ਸ੍ਰੀ ਗੁਰੂ ਗ੍ਰੰਥ ਸਾਹਿਬ - ਸਦੀਵੀ ਮੁਕਤੀ ਦਾਤਾ

 

ਪ੍ਰੇਮ ਅਤੇ ਦਇਆ ਦੇ ਸੁਆਮੀ ਸ੍ਰੀ ਗੁਰੂ ਨਾਨਦ ਦੇਵ ਜੀ ਨੇ 1469 ਈ: ਤੋਂ 1708 ਈ: ਤੱਕ 239 ਸਾਲ ਸਰੀਰਕ ਰੂਪ ਵਿੱਚ ਇਸ ਧਰਤੀ ਨੂੰ ਭਾਗ ਲਾਏ ਤੇ ਆਉਂਣ ਵਾਲੀਆਂ ਪੀੜੀਆਂ ਦਾ ਉਧਾਰ ਕਰਨ ਲਈ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਗੁਰੂ” ਥਾਪ ਦਿੱਤਾ|

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪੂਰਨ ਜੀਵਨ-ਮਾਰਗ ਦਾ ਨਮੂਨਾ ਦਰਸਾਇਆ ਹੈ ਜਿਸ ਤੇ ਸਾਨੂੰ ਚਲਣਾ ਚਾਹੀਦਾ ਹੈ | ਉਨ੍ਹਾਂ ਆਪਣੇ ਨਿਰਾਲੇ ਜੀਵਨ-ਅਮਲ ਰਾਹੀਂ ਇਹ ਪ੍ਰੇਰਨਾ ਦਿੱਤੀ ਹੈ ਕਿ ਜੋ ਕੁਝ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਗਿਆ ਹੈ, ਉਸ ਦੀ ਸ਼ਰਧਾ ਭਾਵਨਾ ਤੇ ਨਿਮਰਤਾ ਨਾਲ ਕਮਾਈ ਕਰਨੀ ਚਾਹੀਦੀ ਹੈ| ਗੁਰਬਾਣੀ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਕਮਾਉਂਣਾ ਚਾਹੀਦਾ ਹੈ |
 ਬਾਬਾ ਨੰਦ ਸਿੰਘ ਜੀ ਮਹਾਰਾਜ ਕਥਨੀ ਅਤੇ ਕਰਨੀ ਦੇ ਪੂਰੇ ਸਨ |
ਬਾਬਾ ਜੀ ਨੇ ਪੂਰੀ ਉਤਕੰਠਾ ਨਾਲ ਰੂਹਾਨੀਅਤ ਦੇ ਸਾਗਰ ਵਿੱਚ ਬੇਮਿਸਾਲ ਟੁੱਬੀਆਂ ਲਾਈਆਂ ਸਨ | ਉਨ੍ਹਾਂ ਨੇ ਆਪਣੀ ਸਾਰੀ ਸਰੀਰਕ ਤੇ ਆਤਮਕ ਸ਼ਕਤੀ ਪਰਮ ਉਦੇਸ਼ ਦੀ ਪ੍ਰਾਪਤੀ ਵਿੱਚ ਲਾਈ ਹੋਈ ਸੀ | ਉਨ੍ਹਾਂ ਦੀ ਇਹ ਪੱਕੀ ਧਾਰਨਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਪ੍ਰਭੂ ਹਨ | ਉਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਆਹਮੋ-ਸਾਹਮਣੇ ਵੇਖਣ ਦੀ ਪ੍ਰਬਲ ਇੱਛਾ ਸੀ | ਉਹ ਆਪਣੇ ਪ੍ਰਭੂ ਪ੍ਰੀਤਮ ਨਾਲ ਦਿਲ ਦੀਆਂ ਗੁਹਜ ਗੱਲਾਂ ਕਰਨ ਅਤੇ ਆਪਣੇ ਹੱਥਾਂ ਨਾਲ ਉਸ ਦੀ ਸੇਵਾ ਕਰਨੀ ਲੋਚਦੇ ਸਨ|
ਅਕਾਲ ਪੁਰਖ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਭਗਤੀ ਪਰਵਾਨ ਕੀਤੀ ਸੀ | ਇਸ ਲਈ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਹਿਰਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਬਹੁਤ ਉੱਚਾ, ਸੁੱਚਾ ਤੇ ਮਹਾਨ ਅਸਥਾਨ ਸੀ | 
ਕੁਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਇਕ ਧਾਰਮਕ ਗ੍ਰੰਥ ਮੰਨਦੇ ਹਨ, ਪਰੰਤੂ ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬ ਸਮਰਥ, ਜਾਗਦੀ ਜੋਤ ਅਤੇ ਹਾਜ਼ਰ ਨਾਜ਼ਰ ਗੁਰੂ ਨਾਨਕ ਸਾਹਿਬ ਮੰਨਦੇ ਸਨ |
ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਵੇਲੇ ਬਾਬਾ ਜੀ ਕਿਹਾ ਕਰਦੇ ਸਨ:
ਦਸੋਂ ਪਾਤਸ਼ਾਹੀਓ ਕੇ ਸਰੂਪ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ,
ਕਲਯੁਗ ਕੇ ਬੋਹਿਥ, ਨਾਮੁ ਕੇ ਜਹਾਜ,
ਹਲਤ ਪਲਤ ਕੇ ਰੱਖਿਅਕ,
ਲੋਕ ਪਰਲੋਕ ਕੇ ਸਹਾਇਕ,
ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਾਗਦੀ ਜੋਤ,
ਸਾਹਿਬ ਜੀ ਦੇ ਪਾਠ ਦਰਸ਼ਨ ਦਾ
ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ | 
 
ਕਲਿਯੁਗ ਕੇ ਬੋਹਿਥ, ਨਾਮ ਕੇ ਜਹਾਜ, ਕਲਿਯੁਗ ਦੇ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਇਹ ਮਹਾਨ ਜਹਾਜ ਮਨੁੱਖਤਾ ਦੇ ਇਕ ਫਿਰਕੇ ਜਾ ਕੁਝ ਸੈਂਕੜੇ ਜਾਂ ਕੁਝ ਹਜ਼ਾਰਾਂ ਸਾਲਾਂ ਵਾਸਤੇ ਨਹੀਂ ਬਣਾਇਆ ਗਿਆ | ਇਸ ਰੂਹਾਨੀ ਜਹਾਜ ਵਿੱਚ ਕੁੱਲ ਲੋਕਾਈ ਨੂੰ ਇਸ ਭਵਸਾਗਰ ਤੋਂ ਪਾਰ ਲੰਘਾਉਂਣ ਦੀ ਬੇਅੰਤ ਰੱਬੀ ਸਮਰਥਾ ਹੈ | ਇਹ ਰੂਹਾਨੀ ਜਹਾਜ ਦੇਸ਼ ਅਤੇ ਕਾਲ ਦੀਆਂ ਭੌਤਿਕ ਸੀਮਾਵਾਂ ਤੋਂ ਉਪਰ ਹੈ | 
ਪੰਜਵੇਂ ਗੁਰੂ ਨਾਨਕ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ | ਮਨੁੱਖਤਾ ਦੇ ਦੁਖ ਦੂਰ ਕਰਨ ਲਈ ਅਕਾਲ ਪੁਰਖ ਨੇ ਮਨੁੱਖੀ ਜਾਮਾ ਧਾਰਿਆ ਹੈ:
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ
ਸ੍ਰਿਸਿਟ ਲਗਿ ਬਿਤਰਹੁ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1408
ਇਸ ਅੰਧਕਾਰ ਯੁਗ-ਕਲਿਯੁਗ ਵਿੱਚ ਗੁਰੂ ਅਰਜਨ ਦੇਵ ਜੀ ਜਹਾਜ (ਰੱਖਿਅਕ) ਹਨ, 
ਜੋ ਉਨ੍ਹਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਇਸ ਭਵਸਾਗਰ ਤੋਂ ਪਾਰ ਹੋ ਜਾਂਦਾ ਹੈ |
ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਇਕ ਸ਼ਬਦ ਦਾ ਵੀ ਸਹਾਰਾ ਲਿਆ ਹੈ, ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਉਸ ਨੂੰ ਮਹਾਨ ਰੱਖਿਅਕ ਜਹਾਜ, ਕਲਿਯੁਗ ਕੇ ਬੋਹਿਥ, ਨਾਮ ਕੇ ਜਹਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਮਿਲ ਗਿਆ ਹੈ |
ਬਾਬਾ ਨੰਦ ਸਿੰਘ ਜੀ ਮਹਾਰਾਜ
ਇਸ ਜਹਾਜ਼ ਦੀ ਵਿਸ਼ਾਲਤਾ ਤੇ ਸਮਰੱਥਾ ਦਾ ਅਨੁਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਦੀ ਸ਼ਕਤੀ ਤੋਂ ਲਾਇਆ ਜਾ ਸਕਦਾ ਹੈ | 

ਇਹ ਜਹਾਜ਼ ਸਾਰੀ ਮਨੁੱਖ ਜਾਤੀ ਨੂੰ ਪੀੜ੍ਹੀਆਂ ਦਰ ਪੀੜ੍ਹੀਆਂ ਅਤੇ ਆਉਂਣ ਵਾਲੇ ਯੁੱਗਾਂ ਵਿੱਚ ਭਵਜਲ ਸੰਸਾਰ ਤੋਂ ਪਾਰ ਲੰਘਾ ਸਕਦਾ ਹੈ | ਇਹ ਜਹਾਜ਼ ਸਾਰੀ ਸ੍ਰਿਸ਼ਟੀ ਦੀ ਮੁੱਕਤੀ ਲਈ ਬਣਾਇਆ ਗਿਆ ਹੈ | ਇਸ ਨੂੰ ਇਕ ਪ੍ਰਾਣੀ, ਫਿਰਕੇ, ਸਮਾਜ, ਧਰਮ ਜਾਂ ਕੌਮ ਦਾ ਸਮਝ ਕੇ ਸੀਮਤ ਨਹੀਂ ਕਰਨਾ ਚਾਹੀਦਾ |
 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਤੋਂ ਨਾਮ ਦੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ | ਗੁਰੂ ਨਾਨਕ ਸਾਹਿਬ ਦੁਆਰਾ ਪ੍ਰਭੂ ਦੀ ਉਸਤਤ ਵਿੱਚ ਗਾਏ ਹਰੇਕ ਸ਼ਬਦ ਵਿੱਚ ਅੰਮ੍ਰਿਤ ਬੋਲ ਗੂੰਜਦੇ ਹਨ |

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ

( Smast Ilahi Jot Baba Nand Singh Ji Maharaj, Part 1)



Comments

Popular Posts