ਗੁਰੂ ਨਾਨਕ ਦਾਤਾ ਬਖਸ਼ ਲੈ ਮਿਸ਼ਨ ਦੀ ਸ਼ੁਰੂਆਤ

 


ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ||
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ||
ਸਾਧ ਸੰਗਤ ਜੀ 
ਇਕ ਦਿਨ ਅੰਮ੍ਰਿਤ ਵੇਲੇ ਪੂਜਯ ਪਿਤਾ ਜੀ ਨੇ ਆਪਣੇ ਪਾਸ ਬੁਲਾਇਆ| ਉਸ ਵੇਲੇ ਪਿਤਾ ਜੀ ਨੇ ਦਾਸ ਨਾਲ ਜੋ ਪਾਵਨ ਬਚਨ ਕੀਤੇ ਪਹਿਲੋਂ ਆਪ ਨਾਲ ਸਾਝੇਂ ਕਰਦਾ ਹਾਂ-
ਫੁਰਮਾਇਆ-
ਦੇਖੋ ਪੁੱਤ ਤੂੰ ਸਾਡੇ ਨਾਲ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਵਿੱਚ ਬੈਠ ਕੇ ਉਨ੍ਹਾਂ ਦੀ ਪਾਵਨ ਗੋਦ ਦਾ ਆਨੰਦ ਮਾਣਿਆ ਹੈ, ਉਨ੍ਹਾਂ ਦੇ ਪਾਵਨ ਚਰਨ ਕਮਲਾਂ ਦੀ ਛੂਹ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਦੇ ਪਾਵਨ ਮੁਖਾਰਬਿੰਦ ਤੋਂ ਅੰਮ੍ਰਿਤ ਬਚਨ ਸੁਣੇ ਹਨ| ਪੁੱਤ ਤੂੰ ਰੱਜ ਰੱਜ ਕੇ ਬਾਬਿਆਂ ਦੇ ਪਾਵਨ ਦਿਦਾਰੇ ਕੀਤੇ ਅਤੇ ਉਨ੍ਹਾਂ ਦੇ ਅਸਚਰਜ ਕੌਤਕ ਦੇਖੇ ਹਨ| ਬਾਬਾ ਨੰਦ ਸਿੰਘ ਸਾਹਿਬ ਜਿਸ ਵਿਲੱਖਣ ਵਾਤਾਵਰਣ ਵਿੱਚ ਵਿਚਰਦੇ ਸਨ ਉਸਦਾ ਰਜ ਰਜ ਕੇ ਅਨੰਦ ਮਾਣਿਆ ਹੈ ...
ਪਿਤਾ ਜੀ ਫੁਰਮਾਉਂਣ ਲੱਗੇ-
ਪੁੱਤ ਤੇਰਾ ਬਾਬਿਆਂ ਦੇ ਚਰਨਾਂ ਨਾਲ ਉੱਚਾ ਤੇ ਸੁੱਚਾ ਪਿਆਰ ਅਤੇ ਲਗਾਵ ਤੇਰੀਆਂ ਤਿੰਨੋਂ ਭੈਣਾ ਦੇ ਅਥਾਹ ਪ੍ਰੇਮ ਵਰਗਾ ਹੀ ਹੈ|

ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਸ਼ਬਦ ਦੇ ਬਾਰੇ ਫੁਰਮਾਇਆ-

ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ||
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ||
ਬਾਬਾ ਨੰਦ ਸਿੰਘ ਸਾਹਿਬ ਦੇ ਉਹ ਪਾਵਨ ਬਚਨ ਜਿਹੜਾ ਅੰਮ੍ਰਿਤ ਰਸ ਉਨ੍ਹਾਂ ਦੀ ਪਾਵਨ ਰਸਨਾ ਤੋਂ ਉਤਰਿਆ ਹੈ ਅਤੇ ਅੰਮ੍ਰਿਤ ਦ੍ਰਿਸ਼ਟੀ ਚੋਂ ਵਰਸਿਆ ਹੈ ਉੱਸੇ ਅੰਮ੍ਰਿਤ ਪ੍ਰਕਾਸ਼ ਦੇ ਤੁਸੀਂ ਅਸਚਰਜ ਕੌਤਕ ਦੇਖੇ ਹਨ ਉਸ ਅੰਮ੍ਰਿਤ ਬਾਰੇ ਕਿਸੇ ਨੂੰ ਪਤਾ ਸੀ ਕਿ ਬਾਬਿਆਂ ਨੇ ਕਿਸ ਪਰਥਾਏ ਉਹ ਅੰਮ੍ਰਿਤ ਬਚਨ ਕੀਤੇ ਹਨ ਕਿਉਂਕਿ ਉਹ ਅੰਮ੍ਰਿਤ ਜਿਹੜਾ ਨਿਰੰਕਾਰ ਦਾ ਅੰਮ੍ਰਿਤ ਸਰੂਪ ਹੈ, ਨਿਰੰਕਾਰ ਦਾ ਪ੍ਰਕਾਸ਼ ਸਰੂਪ ਹੈ ਉਹ ਨਿਰੰਕਾਰ ਦੇ ਸਾਰੇ ਬੱਚਿਆਂ ਦਾ ਸਾਂਝਾ ਹੈ| 

 

ਬਾਬਾ ਨੰਦ ਸਿੰਘ ਸਾਹਿਬ ਪੂਰਨ ਤੌਰ ਤੇ ਬੇਮੁਹਤਾਜ, ਬੇਪਰਵਾਹ ਅਤੇ ਇਕ ਤਿੱਲ ਦੀ ਤਮਾ ਨਾ ਰਖਣ ਵਾਲੇ, ਜਿਸ ਤਰ੍ਹਾਂ ਉਹ ਨਿਰੰਕਾਰ ਪਰਾਇਣ ਸਨ, ਉਨ੍ਹਾਂ ਨੇ ਲੇਸ ਮਾਤਰ ਵੀ ਮਾਣ ਆਪਣੇ ਉਪਰ ਨਹੀਂ ਲਿਆ, ਜਿਸ ਅੰਮ੍ਰਿਤ ਦੀ ਬਾਬਾ ਨੰਦ ਸਿੰਘ ਸਾਹਿਬ ਉਸ ਵੇਲੇ ਵਰਖਾ ਕਰਦੇ ਸਨ ਉਹ ਵਰਖਾ ਕਿਸ ਪਰਥਾਏੇ ਹੋਈ ਹੈ ਕਿ ਪੁੱਤ ਇਸ ਅੰਮ੍ਰਿਤ ਨੂੰ ਨਿਰੰਕਾਰ ਦੇ ਸਾਰੇ ਬੱਚਿਆਂ ਤੱਕ (ਸਮੁੱਚੇ ਸੰਸਾਰ ਤਕ) ਪਹੁੰਚਾਣਾ ਸਾਡੀ ਪਰਮ ਸੇਵਾ ਬਣਦੀ ਹੈ, ਕਿਉਂਕਿ ਇਹ ਅੰਮ੍ਰਿਤ ਪ੍ਰਕਾਸ਼ ਨਿਰੰਕਾਰ ਦੇ ਸਾਰੇ ਬੱਚਿਆਂ ਦੀ ਸਾਂਝੀ ਵਿਰਾਸਤ ਹੈ|

 

ਜਿਸ ਵੈਰਾਗ ਵਿੱਚ ਪਿਤਾ ਜੀ ਨੇ ਬਚਨ ਕੀਤੇ ਉਸ ਵੈਰਾਗ ਵਿੱਚ ਉਨ੍ਹਾਂ ਦੇ ਪਿਆਰ ਭਰੇ ਹੰਝੂਆਂ ਦੀ ਅੰਮ੍ਰਿਤਧਾਰਾ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਤੇ ਵਹਿ ਰਹੀ ਸੀ| ਉਹ ਪਿਆਰ ਭਰੇ ਹੰਝੂਆਂ ਦਾ ਸਦਕਾ ਹੀ ਇਕ ਸ਼ੁਰੂਆਤ ਤੇ ਆਰੰਭਤਾ ਸੀ ਇਕ ਵੈਰਾਗਮਈ ਗੁਰੂ ਨਾਨਕ ਦਾਤਾ ਬਖਸ਼ ਲੈ ਮਿਸ਼ਨ ਦੀ ਤੇ ਸਾਹਿਬ ਦੇ ਚਰਨ ਕਮਲਾਂ ਵਿੱਚ ਪੂਜਯ ਪਿਤਾ ਜੀ ਦੀ ਵਿਨੰਮਰ ਤੇ ਸਦੀਵੀ ਡੰਡੌਤ ਬੰਦਨਾ ਦੀ|

ਦਾਸਨ ਦਾਸ
ਪ੍ਰਤਾਪ ਸਿੰਘ
203 ਸੈਕਟਰ, 33 ਏ
ਚੰਡੀਗੜ੍ਹ

ਗੁਰੂ ਨਾਨਕ ਦਾਤਾ ਬਖਸ਼ ਲੈ,

ਬਾਬਾ ਨਾਨਕ ਬਖਸ਼ ਲੈ

Comments