ਪ੍ਰਕ੍ਰਿਤੀ ਨੇ ਬਾਬਾ ਜੀ ਦਾ ਸਤਿਕਾਰ ਕਰਨਾ
ਮਹਾਨ ਬਾਬਾ ਜੀ ਦੇ ਗਰਜਦੇ ਅਸਮਾਨ ਵੱਲ ਵੇਖਣ ਦੀ ਦੇਰ ਸੀ ਕਿ ਬੱਦਲ ਅਲੋਪ ਹੋ ਗਏ ਤੇ ਅਸਮਾਨ ਵਿੱਚ ਨਿੰਬਲ ਹੋ ਗਿਆ। ਹੁਣ ਅਸਮਾਨ ਵਿੱਚ ਪੂਰਾ ਚੰਦਰਮਾ ਨਜ਼ਰ ਆਉਣ ਲਗ ਪਿਆ। ਚੰਦਰਮੇ ਦੀਆਂ ਰਿਸ਼ਮਾ ਜੰਗਲ ਦੇ ਘਾਹ ਉਪਰ ਪੈ ਰਹੀਆਂ ਸਨ। ਕੁਦਰਤੀ ਸੁੰਦਰਤਾ ਦਾ ਨਜ਼ਾਰਾ ਅਕਹਿ ਰੰਗ ਬੰਨ੍ਹ ਰਿਹਾ ਸੀ।
ਇਕ ਦਮ ਸਾਰੇ ਪਾਸੇ ਸਨਾਟਾ ਛਾ ਗਿਆ। ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਵਿੱਚ ਤਾਂ ਇਸ ਤਰ੍ਹਾਂ ਯਕਦਮ ਸ਼ਕਤੀ ਵਰਤ ਹੀ ਜਾਂਦੀ ਸੀ, ਲੇਕਿਨ ਕੁਦਰਤ ਦੇ ਵੱਡੇ ਪਸਾਰੇ ਵਿੱਚ ਇਸ ਤਰ੍ਹਾਂ ਹੋਣਾਂ ਇਕ ਅਜੀਬ ਕ੍ਰਿਸ਼ਮਾ ਸੀ। ਬਾਬਾ ਜੀ ਦੇ ਪਵਿੱਤਰ ਬਚਨਾਂ ਦੇ ਅੰਮ੍ਰਿਤ ਪ੍ਰਭਾਵ ਸਦਕਾ ਸਮੁੱਚੀ ਕੁਦਰਤ-ਅਸਮਾਨ, ਧਰਤੀ, ਹਵਾ, ਪਾਣੀ, ਜਾਨਵਰ, ਪੰਛੀ, ਜੀਵ-ਜੰਤੂ, ਦਰਖ਼ਤ, ਜੰਗਲ ਦੀ ਵਨਸਪਤੀ ਸਭ ਕੁੱਝ ਕਿਸੇ ਰੂਹਾਨੀ ਰੰਗ ਵਿੱਚ ਅਹਿਲ ਖਲੋ ਗਈ ਸੀ। ਬਾਬਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਨਿਕਲਦੇ ਸ਼ਬਦਾਂ ਦੀ ਅੰਮ੍ਰਿਤਮਈ ਵਰਖਾ ਨਾਲ ਸਾਰੀ ਸੰਗਤ ਅਤੇ ਕੁਦਰਤ ਨਿਹਾਲ ਹੋ ਰਹੀ ਸੀ।
ਬ੍ਰਹਮ ਗਿਆਨੀ ਬਾਬਾ ਜੀ ਦੇ ਦੁਰਲੱਭ ਸਤਿਸੰਗ ਵਿੱਚ ਮਨੁੱਖੀ ਜੀਵਾਂ ਦਾ ਅਹਿੱਲ ਬੈਠਣਾ ਇਕ ਕੁਦਰਤੀ ਕ੍ਰਿਸ਼ਮਾ ਹੁੰਦਾ ਸੀ ਪਰ ਬਾਬਾ ਜੀ ਦੇ ਪ੍ਰਵਚਨਾਂ ਨੂੰ ਇਕ ਮਨ ਇਕ ਚਿਤ ਅਹਿੱਲ ਸੁਣਦੀ ਕੁਦਰਤ ਦੇ ਦਰਸ਼ਨ ਕਰਨਾ ਹੋਰ ਵੀ ਵੱਂਡੇ ਭਾਗਾਂ ਦੀ ਗੱਲ ਸੀ। ਡੱਡੂ, ਗਿੱਦੜ ਤੇ ਸਭ ਪਸ਼ੂ-ਪੰਛੀ ਚੁੱਪ ਹੋ ਗਏ। ਬੱਦਲਾਂ ਦੇ ਅਲੋਪ ਹੋਣ ਤੇ ਬਿਜਲੀ ਦੀ ਗੜਗੜਾਹਟ ਬੰਦ ਹੋਣ ਬਾਅਦ, ਬਾਬਾ ਜੀ ਜਦ ਤੱਕ ਪ੍ਰਵਚਨ ਸੁਣਾਉਂਦੇ ਰਹੇ, ਹਵਾ ਨੇ ਵੀ ਸ਼ੋਰ ਪੈਦਾ ਨਹੀਂ ਕੀਤਾ। ਇਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸਾਰੀ ਕੁਦਰਤ, ਸਾਰੇ ਜੀਵ ਆਪਣੇ ਮਾਲਕ, (ਕੁਦਰਤ ਦੇ ਮਾਲਕ) ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਾਵਧਾਨ ਹੋ ਜਾਂਦੇ ਸਨ। ਸਾਰੀ ਪ੍ਰਕ੍ਰਿਤੀ ਪਵਿੱਤਰ ਆਨੰਦ ਅਤੇ ਝਰਨਾਟ ਵਿੱਚ ਰਹਿੰਦੀ ਸੀ।
ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਆਦੇਸ਼ ਦਿਤਾ ਕਿ ਸਾਰੀ ਸੰਗਤ ਨੇੜੇ ਦੇ ਪਿੰਡਾਂ ਵਿੱਚ ਰਾਤ ਦੇ ਆਰਾਮ ਵਾਸਤੇ ਚਲੀ ਜਾਏ। ਕੁਝ ਪਹਾੜੀਏ ਦੀਵਾਨ ਦੀ ਹਾਜ਼ਰੀ ਭਰ ਰਹੇ ਸਨ, ਉਹ ਹੱਥ ਜੋੜ ਕੇ ਖੜ੍ਹੇ ਹੋ ਗਏ ਤੇ ਉਨ੍ਹਾਂ ਇਸ ਸੇਵਾ ਵਾਸਤੇ ਬੇਨਤੀ ਕੀਤੀ। ਪਿਤਾ ਜੀ ਨੇ ਸਾਰੀ ਸੰਗਤ ਨੂੰ ਛੋਟੇ ਛੋਟੇ ਗਰੁੱਪਾਂ ਵਿੱਚ ਵੰਡ ਕੇ ਨੇੜੇ ਦੇ ਪਿੰਡਾਂ ਵਿੱਚ ਭੇਜ ਦਿੱਤਾ। ਸਭ ਨੂੰ ਰਵਾਨਾ ਕਰ ਕੇ ਅਸੀਂ ਕੁੱਝ ਹੋਰ ਸਤਿਸੰਗੀਆਂ ਨਾਲ ਇਕ ਪਹਾੜੀਏ ਦੇ ਘਰ ਪਹੁੰਚੇ।
ਜਿਉ ਹੀ ਮੇਰੇ ਪਿਤਾ ਜੀ ਨੇ ਦਲਾਨ ਦੇ ਅੰਦਰ ਕਦਮ ਰਖਿਆ ਤਾਂ ਉਨ੍ਹਾਂ ਨੇ ਮੈਨੂੰ ਉਂਗਲੀ ਦੇ ਇਸ਼ਾਰੇ ਨਾਲ ਕਿਹਾ- ਦੇਖ! ਜਿਸ ਤਰ੍ਹਾਂ ਬਾਬਾ ਜੀ ਦੀ ਨਦਰ ਨਾਲ ਬੱਦਲ ਚੌਫਾੜ ਹੋਏ ਸੀ, ਹੁਣ ਯਕਦਮ ਦੁਬਾਰਾ ਆ ਮਿਲੇ ਹਨ ਤੇ ਡਰਾਉਣੀ ਸ਼ਕਲ ਅਖ਼ਤਿਆਰ ਕਰ ਲਈ ਹੈ।
ਕੜਾਕੇ ਦੀ ਬਿਜਲੀ ਚਮਕੀ ਤੇ ਮੋਹਲੇਧਾਰ ਬਾਰਸ਼ ਆਰੰਭ ਹੋ ਗਈ। ਸਾਰੀ ਰਾਤ ਇਹ ਡਰਾਉਣੀ ਬਿਜਲੀ ਤੇ ਜਬਰਦਸਤ ਬਾਰਸ਼ ਹੁੰਦੀ ਰਹੀ।
ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ ਕੁਦਰਤ ਦੀਆਂ ਵੱਖ ਵੱਖ ਸ਼ਕਤੀਆਂ ਦੇ ਦੇਵੀ-ਦੇਵਤਿਆਂ ਨੇ ਆਪਣੇ ਗੁਰੂ, ਆਪਣੇ ਰੂਹਾਨੀ ਸਮਰਾਟ, ਆਪਣੇ ਸਿਰਜਣਹਾਰ ਅੱਗੇ ਹੱਥ ਜੋੜ ਕੇ ਸੇਵਾ ਕੀਤੀ ਸੀ।
ਕੁਦਰਤ ਬਹੁਤ ਹਲੀਮੀ ਨਾਲ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਸੀ।
ਮਹਾਂਪੁਰਖ ਬਾਬਾ ਜੀ ਜਦੋਂ ਸੰਗਤਾਂ ਨੂੰ ਪ੍ਰਵਚਨ ਸੁਣਾਉਂਦੇ ਸਨ ਤਾਂ ਚਾਰੇ ਪਾਸੇ ਚੁੱਪ ਛਾ ਜਾਂਦੀ ਸੀ। ਉਨ੍ਹਾਂ ਦਾ ਹਰ ਸ਼ਬਦ ਸੰਗਤ ਦੇ ਅਖ਼ੀਰ ਦੂਰ ਬੈਠੇ ਸ਼ਰਧਾਲੂ ਨੂੰ ਵੀ ਚੰਗੀ ਤਰ੍ਹਾਂ ਸਮਝ ਪੈਂਦਾ ਸੀ। ਇਹ ਬੜੀ ਅਜੀਬ ਗੱਲ ਹੈ ਕਿ ਹਵਾ ਕਿਵੇਂ ਧੀਰਜ ਨਾਲ ਬੈਠੇ ਹਜ਼ਾਰਾਂ ਪ੍ਰਾਣੀਆਂ ਤੱਕ ਰੱਬੀ-ਸੰਦੇਸ਼ ਪਹੁੰੰਚਾ ਦਿੰਦੀ ਸੀ। ਇਸ ਇਲਾਹੀ ਮੋਨ ਨਾਲ ਉਨ੍ਹਾਂ ਦਾ ਰੱਬੀ ਉਪਦੇਸ਼ ਹਰੇਕ ਸ਼ਰਧਾਲੂ ਦੀ ਆਤਮਾ ਤੱਕ ਪਹੁੰਚ ਜਾਂਦਾ ਸੀ।
ਜਦੋਂ ਤੱਕ ਪ੍ਰਕ੍ਰਿਤੀ ਦੀਆਂ ਸ਼ਕਤੀਸ਼ਾਲੀ ਤਾਕਤਾਂ ਕਾਇਮ ਰਹਿਣਗੀਆਂ, ਸੂਰਜ ਅਤੇ ਚੰਨ ਚਮਕਦੇ ਰਹਿਣਗੇ, ਹਵਾਵਾਂ ਤੇ ਦਰਿਆ ਵਗਦੇ ਰਹਿਣਗੇ, ਤਦ ਤਕ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਲਾਹੀ ਨਾਮ ਚੜ੍ਹਦੇ ਸੂਰਜ ਵਾਂਗ ਲਿਸ਼ਕਦਾ ਰਹੇਗਾ।
ਬਾਬਾ ਨਰਿੰਦਰ ਸਿੰਘ ਜੀ
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 2)
For Video visit:-
www.SikhVideos.org
Comments
Post a Comment