ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥- ਪ੍ਰੇਮ ਦਾ ਨਿਖਾਰ ਕੀ ਹੈ ?

ਸਾਧ ਸੰਗਤ ਜੀ
ਕਮਾਲ ਹੋ ਗਈ। 9 ਸਾਲ ਦੀ ਆਯੂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਹਨ ਅਤੇ 33 ਸਾਲ ਦੀ ਆਯੂ ਦੇ ਵਿੱਚ ਇਹ ਪਰਚਾ ਪਾਇਆ ਹੈ। 24 ਸਾਲ ਉਸ ਸੰਗਤ ਨੇ ਦਸ਼ਮੇਸ਼ ਪਿਤਾ ਦੇ ਬੜੇ ਅਨੋਖੇ ਖੇਡ ਦੇਖੇ ਹਨ। ਉਨ੍ਹਾਂ ਦੀ ਉਹ ਪ੍ਰੇਮ ਲੀਲ੍ਹਾ ਦੇਖੀ ਹੈ ਪਰ ਉਸ ਪ੍ਰੇਮ ਦੇ ਪਰਚੇ ਵਿੱਚ ਫਿਰ ਪਾਸ ਕੌਣ ਹੁੰਦਾ ਹੈ ?

ਪਿਤਾ ਜੀ ਇੱਕ ਦਿਨ ਕਹਿਣ ਲੱਗੇ ਕਿ-

ਪ੍ਰੇਮ ਦਾ ਨਿਖਾਰ ਕੀ ਹੈ? ਪ੍ਰੇਮ ਦਾ ਸਾਰ ਰਸ ਕੀ ਹੈ ? ਪ੍ਰੇਮ ਦੇ ਅਰਥ ਕੀ ਹਨ ? ਪ੍ਰੇਮ ਦੀ ਅਸਲ ਰੂਪ ਰੇਖਾ ਕੀ ਹੈ ?

ਫਿਰ ਆਪ ਹੀ ਜਵਾਬ ਦੇ ਕੇ ਕਹਿਣ ਲੱਗੇ ਕਿ-

ਪ੍ਰੇਮ ਦਾ ਸਾਰ ਰਸ ਵੀ ਬਲੀਦਾਨ ਹੈ, ਪ੍ਰੇਮ ਦਾ ਨਿਖਾਰ ਵੀ ਬਲੀਦਾਨ ਹੈ, ਪ੍ਰੇਮ ਦੀ ਰੂਪ ਰੇਖਾ ਵੀ ਬਲੀਦਾਨ ਹੈ, ਪ੍ਰੇਮ ਦੇ ਅਰਥ ਵੀ ਬਲੀਦਾਨ ਹਨ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-

ਜਿਹੜਾ ਵੀ, ਸਾਹਿਬ ਸਤਿਗੁਰੂ ਨਾਲ ਪ੍ਰੇਮ ਕਰਦਾ ਹੈ ਉਸ ਨੇ ਦੇਣਾ ਹੀ ਦੇਣਾ ਹੈ ਲੈਣਾ ਕੁੱਝ ਨਹੀਂ।

ਪਿਤਾ ਜੀ ਨੇ ਫੁਰਮਾਇਆ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਸਮਝਾਇਆ ਕਿ-

ਪ੍ਰੇਮ ਦੇ ਵਿੱਚ ਪ੍ਰੇਮੀ ਤੇ ਪ੍ਰੇਮ ਦੋਨੋਂ ਹੀ ਅਲੋਪ ਹੋ ਜਾਂਦੇ ਹਨ, ਰਹਿੰਦਾ ਸਿਰਫ ਪਿਆਰ ਹੈ। 'ਮੈ' ਤਾਂ ਰਹਿੰਦੀ ਹੀ ਨਹੀਂ। ਰਹਿੰਦਾ ਕੋਣ ਹੈ? ਸਿਰਫ 'ਤੂੰ'।

ਉਸ ਵੇਲੇ ਜਿਸ ਪ੍ਰੇਮ ਦਾ ਪਰਚਾ ਪਾਇਆ ਹੈ ਉਸ ਵੇਲੇ ਉੱਠੇ ਕੌਣ ਹਨ ? ਭਾਈ ਦਇਆ ਰਾਮ ਜੀ ਜਿਹੜੇ ਉਸ ਸੰਗਤ ਦੇ ਜੋੜੇ ਸਾਫ ਕਰਦੇ ਸਨ। ਸਿੱਧੇ ਆਪਣੇ ਪਰਮ ਲਕਸ਼ ਵੱਲ ਤੁਰ ਪਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪ੍ਰੇਮ ਕਰਦੇ ਹਨ। ਆਪਣੇ ਸਾਹਿਬ ਸਤਿਗੁਰੂ ਨਾਲ ਨਿਰਮਲ ਤੇ ਨਿਰੋਲ ਪ੍ਰੇਮ ਕਰਦੇ ਹਨ। ਉਹ ਪ੍ਰੇਮੀ ਕਿਹੜਾ ਪ੍ਰੇਮ ਆਪਣੇ ਅੰਦਰ ਛੁਪਾਈ ਬੈਠਾ ਹੈ, ਲੁਕਾਈ ਬੈਠਾ ਹੈ, ਉਸ ਨਿਰਮਲ ਤੇ ਨਿਰੋਲ ਪਿਆਰ ਦੇ ਵਿੱਚ ਅਡੋਲ ਤੁਰਿਆ ਜਾ ਰਿਹਾ ਹੈ। 

ਆਪਣਾ ਸੀਸ ਝੁਕਾ ਕੇ ਕਹਿੰਦਾ ਹੈ ਕਿ- ਸੱਚੇ ਪਾਤਸ਼ਾਹ ਮੈਂ ਤੇਰਾ, ਮੈਂ ਤੇਰਾ, ਸੀਸ ਹਾਜ਼ਿਰ ਹੈ। 

ਸਾਧ ਸੰਗਤ ਜੀ ਉਸ ਪ੍ਰੇਮ ਦੇ ਵਿੱਚ ਪੰਜ ਨਿਤਰੇ ਹਨ। ਇਹ ਪਹਿਲੀ ਵਾਰੀ ਇਸ ਜੁਗ ਦੇ ਵਿੱਚ ਹੋਇਆ ਹੈ ਕਿ ਭਗਤੀ ਦੀ ਇੱਕ ਚੋਟ ਦੇ ਨਾਲ ਨਿਰੰਕਾਰ ਨੇ ਪੰਜ ਭਗਤਾਂ ਨੂੰ ਪ੍ਰਗਟ ਕੀਤਾ ਹੋਵੇ। ਕੀ ਖੇਡ ਖੇਡਿਆ ਸਾਹਿਬ ਨੇ .... ਫੁਰਮਾ ਦਿੱਤਾ ਹੈ-

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

'ਸਾਚੁ ਕਹੋਂ'... ਇਹ ਸਾਰੇ ਸੱਚਾਂ ਵਿੱਚੋਂ ਜਿਹੜਾ ਮਹਾਨ ਸੱਚ ਹੈ ਉਹ ਦੱਸ ਰਿਹਾ ਹਾਂ ਕਿ-

...ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥
ਜਿਨ੍ਹਾਂ ਨੇ ਉਸ ਪ੍ਰੇਮ ਸਰੂਪ ਨਿਰੰਕਾਰ ਨਾਲ ਪ੍ਰੇਮ ਕੀਤਾ ਹੈ। ਉਸ ਪ੍ਰੇਮ ਤਤ, ਉਸ ਪ੍ਰੇਮ-ਮੂਲ ਦੇ ਵਿੱਚ ਸਿਰਫ ਪ੍ਰੇਮੀ ਹੀ ਜਾ ਸਕਦਾ ਹੈ।
...ਤਿਨ ਹੀ ਪ੍ਰਭ ਪਾਇਓ
ਸਿਰਫ ਪ੍ਰੇਮ ਨਾਲ ਹੀ ਉਸ ਪ੍ਰੇਮ ਨਾਲ ਅਭੇਦਤਾ ਹੋ ਸਕਦੀ ਹੈ। 
ਉਸ ਵੇਲੇ ਪ੍ਰੇਮ ਦੇ ਅਰਥ ਸਮਝ ਆਏ ਹਨ ਕਿ ਜਿਹੜਾ ਆਪਣਾ ਸਭ ਕੁੱਝ ਆਪਣੇ ਸਾਹਿਬ ਸਤਿਗੁਰੂ ਦੇ ਉੱਤੇ ਕੁਰਬਾਨ ਕਰ ਦੇਵੇ, ਉਹ ਪ੍ਰੇਮ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥

Comments