ਮੁਕਤੀ


ਇਕ ਵਾਰ ਮੇਰੇ ਪਿਤਾ ਜੀ, ਭਾਈ ਸਾਹਿਬ (ਸੰਤ) ਸੁਜਾਨ ਸਿੰਘ ਜੀ (ਪ੍ਰਸਿੱਧ ਕੀਰਤਨੀਏ) ਅਤੇ ਹੋਰ ਸ਼ਰਧਾਲੂ ਬਾਬਾ ਜੀ ਦੇ ਠਾਠ ਨੂੰ ਮੱਥਾ ਟੇਕਣ ਜਾ ਰਹੇ ਸਨ | ਪਿਤਾ ਜੀ ਨੇ ਨਿੱਤ ਵਾਂਗ ਠਾਠ ਦੇ ਗੇਟ ਵਿੱਚ ਕਾਲੂ (ਕੁੱਤੇ) ਨੂੰ ਬੈਠਿਆਂ ਵੇਖਿਆ | ਪਿਤਾ ਜੀ ਨੇ ਬੜੇ ਪਿਆਰ ਨਾਲ ਕਾਲੂ ਨੂੰ ਚੁੱਕ ਲਿਆ ਅਤੇ ਉਸ ਦੇ ਪੈਰਾਂ ਨੂੰ ਆਪਣੇ ਮੱਥੇ ਨਾਲ ਲਾ ਲਿਆ | ਕਾਲੂ ਦੇ ਪੈਰਾਂ ਦੀ ਧੂੜੀ ਮੱਥੇ ਉੱਤੇ ਲੱਗ ਗਈ | 

ਸੰਤ ਸੁਜਾਨ ਸਿੰਘ ਜੀ ਨੇ ਸ਼ੁਗਲ ਵਿੱਚ ਮਜਾਕੀਆ ਤੌਰ ਤੇ ਕਿਹਾ-  ਕਪਤਾਨ ਸਾਹਿਬ ਇਹ ਕੀ ਕਰਦੇ ਹੋ?

 

ਮੇਰੇ ਪਿਤਾ ਜੀ ਨੇ ਆਪਣੇ ਸੁਭਾਅ ਅਨੁਸਾਰ ਹਲੀਮੀ ਨਾਲ ਜੁਆਬ ਦਿਤਾ-


ਭਾਈ ਸਾਹਿਬ ਮੈਂ ਹਰ ਰੋਜ਼ ਆਪਣੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਅੱਗੇ ਇਹ ਹੀ ਜੋਦੜੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਆਪਣਾ ਕੁੱਤਾ ਬਣਾ ਲਓ | ਭਾਈ ਸਾਹਿਬ ਇਹ ਕਾਲੂ ਕਿੰਨਾ ਖੁਸ਼ਕਿਸਮਤ ਹੈ ਕਿ ਉਹ ਪਹਿਲਾਂ ਹੀ ਇਸ ਪਦਵੀ ਦਾ ਆਨੰਦ ਮਾਣ ਰਿਹਾ ਹੈ |


ਅਗਲੇ ਦਿਨ ਸੰਤ ਸੁਜਾਨ ਸਿੰਘ ਜੀ ਮੇਰੇ ਪਿਤਾ ਜੀ ਪਾਸ ਆਏ, ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ | ਉਹ ਆਪਣੇ ਵਿਅੰਗ ਦਾ ਪਛਤਾਵਾ ਕਰ ਰਹੇ ਸਨ | ਉਨ੍ਹਾਂ ਨੂੰ ਕੋਈ ਅਜੀਬ ਅਨੁਭਵ ਹੋਇਆ ਸੀ| ਉਨ੍ਹਾਂ ਨੇ ਰਾਤ ਨੂੰ ਇਕ ਦ੍ਰਿਸ਼ਟਾਂਤ ਵਿੱਚ ਵੇਖਿਆ ਕਿ ਯਮਰਾਜ ਦੇ ਦੂਤ ਇਕ ਮਰੇ ਹੋਏ ਵਿਅਕਤੀ ਨੂੰ ਨਰਕ ਵੱਲ ਲਿਜਾ ਰਹੇ ਹਨ | ਅਚਾਨਕ ਆਕਾਸ਼ ਵਿੱਚੋਂ ਕੋਈ ਚੀਜ਼ ਉਸ ਬਦਕਿਸਮਤ ਆਦਮੀ ਦੀ ਲੋਥ ਉਪਰ ਆ ਕੇ ਡਿੱਗ ਪੈਂਦੀ ਹੈ | ਯਮਰਾਜ ਦੇ ਦੂਤ ਭੈ-ਭੀਤ ਹੋ ਕੇ ਨੱਸ ਜਾਂਦੇ ਹਨ| ਉਨ੍ਹਾਂ ਦੀ ਥਾਂ ਦੇਵਤੇ ਉਸ ਆਦਮੀ ਨੂੰ ਸਤਿਕਾਰ ਨਾਲ ਬਹਿਸ਼ਤ(ਸ੍ਵਰਗ) ਵਿੱਚ ਲਿਜਾਣ ਲਈ ਪਾਲਕੀ ਲੈ ਕੇ ਆ ਜਾਂਦੇ ਹਨ |


ਉਨ੍ਹਾਂ ਨੇ ਪਿਤਾ ਜੀ ਨੂੰ ਦੱਸਿਆ ਕਿ ਇਕ ਇੱਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤੇ ਕਾਲੂ ਦੇ ਪੈਰਾਂ ਵਿੱਚੋਂ ਰੋਟੀ ਦਾ ਕੋਈ ਟੁੱਕੜਾ ਝਪਟ ਕੇ ਲੈ ਗਈ ਸੀ | ਆਕਾਸ਼ ਵਿੱਚ ਉਡਦੇ ਸਮੇਂ ਇਹ ਟੁੱਕੜਾ ਥੱਲੇ ਨਰਕ ਨੂੰ ਲਿਜਾਏ ਜਾ ਰਹੇ ਉਸ ਦੰਡਿਤ ਵਿਅਕਤੀ ਉੱਤੇ ਡਿੱਗ ਪਿਆ | ਇਸ ਟੁਕੜੇ ਨੂੰ ਕਾਲੂ ਦੇ ਪੈਰਾਂ ਦੀ ਧੂੜ ਲੱਗੀ ਹੋਈ ਸੀ | ਦੰਡਿਤ ਆਤਮਾ ਯਕਦਮ ਮੁਕਤ ਹੋ ਗਈ | ਉਸ ਨੂੰ ਦੇਵਤੇ ਨਮਸਕਾਰ ਕਰਨ ਅਤੇ ਬਹਿਸ਼ਤ ਨੂੰ ਲਿਜਾਣ ਲਈ ਆ ਗਏ |


ਸੰਤ ਸੁਜਾਨ ਸਿੰਘ ਜੀ ਦੀਆਂ ਅੱਖਾ ਵਿੱਚੋਂ ਹੰਝੂ ਵਹਿ ਰਹੇ ਸਨ| ਉਨ੍ਹਾਂ ਦੱਸਿਆ ਕਿ ਉਹ ਸਵੇਰ ਤੋਂ ਹੀ ਕਾਲੂ ਦੀ ਭਾਲ ਕਰ ਰਹੇ ਸਨ ਪਰ ਉਹ ਲੱਭਾ ਨਹੀਂ ਉਨ੍ਹਾਂ ਨੇ ਸੱਚੇ ਦਿਲੋਂ ਪਿਛਲੇ ਦਿਨ ਕੀਤੇ ਮਜ਼ਾਕ ਦੀ ਮੁਆਫ਼ੀ ਮੰਗੀ | 

ਪਿਤਾ ਜੀ ਨੇ ਨਿਮਰਤਾ ਨਾਲ ਕਿਹਾ-

ਭਾਈ ਸਾਹਿਬ, ਮੁਕਤੀ ਤਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤੇ ਵੀ ਬਖਸ਼ ਸਕਦੇ ਹਨ |

ਗੁਰੂ ਨਾਨਕ ਦਾਤਾ ਬਖਸ਼ ਲੈ।

    ਬਾਬਾ ਨਾਨਕ ਬਖਸ਼ ਲੈ॥ 


 

Comments