ਰੱਬੀ ਬਾਣੀ ਦੀ ਸ਼ਕਤੀ ਅਤੇ ਸਮਰਥਾ
ਮੇਰੀ ਯਾਦ ਮੁਤਾਬਕ ਇਹ 14 ਜਾਂ 15 ਦਸੰਬਰ 1971 ਦੀ ਸਵੇਰ ਦਾ ਵਕਤ ਸੀ, ਅਸੀਂ ਪਠਾਨਕੋਟ ਰਹਿੰਦੇ ਸੀ। ਪਠਾਨਕੋਟ ਦੀ ਸੰਗਤ ਦੇ ਕੁੱਝ ਜਣਿਆਂ ਨੇ ਪਿਤਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਪਠਾਨਕੋਟ ਸੁਰੱਖਿਅਤ ਨਹੀਂ ਹੈ ਅਤੇ ਪਰਿਵਾਰਾਂ ਸਮੇਤ ਇੱਥੋਂ ਕਿਧਰੇ ਹੋਰ ਜਗ੍ਹਾ ਜਾਣ ਦੀ ਆਗਿਆ ਮੰਗੀ। ਲੜਾਈ ਛਿੜ ਜਾਣ ਕਾਰਨ ਉਨ੍ਹਾਂ ਦਿਨਾਂ ਵਿੱਚ ਸਾਰਾ ਸਾਰਾ ਦਿਨ ਪਠਾਨਕੋਟ ਤੇ ਹਵਾਈ ਹਮਲੇ ਹੁੰਦੇ ਰਹਿੰਦੇ ਸਨ।
ਪਿਤਾ ਜੀ ਇਹ ਸੁਣ ਕੇ ਕੁਝ ਦੇਰ ਲਈ ਅੰਤਰਧਿਆਨ ਹੋ ਗਏ। ਉਨ੍ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਧਿਆਇਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਸ਼ਬਦ ਦਾ ਪਾਠ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੋਟੀ ਨਾਲ ਪਠਾਨਕੋਟ ਦੁਆਲੇ ਇਕ ਫਰਜ਼ੀ ਘੇਰਾ ਵਾਹ ਦਿੱਤਾ।
ਬਿਲਾਵਲੁ ਮਹਲਾ ਪ
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥ ਰਹਾਉ ॥ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ॥ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 819
- ਪ੍ਰਭੂ ਦੀ ਸ਼ਰਨ ਵਿੱਚ ਕੋਈ ਖ਼ਤਰਾ ਨਹੀਂ ਵਿਆਪਦਾ।
- ਮੇਰੇ ਦੁਆਲੇ ਰਾਮ ਨਾਮ ਦੀ ਕਾਰ (ਸੁਰੱਖਿਆ ਦਾ ਘੇਰਾ) ਹੈ, ਹੇ ਮੇਰੇ ਵੀਰ ਮੈਨੂੰ ਕੋਈ ਦੁੱਖ ਨਹੀ ਪਹੁੰਚ ਸਕਦਾ।
- ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਿਆ ਹੈ।
- ਜਿਸਨੇ ਮੈਨੂੰ ਆਪਣੇ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਆ ਹੈ, ਉਸਨੇ ਮੈਨੂੰ ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਦਾਤ ਬਖਸ਼ੀ ਹੈ।
- ਸਰਬ ਪ੍ਰਤਿਪਾਲਕ ਪ੍ਰਭੂ ਨੇ ਮੈਨੂੰ ਸਭ ਮੁਸ਼ਕਲਾਂ ਤੋਂ ਬਚਾ ਲਿਆ ਹੈ।
- ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਪ੍ਰਭੂ ਨੇ ਮਿਹਰ ਕਰਕੇ ਮੇਰੀ ਰੱਖਿਆ ਕੀਤੀ ਹੈ।
ਉਨ੍ਹਾਂ ਨੇ ਰੱਬੀ ਬਾਣੀ ਦੀ ਇਸ ਮਹਾਂ ਸ਼ਕਤੀ ਅਤੇ ਸਮਰਥਾ ਨਾਲ ਪਠਾਨਕੋਟ ਦੁਆਲੇ ਇਕ ਅਲੰਘ ਰੇਖਾ ਖਿੱਚ ਦਿੱਤੀ। ਉਨ੍ਹਾਂ ਨੇ ਸੰਗਤ ਨੂੰ ਬਿਨਾਂ ਕਿਸੇ ਡਰ-ਭੈ ਦੇ ਪਠਾਨਕੋਟ ਵਿੱਚ ਹੀ ਟਿਕੇ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਹੁਣ ਵੈਰੀ ਦਾ ਕੋਈ ਜਹਾਜ ਪਠਾਨਕੋਟ ਨੂੰ ਨਹੀਂ ਆਵੇਗਾ। ਇਸ ਤੋਂ ਬਾਅਦ ਪਠਾਨਕੋਟ ਤੇ ਕੋਈ ਹਵਾਈ ਹਮਲਾ ਨਹੀਂ ਹੋਇਆ ਸੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੀ ਸ਼ਕਤੀ ਅਤੇ ਸਮਰਥਾ ਦਾ ਚਮਤਕਾਰੀ ਅਸਰ ਸੀ।
ਕਈ ਸਾਲ ਬਾਅਦ ਜਦੋਂ ਮੈਂ ਪਿਤਾ ਜੀ ਨੂੰ ਪੁੱਛਿਆ ਕਿ ਉਸ ਤੋਂ ਬਾਅਦ ਦੁਸ਼ਮਣ ਦੇ ਕਿਸੇ ਜਹਾਜ ਨੇ ਪਠਾਨਕੋਟ ਤੇ ਹਮਲਾ ਕਿਉਂ ਨਹੀਂ ਕੀਤਾ ਸੀ ਤਾ ਉਨ੍ਹਾਂ ਨੇ ਮੈਨੂੰ ਉਪਰੋਕਤ ਵਾਰਤਾ ਸੁਣਾਈ ਸੀ।
ਰੀਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਮਾਂ ਘੋਰ ਤਪੱਸਿਆ ਵਿੱਚ ਗੁਜ਼ਾਰਿਆ ਸੀ। ਉਹ ਇਕ ਸਾਲ ਵਿੱਚ ਕਈ ਵਾਰ ਚਾਲੀਸਾ ਕਰਦੇ ਸਨ। ਮੂਲ ਮੰਤ੍ਰ (ਨਾਨਕ ਹੋਸੀ ਭੀ ਸਚ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸ਼ਬਦ ਅਤੇ ਸਤਿਨਾਮ ਸ੍ਰੀ ਵਾਹਿਗੁਰੂ ਦੀ ਮਾਲਾ ਦੇ ਇਕ ਇਕ ਮਣਕੇ ਨਾਲ ਜਾਪ ਕਰਨ ਵਿੱਚ ਬਾਰਾਂ ਘੰਟੇ ਲਗਦੇ ਸਨ। ਉਹ ਇਸ ਜਾਪ ਦੀਆਂ 32 ਮਾਲਾ (108 ਮਣਕਿਆਂ ਵਾਲੀਆਂ) 40 ਦਿਨ ਤੱਕ ਲਗਾਤਾਰ ਕਰਦੇ ਸਨ। ਇਹ ਸਿਮਰਨ ਅਤੇ ਬੰਦਗੀ ਰੋਜ਼ਾਨਾ ਤੋਂ ਵੱਖਰੀ ਹੁੰਦੀ ਸੀ।
ਇਕ ਵਾਰ ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਇਕ ਵਾਰ ਇਸ ਸ਼ਬਦ (ਤਾਤੀ ਵਾਉ ਨ ਲਗਈ) ਦਾ ਵੀ ਚਾਲੀਸਾ ਕੱਟਿਆ ਸੀ। ਗੁਰੂ ਦੀ ਕਿਰਪਾ ਨਾਲ ਸ਼ਬਦ ਦਾ ਚਾਲੀਸਾ ਸਫ਼ਲਤਾ ਨਾਲ ਪੂਰਾ ਕਰਨ ਨਾਲ ਸੁਰਤ ਉਸ ਸ਼ਬਦ ਦੇ ਰੂਹਾਨੀ ਮੰਡਲ ਦੇ ਵਿਸਮਾਦ ਵਿੱਚ ਜੁੜ ਜਾਂਦੀ ਹੈ। ਫਿਰ ਇਸ ਸ਼ਬਦ ਦੀ ਸ਼ੱਕਤੀ ਅਤੇ ਸਮਰਥਾ ਨਾਲ ਰੂਹਾਨੀ ਬਰਕਤ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ।
ਇਨ੍ਹਾਂ ਚਾਲੀਸਿਆਂ ਦੌਰਾਨ ਉਨ੍ਹਾਂ ਨੂੰ ਵੀ ਇਲਾਹੀ ਅਨੁਭਵ ਰਾਹੀਂ ਪ੍ਰਭੂ ਪ੍ਰਾਪਤੀ ਦੀ ਉੱਚੀ ਅਵਸਥਾ ਪ੍ਰਾਪਤ ਹੁੰਦੀ ਸੀ। ਇਕ ਵਾਰੀ ਪਿਤਾ ਜੀ ਨੇ ਆਪਣੀ ਰੱਬੀ ਮੌਜ ਵਿੱਚ ਮੈਨੂੰ ਆਪਣੀ ਸਚਖੰਡ ਯਾਤਰਾ ਬਾਰੇ ਇਸ ਤਰ੍ਹਾਂ ਦੱਸਿਆ ਸੀ-
ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਮੈਨੂੰ ਸਚਖੰਡ ਤੱਕ ਲੈ ਗਏ ਸਨ। ਅਤੀ ਅਨੰਦ, ਸ਼ੁਕਰਾਨੇ ਅਤੇ ਸੱਚ-ਖੰਡ ਦੀ ਇਲਾਹੀ ਸ਼ਾਨ ਤੋਂ ਅਚੰਭਿਤ ਹੋ ਕੇ ਮੈਂ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਮ ਸਮਸਤ ਜੋਤ ਨਿਰੰਕਾਰ ਅਤੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਸੀਸ ਨਿਵਾਇਆ। ਜਦੋਂ ਮੈਂ ਆਪਣਾ ਸੀਸ ਉਤਾਂਹ ਚੁੱਕਿਆਂ ਤਾਂ ਮੈਂ ਸਤਿਗੁਰੂ ਨਾਨਕ ਦੇਵ ਜੀ ਨੂੰ ਤਿੰਨੇ ਅਸਥਾਨਾਂ ਤੇ ਬਿਰਾਜਮਾਨ ਦੇਖਿਆ।
- ਪਰਮ ਸਮਸਤ ਜੋਤ ਨਿਰੰਕਾਰ
- ਗੁਰੂ ਨਾਨਕ ਪਾਤਸ਼ਾਹ ਤੇ
- ਬਾਬਾ ਨੰਦ ਸਿੰਘ ਜੀ ਮਹਾਰਾਜ
ਜਦੋਂ ਦੁਬਾਰਾ ਮੈਂ ਸੀਸ ਚੁੱਕਿਆ ਤਾਂ ਤਿੰਨੇ ਅਸਥਾਨਾਂ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ। ਬਹੁਤ ਸਤਿਕਾਰ ਤੇ ਨਿਮਰਤਾ ਨਾਲ ਮੈਂ ਫਿਰ ਸੀਸ ਨਿਵਾਇਆ।
ਇਸ ਰੂਹਾਨੀ ਯਾਤਰਾ ਦਾ ਮਹਾਨ ਅਨੁਭਵ ਸਾਂਝਾ ਕਰਦਿਆਂ ਪਿਤਾ ਜੀ ਨੇ ਮੈਨੂੰ ਇਹ ਨਿਸ਼ਚਾ ਪੱਕਾ ਕਰਨ ਲਈ ਕਿਹਾ ਕਿ ਪੂਜਯ ਬਾਬਾ ਨੰਦ ਸਿੰਘ ਜੀ ਮਹਾਰਾਜ, ਜਗਤ ਗੁਰੂ-ਗੁਰੂ ਨਾਨਕ ਸਾਹਿਬ ਅਤੇ ਅਕਾਲ ਪੁਰਖ ਨਿਰੰਕਾਰ ਵਿੱਚਕਾਰ ਕੋਈ ਭੇਦ ਨਹੀਂ ਹੈ।
- ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਗਿਆਨ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੋਰ ਕਿਸੇ ਗਿਆਨ ਦੀ ਲੋੜ ਨਹੀਂ ਰਹਿੰਦੀ।
- ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਬਾਅਦ ਕਿਸੇ ਹੋਰ ਦੇ ਦਰਸ਼ਨਾਂ ਦੀ ਲੋੜ ਬਾਕੀ ਨਹੀਂ ਰਹਿੰਦੀ।
- ਬਾਬਾ ਜੀ ਦੇ ਪ੍ਰਵਚਨ ਸ੍ਰਵਣ ਕਰਨ ਬਾਅਦ ਹੋਰ ਕੁਝ ਸ੍ਰਵਣ ਕਰਨ ਦੀ ਲੋੜ ਬਾਕੀ ਨਹੀਂ ਰਹਿੰਦੀ ਅਤੇ
- ਉਨ੍ਹਾਂ ਦੀ ਅਪਾਰ ਮਿਹਰ ਬਖਸ਼ਿਸ਼ ਦਾ ਆਨੰਦ ਮਾਨਣ ਬਾਅਦ ਹੋਰ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ ਹਨ।
ਬਾਬਾ ਨਰਿੰਦਰ ਸਿੰਘ ਜੀ
ਇਕ ਵਾਰ ਪਿਤਾ ਜੀ ਨੂੰ ਇਕ ਚਾਲੀਸੇ ਦੌਰਾਨ ਇਹ ਜਗਤ ਜਲਦਾ ਨਜ਼ਰ ਆਇਆ ਸੀ। ਪਿਤਾ ਜੀ ਨੇ “ਉੱਪਰ” ਵੱਲ ਜਾਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਰੂਹਾਨੀ ਮੰਡਲ ਵਿੱਚ ਬਹੁਤ ਉੱਚੇ ਉੱਡ ਗਏ ਤਾਂ ਇਸ ਧਾਰਨਾਂ ਦਾ ਗਾਇਨ ਕਰਨ ਲੱਗ ਪਏ-
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ ||
ਆਕਾਸ਼ ਵਿੱਚ ਪਿਤਾ ਜੀ ਦੁਆਰਾ ਗਾਈ ਜਾਂਦੀ ਇਹ ਜੀਅ-ਦਾਨ ਦੇਣ ਵਾਲੀ ਧਾਰਨਾ ਸੁਣਨ ਵਾਲਿਆਂ ਨੂੰ ਇਲਾਹੀ ਧਰਵਾਸ ਦੇ ਰਹੀ ਸੀ। ਤਦ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਕਾਸ਼ ਬਾਣੀ ਕੀਤੀ-
ਪੁਤ ਜਿਹੜਾ ਵੀ ਇਹ ਸ਼ਬਦ ਜਪੇਗਾ, ਉਹ ਸਮੇ ਦੀ ਅੱਗ ਤੋਂ ਬਚ ਜਾਵੇਗਾ |
ਐ ਮੇਰੇ ਪਿਆਰੇ ਪੁੱਤਰ ! ਜਿਹੜਾ ਵੀ ਦਿਆਲੂ ਸਤਿਗੁਰੂ ਨਾਨਕ ਦੇਵ ਜੀ ਅੱਗੇ ਇਹ ਜੋਦੜੀ ਕਰੇਗਾ, ਉਹ ਕਲਿਯੁਗ ਦੀ ਅੱਗ ਤੋਂ ਬਚ ਜਾਵੇਗਾ, ਬਾਬਾ ਨਰਿੰਦਰ ਸਿੰਘ ਜੀ ਇਹ ਜਾਪ ਦਸਣ ਵਾਲੇ ਮੋਢੀ ਹਨ |
ਉਹ ਤਾਕੀਦ ਕਰਦੇ ਸਨ ਕਿ ਆਪਣੇ ਰੋਜ਼ਾਨਾ ਨਿਤਨੇਮ ਦੇ ਇਲਾਵਾ ਇਸ ਜਾਪ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਬਖਸ਼ਾਉੱਣ ਦੀ ਜੋਦੜੀ ਕਰਦੇ ਰਿਹਾ ਕਰੋ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 1)
Comments
Post a Comment