ਤਿਆਗ ਦੇ ਅਰਥ
ਪਿਤਾ ਜੀ ਨੇ ਇਕ ਪਾਵਨ ਸਾਖਾ ਸੁਣਾਇਆ।
ਪੂਰਨਮਾਸ਼ੀ ਦਾ ਮੁਬਾਰਿਕ ਦਿਹਾੜਾ ਸੀ। ਬਾਬਾ ਨੰਦ ਸਿੰਘ ਸਾਹਿਬ ਜੰਗਲ ਵਿੱਚ ਤੱਪਸਿਆ ਕਰ ਰਹੇ ਸੀ ਪਰ ਪੂਰਨਮਾਸ਼ੀ ਵਾਲੇ ਦਿਨ ਸੰਗਤ ਪਹੁੰਚ ਜਾਂਦੀ ਸੀ। ਉੱਥੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਪਹੁੰਚੀ ਹੋਈ ਸੀ। ਉਸੇ ਜੰਗਲ ਵਿੱਚ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਸੀ, ਪੂਰਨਮਾਸ਼ੀ ਦਾ ਚੰਦਰਮਾ ਸ਼ੀਤਲਤਾਈ ਬਿਖੇਰ ਰਿਹਾ ਸੀ। ਉੱਥੇ ਜਦੋਂ ਇਹ ਹੋ ਰਿਹਾ ਸੀ ਉਸ ਵੇਲੇ ਇਕ ਮਹਾਤਮਾ ਪਹੁੰਚ ਗਏ। ਭਗਵੇਂ ਕਪੜੇ ਪਾਏ ਹੋਏ ਹਨ ਤੇ ਹਸਬ ਦਸਤੂਰ ਸੇਵਕਾਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦਾ ਆਸਣ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਆਸਣ ਦੇ ਨੇੜੇ ਹੀ ਸੱਜੇ ਪਾਸੇ ਲਗਾ ਦਿੱਤਾ।
ਸਮਾਗਮ ਚਲ ਰਿਹਾ ਹੈ, ਜਿਸ ਵਕਤ ਕੀਰਤਨ ਦਾ ਭੋਗ ਪਿਆ ਹੈ ਤਾਂ ਬਾਬਾ ਜੀ ਨੇ ਆਪਣੇ ਪਾਵਨ ਨੇਤਰ ਖੋਲ੍ਹੇ ਹਨ। ਜਦੋਂ ਰਾਗੀ ਸਿੰਘਾਂ ਵੱਲ ਦੇਖਿਆ ਫਿਰ ਮਹਾਂਪੁਰਖ ਤੇ ਨਜ਼ਰ ਪਈ ਹੈ,
ਅਤੇ ਪੁੱਛਿਆ- ਮਹਾਂਪੁਰਖੋ ਕਿਵੇਂ ਆਉਣਾ ਹੋਇਆ?
ਹੁਣ ਉਸ ਮਹਾਤਮਾ ਦੇ ਦਿਲ ਵਿੱਚ ਕੀ ਬੀਤ ਰਹੀ ਹੈ। ਮਹਾਂਪੁਰਖ ਸੁਣ ਕੇ ਆਏ ਸੀ ਕਿ ਬਾਬਾ ਨੰਦ ਸਿੰਘ ਸਾਹਿਬ ਇਕ ਮਹਾਨ ਤਿਆਗੀ ਹਨ, ਉਨ੍ਹਾਂ ਵਰਗਾ ਤਿਆਗੀ ਕੋਈ ਨਹੀਂ। ਜਦੋਂ ਆਏ ਤਾਂ ਦੇਖਿਆ ਕਿ ਜੰਗਲ ਦੇ ਵਿੱਚ ਐਸਾ ਦਰਬਾਰ ਸੱਜਿਆ ਹੋਇਆ ਹੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਬੈਠੀ ਝੂਮ ਰਹੀ ਹੈ ਅਤੇ ਕੀਰਤਨ ਦਰਬਾਰ ਲਗਿਆ ਹੋਇਆ ਹੈ। ਅਨਗਿਣਤ ਸੇਵਾਦਾਰ, ਉੱਥੇ ਸੇਵਾ ਵਿੱਚ ਭੱਜਦੇ ਨਜ਼ਰ ਆ ਰਹੇ ਹਨ। ਖਿਆਲ ਆ ਗਿਆ ਕਿ ਤਿਆਗ ਦੇ ਵਿੱਚ ਐਦਾਂ ਦਾ ਦਰਬਾਰ, ਉਹ ਵੀ ਜੰਗਲ ਵਿੱਚ ਸੱਜਿਆ ਹੋਇਆ ਹੈ।
ਪ੍ਰਸ਼ਨ ਪੁੱਛ ਬੈਠੇ- ਗਰੀਬ ਨਿਵਾਜ਼! ਤਿਆਗ ਦੇ ਅਰਥ ਸਮਝਣ ਵਾਸਤੇ ਆਇਆ ਹਾਂ।
ਉਹ ਦਿਲਾਂ ਦੇ ਜਾਣਨ ਵਾਲੇ, ਦਿਲਾਂ ਦੇ ਜਾਨਣਹਾਰ ਬਾਬਾ ਨੰਦ ਸਿੰਘ ਸਾਹਿਬ ਨੇ ਉਨ੍ਹਾਂ ਵੱਲ ਦੇਖਿਆ ਪਰ ਪ੍ਰਸ਼ਨ ਦਾ ਜਵਾਬ ਨਹੀਂ ਦਿੱਤਾ।
ਜਿਸ ਵਕਤ ਸਮਾਗਮ ਦਾ ਭੋਗ ਪਿਆ ਹੈ, ਬਾਬਾ ਨੰਦ ਸਿੰਘ ਸਾਹਿਬ ਆਪਣੇ ਨਿਮਰਤਾ ਦੇ ਆਸਣ ਤੋਂ ਉੱਠੇ ਹਨ...
ਬਾਬਾ ਨੰਦ ਸਿੰਘ ਸਾਹਿਬ ਨੇ ਸੰਗਤ ਦੀ ਕਦੀ ਬਰਾਬਰੀ ਨਹੀਂ ਕੀਤੀ। ਰਾਗੀਆਂ ਦੀ ਕਦੀ ਬਰਾਬਰੀ ਨਹੀਂ ਕੀਤੀ। ਹਮੇਸ਼ਾਂ ਸੰਗਤ ਦੇ ਵਿੱਚ ਸਭ ਤੋਂ ਨੀਵੇਂ ਅਸਥਾਨ ਤੇ ਟੋਇਆ ਪੁੱਟਿਆ ਹੁੰਦਾ ਸੀ ਜਿੱਥੇ ਬਾਬਾ ਨੰਦ ਸਿੰਘ ਸਾਹਿਬ ਨਿਮਰਤਾ ਦੇ ਆਸਣ ਤੇ ਬਿਰਾਜਮਾਨ ਹੁੰਦੇ ਸਨ।
...ਉੱਥੋਂ ਉੱਠੇ ਹਨ ਫਿਰ ਸਾਰੇ ਪਾਸੇ ਦੇਖ ਕੇ, ਹੱਥ ਜੋੜ ਕੇ ਜਿੱਦਾਂ ਹਸਬ ਦਸਤੂਰ ਬਾਬਾ ਨੰਦ ਸਿੰਘ ਸਾਹਿਬ ਆਗਿਆ ਲੈ ਰਹੇ ਹਨ। ਜਿਸ ਵਕਤ ਦੀਵਾਨ ਤੋਂ ਜਾਂਦੇ ਸੀ ਬਾਬੇ ਇਸੇ ਤਰ੍ਹਾਂ ਜਾਂਦੇ ਸੀ।
ਜਿਸ ਵਕਤ ਉੱਥੋਂ ਚਲੇ ਗਏ ਹਨ ਤੇ ਕੁੱਝ ਘੰਟਿਆਂ ਦੇ ਬਾਅਦ ਸੇਵਕ ਭੱਜੇ ਨੱਠੇ ਆਪਸ ਵਿੱਚ ਗੱਲਾਂ ਕਰ ਰਹੇ ਹਨ- ਬਾਬੇ ਪਤਾ ਹੀ ਨਹੀਂ ਕਿਸ ਪਾਸੇ ਨਿਕਲ ਗਏ ਹਨ, ਬਾਬੇ ਤਾਂ ਮੁੜੇ ਨਹੀਂ, ਪਰਤੇ ਹੀ ਨਹੀਂ।
ਜਿਸ ਵਕਤ ਇਹ ਬਚਨ ਹੋ ਰਹੇ ਹਨ ਅੰਮ੍ਰਿਤ ਵੇਲਾ ਹੋ ਗਿਆ, ਦਿਨ ਚੜ੍ਹ ਗਿਆ। ਹੁਣ ਆਪਸ ਦੇ ਵਿੱਚ ਵਿਚਾਰ ਕਰ ਰਹੇ ਹਨ ਕਿ ਬਾਬੇ ਚਲੇ ਕਿੱਥੇ ਗਏ? ਹੁਕਮ ਸੀ ਕਿ ਜਿਸ ਵਕਤ ਅਸੀਂ ਅਸਥਾਨ ਛੱਡ ਜਾਈਏ ਉਸ ਵੇਲੇ ਜੋ ਕੁੱਛ ਪਿਆ ਹੋਇਆ ਹੋਏ ਸਭ ਨੂੰ ਅਗਨੀਂ ਭੇਟ ਕਰ ਦਿਓ। ਇਕ ਵੱਡਾ ਢੇਰ ਬਣਾਇਆ ਗਿਆ ਅਤੇ ਉਸਨੂੰ ਅਗਨੀਂ ਭੇਟ ਕਰ ਦਿੱਤਾ।
ਮਹਾਂਪੁਰਖ ਦੇਖ ਰਹੇ ਹਨ, ਮਹਾਤਮਾ ਦੇਖ ਰਹੇ ਹਨ ਫਿਰ ਰੋਣਾ ਨਿਕਲ ਗਿਆ। ਜਿਸ ਵਕਤ ਮਹਾਤਮਾ ਨੇ ਬਾਬਾ ਨੰਦ ਸਿੰਘ ਸਾਹਿਬ ਨੂੰ ਪ੍ਰਸ਼ਨ ਪੁੱਛਿਆ ਹੈ ਤੇ ਸੇਵਕਾਂ ਨੇ ਤੇ ਕੁਝ ਸੰਗੀਆਂ ਨੇ ਵੀ ਉਹ ਸੁਣਿਆ ਸੀ।
ਰੋ ਪਿਆ, ਕਹਿੰਦਾ- ਮੈਂ ਪੁੱਛ ਕੀ ਬੈਠਾ ਹਾਂ । ਮੈਂ ਬਾਬਾ ਜੀ ਨੂੰ ਕੀ ਪੁੱਛ ਬੈਠਾ ਹਾਂ।
ਰੋਂਦਾ ਹੋਇਆ ਜੋ ਕਹਿੰਦਾ ਹੈ....। ਪਿਤਾ ਜੀ ਫਿਰ ਦਸ ਰਹੇ ਹਨ ਕਿ ਫਿਰ ਕਹਿ ਰਿਹਾ ਹੈ?
ਬੜੇ ਜਣੇ ਕਿਤਾਬਾਂ ਲਿਖ ਗਏ ਹਨ ਕਿ ਤਿਆਗ ਕੀ ਹੈ? ਬੜੀ ਕਥਾ ਕਰ ਗਏ ਹਨ ਕਿ ਤਿਆਗ ਕੀ ਹੈ? ਕਿਤਾਬਾਂ ਪੜ੍ਹੀਆਂ, ਬੜੇ ਸਾਧੂਆਂ ਦੀ, ਮਹਾਤਮਾ ਦੀ ਕਥਾ ਸੁਣੀ, ਤਿਆਗ ਕੀ ਹੈ? ਬਾਬਾ ਨੰਦ ਸਿੰਘ ਸਾਹਿਬ ਨੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਪਰ ਜਿਸ ਤਰ੍ਹਾਂ ਉੱਠੇ ਸੀ ਉਸੇ ਤਰ੍ਹਾਂ ਬਾਹਰ ਨੂੰ ਚਲੇ ਗਏ ਹਨ। ਇਕ ਚੀਜ਼, ਇਕ ਬਸਤਰ ਤਕ ਨਾਲ ਨਹੀਂ ਲਿਆ, ਇਕ ਸੇਵਕ ਤਕ ਨਾਲ ਨਹੀਂ ਲਿਆ ਅਤੇ ਵਾਪਸ ਨਹੀਂ ਪਰਤੇ।ਅੱਜ ਤਿਆਗ ਦੇ ਦਰਸ਼ਨ ਹੋਏ ਹਨ, ਬਾਬਾ ਨੰਦ ਸਿੰਘ ਸਾਹਿਬ ਕਥਨੀਂ ਵਿੱਚ ਨਹੀਂ ਹਨ। ਮੈ ਵਿਚਾਰ ਜੋਗਾ ਹੁੰਦਾ ਤੇ ਹੁਣ ਤਕ ਜਿੰਨੀਆਂ ਕਿਤਾਬਾਂ ਪੜ੍ਹੀਆਂ ਹਨ ਬੜੇ-ਬੜੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਹਨ ਅਤੇ ਉਨ੍ਹਾਂ ਤੋਂ ਤਿਆਗ ਦੀ ਕਥਾ ਸੁਣੀ ਹੈ, ਬਚਨ ਸੁਣੇ ਹਨ ਪਰ
ਫਿਰ ਸਾਧ ਸੰਗਤ ਜੀ ਰੋ ਰੋ ਕੇ ਸੰਗਤ ਕੋਲੋਂ ਮਾਫੀ ਮੰਗ ਰਿਹਾ ਹੈ-
ਮੈਨੂੰ ਮਾਫ਼ ਕਰ ਦਿਓ ਜਿਹੜਾ ਪ੍ਰਸ਼ਨ ਮੈਂ ਕੀਤਾ ਹੈ ਉਹਦਾ ਜਵਾਬ ਜੋ ਬਾਬਾ ਨੰਦ ਸਿੰਘ ਸਾਹਿਬ ਨੇ ਕਿਸ ਤਰ੍ਹਾਂ ਦਿਤਾ ਹੈ।
ਸਾਧ ਸੰਗਤ ਜੀ ਇਹ ਬਾਬਾ ਨੰਦ ਸਿੰਘ ਸਾਹਿਬ ਸਨ, ਇਹ ਉਨ੍ਹਾਂ ਦਾ ਜੀਵਨ ਸੀ। ਕਈ ਮਹੀਨਿਆਂ ਬਾਅਦ ਪਤਾ ਲੱਗਾ ਕਿ ਇਕ ਮਹਾਂਰਿਸ਼ੀ ਹੜੱਪੇ ਦੇ ਸੰਘਣੇ ਜੰਗਲਾਂ ਵਿੱਚ ਅਖੰਡ ਸਮਾਧੀ ਲਾਈ ਬੈਠਾ ਹੈ। ਪੱਤੋਕੀ ਦੀ ਸੰਗਤ ਨੇ ਜਾ ਲੱਭਿਆ, ਉੱਥੇ ਜਦੋਂ ਲੱਭਿਆ ਹੈ ਤਾਂ
ਉਹ ਕੋਈ ਹੋਰ ਨਹੀਂ ਸੀ ਉਹ ਮੇਰੇ ਬਾਬਾ ਨੰਦ ਸਿੰਘ ਸਾਹਿਬ ਹੀ ਸਨ।
ਕਦੇ ਮਾਇਆ ਨੂੰ ਹੱਥ ਨਾ ਲਾਉਣ ਬਾਬੇ, ਐਨੇ ਬੇਪਰਵਾਹ ਹਜ਼ੂਰ ਹੁੰਦੇ।
ਸੂਈ ਦੇ ਨੱਕੇ ਜਿੰਨੀ ਸ਼ੈ, ਬਣਾਈ ਨਹੀਂ ਅਪਣਾਈ ਨਹੀਂ।
ਐਸੀ ਖੇਡ ਰਚਾ ਗਏ ਨੇ, ਵਾਹ ਵਾਹ ਬਾਬਾ ਨੰਦ ਸਿੰਘ ਜੀ।
ਕੋਈ ਨਿਸ਼ਾਨੀ ਪਾਈ ਨਹੀਂ, ਭੋਰੇ ਤਕ ਵੀ ਢੁਵਾ ਗਏ ਨੇ।
ਗੁਰੂ ਗ੍ਰੰਥ ਦੇ ਨਾਮ ਤੋਂ, ਆਪਣਾ ਨਾਮ ਤੇ ਨਿਸ਼ਾਨ ਮਿਟਾ ਗਏ ਨੇ।
ਬਾਬਾ ਨੰਦ ਸਿੰਘ ਜੀ ਦੇ ਦਰ ਤੇ, ਕਾਮਨੀ ਕੰਚਨ ਦਾ ਅਸਥਾਨ ਨਹੀਂ ਹੈ।
ਬਾਬੇ ਨੰਦ ਸਿੰਘ ਜੀ ਦੇ ਦਰ ਤੇ, ਕੋਈ ਮਾਇਆ ਪਰਵਾਨ ਨਹੀਂ ਹੈ।
ਏਥੇ ਜੋ ਵੀ ਸਵਾਲੀ ਆਏ, ਕੋਈ ਹਥੋਂ ਨਾ ਖਾਲੀ ਜਾਏ।
ਕਾਮਧੇਨ ਤੇ ਕਲਪ ਬਿਰਛ ਵੀ, ਇੱਥੋਂ ਮੰਗਾਂ ਮੰਗਣ ਆਏ।
ਸੁਣੋ ਮੇਰੇ ਵੀਰ ਜੀਉ, ਬਾਬੇ ਨੰਦ ਸਿੰਘ ਜੀ ਦੀ ਅਮਰ ਕਥਾ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 4)
For Video visit:-
www.SikhVideos.org
Comments
Post a Comment