ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਬਿੰਦ ਪ੍ਰੇਮ

 



ਇੱਕ ਦਫਾ ਪਿਤਾ ਜੀ ਨੇ ਇੱਕ ਪਾਵਨ ਸਾਖੀ ਸੁਣਾਈ।

ਮਹਾਰਾਜਾ ਰਣਜੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਕੇ ਦਸਮੇਸ਼ ਪਿਤਾ ਦੀ ਕਲਗੀ ਨੂੰ ਚੁੰਮਿਆ ਹੈ, ਮਸਤਕ ਤੇ ਲਗਾਇਆ ਹੈ ਤੇ ਮੱਥਾ ਟੇਕਿਆ ਹੈ। ਦਰਬਾਰ ਵਿੱਚ ਆ ਕੇ ਬੈਠੇ ਹਨ ਤੇ ਇੱਕ ਸਵਾਲ ਕੀਤਾ-

ਇਸ ਵੇਲੇ ਇਸ ਧਰਤੀ ਤੇ ਕੋਈ ਐਸਾ ਭਾਗਸ਼ਾਲੀ ਸਿੱਖ ਹੋਵੇਗਾ ਜਿਸ ਨੇ ਆਪਣੇ ਇਨ੍ਹਾਂ ਨੇਤਰਾਂ ਨਾਲ ਮੇਰੇ ਸਾਹਿਬ ਸਤਿਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹੋਣ?

ਸਾਧ ਸੰਗਤ ਜੀ ਭਾਲ ਸ਼ੁਰੂ ਹੋ ਗਈ ਹੈ। ਪਹਾੜ ਦੀਆਂ ਖੁੰਦਕਾਂ ਵਿੱਚੋਂ ਇੱਕ ਨਿਹੰਗ ਸਿੰਘ ਜਾ ਲੱਭਿਆ ਉਸਨੂੰ ਪੁੱਛਿਆ ਹੈ ਤਾਂ ਅੱਗੋਂ ਜਵਾਬ ਦਿੱਤਾ ਹੈ ਅਸੀਂ ਆਪਣੇ ਨੇਤਰਾਂ ਨਾਲ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹਨ ਉਹ ਬੜੇ ਖੁਸ਼ ਹੋਏ ਤੇ ਪੁੱਛਿਆ ਹੈ ਕਿ ਤੁਹਾਡਾ ਕਿਸ ਤਰ੍ਹਾਂ ਆਉਣਾ ਹੋਇਆ ਹੈ? ਅੱਗੋਂ ਜਵਾਬ ਦਿੱਤਾ ਕਿ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਵਾਲ ਕੀਤਾ, ਉਨ੍ਹਾਂ ਦੇ ਹਿਰਦੇ ਵਿੱਚੋਂ ਇਹ ਪਿਆਸ ਉੱਠੀ ਹੈ ਕਿ ਇਸ ਵੇਲੇ ਕੋਈ ਐਸਾ ਗੁਰਸਿੱਖ ਵੀ ਹੈ ਜਿਸਨੇ ਦਸਮੇਸ਼ ਪਿਤਾ ਦੇ ਦਰਸ਼ਨ ਕੀਤੇ ਹੋਣ।

ਬੜੇ ਖੁਸ਼ ਹੋਏ ਕਹਿਣ ਲੱਗੇ- ਜੀ ਅਸੀਂ ਹੁਣ ਜਾ ਕੇ ਉਨ੍ਹਾਂ ਨੂੰ ਤੁਹਾਡਾ ਪਤਾ ਦਿਆਂਗੇ ਅਤੇ ਉਹ ਤੁਹਾਡੇ ਦਰਸ਼ਨਾਂ ਵਾਸਤੇ ਆਉਣਗੇ। 

ਅੱਗੋਂ ਨਿਹੰਗ ਸਿੰਘ ਕਹਿਣ ਲਗਾ- ਨਹੀਂ, ਅਸੀਂ ਹੀ ਚਲਦੇ ਹਾਂ। 

ਤੇ ਨਾਲ ਹੀ ਆਏ ਹਨ। ਉਸ ਵੇਲੇ ਵੀ ਦਰਬਾਰ ਲੱਗਿਆ ਹੋਇਆ ਹੈ, ਜਿਸ ਵੇਲੇ ਉਹ ਤਸ਼ਰੀਫ ਲਿਆਏ ਹਨ। ਮਹਾਰਾਜਾ ਰਣਜੀਤ ਸਿੰਘ ਉੱਠੇ ਹਨ ਅਤੇ ਜਾ ਕੇ ਉਨ੍ਹਾਂ ਦੇ ਚਰਨਾਂ ਤੇ ਮਸਤਕ ਰੱਖਿਆ ਹੈ ਉਸਦੇ ਚਰਨਾਂ ਨੂੰ ਚੁੰਮਿਆਂ ਹੈ, ਆਪਣੇ ਦਾੜ੍ਹੇ ਨਾਲ ਚਰਨਾਂ ਨੂੰ ਸਪਰਸ਼ ਕੀਤਾ, ਝਾੜਿਆ ਹੈ ਤੇ ਫਿਰ ਹੱਥ ਜੋੜ ਕੇ ਪੁੱਛਿਆ ਹੈ- ਤੁਸੀਂ ਮੇਰੇ ਸਾਹਿਬ, ਮੇਰੇ ਸਤਿਗੁਰੂ, ਮੇਰੇ ਪ੍ਰੀਤਮ, ਮੇਰੇ ਬਾਬਲ ਦੇ ਦਰਸ਼ਨ ਇਨ੍ਹਾਂ ਨੇਤਰਾਂ ਨਾਲ ਕੀਤੇ ਹਨ? 

ਤਾਂ ਉਸ ਵੇਲੇ ਉਹ ਨਿਹੰਗ ਸਿੰਘ ਫੁਰਮਾਉਣ ਲੱਗੇ- ਰਣਜੀਤ ਸਿੰਘ ਅਸੀਂ ਸਾਹਿਬ ਦੇ ਹੁਕਮ ਅਤੇ ਰਜਾ ਦੇ ਵਿੱਚ ਉਨ੍ਹਾਂ ਦੀ ਛਤਰ ਛਾਇਆ ਹੇਠ ਤਿੰਨ ਯੁੱਧ ਲੜੇ ਹਨ।

ਮਹਾਰਾਜਾ ਰਣਜੀਤ ਸਿੰਘ ਇੱਕ ਮਨ ਇੱਕ ਚਿੱਤ ਹੋ ਕੇ ਸੁਣ ਰਹੇ ਹਨ।

ਫੁਰਮਾਇਆ- ਜਿਸ ਵਕਤ ਵੀ ਅਸੀਂ ਯੁੱਧ ਦੇ ਵਿੱਚ ਜਾਂਦੇ ਸੀ ਉਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਇੱਕ ਚੌਂਕੀ ਦੇ ਉੱਤੇ ਨੰਗੇ ਚਰਨਾਂ ਨਾਲ ਖੜ੍ਹੇ ਹੋ ਜਾਂਦੇ ਸਨ। ਅਸੀਂ ਸਾਰੇ ਇੱਕ ਲਾਈਨ ਬਣਾ ਕੇ ਉਨ੍ਹਾਂ ਦੇ ਚਰਨਾਂ ਤੇ ਜਾ ਕੇ ਮਸਤਕ ਰੱਖਦੇ ਸੀ। ਮਸਤਕ ਰੱਖ ਕੇ ਗਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਨੂੰ ਚੁੰਮਦੇ ਸੀ। ਜਿਸ ਵਕਤ ਸੀਸ ਉੱਤੇ ਕਰਕੇ ਉਨ੍ਹਾਂ ਦੇ ਦਰਸ਼ਨ ਕਰਨੇ, ਉਸ ਵੇਲੇ ਸਾਹਿਬ ਆਪਣੇ ਪਾਵਨ ਮੁੱਖ ਤੋਂ ਤਿੰਨ ਵਾਰੀ “ਨਿਹਾਲ, ਨਿਹਾਲ, ਨਿਹਾਲ” ਬੇਲਕੇ ਸਾਨੂੰ ਨਿਵਾਜਦੇ ਸਨ।

ਰਣਜੀਤ ਸਿੰਘ ਜੋ ਉਸ ਵੇਲੇ ਸਾਡੀ ਅਵਸਥਾ ਸੀ, ਉਹ ਇਹ ਗਰੀਬ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਦੀ ਨਦਰ ਤੋਂ ਜੋ ਬਖਸ਼ਿਸ਼, ਅੰਮ੍ਰਿਤ ਵਰਸਦਾ ਸੀ ਉਹ ਉਹੀ ਦੱਸ ਸਕਦਾ ਹੈ, ਜਿਸ ਨੇ ਉਸ ਅੰਮ੍ਰਿਤ ਵਿੱਚ ਇਸ਼ਨਾਨ ਕੀਤਾ ਹੋਵੇ। ਉਸ ਵੇਲੇ ਇਸ ਤਰ੍ਹਾਂ ਦਾ ਬੀਰ ਰਸ, ਸਭ ਤੋਂ ਵੱਡੀ ਚੀਜ਼ ਜੋ ਤੁਰਦੇ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾਂ ਸੀ, ਉਸ ਮੌਤ ਨੂੰ ਜਾ ਕੇ ਇਸ ਤਰ੍ਹਾ ਜੂਝੀਏੇ...। ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਉਸ ਅੰਮ੍ਰਿਤ ਨੇ ਅਮਰ ਬਣਾ ਦਿੱਤਾ ਹੈ ਅਤੇ ਉਸ ਮੌਤ ਨੂੰ ਅਸੀਂ ਫਤਹਿ ਕਰ ਚੁੱਕੇ ਹਾਂ। ਦਸ਼ਮੇਸ਼ ਪਿਤਾ ਦੀ ਨਦਰ ਨਾਲ ਜੋ ਜਾ ਕੇ ਫਿਰ ਉੱਥੇ ਯੁੱਧ ਲੜਨਾ, ਫਿਰ ਯਾ ਤੇ ਜਿੱਤ ਕੇ ਆਉਣਾ ਯਾ ਉੱਥੇ ਸ਼ਹੀਦ ਹੋ ਜਾਣਾ। ਕੀ ਮਜ਼ਾਲ ਹੈ ਕਿਸੇ ਸਿੱਖ ਨੇ ਦੁਸ਼ਮਣ ਨੂੰ ਪਿੱਠ ਦਿਖਾਈ ਹੋਵੇ। ਰਣਜੀਤ ਸਿੰਘ, ਉਸ ਮਸਤੀ ਔਰ ਸਰੂਰ ਦੇ ਵਿੱਚ ਬੈਠੇ ਹਾਂ ਹੁਣ ਤੱਕ ਆਪਣੇ ਸਾਹਿਬ ਨੂੰ ਯਾਦ ਕਰ ਰਹੇ ਹਾਂ। ਉਸ ਪਿਆਰ ਦੇ ਵਿੱਚ, ਉਸ ਵੈਰਾਗ ਦੇ ਵਿੱਚ ਇੱਕ ਇੱਕ ਸੁਆਸ ਕਟ ਰਹੇ ਹਾਂ।

ਪਿਤਾ ਜੀ ਨੇ ਫੁਰਮਾਇਆ-

ਜੋ ਸਤਿਗੁਰੂ ਨੂੰ ਉਸ ਦੇ ਪਿਆਰ ਵਿੱਚ ਨਿਰੰਕਾਰ ਭਾਵਨਾ, ਨਿਰੰਕਾਰ ਦ੍ਰਿਸ਼ਟੀ ਨਾਲ ਸਤਿਕਾਰਦਾ ਹੈ, ਜੇ ਸਤਿਗੁਰੂ ਨੂੰ ਜ਼ਾਹਰਾ ਜ਼ਹੂਰ ਪਿਆਰਦਾ ਹੈ, ਹਾਜ਼ਰਾ ਹਜ਼ੂਰ ਨਿਹਾਰਦਾ ਹੈ ਤਾਂ...
ਲਖ ਖੁਸੀਆ ਪਾਤਿਸਾਹੀਆ
ਜੇ ਸਤਿਗੁਰੁ ਨਦਰਿ ਕਰੇਇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-44
ਹੁਣ ਜਿਸ ਨੂੰ ਸਤਿਕਾਰਿਆ ਹੈ, ਪਿਆਰਿਆ ਹੈ, ਨਿਹਾਰਿਆ ਹੈ, ਉਸ ਦੀ ਨਦਰਿ, ਸਾਹਿਬ ਆਪ ਫੁਰਮਾ ਰਹੇ ਹਨ-
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰ ਨਦਰਿ ਕਰੇ।

ਪਿਤਾ ਜੀ ਬਹੁਤ ਹੀ ਵੈਰਾਗ ਦੇ ਵਿੱਚ ਸਨ, ਹੰਝੂਆਂ ਦੀ ਧਾਰਾ ਵਹਿ ਰਹੀ ਹੈ। ਫੁਰਮਾਇਆ-

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਕਮਲਾਂ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਕਮਲਾਂ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ...
ਸਤਿਗੁਰੁ ਮੇਰਾ ਸਦਾ ਸਦਾ ਨ ਆਵੈ ਨਾ ਜਾਇ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-759
ਸਤਿਗੁਰੁ ਮੇਰਾ ਸਦਾ-ਸਦਾ, ਉਹ ਅਬਿਨਾਸੀ ਹੈ, ਨਿਰੰਕਾਰ ਸਰੂਪ ਹੈ।

ਦਸੋਂ ਪਾਤਸ਼ਾਹੀਆਂ ਜ਼ਲਵਾ ਫਰੋਜ਼ ਹਨ। ਪਿਤਾ ਜੀ ਦਾ ਵੈਰਾਗ ਦੇਖ ਕੇ ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਪੁੱਤ ਫਿਰ ਉਹ ਨਦਰਿ ਵੇਖਣਾ ਚਾਹੁੰਦਾ ਹੈਂ?

ਉਸ ਵੇਲੇ ਦਸੋਂ ਪਾਤਸ਼ਾਹੀਆਂ ਜਦੋਂ ਪ੍ਰਤੱਖ ਆਈਆਂ, ਦਸੋਂ ਪਾਤਸ਼ਾਹੀਆਂ ਫਿਰ ਜਿਸ ਨਦਰਿ ਦੇ ਨਾਲ, ਜਿਸ ਨਦਰਿ ਦੇ ਵਿੱਚ ਦਰਗਾਹ ਦੀਆਂ ਸਾਰੀਆਂ ਬਰਕਤਾਂ ਵਹਿੰਦੀਆਂ ਹਨ। ਉਸ ਵੇਲੇ ਜਦੋਂ ਦਸੋ ਪਾਤਸ਼ਾਹੀਆਂ ਇੱਕ ਹੋ ਕੇ ਉਸ ਪਿਆਰ ਨੂੰ ਪਰਵਾਨ ਕਰ ਰਹੀਆਂ ਹਨ ਉਸ ਵੇਲੇ ਉਹ ਪ੍ਰਵੇਸ਼ ਕਿੱਥੇ ਕਰਦਾ ਹੈ ਉਹ ਨਦਰ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆ ਵਾਲਾ ਸਰੂਰ, ਉਹ ਮਸਤੀ, ਉਹ ਨਸ਼ਾ, ਉਹ ਖ਼ੁਮਾਰੀ ਜਦੋਂ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।

ਫਿਰ ਪਿਤਾ ਜੀ ਫੁਰਮਾਉਂਣ ਲੱਗੇ-

ਪੁੱਤ ਉਸ ਮਸਤੀ ਨੂੰ ਦੇਣ ਵਾਲਾ ਸਿਰਫ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਕੋਈ ਹੋਰ ਨਹੀਂ।

ਸਾਧ ਸੰਗਤ ਜੀ ਫਿਰ ਉਹ ਪਿਤਾ ਜੀ ਫੁਰਮਾਉਂਣ ਲੱਗੇ-

ਜੋ ਇਹ ਬਖਸ਼ਿਸ਼ ਕਰ ਸਕਦਾ ਹੈ ਤੇ ਉਹ ਰਸ ਵੀ ਆਪ ਹੀ ਚਖ ਸਕਦਾ ਹੈ ਕਿਉਂਕਿ ਇਨਸਾਨ ਦੀ 'ਮੈਂ' ਇਹ ਰਸ ਨਹੀਂ ਚੱਖ ਸਕਦੀ।

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ



Comments