ਸ਼ਹੀਦੀ
ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਾਕ ਜੀਵਨ ਦੇ ਪਰਮ ਉਦੇਸ਼ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਅਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਦਾ ਪ੍ਰਕਾਸ਼ ਕਰਕੇ ਅਦੁੱਤੀ ਮਹਾਨ ਸ਼ਹਾਦਤ ਦਾ ਮਾਰਗ ਅਪਣਾਉਂਦੇ ਹਨ ।
ਗੁਰੂ ਨਾਨਕ ਜੀ ਦੇ ਦਰ ਘਰ ਵਿੱਚ ਪੰਜਵੇਂ ਗੁਰੂ ਨਾਨਕ ਸਭ ਤੋਂ ਪਹਿਲਾਂ ਮਹਾਨ ਸ਼ਹੀਦੀ ਦੇ ਮਾਰਗ ਤੇ ਚਲਦੇ ਹਨ । ਗੁਰੂ ਜੀ ਤੱਤੀ ਤਵੀ ਉੱਤੇ ਰੱਬੀ ਅਨੰਦ ਅਤੇ ਵਿਸਮਾਦੀ ਧੀਰਜ ਨਾਲ ਬੈਠੇ ਹਨ, ਉਨ੍ਹਾਂ ਦੇ ਪਾਕ ਸੀਸ ਤੇ ਨਿਰੰਤਰ ਤੱਤੀ ਰੇਤਾ ਪਾਈ ਜਾ ਰਹੀ ਹੈ, ਆਪ ਦੇ ਮਨ ਵਿੱਚ ਕੋਈ ਰੋਸ ਜਾਂ ਗੁੱਸਾ ਨਹੀਂ ਹੈ, ਵੈਰਭਾਵ ਨਹੀਂ ਹੈ । ਪਰਮਾਤਮਾ ਦੇ ਮਿੱਠੇ ਭਾਣੇ ਨਾਲ ਚਿਹਰੇ ਤੇ ਨੂਰ ਚਮਕ ਰਿਹਾ ਹੈ । ਆਪ ਮਨੁੱਖ ਜਾਤੀ ਦਾ ਇਹ ਸਾਰਾ ਜ਼ੁਲਮ, ਦੁੱਖ ਅਤੇ ਪੀੜਾ ਖਿੜ੍ਹੇ ਮੱਥੇ ਸਹਾਰ ਰਹੇ ਹਨ ।
ਜ਼ਮਾਨੇ ਦੀਆਂ ਦੁਸ਼ਟ ਤੇ ਤਬਾਹਕਾਰੀ ਸ਼ਕਤੀਆਂ ਨੂੰ ਠਲ੍ਹ ਪਾਉਣ ਲਈ ਪੈਗੰਬਰ ਦੇ ਮਹਾਨ ਬਲੀਦਾਨ ਦੀ ਜ਼ਰੂਰਤ ਪੈਦਾ ਹੋਇਆ ਕਰਦੀ ਹੈ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵਿਚਾਰ ਉਸ ਸਮੇਂ ਪ੍ਰਗਟਾਇਆ ਸੀ ਜਦੋਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਪੰਜ ਸੌ ਕਸ਼ਮੀਰੀ ਪੰਡਤਾਂ ਨੇ ਆਪਣੀ ਰੱਖਿਆ ਲਈ ਬੇਨਤੀ ਕੀਤੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲੜੀ ਉਮਰ ਵਿੱਚ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪ ਮਹਾਨ ਬਲੀਦਾਨ ਦੇਣ ਦੇ ਸੰਕਲਪ ਨੂੰ ਵਿਚਾਰ ਗੋਚਰੇ ਲਿਆਂਦਾ ਸੀ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਅਤੀ ਲਾਡਲੇ ਸਿੱਖਾਂ - ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਪਰਮਾਤਮਾ ਦੇ ਦਰ ਤੇ ਮਹਾਨ ਬਲੀਦਾਨ ਦਿੱਤਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁੱਗ ਅਟੱਲ ਗੁਰੂ ਦਾ ਦਰਜਾ ਦੇਣ ਤੋਂ ਪਹਿਲਾਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਅਣਗਿਣਤ ਸਿੱਖਾਂ ਸਮੇਤ ਸਭ ਕੁਝ ਨਿਛਾਵਰ ਕਰ ਦਿੱਤਾ ਸੀ ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਦੀਵੀ ਰੂਪ ਵਿੱਚ ਪ੍ਰਗਟ ਹੋਣ ਦੇ ਸੁਨਹਿਰੀ ਯੁੱਗ ਦਾ ਆਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ ਕਰਨ ਦੇ ਸਮੇਂ ਤੋਂ ਹੋ ਚੁੱਕਾ ਹੈ।
- ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੌਤ ਨੂੰ ਪ੍ਰੇਮ ਕਰਨ ਦਾ ਪਾਠ ਪੜ੍ਹਾਇਆ ਹੈ।
- ਉਨ੍ਹਾਂ ਨੇ ਸਾਨੂੰ ਸ਼ਹੀਦੀ ਲਈ ਤੀਬਰ ਲੋਚਾ ਰੱਖਣ ਦੀ ਸਿੱਖਿਆ ਦਿੱਤੀ ਹੈ।
- ਗੁਰੂ ਸਾਹਿਬ ਨੇ ਸਾਨੂੰ ਘੋਰ ਮਨੁੱਖੀ ਪੀੜਾ, ਦਰਦ ਅਤੇ ਮੌਤ ਸਮੇਂ ਰੂਹਾਨੀ ਮੌਜ ਵਿੱਚ ਰਹਿਣ ਦੀ ਅਲੌਕਿਕ ਸਿੱਖਿਆ ਦਿੱਤੀ ਹੈ। ਉਨ੍ਹਾਂ ਨੇ ਅਤਿ ਭਿਆਨਕ ਅਤੇ ਜ਼ਾਲਮ ਮੌਤ ਸਮੇਂ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਮਹਾਨ ਬਖਸ਼ਿਸ਼ ਅਤੇ ਅਨੰਦ ਪ੍ਰਾਪਤ ਕਰਨ ਦੀ ਸ੍ਰੇਸ਼ਟ ਉਦਾਹਰਣ ਕਾਇਮ ਕੀਤੀ ਹੈ।
ਮੈਕਾਲਫ਼ ਨੇ ਲਿਖਿਆ ਹੈ :-
ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰ ਵੀ 'ਸੀ' ਨਹੀਂ ਕੀਤੀ ਅਤੇ ਨਾ ਹੀ ਜ਼ੁਲਮ ਤੇ ਤਸੀਹੇ ਦੇਣ ਵਾਲਿਆਂ ਪ੍ਰਤੀ ਕੋਈ ਵੈਰ ਭਾਵ ਦਾ ਸ਼ਬਦ ਬੋਲਿਆ ਸੀ ਜਾਂ ਸੰਕੇਤ ਦਿੱਤਾ ਸੀ ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ
(To be continued next week)
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
www.SriGuruGranthSahib.org
Comments
Post a Comment