ਨਿਮਰਤਾ ਦੇ ਸਭ ਤੋਂ ਵੱਡੇ ਪੈਗੰਬਰ
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਿਆਂ ਤੋਂ ਵੀ ਨੀਵੇਂ ਅਤੇ ਨੀਵਿਆਂ ਦੇ ਸੰਗੀ ਸਮਝਦੇ ਸਨ। ਉਹਨਾਂ ਦੀ ਉਚ ਜਾਤ ਵਿਚ ਜਨਮ ਲੈਣ ਵਾਲਿਆਂ ਨਾਲ ਕੋਈ ਸਾਂਝ ਨਹੀਂ ਸੀ।
ਲੰਮੀਆਂ ਉਦਾਸੀਆਂ ਦੌਰਾਨ, ਗਰੀਬ, ਬੀਮਾਰ ਅਤੇ ਮਜ਼ਲੂਮ ਉਹਨਾਂ ਦੀ ਕਿਰਪਾ-ਦ੍ਰਿਸ਼ਟੀ ਦੇ ਪਾਤਰ ਬਣੇ। ਗੁਰੂ ਸਾਹਿਬ ਇਹ ਜਾਣਦੇ ਹੋਇਆਂ ਕਿ ਸਭ ਉਸ ਪਰਮਾਤਮਾ ਦੇ ਬੱਚੇ ਹਨ, ਉਹਨਾਂ ਨੇ ਹਿੰਦੂ-ਮੁਸਲਮਾਨ, ਨੀਵੇਂ ਜਾਤ ਜਾਂ ਉਚ ਜਾਤ ਵਿਚਲੇ ਭੇਦ-ਭਾਵ ਨੂੰ ਨਹੀਂ ਮੰਨਿਆ। ਪਿਆਰ ਦਾ ਇਹ ਮਹਾਨ ਪੈਗੰਬਰ ਤਾਂ ਸੰਸਾਰ ਦੀ ਸਮੁੱਚੀ ਮਾਨਵਜਾਤੀ ਨੂੰ ਇਕ ਪਵਿੱਤਰ ਰਿਸ਼ਤੇ, ਪਿਆਰ ਦੇ ਰਿਸ਼ਤੇ ਵਿਚ ਬੰਨ੍ਹਣ ਵਾਸਤੇ ਆਇਆ ਸੀ। ਇਕ ਨੀਵੀਂ ਜਾਤ ਵਿਚ ਜਨਮਿਆਂ ਹਿੰਦੂ ਭਾਈ ਬਾਲਾ ਅਤੇ ਇਕ ਨੀਵੀਂ ਜਾਤ ਦਾ ਮੁਸਲਮਾਨ, ਭਾਈ ਮਰਦਾਨਾ ਉਹਨਾਂ ਦੇ ਹਮੇਸ਼ਾ ਦੇ ਸਾਥੀ ਸਨ।
ਗੁਰੂ ਨਾਨਕ ਸਾਹਿਬ ਆਪਣੀ ਬੇਅੰਤ ਕਿਰਪਾ ਉਹਨਾਂ ਲੋਕਾਂ ਉੱਤੇ ਕਰਦੇ ਜਿਹੜੇ ਜੀਵਨ ਦੇ ਸੱਚੇ ਰਸਤੇ ਤੋਂ ਭਟਕ ਗਏ ਸਨ। ਇਸ ਅਪਾਰ ਕਿਰਪਾ ਨਾਲ ਉਹਨਾਂ ਨੇ ਕਾਤਲਾਂ, ਡਾਕੂਆਂ, ਆਦਮਖੋਰਾਂ ਨੂੰ ਦੇਵਤੇ, ਸੰਤ ਸਰੂਪ ਬਣਾ ਦਿੱਤਾ। ਉਹਨਾਂ ਨੇ ਦੂਸ਼ਿਟਾਂ ਨੂੰ ਵੀ ਰੱਬੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਉਹਨਾਂ ਦੀ ਇਸ ਈਸ਼ਵਰੀ ਕਿਰਪਾ ਨਾਲ ਗਰੀਬ, ਨੀਚ, ਨਿੰਦਕ ਅਤੇ ਦੋਖੀ ਵੀ ਨਿਵਾਜੇ ਗਏ।
ਪ੍ਰੇਮਾ-ਭਗਤੀ ਅਤੇ ਭਗਵੰਤ ਪ੍ਰੇਮ ਵਿਚ ਹਉਮੈਂ ਦੀ ਕੋਈ ਥਾਂ ਨਹੀਂ ਹੁੰਦੀ। ਇਸੇ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਚ ਗਰੀਬੀ, ਨਿਮਰਤਾ, ਵਿਨਿਮਰਤਾ ਦਾ ਬੋਲ ਬਾਲਾ ਪ੍ਰਤੱਖ ਦੇਖਣ ਵਿਚ ਆਉਂਦਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਰੱਬੀ-ਪ੍ਰੇਮ ਦਾ ਸਰੂਪ ਸਨ ਅਤੇ ਵਿਨਿਮਰਤਾ ਦੇ ਪੈਗਬੰਰ ਸਨ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਕਾਲ ਦੀਆਂ ਸਾਰੀਆਂ ਪਵਿੱਤਰ ਅਤੇ ਮਹੱਤਵਪੂਰਨ ਘਟਨਾਵਾਂ ਜਿਸ ਗੱਲ ਦਾ ਪ੍ਰਗਟਾਵਾ ਕਰਦੀਆਂ ਹਨ ਉਹ ਹੈ ਝੂਠ ਉਤੇ ਸੱਚ ਦੀ ਜਿੱਤ, ਹੰਕਾਰ ਉੱਤੇ ਨਿਮਰਤਾ ਅਤੇ ਗਰੀਬੀ ਦੀ ਫ਼ਤਿਹ, ਨਫ਼ਰਤ ਅਤੇ ਵੈਰ ਵਿਰੋਧ ਉੱਤੇ ਪ੍ਰੇਮ ਦੀ ਜਿੱਤ। ਸਾਰੇ ਹੀ ਉਹਨਾਂ ਦੇ ਪਵਿੱਤਰ ਚਰਨ-ਕਮਲਾਂ ਵਿਚ ਢਹਿ ਪੈਂਦੇ ਸਨ।
ਉਹਨਾਂ ਦੀ ਦਿਵਯ ਆਭਾ ਦਾ ਪ੍ਰਭਾਵ ਉਹਨਾਂ ਸਾਰਿਆਂ ਉੱਤੇ ਪੈਂਦਾ। ਇਸ ਮਹਾਨ ਨਿਮਰਤਾ, ਪਿਆਰ, ਕ੍ਰਿਪਾਲਤਾ ਅਤੇ ਦਿਆਲਤਾ ਦੇ ਪ੍ਰਤੱਖ ਅਵਤਾਰ ਜਦੋਂ ਦਿਪਾਲਪੁਰ (ਮਿੰਟਗੁਮਰੀ) ਤਸ਼ਰੀਫ਼ ਲੈ ਗਏ ਤਾਂ ਮਿਹਰ ਦੇ ਸਮੁੰਦਰ ਨੇ ਸ਼ਹਿਰ ਦੇ ਬਾਹਰ ਇਕ ਗਰੀਬ ਕੋਹੜੀ ਦੀ ਕੁਟੀਆ ਦਾ ਦਰਵਾਜ਼ਾ ਜਾ ਖੜਕਾਇਆ ਤੇ ਨਾਮ ਦੀ ਮਹਿਕ ਨਾਲ ਮਹਿਕਾ ਦਿੱਤਾ। ਉਹ ਨਵਾਂ ਨਰੋਆ ਹੋ ਕੇ ਚਰਨ ਕਮਲਾਂ ਤੇ ਡਿਗ ਪਿਆ। ਉਸ ਮਹਿਕ ਦੇ ਫੈਲਦਿਆਂ ਹੀ ਸਾਰਾ ਦਿਪਾਲਪੁਰ ਹੀ ਚਰਨਾ ਤੇ ਢਹਿ ਪਿਆ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਾਰ ਸਰੂਪਾਂ ਬਾਰੇ ਰੌਸ਼ਨੀ ਪਾਉਂਦੇ ਹੋਏ ਇਕ ਵਾਰੀ ਇਸ ਤਰ੍ਹਾਂ ਫੁਰਮਾਇਆ :
1. ਨਿਰੰਕਾਰ : ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਨਿਰੰਕਾਰ ਪਾਰਬ੍ਰਹਮ ਹਨ।
ਗੁਰੁ ਨਾਨਕੁ ਨਾਨਕੁ ਹਰਿ ਸੋਇ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 865
2. ਸਾਕਾਰ : ਨਿਰੰਕਾਰ ਨੇ ਆਪ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਾਮਾ ਪਾਇਆ।
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1408
3. ਗੁਰਬਾਣੀ :
ਬਾਣੀ ਗੁਰੂ ਗੁਰੂ ਹੈ ਬਾਣੀ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 982
4. ਨਿਮਰਤਾ : ਗਰੀਬੀ ਉਹਨਾਂ ਦਾ ਚੌਥਾ ਸਰੂਪ ਹੈ।
ਮਹਾਨ ਜਗਤ ਗੁਰੂ ਨੇ ਆਪਣੀ ਸੱਚੀ ਅਸਲੀਅਤ ਨੂੰ ਆਪਣੀ ਨਿਮਰਤਾ ਕਰਕੇ ਪ੍ਰਤੱਖ ਨਹੀਂ ਹੋਣ ਦਿੱਤਾ। ਕਿਉਂਕਿ ਉਹਨਾਂ ਦੀ ਅਸਲੀਅਤ ਤਾਂ ਨਿਮਰਤਾ ਦੇ ਆਵਰਣ ਵਿਚ ਲੁਕੀ ਹੋਈ ਸੀ। ਆਮ ਲੋਕਾਂ ਲਈ ਉਹਨਾਂ ਦੀ ਅਸਲੀਅਤ ਨੂੰ ਜਾਣਨਾ ਅਤੇ ਪਹਿਚਾਣਨਾ ਅਸੰਭਵ ਸੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਸੱਚੀ ਪਹਿਚਾਣ ਦੀ ਬਖਸ਼ਿਸ਼, ਕਿਸੇ ਬਖਸ਼ੇ ਹੋਏ ਉੱਤੇ ਹੀ ਕੀਤੀ।
ਜਿਸਨੋ ਤੂ ਜਾਣਾਇਹਿ ਸੋਈ ਜਨੁ ਜਾਣੈ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 11
Comments
Post a Comment