ਗੁਰੂ ਅਰਜਨ ਪਾਤਸ਼ਾਹ ਦੀ ਨਿਮਰਤਾ

ਬਾਬਾ ਨੰਦ ਸਿੰਘ ਸਾਹਿਬ ਨੇ ਇਕ ਦਫਾ ਇਕ ਪਾਵਨ ਸਾਖਾ ਸੁਣਾਇਆ- 




    ਗੁਰੂ ਅਰਜਨ ਪਾਤਸ਼ਾਹ ਅਠਾਰਾਂ ਸਾਲ ਦੀ ਆਯੂ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗਦੀ ਤੇ ਬਿਰਾਜਮਾਨ ਹੋਏ। ਦੂਰੋਂ-ਦੂਰੋਂ ਸੰਗਤਾਂ ਹੁਮ-ਹੁਮਾਂ ਕੇ ਪੰਜਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਚਲ ਪਈਆਂ। 

    ਕਾਬਲ ਤੋਂ ਵੀ ਸੰਗਤ ਤੁਰੀ ਹੈ। ਰੋਜ਼ ਸ਼ਾਮ ਨੂੰ ਪੜਾਵ ਕਰਦੇ ਹਨ ਤੇ ਸਵੇਰੇ ਫੇਰ ਅਰਦਾਸਾ ਸੋਧ ਕੇ ਚਾਲੇ ਪਾ ਦਿੰਦੇ ਹਨ। ਆਖਿਰੀ ਦਿਨ ਦਰਬਾਰ ਸਾਹਿਬ ਪਹੁੰਚਨਾ ਹੈ , ਪ੍ਰਣ ਕੀਤਾ ਕਿ ਅਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਪਰਸ਼ਾਦਾ ਛਕਾਂਗੇ। ਪਰ ਜਿਥੇ ਅਜ ਕਲ ਗੁਰੂ ਦੁਆਰਾ ਪਿਪਲੀ ਸਾਹਿਬ ਹੈ (ਉਹਨਾਂ ਦੀ ਯਾਦ ਦੇ ਵਿਚ) ਉਥੇ ਪਹੁੰਚੇ ਤਾਂ ਹਨੇਰਾਂ ਹੋ ਗਿਆ। ਉਹਨਾਂ ਸੋਚਿਆ ਕਿ ਹੁਣ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਉਥੇ ਭੁੱਖੇ ਹੀ ਆਰਾਮ ਕਰਣ ਵਾਸਤੇ ਲੇਟ ਗਏ। ਪ੍ਰਣ ਜੁ ਕੀਤਾ ਸੀ ਕਿ ਸਾਹਿਬ ਦੇ ਦਰਸਨ ਕਰਕੇ ਹੀ ਪਰਸ਼ਾਦਾ ਛਕਾਂਗੇ। 
    
 ਉਧਰ ਗੁਰੂ ਅਰਜਨ ਪਾਤਸ਼ਾਹ ਉਠ ਕੇ ਮਹਿਲਾਂ ਵਿਚ ਜਾਂਦੇ ਹਨ ਤੇ 

ਮਾਤਾ ਗੰਗਾ ਜੀ ਨੂੰ ਅਵਾਜ਼ ਦਿੰਦੇ ਹਨ- ਗੰਗਾ ਜੀ, ਪਰਸ਼ਾਦਾ ਤਿਆਰ ਕਰੋ। 

ਮਾਤਾ ਗੰਗਾ ਜੀ ਕਹਿਣ ਲਗੇ - ਗਰੀਬ ਨਿਵਾਜ਼ ਹੁਕਮ ਦਿਉ ਜਿਨਿੰਆਂ ਦਾ ਵੀ ਪਰਸ਼ਾਦਾ ਤਿਆਰ ਕਰਨਾ ਹੈ ਮੈਂ ਹੁਣੇ ਤਿਆਰ ਕਰਵਾ ਦਿੰਦੀ ਹਾਂ। 

ਸਚੇ ਪਾਤਸ਼ਾਹ ਨੇ ਫੁਰਮਾਇਆ ਕਿ- ਨਹੀਂ ਗੰਗਾ ਜੀ, ਅਜ ਸਾਨੂੰ ਗੁਰੂ ਨਾਨਕ ਦੇ ਬੱਚਿਆਂ ਦੀ ਸੇਵਾ ਦਾ ਸੁਨਿਹਰੀ ਮੌਕਾ ਮਿਲਿਆ ਹੈ। ਅਜ ਸੇਵਾ ਤੁਸੀਂ ਆਪ ਕਰੋ। 

 ਮਾਤਾ ਗੰਗਾ ਜੀ ਨੇ ਪਰਸ਼ਾਦਾ ਤਿਆਰ ਕੀਤਾ। ਸਾਹਿਬ ਅਤੇ ਮਾਤਾ ਗੰਗਾ ਜੀ ਨੇ ਪਰਸ਼ਾਦਾ ਤੇ ਪੱਖਾ ਵਗੈਰਾ ਸੀਸਾਂ ਤੇ ਚੁਕਿਆ ਤੇ ਉਸ ਸੜਕ ਤੇ ਤੁਰ ਪਏ। ਜਿਥੇ ਗੁਰੂਦੁਆਰਾ ਪਿਪਲੀ ਸਾਹਿਬ ਹੈ, ਉਥੇ ਪਹੁੰਚ ਕੇ ਵਾਜਾ ਦਿਤਾ ਹੈ ਕਿ- ਜਥੇਦਾਰ ਸਾਹਿਬ ਗੁਰੂ ਕਾ ਲੰਗਰ ਆਇਆ ਹੈ। 

ਸੰਗਤ ਵਿਚ ਬਿਰਦ, ਮਾਈਆਂ, ਬੱਚੇ ਸਭ ਭੁੱਖੇ ਲੇਟੇ ਹੋਏ ਸੀ। ਵਾਜਾ ਸੁਣ ਕੇ ਸੰਗਤ ਗਦ-ਗਦ ਹੋ ਗਈ ਕਿ ਅੰਤਰਯਾਮੀ ਸਾਹਿਬ ਸਚੇ ਪਾਤਸ਼ਾਹ ਨੇ ਸਾਡੀ ਹਾਲਤ ਦੇਖਦੇ ਹੋਏ ਪਰਸ਼ਾਦਾ ਭੇਜਿਆ ਹੈ। ਸੰਗਤ ਨੇ ਲੰਗਰ ਛਕਿਆ, ਤ੍ਰਿਪਤ ਹੋ ਗਈ। ਪਰ ਥਕੇ ਇੰਨੇ ਹੋਏ ਸੀ ਕਿ ਇਕ ਬਿਰਦ ਬਾਬਾ ਲੰਗਰ ਛਕਦੇ ਸਾਰ ਹੀ ਲੇਟ ਕੇ ਅਪਣੀਆਂ ਟੰਗਾਂ ਨੂੰ ਆਪ ਹੀ ਘੁੱਟੀ ਜਾ ਰਿਹਾ ਸੀ। ਸੱਚੇ ਪਾਤਸ਼ਾਹ ਹੱਥ ਜੋੜ ਕੇ ਅਗੇ ਖੜੇ ਹੋ ਗਏ ਕਿ - ਬਾਬਾ ਜੀ ਇਹ ਸੇਵਾ ਮੈਨੂੰ ਬਖਸ਼ ਦਿਉ। 

ਗੁਰੂ ਅਰਜਨ ਪਾਤਸਾਹ ਨੇ ਉਸ ਦੀਆਂ ਟੰਗਾਂ ਘੁਟਣੀਆਂ ਸ਼ੁਰੂ ਕਰ ਦਿਤੀਆਂ। ਸਾਰੀ ਰਾਤ ਉਥੇ ਸੇਵਾ ਦੇ ਵਿਚ ਰਹੇ। ਸਾਰੀ ਸੰਗਤ ਦੀ ਸੇਵਾ ਕਰਦੇ ਰਹੇ। 

ਸਵੇਰੇ ਸੰਗਤ ਅਰਦਾਸਾ ਸੋਧ ਕੇ ਤੁਰੀ ਹੈ। ਸਾਹਿਬ ਦੇ ਸ਼ਬਦ ਪੜਦੇ ਹਰਿਮੰਦਿਰ ਸਾਹਿਬ ਵਲ ਨੂੰ ਤੁਰੇ ਜਾ ਰਹੇ ਹਨ। ਸਾਹਿਬ ਵੀ ਨਾਲ ਹੀ ਤੁਰੇ ਜਾ ਰਹੇ ਹਨ। ਜਿਸ ਵਕਤ ਹਰਿਮੰਦਿਰ ਸਾਹਿਬ ਪਹੁੰਚੇ, ਸੰਗਤ ਨੇ ਅਪਣੇ ਜੋੜੇ ਉਤਾਰੇ, ਝੋਲੇ ਵਗੈਰਾ ਇਕ ਥਾਂ ਰਖੇ। ਜਥੇਦਾਰ ਸਾਹਿਬ ਨੇ ਇਕ ਜਨੇ ਨੂੰ ਇਸ਼ਾਰਾ ਕਰਕੇ ਕਿਹਾ ਕਿ- ਸਿੰਘਾ ਤੂੰ ਇਹਨਾਂ ਦਾ ਖਿਆਲ ਰਖੀਂ। 

ਉਹ ਹਥ ਜੋੜ ਕੇ ਕਹਿਣ ਲਗਾ ਕਿ- ਜਥੇਦਾਰ ਸਾਹਿਬ, ਕਿੰਨੇ ਦਿਨ ਹੋ ਗਏ ਨੇ ਚਾਲੇ ਪਾਇਆਂ ਨੂੰ, ਮੈਨੂੰ ਗੁਰੂ ਨਾਨਕ ਦੇ ਦਰਸ਼ਨਾਂ ਤੋਂ ਕਿਉਂ ਵਾਂਝਾ ਕਰਦੇ ਹੋ। 

ਗੁਰੂ ਅਰਜਨ ਪਾਤਸ਼ਾਹ ਹਜ਼ੂਰੀਏ ਦੇ ਨਾਲ ਹੱਥ ਜੋੜ ਕੇ ਖੜੇ ਹੋ ਗਏ। 

ਕਹਿਣ ਲਗੇ ਕਿ- ਜਥੇਦਾਰ ਸਾਹਿਬ ਜੀ, ਇਹ ਸੇਵਾ ਇਸ ਗਰੀਬ ਨੂੰ ਬਖਸ਼ ਦਿਉ। ਉਹ ਬੜੇ ਖੁਸ਼ ਹੋਏ। 

ਸਾਹਿਬ ਨੂੰ ਜੋੜਿਆਂ ਦੀ ਰਾਖੀ ਛੱਡ ਕੇ ਸੰਗਤ ਅੰਦਰ ਚਲੀ ਗਈ। ਅੰਦਰ ਜਾ ਕੇ ਦੇਖਿਆ ਕਿ ਆਸਨ ਤੇ ਗੁਰੂ ਅਰਜਨ ਪਾਤਸ਼ਾਹ ਨਹੀਂ ਹਨ। ਬਾਬਾ ਬੁੱਢਾ ਜੀ ਨੂੰ ਪੁਛਦੇ ਹਨ ਕਿ- ਸਾਹਿਬ ਕਿਥੇ ਹਨ? 

ਬਾਬਾ ਬੁੱਡਾ ਜੀ ਨੇ ਕਿਹਾ ਕਿ- ਕਾਬਲ ਤੋਂ ਸੰਗਤ ਤੁਰੀ ਸੀ । ਉਹਨਾਂ ਵਾਸਤੇ ਕਲ ਦੇ ਪਰਸ਼ਾਦਾ ਲੈ ਕੇ ਗਏ ਹਨ ਪਰ ਅਜੇ ਤਕ ਪਰਤੇ ਨਹੀਂ ਹਨ। 

ਅਗੋਂ ਜਥੇਦਾਰ ਸਾਹਿਬ ਕਹਿਣ ਲਗੇ ਕਿ- ਕਾਬਲ ਦੀ ਸੰਗਤ ਤਾਂ ਅਸੀਂ ਹੀ ਹਾਂ। ਕਲ ਇਕ ਗਭਰੂ ਜਿਹਾ ਆਇਆਂ ਸੀ। ਉਸ ਦੇ ਨਾਲ ਉਸਦੀ ਘਰਵਾਲੀ ਵੀ ਸੀ ਤੇ ਉਹ ਸਾਡੇ ਵਾਸਤੇ ਪਰਸ਼ਾਦਾ ਵੀ ਲੈ ਕੇ ਆਏ ਸੀ। 

ਬਾਬਾ ਬੁਡਾ ਜੀ ਕਹਿਣ ਲਗੇ ਕਿ- ਫੇਰ ਉਹਨਾਂ ਨੂੰ ਛੱਡ ਕੇ ਕਿਥੇ ਆਏ ਹੋ? 

ਅਗੋਂ ਕਿਹਾ- ਜੀ ਜੋੜਿਆਂ ਦੀ ਰਾਖੀ ਵਾਸਤੇ। 

ਬਾਬਾ ਬੁੱਢਾ ਜੀ ਤੁਰੇ ਹਨ। ਸੰਗਤ ਵੀ ਨਾਲ ਤੁਰੀ ਹੈ ਤੇ ਦੇਖ ਕੀ ਰਹੇ ਹਨ ਕਿ ਪੰਜਵਾਂ ਗੁਰੂ ਨਾਨਕ ਅਪਣੇ ਹਜ਼ੂਰੀਏ ਦੇ ਨਾਲ ਸੰਗਤ ਦੇ ਜੋੜੇ ਸਾਫ ਕਰ ਰਿਹਾ ਹੈ। ਇਸ ਪਿਆਰ ਔਰ ਵਜ਼ਰ ਵਿਚ ਸੇਵਾ ਕਰ ਰਹੇ ਹਨ ਕਿ ਪਤਾ ਹੀ ਨਹੀਂ ਕਿ ਕੌਣ ਤੁਰਿਆ ਆ ਰਿਹਾ ਹੈ। 

ਬਾਬਾ ਬੁੱਢਾ ਜੀ ਤੇ ਸੰਗਤ ਦੀਆਂ ਭੁੱਬਾਂ ਨਿਕਲ ਗਈਆਂ। ਸਭ ਰੋ ਰਹੇ ਹਨ ਕਿ-
 ਸਚੇ ਪਾਤਸ਼ਾਹ ਇਹ ਤੁਸੀਂ ਕੀ ਕਰ ਰਹੇ ਹੋ?

 

ਗੁਰੂ ਅਰਜਨ ਪਾਤਸ਼ਾਹ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕਰਦੇ ਸੀ। 

ਕਹਿਣ ਲਗੇ- ਬਾਬਾ ਬੁੱਢਾ ਜੀ, ਮੈਨੂੰ ਗੁਰੂ ਨਾਨਕ ਦੇ ਬਚਿਆਂ ਦੀ ਸੇਵਾ ਕਰਣ ਤੋਂ ਨਾ ਰੋਕੋ। ਮੈਨੂੰ ਇਹਨਾਂ ਦੇ ਜੋੜੇ ਸਾਫ ਕਰਣ ਤੋਂ ਨਾ ਰੋਕੋ। 

ਸੰਗਤ ਦੀਆਂ ਹੋਰ ਭੁੱਬਾਂ ਨਿਕਲ ਗਈਆਂ। ਜਿਸ ਗੁਰੂ ਨਾਨਕ ਦੇ ਦਰਸ਼ਨ ਕਰਣ ਵਾਸਤੇ ਤੁਰੇ ਸੀ। ਜਿਸ ਦੇ ਚਰਨਾਂ ਦੀ ਛੁਹ ਪ੍ਰਾਪਤ ਕਰਨੀ ਸੀ। ਜਿਸ ਦੇ ਚਰਨਾਂ ਦੀ ਧੂੜ ਮਸਤਕ ਤੇ ਲੈਣੀ ਸੀ, ਅਜ ਕੀ ਦੇਖ ਰਹੇ ਹਨ ਕਿ ਉਹ ਗੁਰੂ ਨਾਨਕ ਸਾਡੇ ਜੋੜੇ ਸਾਫ ਕਰ ਰਿਹਾ ਹੈ। ਉਹ ਸਾਰੀ ਰਾਤ ਸਾਡੀ ਸੇਵਾ ਕਰਦਾ ਰਿਹਾ ਹੈ। 

ਸੰਗਤ ਬਹੁਤ ਰੋ ਰਹੀ ਹੈ ਕਿ ਸਾਡਾ ਗੁਰੂ ਨਾਨਕ ਹੈ ਕੀ? 
ਗੁਰੂ ਨਾਨਕ ਜਿਸ ਦਾ ਸਰੂਪ ਹੀ ਨਿਮਰਤਾ ਤੇ ਗਰੀਬੀ ਹੈ। 
ਉਹ ਅਜ ਉਸ ਨਿਮਰਤਾ ਤੇ ਗਰੀਬੀ ਦੀ ਦਾਤ ਬਖਸ਼ ਰਹੇ ਹਨ।

ਸੰਗਤ ਨੂੰ ਪੰਜਵੇਂ ਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਗਈ । ਸਾਰੀ ਸੰਗਤ ਨੇ ਗੁਰੂ ਜੀ ਦੇ ਰੂਹਾਨੀ ਮੌਜ ਵਿੱਚ (ਸੰਗਤ ਦੇ) ਜੋੜੇ ਸਾ੍ਹ ਕਰਦਿਆਂ, ਦਰਸ਼ਨ ਕੀਤੇ । ਪ੍ਰਤੱਖ ਦਰਸ਼ਨ ਕਰਦਿਆਂ ਸੰਗਤਾਂ ਦੇ ਨੇਤਰਾਂ ਵਿੱਚੋਂ ਅੱਥਰੂਆਂ ਦੀ ਅਮੁੱਕ ਨਦੀ ਵਹਿ ਰਹੀ ਸੀ, ਜਿਸ ਨਾਲ ਉਨ੍ਹਾਂ ਦੇ ਅੰਦਰੋਂ ਮੈਂ - ਮੇਰੀ ਦੇ ਸਾਰੇ ਖ਼ਿਆਲ ਖ਼ਤਮ ਹੋ ਰਹੇ ਸਨ । ਉਨ੍ਹਾਂ ਨੂੰ ਰੂਹਾਨੀਅਤ ਦੇ ਸਭ ਤੋਂ ਮਹਾਨ ਸਬਕ - ਅਰਥਾਤ 'ਭਗਤੀ ਵਿੱਚ ਨਿਮਰਤਾ ਅਤੇ ਨਿਮਰਤਾ ਵਿੱਚ ਭਗਤੀ' ਦੀ ਅਨਮੋਲ ਦਾਤ ਪ੍ਰਾਪਤ ਹੋ ਗਈ ਸੀ । ਪ੍ਰੇਮ, ਸ਼ਰਧਾ ਤੇ ਹੈਰਾਨੀ ਨਾਲ ਭਰੀ ਪਵਿੱਤਰ - ਸੰਗਤ ਇਲਾਹੀ ਨਿਮਰਤਾ ਤੇ ਪ੍ਰੇਮ ਦੇ ਸੱਚੇ ਪੈਗੰਬਰ - ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਢਹਿ ਪਈ ।

ਜਦੋਂ ਦਇਆ ਦੇ ਸਾਗਰ ਗੁਰੂ ਜੀ ਨੇ ਪ੍ਰੇਮ ਦੇ ਸਰਬ ਸਾਂਝੇ ਧਰਮ ਦੇ ਪਵਿੱਤਰ ਗ੍ਰੰਥ ਦੀ ਸਿਰਜਣਾ ਕੀਤੀ, ਜਿਸ ਵਿੱਚ ਰੱਬੀ - ਨਿਮਰਤਾ ਅਤੇ ਸਾਰੀਆਂ ਰੂਹਾਨੀ ਬਰਕਤਾਂ ਮੌਜੂਦ ਹਨ ਤੇ ਫਿਰ ਜਦੋਂ ਗੁਰੂ ਜੀ ਨੇ ਮਾਨਵ ਜਾਤੀ ਦੇ ਅਥਾਹ ਪ੍ਰੇਮ ਵਿੱਚ ਸਭ ਤੋਂ ਵੱਡੀ ਕੁਰਬਾਨੀ ਦਿੱਤੀ - ਤੱਤੀ ਤਵੀ ਤੇ ਬੈਠੇ - ਤੱਤੀ ਰੇਤ ਸੀਸ ਤੇ ਪੁਆਈ ਤਾਂ ਮਾਨਵਜਾਤੀ ਨੂੰ ਗੁਰੂ ਅਰਜਨ ਸਾਹਿਬ ਦੇ 'ਪਰਤਖ੍ਹ ਹਰਿ' ਹੋਣ ਦਾ ਪੱਕਾ ਨਿਸ਼ਚਾ ਹੋ ਗਿਆ। ਮਾਨਵਜਾਤੀ, ਸਦਾ ਅੰਗ ਸੰਗ ਹੋ ਕੇ ਉਧਾਰ ਕਰਨ ਵਾਲੇ ਗੁਰੂ ਅਰਜਨ ਸਾਹਿਬ ਦੇ ਰਿਣ ਨੂੰ ਜੁੱਗਾਂ ਜੁਗੰਤਰਾਂ ਵਿੱਚ ਨਹੀਂ ਚੁਕਾ ਸਕਦੀ।

ਪ੍ਰੇਮ ਦਾ ਫਲ ਪ੍ਰੇਮ ਹੈ । ਪ੍ਰੇਮ ਨਾਲ ਹੀ ਪ੍ਰੇਮ ਮਿਲਦਾ ਹੈ ।

 ਗੁਰੂ ਜੀ ਦੀ ਪਿਆਰੀ ਸੰਗਤ ਪੰਜਵੇਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸਿੱਕ ਰਖਦੀ ਹੈ, ਤਿਵੇਂ ਸਤਿਗੁਰੂ ਜੀ ਵੀ ਸੰਗਤ ਨੂੰ ਅੱਗੇ ਜਾ ਕੇ ਜੀਓ ਆਇਆਂ ਕਹਿ ਮਿਲਦੇ ਹਨ । ਜਿਵੇਂ ਸ਼ਰਧਾਲੂ ਸੰਗਤ ਗੁਰੂ ਜੀ ਦੀ ਸੇਵਾ ਕਰਨਾ ਲੋਚਦੀ ਹੈ, ਤਿਵੇਂ ਗੁਰੂ ਜੀ ਉਨ੍ਹਾਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਨ । ਸੱਚਾ-ਪ੍ਰੇਮ ਜਵਾਬੀ ਖ਼ਤ ਵਾਂਗ ਹੁੰਦਾ ਹੈ । ਜੇ ਸ਼ਰਧਾਲੂ ਸਿੱਖਾਂ ਦੇ ਦਿਲਾਂ ਅੰਦਰ ਸਤਿਗੁਰੂ ਜੀ ਲਈ ਸੱਚਾ ਪ੍ਰੇਮ ਹੈ ਤਾਂ ਸਤਿਗੁਰੂ ਜੀ ਦੇ ਪਵਿੱਤਰ ਹਿਰਦੇ ਵਿੱਚ ਵੀ ਆਪਣੇ ਸਿੱਖਾਂ ਲਈ ਅਥਾਹ ਪ੍ਰੇਮ ਹੈ।

    ਇਹ ਪਵਿੱਤਰ ਸਾਖੀ, ਸਿੱਖ ਅਤੇ ਉਸਦੇ ਸਤਿਗੁਰੂ ਵਿੱਚਕਾਰ ਪਰਸਪਰ ਪ੍ਰੇਮ ਦੇ ਸਿਖ਼ਰ ਦੀ ਸਾਖੀ ਹੈ । ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਨਿਮਰਤਾ ਅਤੇ ਭਗਤੀ ਦੇ ਪ੍ਰਤੱਖ ਸਰੂਪ ਗੁਰੂ ਅਰਜਨ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਸਿੱਖੀ ਤੇ ਨਿਮਰਤਾ ਦੇ ਰੂਪ ਵਿੱਚ ਢਾਲਦੇ ਹਨ । ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਆਪਣੀ ਆਤਮਾ ਨਾਲੋਂ ਵੀ ਵਧੇਰੇ ਨਜ਼ਦੀਕ ਸਮਝਦੇ ਹਨ ਅਤੇ ਫਿਰ ਇਲਾਹੀ-ਮਿਹਰ ਰਾਹੀਂ ਉਨ੍ਹਾਂ ਨੂੰ ਗੁਰੂ ਨਾਨਕ ਦੇ ਘਰ ਦੀ ਸੱਚੀ ਨਿਮਰਤਾ ਵਿੱਚ ਢਾਲ ਦਿੰਦੇ ਹਨ । ਗੁਰੂ ਜੀ ਨੇ ਅਪਾਰ ਮਿਹਰ ਕਰਕੇ ਆਪਣੇ ਪਿਆਰੇ ਸਿੱਖਾਂ ਦੇ ਅੰਦਰੋਂ ਹਉਮੈਂ ਦਾ ਨਾਸ਼ ਕਰ ਦਿੱਤਾ । ਉਨ੍ਹਾਂ ਨੁੰ ਬ੍ਰਹਮ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਮ ਸਤਿ ਦੀ ਸੋਝੀ ਪ੍ਰਾਪਤ ਹੋਈ ।

ਗੁਰੂ ਜੀ ਦੇ ਸਿੱਖ ਉਸ ਸੁਲੱਖਣੀ ਘੜੀ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਜਦੋਂ ਕਿ ਉਹ ਪਿਆਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ਦੀ ਛੁਹ ਪ੍ਰਾਪਤ ਕਰਨਗੇ ਅਤੇ ਉਨ੍ਹਾਂ ਦੇ ਪਵਿੱਤਰ ਜੋੜੇ ਸਾ੍ਹ ਕਰਨਗੇ । ਪਰ ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜੀ, ਉਨ੍ਹਾਂ ਦੀ ਨਿਮਰਤਾ ਤੇ ਪਿਆਰ ਜੋ ਆਪ ਆਪਣੇ ਸੇਵਕਾਂ ਦੀ ਉਸੇ ਸੇਵਾ ਦੀ ਪਹਿਲ ਕਰਕੇ ਲਾਸਾਨੀ ਪੂਰਨੇ ਪਾ ਕੇ ਸਿੱਖੀ ਦਾ ਸੱਚਾ ਤੇ ਸੁੱਚਾ ਰਾਹ ਦਰਸਾਉਂਦੇ ਹਨ ।
ਗੁਰੂ ਅਰਜਨ ਸਾਹਿਬ ਨਿਮਰਤਾ ਦੀ ਇਸ ਇੱਕ ਇੱਕ ਬੇਮਿਸਾਲ ਉਦਾਹਰਣ ਰਾਹੀਂ ਪਵਿੱਤਰ ਸੇਵਾ ਦੀ ਜੁਗਤੀ ਸਮਝਾਉਂਦੇ ਹਨ ।
ਦਿਲ ਪਵਿੱਤਰ ਹੋ ਗਏ ਸਨ । ਅਨੰਦ ਅਤੇ ਸੱਚੀ ਮਿਹਰ ਨਾਲ ਰੂਹਾਨੀ ਰੰਗ ਵਿੱਚ ਆਈ ਸੰਗਤ ਨੇ, ਉਨ੍ਹਾਂ ਦੇ ਬੇਪਨਾਹ ਮੁਹੱਬਤ ਅਤੇ ਨਿਮਰਤਾ ਰਾਹੀਂ ਗੁਰੂ ਨਾਨਕ ਸਾਹਿਬ ਦੀ ਇਲਾਹੀ ਲੀਲ੍ਹਾ ਵਿੱਚ ਇਸ਼ਨਾਨ ਕਰ ਲਿਆ । ਇਹ ਸੱਚੀ ਨਿਮਰਤਾ, ਗਰੀਬੀ ਅਤੇ ਮਸਕੀਨਤਾ ਦਾ ਪਵਿੱਤਰ ਇਸ਼ਨਾਨ ਸੀ । ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਮਹਾਨ ਆਦਰਸ਼ਾਂ ਦੀ ਬੇਮਿਸਾਲ ਮਰਯਾਦਾ ਨੂੰ ਭਗਤੀ ਭਾਵ ਵਾਲੀ ਨਿਮਰਤਾ ਦੇ ਰੰਗ ਵਿੱਚ ਰੰਗ ਦਿੱਤਾ ਸੀ ।
ਭਗਤੀ ਭਾਵ ਵਾਲੀ ਨਿਮਰਤਾ ਇੱਕ ਇਲਾਹੀ ਗੁਣ ਹੈ, ਇਹ ਪਵਿੱਤਰਤਾ ਨਾਲੋਂ ਵੀ ਪਵਿੱਤਰ ਹੈ ।

ਗੁਰੂ ਘਰ ਦੇ ਪ੍ਰੇਮ ਵਿੱਚ ਰੰਗੀ ਅਤੇ ਵਰੋਸਾਈ ਸੰਗਤ ਪਰਮਾਤਮਾਂ ਦੀ ਅਪਾਰ ਲੀਲ੍ਹਾ ਦੇ ਨਿਮਰਤਾ ਦੇ ਪੁੰਜ, ਪੰਜਵੇਂ ਗੁਰੂ ਨਾਨਕ ਦੇ ਰੂਪ ਵਿੱਚ ਦਰਸ਼ਨ ਕਰ ਰਹੀ ਸੀ ।

ਸਤਿਗੁਰੂ ਜੀ ਆਪਣੇ ਪਿਆਰੇ ਸਿੱਖਾਂ ਨੂੰ ਭੁਲਾਉਂਦੇ ਨਹੀਂ । ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਡੂੰਘਾ ਪ੍ਰੇਮ ਕਰਦੇ ਹਨ ਅਤੇ ਅਨੇਕਾਂ ਰਹੱਸਵਾਦੀ, ਅਦੁੱਤੀ ਤੇ ਅਦਭੁੱਤ ਵਿਧੀਆਂ ਰਾਹੀਂ ਉਨ੍ਹਾਂ ਨੂੰ ਉੱਚੇ ਰੂਹਾਨੀ ਪਦ ਤੱਕ ਲੈ ਜਾਂਦੇ ਹਨ ।


ਗੁਰੂ ਨਾਨਕ ਦਾਤਾ ਬਖਸ਼ ਲੈ। 


ਬਾਬਾ ਨਾਨਕ ਬਖਸ਼ ਲੈ

Eternal Glory of Guru Arjan Dev Ji

www.SriGuruGranthSahib.org






Comments

Popular Posts