ਇਕੁ ਤਿਲੁ ਨਹੀ ਭੰਨੈ ਘਾਲੇ ॥ (2)

 

 ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥
ਦਾਸ 1979 ਵਿੱਚ ਆਰਮੀ ਹੈਡਕੁਆਟਰ ਦਿੱਲੀ ਵਿੱਚ ਬ੍ਰਗੇਡੀਅਰ ਲੱਗਾ ਹੋਇਆ ਸੀ। ਬ੍ਰਗੇਡੀਅਰ ਜਗਮੋਹਨ ਸਿੰਘ ਇਕ ਧਾਰਮਿਕ ਖਿਆਲਾਂ ਦੇ ਮਨੁੱਖ ਸਨ ਉਹ ਵੀ ਹੈਡਕੁਆਟਰ ਵਿਖੇ ਲੱਗੇ ਹੋਏ ਸਨ। ਉਨ੍ਹਾਂ ਦਾ ਦਫਤਰ ਵੀ ਮੇਰੇ ਦਫਤਰ ਦੇ ਨੇੜੇ ਹੀ ਸੀ। ਇਕ ਚੰਗੇ ਦੋਸਤ ਦੇ ਨਾਤੇ ਅਕਸਰ ਉਹ ਦੁਪਹਿਰ ਦੇ ਖਾਣੇ ਸਮੇਂ ਮੇਰੇ ਕੋਲ ਆ ਜਾਂਦੇ ਸਨ ਜਾਂ ਫਿਰ ਮੈਂ ਉਨ੍ਹਾਂ ਕੋਲ ਚਲਿਆ ਜਾਂਦਾ ਸੀ। ਆਮ ਤੌਰ ਤੇ ਅਸੀਂ ਦੁਪਹਿਰ ਦਾ ਖਾਣਾ ਇਕੱਠੇ ਹੀ ਖਾਂਦੇ ਸੀ ਅਤੇ ਅਧਿਆਤਮਿਕ ਗੱਲਾਂ ਵਿੱਚ ਸਮਾਂ ਬਤੀਤ ਕਰ ਲੈਂਦੇ ਸੀ।

ਇਕ ਦਿਨ ਉਨ੍ਹਾਂ ਦੇ ਡਿੱਪਟੀ ਕਰਨਲ ਪੀ. ਸੀ. ਸੌਂਧੀ ਵੀ ਉਨ੍ਹਾਂ ਦੇ ਨਾਲ ਮੇਰੇ ਦਫਤਰ ਵਿੱਚ ਆ ਗਏ। ਪਹਿਲਾਂ ਤਾਂ ਉਨ੍ਹਾਂ ਨੇ ਇਸ ਦਖਲਅੰਦਾਜ਼ੀ ਦੀ ਮੁਆਫੀ ਮੰਗੀ ਅਤੇ ਫਿਰ ਖਾਣੇ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਧਿਆਤਮਿਕ ਵਾਰਤਾਲਾਪ ਦਾ ਲਾਭ ਉਠਾਉਣਾ ਚਾਹੁੰਦੇ ਹਨ। ਮੈਂ ਸਤਿਕਾਰ ਨਾਲ ਉਨ੍ਹਾਂ ਨੂੰ “ਜੀ ਆਇਆਂ" ਕਿਹਾ ਅਤੇ ਬੇਨਤੀ ਕੀਤੀ ਕਿ ਜੇ ਕੋਈ ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਨਾਲ ਕੋਈ ਅਧਿਆਤਮਿਕ ਪੱਧਰ ਤੇ ਘਟਨਾ ਵਾਪਰੀ ਹੈ ਤਾਂ ਉਸਦਾ ਬਿਰਤਾਂਤ ਉਹ ਸਾਡੇ ਨਾਲ ਸਾਂਝਾ ਕਰਨ। ਉਨ੍ਹਾਂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ। ਉਨ੍ਹਾਂ ਨੇ ਆਪਣਾ ਇਕ ਅਨੋਖਾ ਅਨੁਭਵ ਸਾਨੂੰ ਇਸ ਤਰ੍ਹਾਂ ਸੁਣਾਇਆ-
ਮੈਂ ਫਿਰੋਜ਼ਪੁਰ ਵਿਖੇ ਆਪਣੀ ਯੂਨਿਟ ਵਿੱਚ ਮੇਜਰ ਦੇ ਤੌਰ ਤੇ ਤਾਇਨਾਤ ਸੀ। ਇਕ ਦਿਨ ਮੈਨੂੰ ਲੁਧਿਆਣੇ ਤੋਂ ਮੇਰੇ ਘਰੋਂ ਤਾਰ ਮਿਲੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮੇਰੇ ਘਰ ਬੇਟੀ ਦੀ ਦਾਤ ਦੀ ਬਖਸ਼ਿਸ਼ ਹੋਈ ਹੈ।ਮੈਂ ਕੁਝ ਦਿਨਾਂ ਦੀ ਛੁੱਟੀ ਲੈ ਲਈ। ਸਾਡੀ ਯੂਨਿਟ ਦਾ ਇੱਕ ਕਪਤਾਨ ਜਲੰਧਰ ਆਰਜ਼ੀ ਡਿਊਟੀ ਤੇ ਜਾ ਰਿਹਾ ਸੀ। ਮੈਂ ਲੁਧਿਆਣੇ ਤਕ ਉਸ ਨਾਲ ਜੀਪ ਵਿੱਚ ਸਫ਼ਰ ਕੀਤਾ।

ਰਸਤੇ ਵਿੱਚ ਅਸੀਂ ਫਿਰੋਜ਼ਪੁਰ ਤੋਂ ਲੁਧਿਆਣੇ ਵਾਲੀ ਸੜਕ ਉੱਤੇ ਜਗਰਾਉਂ ਤੋਂ ਕੁਝ ਮੀਲ ਉਰੇ ਲੋਕਾਂ ਦਾ ਇਕ ਬਹੁਤ ਵਡਾ ਇਕੱਠ ਦੇਖਿਆ। ਸਾਡੇ ਪੁਛਣ ਤੇ ਡਰਾਈਵਰ ਨੇ ਦਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਉਸ ਮਹਾਨ ਤੀਰਥ ਅਸਥਾਨ ਵੱਲ ਜਾ ਰਹੇ ਸਨ ਜਿੱਥੇ ਇਕ ਮਹਾਨ ਅਤੇ ਪ੍ਰਸਿਧ ਮਹਾਤਮਾ ਨੇ ਇਕ ਅਨੋਖੀ ਕਿਸਮ ਦੀ ਤਪੱਸਿਆ ਕੀਤੀ ਸੀ। ਉਹ ਪੂਰਨਮਾਸ਼ੀ ਦਾ ਦਿਨ ਸੀ। ਉਹ ਲੋਕ ਉੱਥੇ ਪਹੁੰਚ ਕੇ ਸਾਰੀ ਰਾਤ ਜਾਗਣਗੇ ਅਤੇ ਕੀਤਰਨ ਸੁਣਨਗੇ। ਸਾਡੇ ਡਰਾਈਵਰ ਨੇ ਇਹ ਵੀ ਦਸਿਆ ਕਿ ਉਹ ਅੱਗੇ ਵੀ ਇਸ ਅਸਥਾਨ ਤੇ ਜਾ ਚੁੱਕਾ ਹੈ। ਇਹ ਅਸਥਾਨ ਬਹੁਤ ਪਵਿੱਤਰ ਹੈ, ਅਨੋਖਾ ਹੈ ਅਤੇ ਆਪਣੀ ਮਿਸਾਲ ਆਪ ਹੀ ਹੈ। ਸਾਨੂੰ ਕਿਸੇ ਕਿਸਮ ਦੀ ਕਾਹਲੀ ਨਹੀਂ ਸੀ ਇਸ ਲਈ ਅਸੀਂ ਸੋਚਿਆ ਕਿਉਂ ਨਾ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੇ ਜਾਈਏ। ਡਰਾਈਵਰ ਜੀਪ ਉਸ ਜਗ੍ਹਾ ਤੇ ਲੈ ਗਿਆ, ਅਸੀਂ ਉਤਰੇ ਅਤੇ ਅੰਦਰ ਚਲੇ ਗਏ।

ਅਸੀਂ ਪਰਿਕਰਮਾਂ ਕਰਨ ਤੋਂ ਬਾਅਦ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਤਪੱਸਿਆ ਵਾਲੀ ਜਗ੍ਹਾ (ਭੋਰਾ ਸਾਹਿਬ) ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਬਾਹਰ ਸੇਵਾਦਾਰ ਖੜ੍ਹਾ ਸੀ ਜਿਸਨੇ ਸਾਨੂੰ ਰੋਕ ਲਿਆ ਅਤੇ ਉੱਥੇ ਲੱਗੇ ਹੋਏ ਨੋਟਿਸ ਬੋਰਡ ਨੂੰ ਪੜ੍ਹਣ ਲਈ ਕਿਹਾ। ਸੇਵਾਦਾਰ ਨੇ ਸਾਨੂੰ ਵਿਸਥਾਰ ਨਾਲ ਦਸਿਆ ਕਿ ਸਚਖੰਡ ਦੇ ਦਰਸ਼ਨ ਕਰਨ ਲਈ ਇਕ ਮਹੀਨਾ ਇਕ ਖਾਸ ਵਿਧੀ ਅਨੁਸਾਰ ਸਾਨੂੰ ਪਾਠ ਕਰਨਾ ਪਵੇਗਾ। ਅਸੀਂ ਵਾਪਸ ਚਲਣ ਹੀ ਵਾਲੇ ਸੀ ਕਿ ਸੇਵਾਦਾਰ ਨੇ ਇਹ ਸੋਚ ਕੇ ਇਕ ਫੌਜੀ ਅਫਸਰ ਹੋਣ ਦੇ ਨਾਤੇ ਇਹ ਇਕ ਮਹੀਨਾ ਕਿਵੇਂ ਪਾਠ ਕਰ ਸਕਣਗੇ ਸਾਨੂੰ ਅੰਦਰ ਜਾਣ ਦੀ ਆਗਿਆ ਦੇ ਦਿੱਤੀ।
ਅਸੀਂ ਪਵਿੱਤਰ ਸਚਖੰਡ ਦੇ ਦਰਸ਼ਨ ਕੀਤੇ ਅਤੇ ਅੰਦਰ ਬਣੇ ਹੋਏ ਭੋਰਿਆਂ ਵਿੱਚ ਗਏ। ਮੈਂ ਪੂਰੀ ਨਿਮਰਤਾ ਨਾਲ ਆਪਣਾ ਸਿਰ ਮਹਾਨ ਬਾਬਾ ਜੀ ਦੇ ਜੋੜਿਆਂ ਤੇ ਰੱਖ ਦਿੱਤਾ। ਇਸ਼ਨਾਨ ਕਰਨ ਉਪਰੰਤ ਜਿੱਥੇ ਮਹਾਨ ਬਾਬਾ ਜੀ ਬਿਰਾਜਮਾਨ ਹੋਇਆ ਕਰਦੇ ਸਨ ਉਸ ਥਾਂ ਤੇ ਉਨ੍ਹਾਂ ਦੇ ਪਵਿੱਤਰ ਜੋੜੇ ਰੱਖੇ ਹੋਏ ਸਨ। ਪਵਿੱਤਰ ਸਚਖੰਡ ਦੇ ਦਰਸ਼ਨਾਂ ਤੋ ਬਾਅਦ ਅਸੀਂ ਫਿਰ ਲੁਧਿਆਣੇ ਵੱਲ ਚਲ ਪਏ।
ਕੁਝ ਦਿਨਾਂ ਬਾਅਦ ਮੈਂ ਬੀਮਾਰ ਹੋ ਗਿਆ। ਮੇਰੀ ਹਾਲਤ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਸੀ। ਜਦੋਂ ਇਲਾਜ ਦਾ ਕੋਈ ਵੀ ਫਾਇਦਾ ਨਾ ਹੋਇਆ ਤਾਂ ਸਾਡੇ ਪਰਿਵਾਰਿਕ ਡਾਕਟਰ ਨੇ ਸਲਾਹ ਦਿੱਤੀ ਕਿ ਮੈਨੂੰ ਜਲਦੀ ਮਿਲਟਰੀ ਹਸਪਤਾਲ ਜਲੰਧਰ ਵਿਖੇ ਦਾਖ਼ਲ ਕਰਵਾ ਦਿੱਤਾ ਜਾਵੇ।
ਮੈਨੂੰ ਮਿਲਟਰੀ ਹਸਪਤਾਲ ਜਲੰਧਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਉੱਥੇ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਹਾਲਤ ਹੋਰ ਵਿਗੜਦੀ ਗਈ ਅਤੇ ਮੈਂ ਬੇਹੋਸ਼ੀ (coma) ਦੀ ਹਾਲਤ ਵਿੱਚ ਪਹੁੰਚ ਗਿਆ ਅਤੇ ਕਈ ਦਿਨ ਇਸ ਬੇਹੋਸ਼ੀ ਦੀ ਹਾਲਤ ਵਿੱਚ ਹੀ ਪਿਆ ਰਿਹਾ। ਮੈਨੂੰ ਐਸ. ਆਈ ਅਤੇ ਡੀ. ਆਈ ਦੀ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਮੇਰੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ।ਡਾਕਟਰਾਂ ਨੇ ਮੇਰੇ ਠੀਕ ਹੋਣ ਦੀ ਆਸ ਵੀ ਛੱਡ ਦਿੱਤੀ।
ਫਿਰ ਅਚਾਨਕ ਮੇਰੀ ਬੇਟੀ ਦੇ ਜਨਮ ਤੋਂ 21ਵੇਂ ਦਿਨ ਬਾਅਦ ਮੈਨੂੰ ਉਸ ਬੇਹੋਸ਼ੀ ਦੀ ਹਾਲਤ ਵਿੱਚ ਇਕ ਹੈਰਾਨੀਜਨਕ ਦ੍ਰਿਸ਼ਟਾਂਤ ਨਜ਼ਰ ਆਇਆ। ਉਸ ਸਮੇਂ ਡਾਕਟਰ ਅਤੇ ਮੇਰੇ ਪਰਿਵਾਰ ਵਾਲੇ ਮੇਰੀ ਮੌਤ ਦਾ ਇੰਤਜ਼ਾਰ ਕਰ ਰਹੇ ਸਨ।
ਇਕ ਦਰਗਾਹੀ ਹਸਤੀ ਜਿਨ੍ਹਾਂ ਨੇ ਸਫੇਦ ਬਸਤਰ ਪਹਿਨੇ ਹੋਏ ਸਨ, ਆਕਾਸ਼ ਤੋਂ ਉਤਰ ਕੇ ਮੇਰੇ ਵੱਲ ਆ ਰਹੀ ਸੀ। ਉਸਦੇ ਨੂਰਾਨੀ ਚਿਹਰੇ ਉੱਪਰ ਅਤੇ ਇਰਦ-ਗਿਰਦ ਪ੍ਰਕਾਸ਼ ਹੀ ਪ੍ਰਕਾਸ਼ ਸੀ। ਜਦੋਂ ਉਹ ਦਰਗਾਹੀ ਹਸਤੀ ਆਕਾਸ਼ ਤੋਂ ਉਤਰ ਰਹੀ ਸੀ ਤਾਂ ਮੈਨੂੰ ਇਕ ਆਕਾਸ਼ਬਾਣੀ ਸੁਣਾਈ ਦਿੱਤੀ ਕਿ ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਹਨ, ਜਿਨ੍ਹਾਂ ਦੇ ਪਵਿੱਤਰ ਜੋੜਿਆਂ ਤੇ ਮੈਂ ਆਪਣਾ ਸਿਰ ਰੱਖ ਕੇ ਨਮਸਕਾਰ ਕੀਤਾ ਸੀ। ਉਹ ਮੇਰੇ ਬਿਸਤਰ ਦੇ ਕੋਲ ਖੜ੍ਹੇ ਹੋ ਗਏ ਅਤੇ ਉਨ੍ਹਾਂ ਦੇ ਮੁਬਾਰਿਕ ਮੁਖਾਰਬਿੰਦ ਵਿਚੋਂ ਅੰਮ੍ਰਿਤ ਦੀ ਜੋ ਧਾਰਾ ਵਗ ਰਹੀ ਸੀ ਉਹ ਇਸ ਪ੍ਰਕਾਰ ਸੀ-

ਉੱਠੋ, ਨਾਮ ਜਪੋ !!!

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਵਿਚੋਂ ਤਿੰਨ ਵਾਰ ਰਾਮ-ਰਾਮ ਦਾ ਨਾਮ ਉਚਾਰਿਆ।ਮੇਰੇ ਬੁੱਲ੍ਹਾਂ ਵਿੱਚ ਵੀ ਹਰਕਤ ਆ ਗਈ ਅਤੇ ਮੈਂ ਵੀ ਰਾਮ ਦਾ ਪਵਿੱਤਰ ਨਾਮ ਜਪਣ ਲੱਗ ਪਿਆ। ਤਦ ਹੀ ਮੈਂ ਦੇਖਿਆ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਮੇਰੇ ਪਾਸੋਂ ਇਕ ਉੱਚੇ ਟਿੱਲੇ ਵੱਲ ਜਾ ਰਹੇ ਸਨ। ਉਹ ਉੱਥੇ ਬੈਠ ਗਏ ਅਤੇ ਫਿਰ ਸਮਾਧੀ ਵਿੱਚ ਲੀਨ ਹੋ ਗਏ। ਮੈਂ ਆਕਾਸ਼ ਤੋਂ ਇਕ ਸੁਨਹਿਰੀ ਪ੍ਰਕਾਸ਼ ਦਾ ਛਤਰ ਉਤਰਦਾ ਹੋਇਆ ਦੇਖਿਆ ਜਿਹੜਾ ਉਨ੍ਹਾਂ ਦੇ ਸਮਾਧੀ ਅਸਥਾਨ ਤੇ ਝੂਲਣ ਲੱਗ ਪਿਆ।

ਜਦੋਂ ਮੈਂ ਰਾਮ ਨਾਮ ਜਪ ਰਿਹਾ ਸੀ ਤਦ ਉਹ ਨਰਸ ਜੋ ਡਿਊਟੀ ਉੱਤੇ ਸੀ, ਆਈ ਅਤੇ ਉਸਨੇ ਡਾਕਟਰਾਂ ਨੂੰ ਬੁਲਾ ਲਿਆ। ਮੇਰੀ ਪਤਨੀ ਵੀ ਹੈਰਾਨ ਹੋ ਕੇ ਮੈਨੂੰ ਦੇਖ ਰਹੀ ਸੀ। ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਿਆ। ਮੇਰੇ ਮੂੰਹੋਂ ਪਵਿੱਤਰ ਰਾਮ ਨਾਮ ਦੀ ਬਾਣੀ ਸੁਣ ਕੇ ਮੇਰੀ ਹਾਲਤ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਅਤੇ ਘਬਰਾਏ ਹੋਏ ਉਹ ਸਭ ਇਸ ਰਹੱਸ ਨੂੰ ਜਾਣਨਾ ਚਾਹੁੰਦੇ ਸਨ ਕਿ ਮੈਨੂੰ ਕੀ ਹੋਇਆ ਸੀ? ਮੈਂ ਕਿਸ ਤਰ੍ਹਾਂ ਮੌਤ ਦੇ ਮੂੰਹ ਵਿਚੋਂ ਬੱਚ ਕੇ ਆਇਆ ਸੀ।
ਤਦ ਹੀ ਮੇਰੀ ਪਤਨੀ ਦੌੜ ਕੇ ਗਈ ਅਤੇ ਮੇਰੀ ਉਹ ਬੱਚੀ ਜੋ 21 ਦਿਨ ਪਹਿਲਾਂ ਜਨਮੀ ਸੀ, ਦੀ ਜਨਮ ਪੱਤਰੀ ਲੈ ਕੇ ਆਈ। ਉਸਨੇ ਕਿਹਾ ਕਿ ਸਾਡੇ ਪਰਿਵਾਰਿਕ ਪੰਡਿਤ ਨੇ ਇਹ ਪੱਤਰੀ ਬਣਾਈ ਹੈ ਜੋ ਬੰਦ ਲਿਫਾਫੇ ਵਿੱਚ ਦਿੰਦਿਆਂ ਉਸਨੇ ਕਿਹਾ ਸੀ ਕਿ ਕਿਉਂਕਿ ਉਸਨੇ ਇਸ ਪਰਿਵਾਰ ਦਾ ਵਰ੍ਹਿਆਂ ਬੱਧੀ ਲੂਣ ਖਾਧਾ ਹੈ ਇਸ ਲਈ ਭਾਵੇਂ ਉਹ ਕੁਝ ਵੀ ਕਰਨ ਦੇ ਅਸਮਰੱਥ ਹੈ ਪਰ ਉਸਨੇ ਸਚਾਈ ਨੂੰ ਜਨਮ ਪੱਤਰੀ ਵਿੱਚ ਲਿਖ ਦਿੱਤਾ ਹੈ। ਉਸਨੇ ਕਿਹਾ ਸੀ ਕਿ 20 ਦਿਨਾਂ ਦੇ ਬਾਅਦ ਇਸ ਜਨਮ ਪੱਤਰੀ ਨੂੰ ਖੋਲ੍ਹਿਆ ਜਾਵੇ

ਬੰਦ ਲਿਫਾਫਾ ਖੋਲ੍ਹਿਆ ਗਿਆ ਅਤੇ ਉਸਨੂੰ ਪੜ੍ਹਿਆ ਗਿਆ। ਪੰਡਿਤ ਜੀ ਨੇ ਲਿਖਿਆ ਸੀ ਕਿ ਬੱਚੀ ਦੇ ਪਿਤਾ ਦਾ ਸਵਰਗਵਾਸ ਉੇਸ ਦੇ ਜਨਮ ਦੇ 21ਵੇਂ ਦਿਨ ਹੋ ਜਾਵੇਗਾ।
ਤਦ ਕਰਨਲ ਪੀ. ਸੀ. ਸੌਂਧੀ ਨੇ ਕਿਹਾ ਕਿ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ ਕਮਲਾਂ ਦੇ ਪਵਿੱਤਰ ਜੋੜਿਆਂ ਦੀ ਇਕ ਵਾਰ ਛੁਹ ਪ੍ਰਾਪਤ ਕਰਨ ਨਾਲ ਹੀ ਇਹ ਚਮਤਕਾਰ ਹੋਇਆ ਹੈ। ਉਨ੍ਹਾਂ ਨੂੰ ਇਕ ਨਵਾਂ ਜੀਵਨ ਮਿਲਿਆ ਹੈ ਅਤੇ 'ਨਾਮ' ਮਿਲਿਆ ਹੈ। ਉਸਨੇ ਕਿਹਾ ਕਿ ਇਸ ਤੋਂ ਵਧੀਆ ਹੋਰ ਕੋਈ ਧਾਰਮਿਕ ਅਨੁਭਵ ਕੀ ਹੋ ਸਕਦਾ ਹੈ।
ਮੈਂ ਉਸ ਸਮੇਂ ਆਪਣੇ ਅਥਰੂਆਂ ਨੂੰ ਰੋਕ ਨਹੀਂ ਸਕਿਆ। ਕਰਨਲ ਪੀ. ਸੀ. ਸੌਂਧੀ ਇਹ ਨਹੀਂ ਜਾਣਦਾ ਸੀ ਕਿ ਮੈਂ ਪਵਿੱਤਰਤਾ ਦੇ ਪੁੰਜ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਕ ਨਿਮਾਣਿਆਂ ਤੋਂ ਨਿਮਾਣਾ ਜਿਹਾ ਕੁੱਤਾ ਹਾਂ।
ਜ਼ਿੰਦਗੀ ਅਤੇ ਮੌਤ ਦੇ ਮਾਲਕ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ |
ਅਹਿਲਿਆ ਗੌਤਮ ਰਿਖੀ ਦੇ ਘਰ ਵਾਲੀ ਉਸ ਦੇ ਸਰਾਪ ਨਾਲ ਪੱਥਰ ਬਣੀ ਹੋਈ ਸੀ। ਭਗਵਾਨ ਰਾਮ ਦੇ ਚਰਨਾਂ ਦੀ ਛੁਹ ਨਾਲ ਉਸ ਪੱਥਰ ਦਾ (ਅਹਿਲਿਆ ਦਾ) ਕਲਿਆਣ ਹੋਇਆ।
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਾਵਨ ਜੋੜਿਆਂ ਦੀ ਛੁਹ ਨਾਲ ਜੋ ਕਮਾਲ ਹੋਇਆ ਉਹ ਕਰਨਲ ਪੀ. ਸੀ. ਸੌਂਧੀ ਹੀ ਜਾਣ ਤੇ ਸਮਝ ਸਕਦਾ ਹੈ ਜਿਸਦੀ ਮੌਤ ਕੱਟੀ ਗਈ। ਇਕ ਨਵੀਂ ਲੰਬੀ ਉਮਰ ਮਿਲ ਗਈ ਅਤੇ ਨਾਮ ਦੀ ਦਾਤ ਪ੍ਰਾਪਤ ਹੋਈ। ਜੇ ਇਕ ਅਣਜਾਨ ਇਨਸਾਨ ਬਾਬਾ ਜੀ ਦੇ ਜੋੜਿਆਂ ਦੀ ਪਾਵਨ ਛੁਹ ਨਾਲ ਇਹ ਕੁਝ ਪ੍ਰਾਪਤ ਕਰ ਸਕਦਾ ਹੈ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਸੇ ਹੋਏ ਪੂਰਨਿਆਂ ਤੇ ਚਲਦਾ ਹੋਇਆ ਕੋਈ ਇਨਸਾਨ ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਪ੍ਰਗਟ ਗੁਰਾਂ ਕੀ ਦੇਹ' ਨੂੰ ਹਾਜ਼ਰ-ਨਾਜ਼ਰ ਪ੍ਰਤੱਖ ਗੁਰੂ ਨਾਨਕ ਸਮਝ ਕੇ ਮੱਥਾ ਟੇਕਦਾ ਹੈ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਛੁਹ ਪ੍ਰਾਪਤ ਕਰਦਾ ਹੈ ਤਾਂ ਕੀ ਉਸਦਾ ਕਲਿਆਣ ਨਹੀਂ ਹੋਵੇਗਾ?

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 277

ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥
ਸਤਿਗੁਰੁ ਮੇਰਾ ਮਾਰਿ ਜੀਵਾਲੈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1142

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

(Smast Ilahi Jot Baba Nand Singh Ji Maharaj, Part 3)

ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਜੀ ਦੀ ਆਪਬੀਤੀ 

Comments

Popular posts from this blog

अपने स्वामी की प्रशंसा में सब कुछ दांव पर लगा दो।

ਭਾਵਨਾ ਦਾ ਫਲ

ਗੁਰੂ ਨਾਨਕ ਨੂੰ ਕਿਥੇ ਲੱਭੀਏ?