ਗੁਰੂ ਨਾਨਕ ਦਾਤਾ ਬਖ਼ਸ਼ ਲੈ। ਬਾਬਾ ਨਾਨਕ ਬਖ਼ਸ਼ ਲੈ।
ਮੇਰੇ ਸਰਤਾਜ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਪਾਵਨ ਸਾਖੀ ਸੁਣਾਈ-
ਇਕ ਜੋਗੀ ਸ਼ੰਕੇ ਦੇ ਵਿਚ ਫੜ੍ਹਿਆ ਗਿਆ, ਰਾਜ ਵਲੋਂ ਸੂਲੀ ਦੀ ਸਜਾ ਮਿਲ ਗਈ, ਉਸ ਨੇ ਬੜਾ ਵਿਚਾਰ ਕੀਤਾ ਕਿ ਮੈਂ ਤਾਂ ਜਿਦੰਗੀ ਵਿਚ ਕੋਈ ਪਾਪ ਨਹੀ ਕੀਤਾ, ਫੇਰ ਇਹ ਸੂਲੀ ਦੀ ਸਜਾ ਮੈਨੂੰ ਕਿਉਂ ਮਿਲੀ? ਕਿਤੇ ਮੈਂ ਅਪਣੇ ਪਿਛਲੇ ਕਿਸੇ ਜਨਮ ਵਿਚ ਤਾਂ ਕੋਈ ਪਾਪ ਨਹੀ ਕਰ ਬੈਠਾ।
ਇਹ ਸੋਚ ਕੇ ਉਸ ਨੇ ਆਪਣੀ ਯੋਗ ਸ਼ਕਤੀ ਦੁਵਾਰਾ ਅਪਣੇ ਸੌ ਜਨਮਾਂ ਦਾ ਹਾਲ ਵੇਖਿਆ। ਉਸ ਨੇ ਪਿਛਲੇ ੧੦੦ ਜਨਮਾਂ ਵਿਚੋਂ ਕਿਸੇ ਵੀ ਜਨਮ ਵਿਚ ਕੋਈ ਪਾਪ ਨਹੀ ਕੀਤਾ ਸੀ। ਸੌ ਜਨਮਾਂ ਤੋਂ ਬੈਠਾ ਭਗਤੀ ਹੀ ਕਰ ਰਿਹਾ ਹੈ, ਯੋਗ ਕਰ ਰਿਹਾ ਹੈ, ਕਮਾਈ ਕਰ ਰਿਹਾ ਹੈ।
ਫਿਰ ਸੋਚਦਾ ਹੈ ਕਿ ਇਹ ਸੂਲੀ ਦੀ ਸਜਾ ਕਿਉਂ ਮਿਲੀ? ਜਦੋਂ ੧੦੧ ਵੇਂ ਜਨਮ ਤੇ ਨਜ਼ਰ ਮਾਰੀ ਤਾਂ ਕੀ ਦੇਖਿਆ ਕਿ ੯ ਸਾਲ ਦੀ ਉਮਰ ਹੈ ਇਕ ਕਿੱਕਰ ਦੇ ਥੱਲੇ ਬੈਠਾ ਹੈ, ਕਿੱਕਰ ਦੀ ਸੂਲ ਨਾਲ ਇਕ ਟਿੱਡੇ ਨਾਲ ਖੇਡ ਰਿਹਾ ਹੈ।ਖੇਡਦੇ-ਖੇਡਦੇ ਉਸ ਟਿਡੇ ਨੂੰ ਉਸ ਸੂਲ ਦੇ ਵਿਚ ਪਰੋ ਦਿਤਾ। ਇਹ ਦ੍ਰਿਸ਼ ਦੇਖਕੇ ਇਕ ਦਮ ਸੋਝੀ ਪਈ ਕਿ ਇਹ ਜਿਹੜਾ ੧੦੧ ਵੇਂ ਜਨਮ ਦਾ ਹਿਸਾਬ ਖੜ੍ਹਾ ਹੈ ਉਸ ਹਿਸਾਬ ਦਾ ਕਰਜ਼ਾ ਹੁਣ ਇਸ ਸੂਲੀ ਦੀ ਸਜ਼ਾ ਨਾਲ ਮੁੱਕ ਜਾਏਗਾ, ਬੇਬਾਕ ਹੋ ਜਾਏਗਾ। ਇਹ ਸੂਲੀ ਦੀ ਸਜਾ ਉਸ ਕਸੂਰ ਦੀ ਸਜਾ ਹੈ ਜਿਹੜਾ ੧੦੧ ਜਨਮ ਪਹਿਲਾਂ ਉਸ ਨੇ ਕੀਤਾ ਸੀ ।
ਹਜੂਰ ਨੇ ਇਕ ਹੋਰ ਇਲਾਹੀ ਬਚਨ ਸੁਣਾਇਆ-
ਇਕ ਤਪਸਵੀ ਸ਼ਿਲਾ ਤੇ ਬੈਠਾ ਭਗਤੀ ਕਰ ਰਿਹਾ ਹੈ। ਉਸ ਨੇ ਸੌ ਸਾਲ ਦੀ ਕਠ੍ਹਿਨ ਤੱਪਸਿਆ ਕੀਤੀ। ਉਸ ਦੀ ਤੱਪਸਿਆ ਤੋਂ ਪ੍ਰਸੰਨ ਹੋ ਕੇ ਨਿਰੰਕਾਰ ਨੇ ਦਰਸ਼ਨ ਦਿੱਤੇ ਤੇ ਖੁਸ਼ ਹੋ ਕੇ ਪੁੱਛਿਆ ਕਿ-
ਤੂੰ ਸੌ ਵਰ੍ਹੇ (ਸਾਲ) ਭਗਤੀ ਕੀਤੀ ਹੈ।ਦਸ ਕੀ ਬਖਸ਼ਿਸ਼ ਕਰੀਏ?
ਉਸ ਨੇ ਅਗੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ-
ਗਰੀਬ ਨਿਵਾਜ਼ ਸੌ ਸਾਲਾਂ ਤੋਂ ਸ਼ਿਲਾ ਤੇ ਬੈਠਾ ਤੁਹਾਡੀ ਭਗਤੀ ਕਰ ਰਿਹਾ ਹਾਂ, ਕਠ੍ਹਿਨ ਤਪਸਿਆ ਕਰ ਰਿਹਾ ਹਾਂ, ਗਰੀਬ ਨਿਵਾਜ ਮੈਨੂੰ ਬਖਸ਼ਿਸ਼ ਨਹੀਂ, ਸੌ ਸਾਲ ਦੀ ਕਠ੍ਹਿਨ ਤੱਪਸਿਆ ਦਾ ਫਲ ਚਾਹੀਦਾ ਹੈ।
ਨਿਰੰਕਾਰ ਫੇਰ ਅੱਗੋਂ ਫਰਮਾਂਉਂਦੇ ਹਨ ਕਿ-
ਸੋਚ ਲੈ, ਤੂੰ ਇਸ ਭਗਤੀ ਦਾ, ਕਠ੍ਹਿਨ ਤਪਸਿਆ ਦਾ ਫਲ ਚਾਹੁੰਦਾ ਹੈ, ਜਾਂ ਬਖਸ਼ਿਸ਼ ਚਾਹੁੰਦਾ ਹੈ ।
ਤਪਸਵੀ ਨੇ ਅਗੋਂ ਫੇਰ ਉਹੀ ਜਵਾਬ ਦਿੱਤਾ ਕਿ -
ਗਰੀਬ ਨਿਵਾਜ! ਇਸ ਕਠ੍ਹਿਨ ਤਪਸਿਆ ਦਾ ਫਲ ਦੇ ਦਿਉ ।
ਉਸ ਨੂੰ ਹਿਸਾਬ-ਕਿਤਾਬ ਵਿਚ ਪਏ ਦੇਖ ਕੇ ਅੱਗੋ ਨਿਰੰਕਾਰ ਕਹਿੰਦੇ ਹਨ ਕਿ-
ਤੇਰਾ ਤਾਂ ਹਿਸਾਬ ਹੀ ਬਹੁਤ ਖੜ੍ਹਾ ਹੋ ਗਿਆ ਹੈ। ਜਿਸ ਪੱਥਰ ਦੇ ਉੱਤੇ ਬੈਠ ਕੇ ਤੂੰ ਸੌ ਸਾਲ ਤਪਸਿਆ ਕੀਤੀ ਹੈ , ਸੌ ਸਾਲ ਇਸ ਸ਼ਿਲਾ ਨੇ ਤੇਰਾ ਭਾਰ ਚੁੱਕਿਆ ਹੈ, ਤੂੰ ਇਸ ਸ਼ਿਲਾ ਦਾ ਕਰਜ਼ਈ ਹੈਂ, ਦੇਣਦਾਰ ਹੈਂ। ਹੁਣ ਇਵੇਂ ਕਰ, ਇਸ ਸ਼ਿਲਾ ਨੂੰ ਆਪਣੇ ਸਿਰ ਤੇ ਚੁੱਕ ਲੈ, ਤੇਰਾ ਜੋ ਹਿਸਾਬ ਖੜ੍ਹਾ ਹੈ....ਉਸ ਨੂੰ ਬੇਬਾਕ ਕਰ..., ਇਸ ਸ਼ਿਲਾ ਦਾ ਕਰਜ਼ਾ ਉਤਾਰ ਦੇ । ਜਦੋਂ ਤੇਰਾ ਕਰਜ਼ਾ ਉਤਰ ਜਾਏ, ਫਿਰ ਅਗਲੀ ਭਗਤੀ ਕਰਕੇ ਜਦੋਂ ਸਾਨੂੰ ਪ੍ਰਸੰਨ ਕਰੇਂਗਾ ਤਦ ਤੇਰੀ ਭਗਤੀ ਦੇ ਹਿਸਾਬ ਨਾਲ ਤੈਨੂੰ ਫਲ ਦੇ ਦਿਆਂਗੇ।
ਜਿਸ ਵਕਤ ਇਹ ਫੁਰਮਾਣ ਹੋਇਆ ਤਾਂ ਤਪਸਵੀ ਇਕਦਮ ਇਹ ਕਹਿੰਦਾ ਹੋਇਆ ਚਰਨਾਂ ਤੇ ਡਿਗ ਪਿਆ ਕਿ-
ਗਰੀਬ ਨਿਵਾਜ਼ ! ਮੇਰਾ ਹਿਸਾਬ ਨਾ ਕਰੋ, ਮੈਨੂੰ ਫਲ ਨਹੀ ਚਾਹੀਦਾ ਗਰੀਬ ਨਿਵਾਜ ! ਮੈਨੂੰ ਬਖ਼ਸ਼ ਲਵੋ।
ਬਾਬਾ ਨੰਦ ਸਿੰਘ ਸਾਹਿਬ ਨੇ ਫਿਰ ਫੁਰਮਾਇਆ ਕਿ-
ਸਾਡੀ ਹਿਸਾਬਾਂ ਨਾਲ ਨਹੀ ਮੁੱਕਣੀ, ਸਾਡੀ ਕਮਾਈਆਂ ਨਾਲ ਪੂਰੀ ਨਹੀ ਪੈਣੀ।
ਗੁਰੂ ਨਾਨਕ ਦੇ ਅਗੇ ਸਿੱਖ ਗਲ ਵਿਚ ਪੱਲਾ ਪਾ ਕੇ, ਹੱਥ ਜੋੜ ਕੇ ਖੜ੍ਹਾ ਹੋ ਜਾਏ, ਔਰ ਅਰਦਾਸ ਕਰੇ, ਬੇਨਤੀ ਕਰੇ –
ਐ ਗੁਰੂ ਨਾਨਕ ਸੱਚੇ ਪਾਤਸ਼ਾਹ ! ਮੇਰਾ ਹਿਸਾਬ ਨਾ ਲਈਂ,ਗਰੀਬ ਨਿਵਾਜ਼, ਮੇਰੇ ਗੁਣ ਔਗੁਣ ਨਾ ਵਿਚਾਰੀਂ,ਹੇ ਸੱਚੇ ਪਾਤਸ਼ਾਹ ! ਮੇਰੀਆਂ ਕਰਤੂਤਾਂ ਵੱਲ ਨਾ ਵੇਖੀਂ,ਹੇ ਗਰੀਬ ਨਿਵਾਜ, ਮੈਨੂੰ ਬਖ਼ਸ਼ ਲੈ। ਮੈਨੂੰ ਬਖ਼ਸ਼ ਲੈ। ਮੈਨੂੰ ਬਖ਼ਸ਼ ਲੈ।
ਲੇਖੈ ਕਤਹਿ ਨ ਛੂਟੀਐ, ਖਿਨੁ ਖਿਨੁ ਭੂਲਨਹਾਰ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 261)
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
{ਇਹ ਸਾਖੀਆਂ ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਵਲੋਂ ਰਿਲੀਜ਼ ਕੀਤੀ ਗਈ ਕੈਸਟ "ਗੁਰੂ ਨਾਨਕ ਦਾਤਾ ਬਖ਼ਸ਼ ਲੈ, ਬਾਬਾ ਨਾਨਕ ਬਖ਼ਸ਼ ਲੈ" ਵਿਚੋਂ ਲਈਆਂ ਗਈਆਂ ਹਨ।}
www.Sikh Videos.org
www.SriGuruGranthSahib.org
www.BabaNandSinghSahib.org
waheguru ji
ReplyDelete