ਭਾਵਨਾ ਦਾ ਫਲ

ਏਕ ਨਦਰਿ ਕਰਿ ਵੇਖੈ ਸਭ ਊਪਰਿ, ਜੇਹਾ ਭਾਉ ਤੇਹਾ ਫਲੁ ਪਾਈਐ॥ 
ਸਤਿਗੁਰ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ॥ 



ਇਸ ਨੂੰ ਸਮਝਾਂਉਦੇ ਹੋਏ ਬਾਬਾ ਨੰਦ ਸਿੰਘ ਸਾਹਿਬ ਨੇ ਇਕ ਪਾਵਨ ਸਾਖਾ ਸੁਣਾਇਆ। 

ਇਕ ਦਿਨ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਨੂੰ ਇਕ ਪ੍ਰਸ਼ਨ ਕਰਦੇ ਹਨ ਕਿ-
 ਸੱਚੇ ਪਾਤਸ਼ਾਹ ਕਿਸੇ ਵੇਲੇ ਇਕ ਸ਼ੰਕਾ ਦਿਲ ਵਿਚ ਆ ਜਾਂਦਾ ਹੈ, ਜੇ ਆਗਿਆ ਹੋਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਕੋਲੋ ਪੁੱਛ ਸਕਦਾ ਹਾਂ? 

ਸ੍ਰੀ ਗੁਰੂ ਅੰਗਦ ਸਾਹਿਬ ਭਾਈ ਬਾਲਾ ਜੀ ਦਾ ਬਹੁਤ ਸਤਿਕਾਰ ਕਰਦੇ ਸੀ।
 
ਉਹਨਾਂ ਨੇ ਅਤਿ ਨਿਮਰਤਾ ਵਿਚ ਕਿਹਾ- 
ਭਾਈ ਬਾਲਾ ਜੀ ,ਨਿਧੜਕ ਹੋ ਕੇ ਪੁੱਛੋ, ਤੁਹਾਨੂੰ ਕਿਸ ਗੱਲ ਦਾ ਸੰਕੋਚ ਹੈ। 
ਅੱਗੋਂ ਭਾਈ ਬਾਲਾ ਜੀ ਕਹਿਣ ਲਗੇ- 
ਸੱਚੇ ਪਾਤਸ਼ਾਹ, ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਬਹੁਤ ਦੇਰ ਰਿਹਾ ਹਾਂ। ਉਨ੍ਹਾਂ ਦੀ ਸੇਵਾ ਕੀਤੀ ਹੈ, ਹਾਜਰੀ ਭਰੀ ਹੈ। ਉਨ੍ਹਾਂ ਨੂੰ ਪੂਜਿਆ ਹੈ, ਪ੍ਰਸੰਨ ਕੀਤਾ ਹੈ, ਰਿਝਾਇਆ ਹੈ। ਕਦੀ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਸੱਚੇ ਪਾਤਸ਼ਾਹ, ਤੁਸੀਂ ਥੋੜ੍ਹੀ ਦੇਰ ਵਾਸਤੇ ਆਏ ਹੋ, ਬੜੀ ਖੁਸ਼ੀ ਦੀ ਗਲ ਹੈ ਕਿ ਉਹ ਤੁਹਾਡੇ ਉਤੇ ਮਹਾਨ ਬਖਸ਼ਿਸ਼ ਕਰ ਗਏ ਹਨ। ਪਰ ਮੇਰੇ ਦਿਲ ਵਿਚ ਸ਼ੰਕਾ ਇਹ ਆ ਜਾਂਦਾ ਹੈ ਕਿ ਮੇਰੇ ਕੋਲੋ ਕੋਈ ਭੁੱਲ ਤਾਂ ਨਹੀਂ ਹੋ ਗਈ, ਕੋਈ ਗਲਤੀ ਤੇ ਨਹੀਂ ਹੋ ਗਈ? 

ਗੁਰੂ ਅੰਗਦ ਸਾਹਿਬ ਉਨ੍ਹਾਂ ਵੱਲ ਦੇਖ ਕੇ ਕਹਿਣ ਲੱਗੇ- 
ਬਾਲਾ ਜੀ, ਤੁਸੀਂ ਕਿਸ ਭਾਵਨਾ ਨਾਲ ਸਾਹਿਬ ਨੂੰ ਰਿਝਾਇਆ ਹੈ, ਪੂਜਿਆ ਹੈ, ਸੇਵਾ ਕੀਤੀ ਹੈ? 

ਭਾਈ ਬਾਲਾ ਜੀ ਨੇ ਜਵਾਬ ਦਿੱਤਾ- 
ਸੱਚੇ ਪਾਤਸ਼ਾਹ ਉਹ ਪੂਰਨ ਸਨ। ਉਹ ਪੂਰਨ ਸੰਤ ਸਨ। 

ਅੱਗੋਂ ਗੁਰੂ ਅੰਗਦ ਸਾਹਿਬ ਫੁਰਮਾਂਉਦੇ ਹਨ- 
ਫਿਰ ਸ਼ੰਕਾ ਕਿਸ ਗੱਲ ਦਾ ਹੈ? ਇਸ ਵੇਲੇ ਤੁਸੀਂ ਆਪ ਸੰਤ ਸਰੂਪ ਹੋ। ਜਿਸ ਭਾਵਨਾ ਨਾਲ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਪੂਜਿਆ, ਰਿਝਾਇਆ, ਪ੍ਰਸੰਨ ਕੀਤਾ ਉਸ ਭਾਵਨਾ ਨੂੰ ਭਾਗ ਲੱਗੇ ਹਨ ਤੁਸੀਂ ਆਪ ਸੰਤ ਸਰੂਪ ਹੋ। 

ਭਾਈ ਬਾਲਾ ਜੀ ਪੁੱਛਦੇ ਹਨ- 
ਤੁਸੀਂ ਕਿਸ ਭਾਵਨਾ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਸੰਨ ਕੀਤਾ, ਪੂਜਿਆ, ਰਿਝਾਇਆ? 

ਸ੍ਰੀ ਗੁਰੂ ਅੰਗਦ ਸਾਹਿਬ ਨੇ ਸਮਝਾਂਦੇ ਹੋਏ ਫੁਰਮਾਇਆ- 
ਬਾਲਾ ਜੀ, ਨਿਰੰਕਾਰ ਆਪ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਵਿਚ ਇਸ ਮਾਤਲੋਕ ਵਿਚ ਤਸ਼ਰੀਫ ਲਿਆਇਆ ਸੀ। ਆਪ ਹੀ ਨਿਰੰਕਾਰ ਗੁਰੂ ਨਾਨਕ ਦੇ ਸਰੂਪ ਵਿਚ ਆਏ ਸਨ। ਇਸ ਗਰੀਬ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਿਰੰਕਾਰ ਭਾਵਨਾ, ਨਿਰੰਕਾਰ ਦ੍ਰਿਸ਼ਟੀ ਨਾਲ ਪੂਜਿਆ ਹੈ। ਆਪਣੇ ਮਾਲਿਕ ਨੂੰ ਪ੍ਰਸੰਨ ਕੀਤਾ ਹੈ, ਰਿਝਾਇਆ ਹੈ। 

ਇਹ ਸੁਣ ਕੇ ਭਾਈ ਬਾਲਾ ਜੀ ਦੇ ਮੁੱਖੋਂ ਇਕ ਦਮ ਨਿਕਲਿਆ- 
ਹੈਂ ਸਚੇ ਪਾਤਸ਼ਾਹ! ਬਸ ਇੰਨੇ ਕੁ ਨੁਕਤੇ ਦਾ ਫਰਕ ਰਹਿ ਗਿਆ? 

ਬਾਬਾ ਨੰਦ ਸਿੰਘ ਸਾਹਿਬ ਇਹ ਸਾਖਾ ਸੁਣਾ ਕੇ ਫੁਰਮਾਂਉਣ ਲੱਗੇ- 
ਇਸ ਨੁਕਤੇ ਨੂੰ ਪਛਾਨੋ, ਇਸ ਨੁਕਤੇ ਨੂੰ ਜਾਣੋ।

 ਸਾਧ ਸੰਗਤ ਜੀ, ਇਸ ਨੁਕਤੇ ਨਾਲ ਜ਼ਮੀਨ ਤੇ ਅਸਮਾਨ ਦਾ ਫਰਕ ਪੈ ਜਾਂਦਾ ਹੈ। 


 ਗਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫੁਰਮਾਂਉਂਦੇ ਹਨ- 
ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ॥ 
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ॥

ਗੁਰੂ ਨਾਨਕ ਦਾਤਾ ਬਖਸ਼ ਲੈ।

ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 5) 

 

Comments

Popular Posts