ਨਿਮਰਤਾ ਦੇ ਸਭ ਤੋਂ ਵੱਡੇ ਪੈਗੰਬਰ

ਸ੍ਰੀ ਗੁਰੂ ਨਾਨਕ ਸਾਹਿਬ ਗਰੀਬਾਂ, ਦਲਿਤਾਂ, ਅਛੂਤਾਂ ਅਪਾਹਜਾਂ ਅਤੇ ਬੀਮਾਰ ਮਜ਼ਲੂਮਾਂ ਲਈ ਸਭ ਤੋਂ ਮਹਾਨ ਪੈਗੰਬਰ ਸਨ। ਉਹਨਾਂ ਨੇ ਆਪਣੇ ਆਪ ਨੂੰ ਗਰੀਬਾਂ, ਮਜ਼ਲੂਮਾਂ ਦਾ ਸਾਥੀ ਮੰਨਿਆ ਅਤੇ ਉਹਨਾਂ ਦੀ ਕਾਇਆ ਕਲਪ ਕੀਤੀ। ਨੀਚਾ ਅੰਦਰਿ ਨੀਚਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 15 ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਿਆਂ ਤੋਂ ਵੀ ਨੀਵੇਂ ਅਤੇ ਨੀਵਿਆਂ ਦੇ ਸੰਗੀ ਸਮਝਦੇ ਸਨ। ਉਹਨਾਂ ਦੀ ਉਚ ਜਾਤ ਵਿਚ ਜਨਮ ਲੈਣ ਵਾਲਿਆਂ ਨਾਲ ਕੋਈ ਸਾਂਝ ਨਹੀਂ ਸੀ। ਲੰਮੀਆਂ ਉਦਾਸੀਆਂ ਦੌਰਾਨ, ਗਰੀਬ, ਬੀਮਾਰ ਅਤੇ ਮਜ਼ਲੂਮ ਉਹਨਾਂ ਦੀ ਕਿਰਪਾ-ਦ੍ਰਿਸ਼ਟੀ ਦੇ ਪਾਤਰ ਬਣੇ। ਗੁਰੂ ਸਾਹਿਬ ਇਹ ਜਾਣਦੇ ਹੋਇਆਂ ਕਿ ਸਭ ਉਸ ਪਰਮਾਤਮਾ ਦੇ ਬੱਚੇ ਹਨ, ਉਹਨਾਂ ਨੇ ਹਿੰਦੂ-ਮੁਸਲਮਾਨ, ਨੀਵੇਂ ਜਾਤ ਜਾਂ ਉਚ ਜਾਤ ਵਿਚਲੇ ਭੇਦ-ਭਾਵ ਨੂੰ ਨਹੀਂ ਮੰਨਿਆ। ਪਿਆਰ ਦਾ ਇਹ ਮਹਾਨ ਪੈਗੰਬਰ ਤਾਂ ਸੰਸਾਰ ਦੀ ਸਮੁੱਚੀ ਮਾਨਵਜਾਤੀ ਨੂੰ ਇਕ ਪਵਿੱਤਰ ਰਿਸ਼ਤੇ, ਪਿਆਰ ਦੇ ਰਿਸ਼ਤੇ ਵਿਚ ਬੰਨ੍ਹਣ ਵਾਸਤੇ ਆਇਆ ਸੀ। ਇਕ ਨੀਵੀਂ ਜਾਤ ਵਿਚ ਜਨਮਿਆਂ ਹਿੰਦੂ ਭਾਈ ਬਾਲਾ ਅਤੇ ਇਕ ਨੀਵੀਂ ਜਾਤ ਦਾ ਮੁਸਲਮਾਨ, ਭਾਈ ਮਰਦਾਨਾ ਉਹਨਾਂ ਦੇ ਹਮੇਸ਼ਾ ਦੇ ਸਾਥੀ ਸਨ। ਗੁਰੂ ਨਾਨਕ ਸਾਹਿਬ ਆਪਣੀ ਬੇਅੰਤ ਕਿਰਪਾ ਉਹਨਾਂ ਲੋਕਾਂ ਉੱਤੇ ਕਰਦੇ ਜਿਹੜੇ ਜੀਵਨ ਦੇ ਸੱਚੇ ਰਸਤੇ ਤੋਂ ਭਟਕ ਗਏ ਸਨ। ਇਸ ਅਪਾਰ ਕਿਰਪਾ ਨਾਲ...