ਬਾਬਾ ਜੀ ਦੇ ਪਹਿਲੇ ਦਰਸ਼ਨ
Baba Narinder Singh Ji |
ਸੰਨ 1935 ਦੀ ਗੱਲ ਹੈ ਕਿ ਲੁਧਿਆਣੇ ਦੇ ਨਾਮੀ ਰਈਸ ਇਕ ਵਾਰ ਸਰਦਾਰ ਗੁਰਦਿਆਲ ਸਿੰਘ ਥਾਪਰ ਜੋ ਕਿ ਮੇਰੇ ਪਿਤਾ ਜੀ ਦੇ ਪਰਮ ਸਨੇਹੀ ਅਤੇ ਉਨ੍ਹਾਂ ਦੇ ਰੱਬੀ ਝੁਕਾਉ ਤੋਂ ਪ੍ਰਭਾਵਿਤ ਸਨ ਤੇ ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਬਾਰੇ ਜ਼ਿਕਰ ਕੀਤਾ | ਉਨ੍ਹਾਂ ਨੇ ਦੱਸਿਆ ਕਿ ਕਦੀ ਕਦੀ ਬਾਬਾ ਜੀ ਉਥੇ ਆਉਂਦੇ ਹਨ ਅਤੇ ਲੁਧਿਆਣਾ-ਜਗਰਾਉਂ ਸੜਕ ਸਥਿੱਤ ਉਸਦੇ ਬਾਗ “ਰਾਮ ਬਾਗ” ਵਿੱਚ ਠਹਿਰਦੇ ਹਨ|
ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਦੀ ਉਸ ਅਸਥਾਨ ਤੇ ਅਗਲੀ ਫੇਰੀ ਦੇ ਸਮੇਂ ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਣ| ਇਕ ਦਿਨ ਸ: ਗੁਰਦਿਆਲ ਸਿੰਘ ਮੇਰੇ ਪਿਤਾ ਜੀ ਕੋਲ ਆਏ ਅਤੇ ਉਨ੍ਹਾਂ ਨੂੰ ਬਾਬਾ ਜੀ ਦੀ ਆਮਦ ਦੀ ਸੂਚਨਾ ਦਿੱਤੀ | ਮੇਰੇ ਪੂਜਯ ਪਿਤਾ ਜੀ ਨੇ ਫਲਾਂ ਦਾ ਪ੍ਰਸ਼ਾਦ ਲਿਆ ਅਤੇ ਸ: ਗੁਰਦਿਆਲ ਸਿੰਘ ਦੇ ਨਾਲ ਇਕ ਦਮ ਰਾਮ ਬਾਗ ਵੱਲ ਚੱਲ ਪਏ |
ਬਾਗ ਵਿੱਚ ਇਕ ਤਲਾਈ ਦੇ ਨਜ਼ਦੀਕ ਬਾਬਾ ਜੀ ਸਮਾਧੀ ਦੀ ਅਵਸਥਾ ਵਿੱਚ ਸਨ ਅਤੇ ਪਵਿੱਤਰ ਸ਼ਾਨਦਾਰ ਕੀਰਤਨ ਜਾਰੀ ਸੀ | ਬਾਬਾ ਜੀ ਦੀ ਪ੍ਰਤੱਖ ਹਜ਼ੂਰੀ ਦੀ ਮਹਾਨ ਕਿਰਪਾ ਦੇ ਵਹਾ ਵਿੱਚ ਵਿਸ਼ਾਲ ਸੰਗਤ ਅਨੰਦ-ਸਰੋਵਰ ਵਿੱਚ ਇਸ਼ਨਾਨ ਕਰ ਕਰ ਰਹੀ ਸੀ | ਪੂਰਾ ਵਾਤਾਵਰਣ ਰੂਹਾਨੀਅਤ ਦੇ ਪ੍ਰਭਾਵ ਹੇਠ ਸੀ|
ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਸ: ਗੁਰਦਿਆਲ ਸਿੰਘ ਜੀ ਨਸਮਕਾਰ ਕਰਨ ਉਪਰੰਤ ਬਾਬਾ ਜੀ ਦੇ ਕੋਲ ਹੀ ਬੈਠ ਗਏ | ਕੁਝ ਦੇਰ ਬਾਅਦ ਬਾਬਾ ਜੀ ਨੇ ਆਪਣੇ ਪਵਿੱਤਰ ਨੇਤਰ ਖੋਲ੍ਹੇ ਅਤੇ ਆਲੇ ਦੁਆਲੇ ਦੇਖਿਆ | ਮੇਰੇ ਪਿਤਾ ਜੀ ਨੂੰ ਦੇਖਣ ਤੇ ਉਨ੍ਹਾਂ ਦੀ ਦ੍ਰਿਸ਼ਟੀ ਪਿਤਾ ਜੀ ਉੱਤੇ ਹੀ ਕੇਂਦਰਤ ਹੋ ਗਈ | ਬਾਬਾ ਜੀ ਨੇ ਸ: ਗੁਰਦਿਆਲ ਸਿੰਘ ਤੋਂ ਮੇਰੇ ਪਿਤਾ ਜੀ ਬਾਰੇ ਪੁੱਛਿਆ ਅਤੇ ਉਨ੍ਹਾਂ ਨੇ ਨਿਮਰਤਾ ਅਤੇ ਸਤਿਕਾਰ ਪੂਰਵਕ ਪਿਤਾ ਜੀ ਦਾ ਪ੍ਰੀਚੈ ਕਰਵਾਇਆ |
ਉਸ ਤੋਂ ਬਾਅਦ ਬਾਬਾ ਜੀ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਬੜੀ ਨਿਮਰਤਾ ਸਹਿਤ ਸੰਗਤ ਤੋਂ ਵਿਦਾਇਗੀ (ਆਗਿਆ) ਲਈ ਅਤੇ ਅੰਦਰ ਵੱਲ ਪ੍ਰਸਥਾਨ ਕੀਤਾ ਜਿੱਥੇ ਕਿ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ| ਮੇਰੇ ਪਿਤਾ ਜੀ ਸ: ਗੁਰਦਿਆਲ ਸਿੰਘ ਦੇ ਨਾਲ ਉਨ੍ਹਾਂ ਦੇ ਪਿੱਛੇ ਚਲੇ ਗਏ | ਬਾਬਾ ਜੀ ਆਪਣੇ ਆਸਨ ਤੇ ਬਿਰਾਜਮਾਨ ਹੋ ਗਏ ਅਤੇ ਸ: ਗੁਰਦਿਆਲ ਸਿੰਘ ਤੇ ਮੇਰੇ ਪਿਤਾ ਜੀ ਬਾਬਾ ਜੀ ਦੇ ਚਰਨ-ਕਮਲਾਂ ਵਿੱਚ ਬੈਠ ਗਏ |
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਆਪਣੀਆਂ ਪਵਿੱਤਰ ਨਜ਼ਰਾਂ ਮੇਰੇ ਪਿਤਾ ਜੀ ਤੇ ਕੇਂਦਰਤ ਕੀਤੀਆਂ ਅਤੇ ਇਕ ਮਹਾਨ ਰੱਬੀ ਸੰਦੇਸ਼ ਉਨ੍ਹਾਂ ਨੂੰ ਦਿੱਤਾ ਜਿਸਨੂੰ ਕਿ ਗ੍ਰਹਿਣ ਕਰਨ ਵਾਲਾ ਹੀ ਅਨੁਭਵ ਕਰਕੇ ਸਮਝ ਸਕਦਾ ਸੀ | ਇਹ ਬਹੁਤ ਹੀ ਕਰੀਬੀ ਅਤੇ ਪਿਆਰੇ ਦੀ ਖੋਜ ਅਤੇ ਪਹਿਚਾਣ ਸੀ |
ਬਾਬਾ ਜੀ ਦੇ ਪਵਿੱਤਰ ਨੇਤਰਾਂ ਵਿੱਚੋਂ ਜੋ ਕਿ ਅੰਮ੍ਰਿਤ ਦਾ ਸਰੋਵਰ ਸਨ, ਅੰਮ੍ਰਿਤ ਧਾਰਾ ਵਹਿ ਰਹੀ ਸੀ| ਮੇਰੇ ਪਿਤਾ ਜੀ ਦੇ ਸਰੀਰ ਦਿਮਾਗ ਅਤੇ ਆਤਮਾ ਨੂੰ ਅੰਮ੍ਰਿਤ-ਮਈ ਬਣਾ ਰਹੀ ਸੀ |
ਪਿਤਾ ਜੀ, ਜੋ ਕਿ ਆਪਣੇ ਸਮੇਂ ਦੇ ਬਹੁਤ ਸਾਰੇ ਸੰਤਾਂ ਨੂੰ ਨੇੜੇ ਤੋਂ ਜਾਣਦੇ ਸਨ, ਨੇ ਇਕ ਦਮ ਅਨੁਭਵ ਕੀਤਾ ਕਿ ਉਹ ਹਮੇਸ਼ਾ ਤੋਂ ਸਿਰੋ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਲ ਸੰੰਬੰਧਤ ਸਨ |
ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਅੰਮ੍ਰਿਤ ਵਿੱਚ ਪੂਰਨ ਭਾਂਤ ਸਰਸ਼ਾਰ ਉਹ ਘਰ ਪਹੁੰਚੇ | ਪਿਆਰ ਵਿੱਚ ਲੀਨ ਪਿਤਾ ਜੀ ਨੇ ਮੇਰੇ ਮਾਤਾ ਜੀ ਅਤੇ ਸਾਨੂੰ ਸਭ ਨੂੰ ਪ੍ਰਸੰਨਤਾ ਅਤੇ ਖੁਸ਼ੀ ਨਾਲ ਦਸਿਆ ਕਿ ਉਨ੍ਹਾਂ ਨੇ ਨਿਰੰਕਾਰ ਨੂੰ ਲੱਭ ਲਿਆ ਹੈ, ਗੁਰੂ ਨਾਨਕ ਨੂੰ ਲੱਭ ਲਿਆ ਹੈ | ਮੈਂ ਪਿਤਾ ਜੀ ਨੂੰ ਕਦੇ ਪਹਿਲਾਂ ਇੰਨਾਂ ਖੁਸ਼ ਨਹੀਂ ਸੀ ਦੇਖਿਆ | ਉਸ ਦਿਨ ਕੀ ਦੇਰ ਉਹ ਮਹਾਨ ਬਾਬਾ ਜੀ ਦੇ ਪਵਿੱਤਰ ਦਰਸ਼ਨਾਂ ਬਾਰੇ ਦਸਦੇ ਰਹੇ | ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਇਲਾਹੀ ਸ਼ਾਨ ਵਿੱਚ ਆਪਣਾ ਆਪਾ ਫਨ੍ਹਾ ਕਰ ਚੁੱਕੇ ਸਨ|
ਮੇਰੀ ਛੋਟੀ ਭੈਣ ਬੀਬੀ ਭੋਲਾਂ ਰਾਣੀ ਪਵਿੱਤਰ ਕੀਰਤਨ ਕਰਦੇ ਸਮੇਂ ਪਿਆਰ ਅਤੇ ਮਸਤੀ ਭਰੀ ਅਵਸਥਾ ਵਿੱਚ ਝੂੰਮਦੀ ਹੋਈ ਅਕਸਰ ਅਲਾਪਿਆ ਕਰਦੀ ਸੀ|
ਇਹ ਪਹਿਲਾ ਅਚਾਨਕ ਹੋਇਆ ਮਿਲਾਪ ਇਕ ਅਲੌਕਿਕ ਅਧਿਆਤਮਕ ਚਮਤਕਾਰ ਸੀ | ਮੇਰੇ ਪਿਤਾ ਜੀ ਪਹਿਲੀ ਵਾਰ ਬਾਬਾ ਨੰਦ ਸਿੰਘ ਜੀ ਨੂੰ ਮਿਲੇ ਸਨ ਅਤੇ ਉਨ੍ਹਾਂ ਉੱਤੇ ਬਾਬਾ ਜੀ ਦੀ ਰੂਹਾਨੀਅਤ ਦੀ ਇਲਾਹੀ ਚਮਕ ਦਾ ਪੂਰਨ ਪ੍ਰਭਾਵ ਸੀ |
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
Comments
Post a Comment