ਮੈਂ ਕਿਹੜੇ ਮਾਲਕ ਦਾ ਕੁੱਤਾ ਹਾਂ |
Baba Nand Singh Ji Maharaj De Sri Charnan Da Prem Parkash - Narinder Singh |
(ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਦਵਾਰਾ ਬਿਆਨ ਕੀਤਾ ਗਿਆ ਪ੍ਰਸੰਗ)
ਮੈਨੂੰ ਮੁਖ਼ਾਤਿਬ ਕਰਦੇ ਹੋਏ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਨੇ ਫਿਰ ਫੁਰਮਾਇਆ-
ਸੰਤ ਵਧਾਵਾ ਸਿੰਘ ਜੀ ਲਹਿਰੇ ਵਾਲੇ, ਮੇਰੇ ਬਾਬਿਆਂ ਦੇ ਵਿੱਦਿਆ ਗੁਰੂ ਜਿਨ੍ਹਾਂ ਨੇ ਆਪਣੇ ਸਾਰੇ ਸੇਵਕਾਂ ਨੂੰ ਇਕੱਠੇ ਕਰਕੇ ਫੁਰਮਾਇਆ ਕਿ-ਸਾਡੀ ਇਸ ਜਗ੍ਹਾ ਅਤੇ ਹਰ ਇਕ ਚੀਜ਼ ਦੇ ਵਾਰਸ ਤੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਹਨ| ਉਹੀ ਇਸ ਉੱਤਮ ਚੀਜ਼ ਦੇ ਉਤਰਾਧਿਕਾਰੀ ਹਨ| ਉਨ੍ਹਾਂ ਨੂੰ ਬੁਲਾ ਕੇ ਲਿਆਉ |
ਬਾਬਾ ਨੰਦ ਸਿੰਘ ਜੀ ਮਹਾਰਾਜ ਪਾਸ ਜਦੋਂ ਬੁਲਾਵਾ ਪਹੁੰਚਿਆ ਤਾਂ ਉਨ੍ਹਾਂ ਨੇ ਅੱਗੋਂ ਬੇਨਤੀ ਕੀਤੀ ਕਿ-
ਦਰਸ਼ਨਾਂ ਵਾਸਤੇ ਤਾਂ ਅਸੀ ਹਰ ਵਕਤ ਤਿਆਰ ਹਾਂ ਪਰ ਇਸ ਕੰਮ ਵਾਸਤੇ ਨਹੀਂ |
ਸੰਤਾਂ ਨੇ ਫਿਰ ਵੀ ਅਸ਼ਟਾਮ ਤਿਆਰ ਕਰਵਾ ਲਿਆ ਤੇ ਬਾਬਾ ਜੀ ਨੂੰ ਉਡੀਕਣ ਲੱਗੇ | ਬਾਬਾ ਜੀ ਉੱਥੇ ਪਹੁੰਚੇ, ਸਤਿਕਾਰ ਨਾਲ ਚਰਨਾਂ ਤੇ ਨਮਸਕਾਰ ਕੀਤੀ ਤੇ ਹੁਕਮ ਪੁੱਛਿਆ|
ਉਸ ਵਕਤ ਉਨ੍ਹਾਂ ਦੇ ਸਾਰੇ ਸੇਵਕ ਵੀ ਪਾਸ ਹੀ ਖੜ੍ਹੇ ਸਨ | ਸੰਤਾਂ ਨੇ ਫ਼ੁਰਮਾਇਆ ਕਿ-
ਇਸ ਅਸ਼ਟਾਮ ਤੇ ਦਸਤਖਤ ਕਰ ਦਿਉ |
ਬਾਬਾ ਜੀ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ-
ਗਰੀਬ ਨਿਵਾਜ਼ ਇਸ ਗਰੀਬ ਦਾ ਤਾਂ ਨਾਮ ਹੀ ਕਿਸੇ ਕਾਗਜ਼ ਤੇ ਨਹੀਂ ਆਇਆ ਤੇ ਨਾ ਹੀ ਦਸਤਖ਼ਤ ਕਰਨੇ ਆਉਂਦੇ ਹਨ ਅਤੇ ਨਾ ਹੀ ਕਦੇ ਕੀਤੇ ਹਨ| ਪੜ੍ਹ ਕੇ ਤਾਂ ਸੁਣਾ ਦਿਓ ਇਸ ਵਿੱਚ ਕੀ ਲਿਖਿਆ ਹੈ?ਜਦੋ ਉਨ੍ਹਾਂ ਨੇ ਸਾਰਾ ਅਸ਼ਟਾਮ ਪੜ੍ਹ ਕੇ ਸੁਣਾਇਆ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਇਹ ਪਵਿੱਤਰ ਬਚਨ ਕੀਤੇ-
ਮਹਾਰਾਜ, 14 ਲੋਕਾਂ ਵਿੱਚ ਨੰਦ ਸਿੰਘ ਦੀ ਇਕ ਸੂਈ ਦੇ ਨੱਕੇ ਜਿੰਨੀ ਵੀ ਜਾਇਦਾਦ ਨਹੀਂ | ਤੁਸੀਂ ਤਾਂ ਜਾਣਦੇ ਹੋ ਮੈਂ ਕਿਸ ਦਾ ਸੇਵਕ ਹਾਂ |
ਫਿਰ ਇਹ ਮਹਾਨ ਬਚਨ ਕੀਤਾ-
ਮੈਂ ਤਾਂ ਉਸਦਾ ਪੁੱਤਰ ਹਾਂ ਤੇ ਪੁੱਤਰ ਆਪਣੇ ਪਿਤਾ ਦੀ ਸਾਰੀ ਜਾਇਦਾਦ ਦਾ ਵਾਰਸ ਤੇ ਮਾਲਕ ਹੁੰਦਾ ਹੈ| ਤੁਸੀਂ ਮੈਨੂੰ ਇਕ ਖੁੱਡ ਦੇ ਵਿੱਚ ਵਾੜ ਕੇ ਇਹ ਚਾਹੁੰਦੇ ਹੋ ਕਿ ਮੈਂ ਆਪਣੇ ਪਰਮ ਪਿਤਾ ਦੀ ਸਾਰੀ ਸ੍ਰਿਸ਼ਟੀ ਤੇ ਰਚਨਾ ਨੂੰ ਲੱਤ ਮਾਰ ਦਿਆਂ|
ਸਾਰੇ ਸੇਵਕ ਸਤਿਕਾਰ ਵਿੱਚ ਉੱਠ ਕੇ ਖੜ੍ਹੇ ਹੋ ਗਏ ਤੇ ਮੂੰਹੋਂ ਕਿਹਾ-
ਧੰਨ ਧੰਨ ਬਾਬਾ ਨੰਦ ਸਿੰਘ ਜੀ ਤੁਹਾਡੀ ਗਤੀ ਤੁਸੀਂ ਆਪ ਹੀ ਜਾਣਦੇ ਹੋ|
(ਪਿਤਾ ਜੀ)-ਮੈਂ ਉਸ ਨਿਰੰਕਾਰ ਦੇ ਮਹਾਨ ਸਪੁੱਤਰ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਕੁੱਤਾ ਹਾਂ |ਮੈਂ ਇਸ ਸ੍ਰਿਸ਼ਟੀ ਤੇ ਰਚਨਾ ਦੇ ਮਾਲਕ ਦਾ ਕੁੱਤਾ ਹਾਂ |
ਮੈਂ ਕੁੱਤਾ ਬਾਬੇ ਨੰਦ ਸਿੰਘ ਦਾ ਡਿੱਪਟੀ ਮੇਰਾ ਨਾਉਂ |
ਪਿਤਾ ਜੀ ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਾਂਦੇ ਸਨ ਤਾਂ ਹੋਰ ਪ੍ਰਸ਼ਾਦ ਦੇ ਇਲਾਵਾ ਮੁਸ਼ਕ ਕਾਫੂਰ ਦਾ ਹਾਰ ਅਤੇ ਅਤਰ ਨਾਲ ਲੈ ਜਾਂਦੇ ਸਨ | ਪਿਤਾ ਜੀ ਨੂੰ ਬਾਬਾ ਜੀ ਅੰਦਰ ਬੁਲਾ ਲੈਂਦੇ ਸਨ | ਪਿਤਾ ਜੀ ਪੂਰੇ ਸਤਿਕਾਰ ਅਤੇ ਨਿਮਰਤਾ ਵਿੱਚ ਅਤਰ ਅਤੇ ਮੁਸ਼ਕ ਕਾਫੂਰ ਦਾ ਹਾਰ ਪੇਸ਼ ਕਰਦੇ ਸਨ | ਬੜੇ ਖੁਸ਼ ਹੋ ਕੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਮੁਸ਼ਕ ਕਾਫੂਰ ਦਾ ਹਾਰ ਹੱਥ ਵਿੱਚ ਲੈ ਲੈਣਾ | ਇਕ ਵਾਰ ਤਾਂ ਉਸ ਹਾਰ ਨੂੰ ਜਿਸ ਤਰ੍ਹਾਂ ਮਾਲਾ ਫੇਰੀ ਦੀ ਹੈ, ਫੇਰਦੇ ਰਹੇ ਤੇ ਫਿਰ ਉਹੀ ਹਾਰ ਆਪਣੇ ਪਾਵਨ ਗਲੇ ਵਿੱਚ ਪਾ ਲਿਆ | ਉਤਨੀ ਦੇਰ ਵਿੱਚ ਪਿਤਾ ਜੀ ਅਤਰ ਦੀ ਸ਼ੀਸ਼ੀ ਖੋਲ੍ਹ ਕੇ ਅੱਗੇ ਪੇਸ਼ ਕਰ ਦਿੰਦੇ ਸਨ | ਮਿਹਰਾਂ ਦੇ ਸਾਈਂ ਆਪਣੇ ਮੁਬਾਰਿਕ ਕਰ ਕਮਲਾਂ ਨੂੰ ਲਾ ਕੇ ਆਪਣੇ ਪਾਵਨ ਦਾੜ੍ਹੇ ਅਤੇ ਬਸਤਰਾਂ ਨੂੰ ਲਾ ਲੈਂਦੇ ਹਨ | ਪਿਤਾ ਜੀ ਨੇ ਬਾਕੀ ਬਚਿਆ ਸਾਰਾ ਅਤਰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਉਲਟਾ ਦੇਣਾ ਅਤੇ ਚੰਗੀ ਤਰ੍ਹਾਂ ਉਨ੍ਹਾਂ ਦੇ ਚਰਨਾਂ ਤੇ ਮਲ ਦੇਣਾ|
ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਦਾ ਰਸ, ਦਾਸ ਨੇ ਦੋ ਵਾਰ ਮਾਣਿਆ | ਬਾਬਾ ਜੀ ਵਾਸਤੇ ਇਹ ਸ਼ੁੱਧ ਅਤੇ ਕੀਮਤੀ ਅਤਰ, ਪਿਤਾ ਜੀ ਦਿੱਲੀ ਚਾਂਦਨੀ ਚੌਂਕ ਤੋਂ ਮੰਗਵਾਇਆ ਕਰਦੇ ਸਨ |
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
Comments
Post a Comment