ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਆਸ਼ਿਕ਼- ਬਾਬਾ ਨਰਿੰਦਰ ਸਿੰਘ ਜੀ
ਇਕ ਵਾਰ ਬਾਬਾ ਜੀ ਦੇਹਰਾਦੂਨ ਦੇ ਜੰਗਲਾਂ ਵਿੱਚ ਠਹਿਰੇ ਹੋਏ ਸਨ। ਮੇਰੇ ਪਿਤਾ ਜੀ ਅੰਮ੍ਰਿਤ ਵੇਲੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਕੇ ਆ ਰਹੇ ਸਨ। ਉਨ੍ਹਾਂ ਨੇ ਮਨ ਵਿੱਚ ਇਕ ਫੁਰਨਾ ਪੈਦਾ ਹੋਇਆ ਕਿ ਕਿਸੇ ਹੋਰ ਦੇ ਮੱਥੇ ਲੱਗਣ ਤੋਂ ਪਹਿਲਾਂ ਬਾਬਾ ਜੀ ਦੇ ਪਵਿੱਤਰ ਦਰਸ਼ਨ ਹੋਣ ਦੀ ਕਿਰਪਾ ਹੋਵੇ ਤਾਂ ਕਿੰਨੀ ਚੰਗੀ ਗੱਲ ਹੈ। ਪਰ ਨਾਲ ਹੀ ਪਿਤਾ ਜੀ ਨੂੰ ਇਹ ਖ਼ਿਆਲ ਵੀ ਆਇਆ ਕਿ ਇਹ ਇੱਛਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੇ ਨਦੀ ਤੋਂ ਚੰਲ ਕੇ ਉਨ੍ਹਾਂ ਥਾਵਾਂ ਤੇ ਰਾਹਵਾਂ ਵਿੱਚੋਂ ਦੀ ਲੰਘ ਕੇ ਜਾਣਾ ਸੀ ਜਿੰਥੇ ਹੋਰ ਸੇਵਕ ਠਹਿਰੇ ਹੋਏ ਸਨ।
ਪਿਤਾ ਜੀ ਇਸ਼ਨਾਨ ਕਰਕੇ ਇਨ੍ਹਾਂ ਸੋਚਾਂ ਵਿੱਚ ਤੁਰੇ ਜਾ ਰਹੇ ਸਨ। ਅਜੇ ਥੋੜ੍ਹੀ ਹੀ ਦੂਰ ਗਏ ਸਨ ਕਿ ਹਨੇਰੇ ਵਿੱਚ ਬਾਬਾ ਜੀ ਨੂੰ ਇਕੱਲਿਆ ਆਉਂਦੇ ਵੇਖ ਕੇ ਉਹ ਹੈਰਾਨ ਰਹਿ ਗਏ। ਪਿਤਾ ਜੀ ਸ਼ੁਕਰਾਨੇ ਅਤੇ ਸਤਿਕਾਰ ਵੱਜੋਂ ਬਾਬਾ ਜੀ ਦੇ ਪਵਿੱਤਰ ਚਰਨਾ ਤੇ ਢਹਿ ਪਏ ਅਤੇ ਰੋਣ ਲੰਗ ਪਏ।
ਜਦੋਂ ਪਿਤਾ ਜੀ ਨੇ ਇਹ ਬੇਨਤੀ ਕੀਤੀ ਸੀ ਤਾਂ ਘਟ-ਘਟ ਦੀ ਜਾਨਣਹਾਰ ਬਾਬਾ ਜੀ ਭਜਨ ਕਰ ਰਹੇ ਸਨ। ਉਹ ਆਪਣੇ ਪਿਆਰੇ ਦੀ ਮਨੋਕਾਮਨਾ ਪੂਰੀ ਕਰਨ ਲਈ ਚੱਲ ਪਏ ਸਨ।
ਇਸ ਵੇਲੇ ਪਿਤਾ ਜੀ ਨੇ ਬਾਬਾ ਜੀ ਨੂੰ ਸੱਚੇ ਦਿਲੋਂ ਅਰਜ਼ ਕੀਤੀ ਕਿ ਉਹ ਸਭ ਕੁਝ ਤਿਆਗ਼ ਕੇ ਬਾਕੀ ਸਮਾਂ ਬਾਬਾ ਜੀ ਦੀ ਸੇਵਾ ਵਿੱਚ ਰਹਿਣਾ ਚਾਹੁੰਦੇ ਹਨ।
ਬਾਬਾ ਜੀ ਨੇ ਪੁੱਛਿਆ - ਫਿਰ ਕੀ ਕਰੇਂਗਾ?
ਪਿਤਾ ਜੀ ਨੇ ਬਹੁਤ ਨਿਮਰਤਾ ਨਾਲ ਅਰਜ਼ ਕੀਤੀ - ਗ਼ਰੀਬ ਨਿਵਾਜ ਮੈਂ ਤੁਹਾਡੇ ਵਾਸਤੇ ਕਿਸੇ ਵੀ ਤਕਲੀਫ਼ ਦਾ ਕਾਰਨ ਨਹੀਂ ਬਣਾਂਗਾ। ਮੈਂ ਆਪਣੇ ਰਹਿਣ ਤੇ ਖਾਣੇ ਦਾ ਪ੍ਰਬੰਧ ਆਪ ਹੀ ਕਰ ਲਵਾਂਗਾ। ਗ਼ਰੀਬ ਨਿਵਾਜ ਮੈਨੂੰੰ ਸਿਰਫ਼ ਆਪਣੇ ਕਮੋਡ ਦੀ ਸੇਵਾ ਬਖਸ਼ ਦਿਓ।
ਉਨ੍ਹਾਂ ਨੇ ਜ਼ਾਰੋ ਜ਼ਾਰ ਰੋਂਦਿਆ ਕਿਹਾ - ਮੈਂ ਤੁਹਾਡਾ ਚੂਹੜਾ ਹਾਂ।
ਦਇਆ ਸਰੂਪ ਬਾਬਾ ਜੀ ਅੰਤਰਧਿਆਨ ਹੋ ਗਏ। ਥੋੜੀ ਦੇਰ ਬਾਅਦ ਉਨ੍ਹਾਂ ਆਪਣੇ ਨੇਤਰ ਖੋਲ੍ਹੇ ਅਤੇ ਪਿਤਾ ਜੀ ਦੀਆਂ ਝੋਲੀਆਂ ਮਿਹਰ ਭਰੀਆਂ ਨਿਗਾਹਾਂ ਨਾਲ ਭਰਦਿਆਂ ਕਿਹਾ- ਡਿੱਪਟੀ ਅਜੇ ਟਾਈਮ ਨਹੀਂ ਆਇਆ।
ਇਸ ਤੋਂ ਬਾਅਦ ਪਿਤਾ ਜੀ ਮਨ ਕਰਕੇ ਆਪਣੇ ਮਾਲਕ ਦੀ ਰੋਜ਼ਾਨਾ ਚੂਹੜਾ ਬਣ ਕੇ ਕਮੌਡ ਦੀ ਸੇਵਾ ਸਾਧਨਾ ਕਰਦੇ ਰਹੇ। ਪਿਤਾ ਜੀ ਬੜੇ “ਮਾਨ” ਨਾਲ ਆਪਣੇ ਆਪ ਨੂੰ ਬਾਬਾ ਜੀ ਦਾ ਚੂਹੜਾ (ਭੰਗੀ) ਕਿਹਾ ਕਰਦੇ ਸਨ।
ਪਿਤਾ ਜੀ ਬਾਬਾ ਜੀ ਦੀ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦੇ ਸੀ। ਉਹ ਆਪ ਪਵਿੱਤਰ ਧੂੜੀ ਵਿੱਚ ਇਸ ਤਰ੍ਹਾਂ ਨਹਾਉਂਦੇ ਸਨ ਜਿਵੇਂ ਬਖਸ਼ਿਸ਼ਾਂ ਦੇ ਸਾਗਰ ਵਿੱਚ ਤਾਰੀਆਂ ਲਾ ਰਹੇ ਹੋਣ। ਸੰਗਤਾਂ ਦੀ ਪਵਿੱਤਰ ਧੂੜੀ ਵਿੱਚ ਇਸ਼ਨਾਨ ਕਰਦਿਆਂ ਉਨ੍ਹਾਂ ਦੀ ਸੁਰਤ ਚੜ੍ਹਦੀਕਲਾ ਵਿੱਚ ਹੁੰਦੀ ਸੀ। ਉਹ ਸਰੀਰਕ, ਮਾਨਸਕ ਅਤੇ ਆਤਮਕ ਤੌਰ ਤੇ ਬਾਬਾ ਜੀ ਦੇ ਪਵਿੱਤਰ ਚਰਨਾਂ ਦੀ ਧੂੜ ਵਿੱਚ ਰਹਿੰਦੇ ਸਨ। ਇਸ ਅਵਸਥਾ ਵਿੱਚ ਉਨ੍ਹਾਂ ਦਾ ਨਿੱਜੀ ਆਪਾ ਅਤੇ “ਮੈਂ” ਖਤਮ ਹੋ ਗਈ ਸੀ। ਇਸ ਅਵਸਥਾ ਦਾ ਸਰੂਰ ਉਨ੍ਹਾਂ ਦੇ ਨੂਰਾਨੀ ਚਿਹਰੇ ਤੇ ਟਪਕਦਾ ਰਹਿੰਦਾ ਸੀ।
ਗੁਰ ਕੀ ਰੇਣੁ ਨਿਤ ਮਜਨੁ ਕਰਉ ॥ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥
ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
ਇੰਜ ਪਿਤਾ ਜੀ ਨੇ ਬਾਬਾ ਜੀ ਦੀ ਸੰਗਤ ਦੇ ਪਵਿੱਤਰ ਚਰਨਾ ਦੀ ਧੂੜੀ ਨਾਲ ਆਪਣੇ ਮਨ ਅਤੇ ਤਨ ਨੂੰ ਪਵਿੱਤਰ ਕਰ ਲਿਆ। ਇਹ ਆਪਣੇ ਪਿਆਰੇ ਸਤਿਗੁਰੂ ਦੇ ਪਵਿੱਤਰ ਚਰਨਾ ਵਿੱਚ ਹਉਂਮੈ ਨੂੰ ਖ਼ਤਮ ਕਰਨ ਦਾ ਮਾਰਗ ਹੈ।
ਸਤਿਗੁਰੂ ਜੀ ਦੀ ਸੇਵਾ ਅਤੇ ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ਦੀ ਪਵਿੱਤਰ ਧੂੜੀ ਵਿੱਚ ਨਿਮਰਤਾ ਨਾਲ ਸੇਵਾ ਕਰਦਿਆਂ “ਹਉਮੈ” ਦਾ ਸੁਤੇ ਸਿੱਧ ਨਾਸ ਹੋ ਜਾਂਦਾ ਹੈ। ਇਹ ਅੰਮ੍ਰਿਤ ਨਾਮ ਦੇ ਰਸ ਨਾਲ ਪੰਘਰ ਕੇ ਵਹਿ ਜਾਂਦੀ ਹੈ। ਇਹ ਅਧਿਆਤਮਿਕ-ਪ੍ਰੇਮ ਦੇ ਹੰਝੂਆਂ ਨਾਲ ਧੋਤੀ ਜਾਂਦੀ ਹੈ। ਹਉਂਮੈ ਉਸ ਪਿਆਰ ਅਤੇ ਇਕਸੁਰਤਾ ਦੇ ਸੁਮੇਲ ਨਾਲ ਖ਼ਤਮ ਹੋ ਜਾਂਦੀ ਹੈ ਜਿਸ ਨਾਲ ਕੋਈ ਪ੍ਰੇਮੀ ਨਾਮ ਅਤੇ ਨਾਮੀ ਪ੍ਰਭੂ ਦੀ ਸਿਫ਼ਤ ਸਲਾਹ ਕਰਦਾ ਹੈ।
ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚਣ ਲਈ ਨਿਮਰਤਾ ਸਭ ਤੋਂ ਵੱਡਾ ਗੁਣ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

Comments
Post a Comment