ਸ਼ਰਧਾ ਤੇ ਮਰਯਾਦਾ
ਇਕ ਵਾਰੀ ਬਾਬਾ ਨਰਿੰਦਰ ਸਿੰਘ ਜੀ ਨੇ ਫੁਰਮਾਇਆ :
ਸ਼ਰਧਾ ਤੋਂ ਮਰਯਾਦਾ ਬਣਦੀ ਹੈ ਅਤੇ ਮਰਯਾਦਾ ਤੋਂ ਸ਼ਰਧਾ ਬਣਦੀ ਹੈ।
ਫਿਰ ਆਪ ਜੀ ਨੇ ਹੀ ਇਸ ਦਾ ਮਤਲਬ ਇਸ ਤਰ੍ਹਾਂ ਸਮਝਾਇਆ:ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੇਮਿਸਾਲ ਤੇ ਸਿਖਰ ਵਾਲੀ ਸ਼ਰਧਾ ਆਪ ਹੀ ਮਰਯਾਦਾ ਦਾ ਰੂਪ ਧਾਰ ਗਈ | ਕਿਹੜੀ ਸ਼ਰਧਾ?
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਪ੍ਰਗਟ ਗੁਰਾਂ ਕੀ ਦੇਹ' ਦੀ ਸ਼ਰਧਾ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਜਿਊਂਦੇ ਜਾਗਦੇ ਬੋਲਦੇ ਗੁਰੂ ਨਾਨਕ ਦੀ ਸ਼ਰਧਾ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਦੇ ਸਹਾਇਕ' ਦੀ ਸ਼ਰਧਾ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਹਾਜ਼ਰ ਨਾਜ਼ਰ ਜਾਗਦੀ ਜੋਤ' ਦੀ ਸ਼ਰਧਾ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਨਾਮ ਕੇ ਜਹਾਜ਼ ਤੇ ਕਲਿਜੁਗ ਕੇ ਬੋਹਿਥ ਦੀ ਸ਼ਰਧਾ।
ਇਹ ਸ਼ਰਧਾ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਰਯਾਦਾ ਦੀ ਰੂਪ ਰੇਖਾ ਧਾਰ ਗਈ। ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸਾਰਾ ਜੀਵਨ ਹੀ ਇਸ ਸ਼ਰਧਾ ਦਾ ਰੂਪ ਅਤੇ ਨਿਖਾਰ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਲਾਸਾਨੀ ਪੂਰਨਿਆਂ ਤੇ ਚਲਦਿਆਂ ਹੋਇਆਂ ਇਸ ਪਾਵਨ ਮਰਯਾਦਾ ਦੇ ਵਿੱਚ ਹੀ ਇਕ ਸਾਧਾਰਨ ਪੁਰਸ਼ ਦੀ ਸ਼ਰਧਾ ਬੱਝ ਜਾਂਦੀ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮੁਬਾਰਿਕ ਬਚਨ ਢੁੱਕਣ ਲੱਗ ਪੈਂਦੇ ਹਨ। ਕਿਹੜੇ ਬਚਨ ?
ਗੁਰੂ ਨਾਨਕ ਦੇ ਦਰ ਤੋਂ ਸ਼ਰਧਾ ਵਾਲੇ ਸਭ ਕੁਝ ਖੱਟ ਕੇ ਲੈ ਜਾਂਦੇ ਹਨ।
ਬਾਬਾ ਨੰਦ ਸਿੰਘ ਜੀ ਮਹਾਰਾਜ
ਭਗਤੀ ਦੋ ਪ੍ਰਕਾਰ ਦੀ ਹੁੰਦੀ ਹੈ, ਇਕ ਮਰਯਾਦਾ ਭਗਤੀ ਤੇ ਦੂਜੀ ਪ੍ਰੇਮਾ ਭਗਤੀ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ (ਪ੍ਰਤੱਖ ਗੁਰੂ ਨਾਨਕ ਪਾਤਸ਼ਾਹ) ਨਾਲ ਸਿਖਰ ਦਾ ਪ੍ਰੇਮ ਕੀਤਾ ਹੈ। ਉਨ੍ਹਾਂ ਦਾ ਇਹ ਪ੍ਰੇਮ ਸੂਰਜ ਵਾਂਗ ਇਕ ਮਰਯਾਦਾ ਬਣ ਕੇ ਚਮਕ ਰਿਹਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਮਰਯਾਦਾ ਵਿੱਚ ਰੰਗੇ ਹੋਏ ਪ੍ਰੇਮੀ ਮਰਯਾਦਾ ਦੀ ਹਰ ਇਕ ਲਹਿਰ ਤੋਂ ਅਲੌਕਿਕ ਪ੍ਰੇਮ ਦੇ ਹੁਲਾਰੇ ਮਾਣਦੇ ਹਨ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 750
ਸੱਚਾ ਸਿੱਖ ਤਾਂ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੀ ਸ਼ਰਧਾ, ਵਿਸ਼ਵਾਸ ਤੇ ਸਿਦਕ ਵਿੱਚ ਸਦਾ ਮਖਮੂਰ ਰਹਿੰਦਾ ਹੈ। ਉਸ ਦੇ ਵਾਸਤੇ ਤਾਂ ਸੱਚਾ ਸਿਦਕ, ਵਿਸ਼ਵਾਸ ਤੇ ਭਰੋਸਾ ਹੀ ਸੱਭ ਕੁਝ ਹੈ। ਉਹਦਾ ਧਰਮ ਵਿਸ਼ਵਾਸ ਹੈ, ਉਹਦਾ ਧਿਆਨ ਵਿਸ਼ਵਾਸ ਹੈ, ਉਹਦਾ ਕਰਮ ਵਿਸ਼ਵਾਸ ਹੈ।
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 285
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 864
ਇਕ ਸੱਚਾ ਸਿੱਖ ਗਿਆਨ ਦਾ ਸੋਮਾ ਹੁੰਦਾ ਹੋਇਆ, ਧਿਆਨ ਦੀ ਮੂਰਤ ਹੁੰਦਾ ਹੋਇਆ, ਉਤਮ ਕਰਮਯੋਗੀ ਹੁੰਦਾ ਹੋਇਆ, ਨਿਮਰਤਾ ਵਿੱਚ ਭਰਿਆ ਹੋਇਆ, ਇਹੀ ਬੇਨਤੀਆਂ ਕਰੀ ਜਾਂਦਾ ਹੈ ਕਿ-
ਹੇ ਸੱਚੇ ਪਾਤਸ਼ਾਹ !
- ਮੈਂ ਗਿਆਨ ਤੋਂ ਕੀ ਲੈਣਾ ਹੈ ।
- ਮੇਰਾ ਧਿਆਨ ਨਾਲ ਕੀ ਸਬੰਧ ਹੈ।
- ਮੇਰਾ ਕਰਮ ਨਾਲ ਕੀ ਵਿਉਹਾਰ ਹੈ।
ਸੱਚੇ ਪਾਤਸ਼ਾਹ ! ਹੇ ਗੁਰੂ ਨਾਨਕ !
ਮੇਰਾ ਤਾਂ ਸਭ ਕੁਝ ਤੂੰਹੀਓ ਤੂੰ ਹੈਂ।
ਦਰਸਨੁ ਦੇਖਿ ਜੀਵਾ ਗੁਰ ਤੇਰਾ ॥
ਪੂਰਨ ਕਰਮੁ ਹੋਇ ਪ੍ਰਭ ਮੇਰਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 742
Comments
Post a Comment