ਗੁਰੁ ਦਾਤਾ ਜੁਗ ਚਾਰੇ ਹੋਈ॥
ਇਸ ਦੁਨੀਆਂ ਤੇ, ਸੰਸਾਰ ਤੇ ਆਦਿ ਤੋਂ (ਸ਼ੁਰੂ ਤੋਂ ਹੀ) ਲੈ ਕੇ ਦੋ ਚੱਕਰ, ਦੋ ਡੋਰਾਂ ਨਾਲੋ ਨਾਲ ਚੱਲ ਰਹੀਆਂ ਹਨ, ਇੱਕ ਸਮੇਂ ਦੀ, ਦੂਸਰੀ ਨਿਰੰਕਾਰ ਦੇ ਪ੍ਰਕਾਸ਼ ਦੀ। ਇਸ ਸਮੇਂ ਦੇ ਵਿੱਚ ਹੀ ਚਾਰੇ ਜੁਗਾਂ ਦਾ ਚੱਕਰ ਚੱਲ ਰਿਹਾ ਹੈ। ਸਾਹਿਬ ਫੁਰਮਾਉਂਦੇ ਹਨ ਕਿ- ਹਰ ਜੁਗ ਵਿੱਚ ਨਿਰੰਕਾਰ ਸਤਿਗੁਰੂ ਦਾ ਸਰੂਪ ਧਾਰ ਕੇ ਆਉਂਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ- ਗੁਰੁ ਦਾਤਾ ਜੁਗ ਚਾਰੇ ਹੋਈ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 230 ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ॥ ਭਾਈ ਗੁਰਦਾਸ ਜੀ ਚਾਰੇ ਜੁਗਾਂ ਵਿੱਚ ਸਾਹਿਬ 'ਸਤਿਗੁਰ' ਦਾ ਸਰੂਪ ਧਾਰ ਕੇ ਆਪ ਆਉਂਦੇ ਹਨ। ਭਗਵਾਨ ਕ੍ਰਿਸ਼ਨ ਫੁਰਮਾਉਂਦੇ ਹਨ ਜਦ ਵੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਅਸੀਂ ਆਪ ਆਉਂਦੇ ਹਾਂ। ਧਰਮ ਕੀ ਹੈ? ਧਰਮ ਉਹ ਪ੍ਰਕਾਸ਼ ਹੈ, ਉਹ ਰੱਬ ਦਾ ਦੱਸਿਆ ਹੋਇਆ ਰਸਤਾ, ਮਾਰਗ ਹੈ ਜਿਸਨੂੰ ਉਹ ਆਪ ਆ ਕੇ ਪ੍ਰਕਾਸ਼ਿਤ ਕਰਦਾ ਹੈ ਅਤੇ ਜਿਹੜੀ ਇਹ ਪ੍ਰਕਾਸ਼ ਦੀ ਡੋਰ ਚੱਲ ਰਹੀ ਹੈ, ਜਿਹੜਾ ਇਹ ਪ੍ਰਕਾਸ਼ ਦਾ ਚੱਕਰ ਚੱਲ ਰਿਹਾ ਹੈ ਉਸ ਦੇ ਵਿੱਚ ਆਪ ਹੀ ਆ ਕੇ ਹਰ ਜੁਗ ਦੇ ਵਿੱਚ... ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-660 ...ਨਵੇਂ ਤੋਂ ਨਵੇਂ ਰੰਗ ਭਰ ਦਿੰਦਾ ਹੈ ਪਰ ਧਰਮ ਦੇ ਪ੍ਰਕਾਸ਼ ਦੇ ਵਿੱਚ, ਉਹ ਨਵੇਂ ਨਵੇਂ ਰੰਗ ਭਰਦਾ ਹੈ। ਗੁਰੂ ਨਾਨਕ ਦਾਤਾ ਬਖਸ਼ ਲੈ । ਬਾਬਾ ਨਾਨਕ ਬਖਸ਼ ਲੈ ॥ (Nanak Leela, Part 2)