ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ॥

 



ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਇੱਕ ਦਿਨ ਪਿਤਾ ਜੀ ਨੇ ਬਚਨ ਕੀਤੇ ਹਨ, ਸੋਝੀ ਪਈ ਹੈ ਗੁਰੂ ਨਾਨਕ ਦੇ ਦਰ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੀ। 

ਕਹਿਣ ਲੱਗੇ-

ਦੇਖ ਪੁੱਤ, ਜਿਸ ਵਕਤ ਵੀ ਉਨ੍ਹਾਂ ਦੇ ਚਰਨ ਕਮਲਾਂ ਵਿੱਚ ਕੋਈ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਕੋਈ ਭਜਨ ਕਰਦਾ ਹੈ, ਪਾਠ ਕਰਦਾ ਹੈ, ਮੇਰਾ ਸਾਹਿਬ ਵੇਖ ਕੀ ਰਿਹਾ ਹੁੰਦਾ ਹੈ?

ਕਹਿਣਾ ਬੜਾ ਆਸਾਨ ਹੈ ਕਿ-

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 750
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 302
ਸਭ ਦਿਲ ਦੀ ਅਵਸਥਾ ਨੂੰ ਉਹ ਵੇਖ ਰਿਹਾ ਹੁੰਦਾ ਹੈ, ਜਾਣਦਾ ਹੈ ਪਰ ਜੇ ਉਹ ਭਾਵਨਾ ਉਸ ਦੀ ਬਣ ਰਹੀ ਹੈ ਸਾਹਿਬ ਬਖਸ਼ਿਸ਼ ਕਰ ਰਹੇ ਹਨ ਤੇ ਨਿਰੰਕਾਰ ਭਾਵਨਾ ਆ ਗਈ।
ਪਰ ਕਹਿਣ ਲੱਗੇ- 
ਜੇ ਨਿਰੰਕਾਰ ਭਾਵਨਾ ਆ ਗਈ ਤੇ ਆਪ ਕਿੱਥੇ ਖੜ੍ਹਾ ਹੈ ? ਉਹ ਤਾਂ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ ਪਰ ਆਪ ਕਿੱਥੇ ਖੜ੍ਹਾ ਹੈ?

ਫਿਰ ਪਿਤਾ ਜੀ ਅੱਗੇ ਕਹਿਣ ਲੱਗੇ-

ਸਭ ਤੇ ਨੀਚੁ ਆਤਮ ਕਰਿ ਮਾਨਉ
ਮਨ ਮਹਿ ਇਹੁ ਸੁਖੁ ਧਾਰਉ॥

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 532

ਸਭ ਤੇ ਨੀਚੁ...।

ਕਹਿਣ ਲੱਗੇ ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਵਕਤ ਫੁਰਮਾਇਆ ਕਿ-

ਗੁਰੂ ਨਾਨਕ ਦਾ ਚੌਥਾ ਸਰੂਪ ਨਿਮਰਤਾ ਗਰੀਬੀ ਹੈ। ਪੁੱਤ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਹੀ ਪ੍ਰਕਾਸ਼ ਨਿਮਰਤਾ ਦਾ ਪ੍ਰਕਾਸ਼ ਹੈ। ਜੇ ਮੇਰੇ ਸਾਹਿਬ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਜਪੁਜੀ ਸਾਹਿਬ ਵਿੱਚ ਆਪਣਾ ਪਰਿਚਯ ਇਸ ਤਰ੍ਹਾਂ ਦਿੰਦੇ ਹਨ ਕਿ- ਨਾਨਕੁ ਨੀਚੁ ਕਹੈ ਵਿਚਾਰੁ॥

ਫਿਰ ਜਿਸ ਵਕਤ ਗੁਰੂ ਅਰਜਨ ਪਾਤਸ਼ਾਹ, ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਪੂਰੀ ਕਰ ਲਈ ਹੈ ਉਸ ਵਕਤ ਕੀ ਫੁਰਮਾਉਂਦੇ ਹਨ?

ਤੇਰਾ ਕੀਤਾ ਜਾਤੋ ਨਾਹੀ ਮੈਂ'ਨੋ ਜੋਗੁ ਕੀਤੋਈ॥
ਮੈਂ' ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ॥
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1429
“ਮੈਂ' ਨਿਰਗੁਣਿਆਰੇ ਕੋ ਗੁਣੁ ਨਾਹੀ...
ਜੋ ਆਪਣੇ ਵਾਸਤੇ ਉਹ ਸ਼ਬਦ ਵਰਤੇ ਹਨ ਕਿ ਇਸ ਨਿਰਗੁਣਿਆਰੇ ਵਿੱਚ ਇੱਕ ਵੀ ਗੁਣ ਨਹੀਂ ਹੈ, ਨਿਮਰਤਾ ਵਾਲੀ ਸ਼ਿਖਰ ਹੈ 
ਫਿਰ ਕਹਿਣ ਲੱਗੇ- ਦੇਖ ਪੁੱਤ ਇਹ ਨਿਮਰਤਾ ਦਾ ਹੀ ਪ੍ਰਕਾਸ਼ ਹੈ, ਇਸ ਪ੍ਰਕਾਸ਼ ਦੇ ਵਿੱਚ ਜੇ ਸਮਾ ਕੇ ਉਸ ਪ੍ਰਕਾਸ਼ ਦਾ ਆਨੰਦ ਲੈਣਾ ਹੈ ਤਾਂ...
ਸਭ ਤੇ ਨੀਚੁ ਆਤਮ ਕਰਿ ਮਾਨਉ
ਮਨ ਮਹਿ ਇਹੁ ਸੁਖੁ ਧਾਰਉ॥

...ਉਸ ਨਿਮਰਤਾ ਵਿੱਚ ਆ ਜਾਏ, ਜੇ ਇੰਨੀ ਨਿਮਰਤਾ ਵਿੱਚ ਆ ਜਾਂਦਾ ਹੈ ਸਾਹਿਬ ਸਭ ਤੋਂ ਉੱਚਾ ਹੈ, ਵੱਡਾ ਹੈ ਅਤੇ ਆਪ ਸਭ ਤੋਂ ਨੀਚ ਹੈ ਤੇ ਕਹਿੰਦੇ ਫਿਰ ਪ੍ਰੇਮ ਦਾ ਖ਼ੇਡ ਸ਼ੁਰੂ ਹੋ ਜਾਂਦਾ ਹੈ, ਅਸਲ ਭਗਤੀ ਸ਼ੁਰੂ ਹੁੰਦੀ ਹੈ।
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥
ਬ੍ਰਹਮ ਗਿਆਨੀ ਊਚ ਤੇ ਊਚਾ॥
ਮਨਿ ਅਪਨੈ ਹੈ ਸਭ ਤੇ ਨੀਚਾ॥
ਬ੍ਰਹਮ ਗਿਆਨੀ ਸਗਲ ਕੀ ਰੀਨਾ॥
ਆਤਮ ਰਸੁ ਬ੍ਰਹਮ ਗਿਆਨੀ ਚੀਨਾ॥

ਸ੍ਰੀ ਗੁਰੂ ਅਰਜਨ ਦੇਵ ਜੀ
ਧੰਨ ਕਹੋ ਸਭ ਧੰਨ ਕਹੋ,
ਗੁਰੂ ਗ੍ਰੰਥ ਸਾਹਿਬ ਨੂੰ ਧੰਨ ਕਹੋ॥
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ॥

ਜਿਹੜੀ ਇਹ ਸੇਵਾ, ਇਹ ਮਿਸ਼ਨ ਆਪ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ, ਜਿਹੜਾ ਵੀ ਇਹ ਪ੍ਰੇਮ ਪ੍ਰਕਾਸ਼ ਆਪ ਨਾਲ ਸਾਂਝਾ ਹੋ ਰਿਹਾ ਹੈ, ਜਿਹੜੀ ਵੀ ਪ੍ਰੇਮ ਭੇਟਾ ਦੇ ਫੁੱਲ ਆਪ ਨਾਲ ਸਾਂਝੇ ਕਰ ਰਹੇ ਹਾਂ ਇੱਕ ਨਿਮਾਣਾ ਜਿਹਾ ਯਤਨ ਹੈ। ਆਪ ਸਭ ਨਾਲ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਦਾ ਤੇ ਦੂਜਾ ਜਿਹੜਾ ਪੱਖ ਹੈ ਇਹ ਉਸ ਦੇ ਸਾਰੇ ਬੱਚਿਆਂ ਦੇ ਵਿੱਚ ਉਸ ਦੇ ਪ੍ਰੇਮ ਪ੍ਰਕਾਸ਼ ਦਾ ਪ੍ਰਸ਼ਾਦ ਵੰਡਣ ਦਾ, ਉਹ ਫੁੱਲ ਵੰਡਣ ਦਾ ਜਿਹੜੇ ਉਸ ਪ੍ਰੇਮ ਪ੍ਰਕਾਸ਼ ਵਿੱਚ, ਉਸ ਦੇ ਚਰਨਾਂ ਵਿੱਚ ਭੇਟ ਕਰ ਰਹੇ ਹਾਂ ਉਹ ਪਰਵਾਨ ਕਰ ਰਿਹਾ ਹੈ ਅਤੇ ਪਰਵਾਨ ਕੀਤਾ ਹੋਇਆ ਪ੍ਰਸ਼ਾਦ ਆਪ ਸਭ ਵਿੱਚ ਵੰਡਿਆ ਜਾ ਰਿਹਾ ਹੈ। 

ਸਾਧ ਸੰਗਤ ਜੀ !

ਪ੍ਰਸ਼ਾਦ ਵੰਡਣ ਵਾਲੇ ਵੱਲ ਧਿਆਨ ਨਹੀਂ ਕੀਤਾ ਜਾ ਰਿਹਾ, ਜਿਸ ਦਾ ਸੀਤ ਪ੍ਰਸ਼ਾਦ ਹੈ ਸਾਰਾ ਧਿਆਨ ਹੀ ਆਪਾਂ ਉਸ ਵੱਲ ਰੱਖਣਾ ਹੈ।
ਜੇ ਮੇਰੇ ਸਾਹਿਬ ਪਰਤਖ੍ਹ ਹਰਿ 'ਕਲਜੁਗ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿਟ ਲਗਿ ਬਿਤਰਹੁ’ ਜੇ ਉਹ ਲਾਂਭ੍ਹੇ ਖੜ੍ਹੇ ਹੋ ਕੇ ਅਤੇ ਸੰਗਤ ਨਾਲ ਹੀ ਫਰਸ਼ ਤੇ ਬੈਠ ਕੇ, ਸਾਰਿਆ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ, ਜੇ ਮੇਰੇ ਦਸਮੇਸ਼ ਪਿਤਾ ਆਪਣਾ ਸਭ ਕੁੱਝ ਕੁਰਬਾਨ ਕਰਕੇ ਨਿਛਾਵਰ ਕਰਕੇ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਮਲਾਂ ਦੇ ਵਿੱਚ ਪੰਜ ਪੈਸੇ, ਨਾਰੀਅਲ ਰੱਖ ਕੇ ਪਰਿਕਰਮਾ ਕਰਦੇ ਹਨ, ਚਉਰ ਕਰਦੇ ਹਨ ਅਤੇ ਫਿਰ ਲਾਂਭ੍ਹੇ ਖੜ੍ਹੇ ਹੋ ਕੇ ਸਜਦਾ ਕਰਦੇ ਹਨ। ਸਾਰਿਆਂ ਦਾ ਮੁੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਰਹੇ ਹਨ, ਸਾਰਿਆਂ ਨੂੰ ਉਨ੍ਹਾਂ ਦੇ ਲੜ੍ਹ ਲਾ ਰਹੇ ਹਨ, ਸਾਰਿਆਂ ਨੁੰ ਉਨ੍ਹਾਂ ਦੇ ਚਰਨਾਂ ਵਿੱਚ ਸੌਂਪ ਰਹੇ ਹਨ।
ਫਿਰ ਸਾਧ ਸੰਗਤ ਜੀ ਇਹ ਸੋਭਾ ਨਹੀਂ ਦੇਂਦਾ ਕਿ ਅਸੀਂ ਆਪਣੇ ਆਪ ਨੂੰ ਬਿਲਕੁਲ ਵੀ ਉਸ ਪਵਿੱਤਰਤਾ ਵਿੱਚ, ਉਸ ਪ੍ਰੇਮ ਪ੍ਰਕਾਸ਼ ਵਿੱਚ ਲਿਆਈਏ। ਇਸ ਕਰਕੇ ਆਪ ਦੇ ਚਰਨਾਂ ਵਿੱਚ ਮਾਫੀ ਦਾ ਜਾਚਿਕ ਹਾਂ।
ਧੰਨ ਕਹੋ ਸਭ ਧੰਨ ਕਹੋ।
ਗੁਰੂ ਗ੍ਰੰਥ ਸਾਹਿਬ ਨੂੰ ਧੰਨ ਕਹੋ॥

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥

Comments

Popular Posts