ ਸੰਕੋਚ ਕਰ ਗਿਆ | 

             ਸਵੇਰ ਦੇ ਦੀਵਾਨ ਦੇ ਬਾਅਦ ਜਦੋਂ ਅੰਤਰਜਾਮੀ ਬਾਬਾ ਜੀ ਉਠੇ ਤਾਂ ਸੰਗਤ ਦੇ ਕੋਲੋਂ ਲੰਘਦੇ ਉਸਦੇ ਕੋਲ ਜਾ ਖਲੋਏ ਤੇ ਫੁਰਮਾਇਆ ਕਿ -

ਇਹ ਗੜਵਾ ਬਹੁਤ ਸੋਹਣਾ ਹੈ, ਕਿੱਥੋਂ ਬਣਵਾਇਆ ਹੈ ? 

ਅਗੋਂ ਉੱਤਰ ਦਿੰਦੇ ਹੋਏ ਗਰੀਬ ਕਾਰੀਗਰ ਸਿੰਘ ਨੇ ਕਿਹਾ ਕਿ -

ਜੀ ਮੈਂ ਆਪ ਹੀ ਬਣਾਇਆ ਹੈ | 

ਬਾਬਾ ਜੀ ਅਗੋਂ ਬੋਲੇ-

ਯਾਰ ਇਕ ਸਾਨੂੰ ਵੀ ਐਸਾ ਬਣਾ ਦੇ |

ਕਾਰੀਗਰ ਸਿੰਘ ਬਾਬਾ ਜੀ ਦੇ ਚਰਨਾ ਤੇ ਢਹਿ ਕੋ ਰੋਣ ਲਗ ਪਿਆ ਤੇ ਕਿਹਾ ਕਿ -

ਗਰੀਬ ਨਿਵਾਜ ਪਾਤਸ਼ਾਹ ਮੈਂ ਇਹ ਗੜਵਾ ਤੁਹਾਡੀ ਸੇਵਾ ਵਾਸਤੇ ਹੀ ਬਣਾ ਕੇ ਲਿਆਇਆ ਸੀ| 

ਅੰਤਰਜਾਮੀ ਬਾਬਾ ਜੀ ਨੇ ਫੁਰਮਾਇਆ-

ਫਿਰ ਸੰਕੋਚ ਕਾਹਦਾ, ਫਿਰ ਦਿੰਦਾ ਕਿਉਂ ਨਹੀਂ? 

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੜਵਾ ਹੱਥ ਵਿਚ ਫੜ੍ਹ ਕੇ ਫਿਰ ਪੁਛਿਆ-

ਦਸ ਇਹਦਾ ਕੀ ਦੇਈਏ |

ਅੱਗੋਂ ਹੱਥ ਜੋੜ ਕੇ ਗਰੀਬ ਮਿਸਤਰੀ ਸਿੰਘ ਬੇਨਤੀ ਕਰਦਾ ਹੈ,-

ਪਾਤਸ਼ਾਹ ਮੇਰਾ ਕਲਿਆਣ ਕਰ ਦਿਉ |

ਉਸ ਵਕਤ ਜਿਹੜੇ ਕਲਿਆਣਕਾਰੀ ਤੇ ਪਰਉਪਕਾਰੀ ਮਹਾਨ ਬਚਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਵਿਚੋਂ ਨਿਕਲੇ ਉਹ ਇਹ ਸਨ -

ਛੱਡ ਪਰ੍ਹੇ ਕੋਈ ਕੰਮ ਦੀ ਗੱਲ ਕਰ | ਕਲਿਆਣ ਤਾਂ ਸਾਡੇ ਨਿੰਦਕਾਂ ਦਾ ਵੀ ਹੋ ਜਾਏਗਾ, ਉਹ ਸਾਨੂੰ ਯਾਦ ਤਾਂ ਕਰਦੇ ਹਨ | 

 ਨਿੰਦਕਾਂ ਦਾ ਵੀ ਨਿਸਤਾਰਾ ਕਰਨ ਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰੱਬੀ ਹਸਤੀ ਦੇ ਬਾਰੇ ਕੁਝ ਹੋਰ ਬਚਨਾਂ ਤੋਂ ਵੀ ਪਤਾ ਲਗਦਾ ਹੈ | 


ਇਕ ਵਾਰ ਬਚਨ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਨਿਮਰਤਾ ਦੀ ਵਡਿਆਈ ਦਸ ਰਹੇ ਸਨ-

 ਕਿਸੇ ਨੇ ਵਿਚੋਂ ਪੁੱਛਿਆ ਕਿ ਮਹਾਰਾਜ ਕਰਾਮਾਤ ਕੀ ਹੈ ? 

ਤਾਂ ਬਾਬਾ ਜੀ ਨੇ ਫੁਰਮਾਇਆ ਕਿ-

 ਨਿਮਰਤਾ ਹੀ ਸਭ ਤੋਂ ਵੱਡੀ ਕਰਾਮਾਤ ਹੈ | ਜਿੰਨੀ ਨਿਮਰਤਾ ਹੋਵੇਗੀ ਉੰਨੀ ਹੀ ਵੱਡੀ ਕਰਾਮਾਤ | 

ਬਾਬਾ ਨਰਿੰਦਰ ਸਿੰਘ ਜੀ ਸਮਝਾਂਦੇ ਹੋਏ ਕਹਿਣ ਲੱਗੇ -

1. ਰਾਵਣ ਪਾਸ ਬੜੀ ਸ਼ਕਤੀ ਸੀ, ਬੜੀ ਕਰਾਮਾਤ ਸੀ | ਚਾਰੇ ਵੇਦਾਂ ਦਾ ਗਿਆਤਾ ਸੀ, ਬੜਾ ਤਪੱਸਵੀ ਸੀ | ਇੰਨੀ ਸ਼ਕਤੀ ਹੁੰਦੇ ਹੋਏ ਵੀ ਉਸ ਵਿਚ ਨਿਮਰਤਾ ਅਤੇ ਗਰੀਬੀ ਨਹੀਂ ਸੀ ਤੇ ਦੇਖੋ ਉਸ ਦਾ ਕੀ ਬਣਿਆ ? 

2. ਹਰਨਾਖਸ਼ (ਪ੍ਰਹਿਲਾਦ ਭਗਤ ਦਾ ਪਿਤਾ) ਨੇ ਕਠਿਨ ਤਪੱਸਿਆ ਕੀਤੀ ਤੇ ਸਾਰੇ ਵਰ ਲਏ | ਇੰਨੀ ਸ਼ਕਤੀ ਹੁੰਦੇ ਹੋਏ ਨਿਮਰਤਾ ਤੇ ਗਰੀਬੀ ਨਹੀਂ ਸੀ ਤੇ ਕੀ ਬਣਿਆ ?

 

3. ਔਰੰਗਜ਼ੇਬ ਦੇ ਹੱਥ ਵਿਚ ਵੀ ਬਹੁਤ ਸ਼ਕਤੀ ਸੀ, ਖ਼ੁਦਾ ਦੀ ਇਬਾਦਤ ਕਰਦਾ ਸੀ, ਪਰ ਨਿਮਰਤਾ ਅਤੇ ਗਰੀਬੀ ਨਹੀਂ ਸੀ ਤੇ ਕੀ ਬਣਿਆ ? 


ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥ 


Comments