ਹਰ ਦੋ ਆਲਮ ਕੀਮਤੇ (ਪੀਰ ਬੁਧੂ ਸ਼ਾਹ)

 


ਜੰਗ ਸ਼ੁਰੂ ਹੈ, ਪੀਰ ਬੁਧੂ ਸ਼ਾਹ ਆਪਣੇ ਲੜਕਿਆਂ ਤੇ ਮੁਰੀਦਾ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ ਹਨ। ਜੰਗ ਲੜੀ, ਜੰਗ ਵਿੱਚ ਪੀਰ ਸਾਹਿਬ ਦੇ ਫਰਜੰਦ ਤੇ ਕਈ ਪਿਆਰੇ ਮੁਰੀਦ ਸ਼ਹੀਦ ਹੋ ਗਏ ਹਨ। 

ਜੰਗ ਫਤਹਿ ਹੋ ਗਈ ਤੇ ਬਾਅਦ ਵਿੱਚ ਦਸਮੇਸ਼ ਪਿਤਾ ਦੇ ਚਰਨਾਂ ਵਿੱਚ (ਪੀਰ ਬੁਧੂ ਸ਼ਾਹ) ਬੈਠੇ ਹਨ। 

ਦਸਮੇਸ਼ ਪਿਤਾ ਪੀਰ ਸਾਹਿਬ ਨੂੰ ਪੁੱਛਦੇ ਹਨ- ਪੀਰ ਸਾਹਿਬ ਕੀ ਚਾਹੁੰਦੇ ਹੋ? 

ਉਸ ਵੇਲੇ ਦਸਮੇਸ਼ ਪਿਤਾ ਪਾਵਨ ਕੰਘਾ ਕਰ ਰਹੇ ਸਨ।

ਪੀਰ ਸਾਹਿਬ ਵਜਿਦ ਵਿੱਚ ਕਿਸੇ ਇਲਾਹੀ ਪਿਆਰ ਦੇ ਵਿੱਚ ਦਸਮੇਸ਼ ਪਿਤਾ ਦੇ ਦਰਸ਼ਨ ਕਰ ਰਹੇ ਹਨ। ਦੇਖ ਰਹੇ ਹਨ ਕਿ ਦਸਮੇਸ਼ ਪਿਤਾ ਉਹ ਕੰਘਾ ਕਰਦੇ ਕਿੰਨੇ ਪਿਆਰੇ ਲੱਗ ਰਹੇ ਹਨ। ਉਸ ਇਲਾਹੀ ਦਰਸ਼ਨਾਂ ਵਿੱਚ ਪੀਰ ਸਾਹਿਬ ਵਾਰੇ-ਵਾਰੇ ਜਾ ਰਹੇ ਹਨ ਦਸਮੇਸ਼ ਪਿਤਾ ਦੇ ਦਰਸ਼ਨਾਂ ਤੋਂ, ਕਿ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੇਰੇ ਫਰਜੰਦ ਲੜਕੇ ਸ਼ਹੀਦ ਹੋ ਗਏ ਹਨ, ਮੁਰੀਦ ਸ਼ਹੀਦ ਹੋ ਗਏ ਹਨ। ਖੁਸ਼ ਹੋ ਰਹੇ ਹਨ ਕਿ ਇਸ ਪਿਆਰੇ ਦੀ ਖਾਤਰ, ਐਸੇ ਗੁਰੂ ਦੀ ਖਾਤਰ ਮੇਰੇ ਲੜਕੇ ਅਤੇ ਮੁਰੀਦ ਸ਼ਹੀਦ ਹੋ ਗਏ ਹਨ। 'ਬਲਿਹਾਰ ਜਾ ਰਹੇ ਹਨ, ਸਦਕੇ ਜਾ ਰਹੇ ਹਨ'। 

ਫਿਰ ਸੱਚੇ ਪਾਤਸ਼ਾਹ ਪੁੱਛਦੇ ਹਨ- ਪੀਰ ਸਾਹਿਬ ਕੀ ਬਖਸ਼ਿਸ਼ ਕਰੀਏ? 

ਤੇ ਅੱਗੋਂ ਹੱਥ ਜੋੜ ਕੇ ਬੇਨਤੀ ਕਰਦੇ ਹਨ, ਅਰਜੋਈ ਕਰਦੇ ਹਨ, ਉਹ ਕੰਘਾ ਸੱਚੇ ਪਾਤਸ਼ਾਹ ਦੇ ਸੱਜੇ ਹੱਥ ਵਿੱਚ ਫੜਿਆ ਹੋਇਆ ਸੀ, ਉਹਦੇ ਵਿੱਚ ਕੁੱਝ ਪਾਵਨ ਵਾਲ ਵੀ ਹਨ। 

(ਪੀਰ ਬੁਧੂ ਸ਼ਾਹ :)...ਗਰੀਬ ਨਿਵਾਜ਼ ਇਹ ਬਖਸ਼ ਦਿਓ। 

ਪੀਰ ਸਾਹਿਬ ਵੱਲ ਦੇਖ ਕੇ, ਉਨ੍ਹਾਂ ਦੇ ਉਸ ਪਿਆਰ ਨੂੰ ਦੇਖਕੇ, ਉਸ ਵਜਿਦ ਨੂੰ ਦੇਖ ਕੇ ਦਸ਼ਮੇਸ਼ ਪਿਤਾ ਖੁਸ਼ ਹੋ ਰਹੇ ਹਨ।

ਭਾਈ ਨੰਦ ਲਾਲ ਜੀ ਕੀ ਫੁਰਮਾਉਦੇ ਹਨ-

ਦੀਨ ਦੁਨੀਆ ਦਰ ਕਮੰਦੇ ਆਂ ਪਰੀ ਰੁਖ਼ਸਾਰਿ ਮਾ॥
ਹਰ ਦੋ ਆਲਮ ਕੀਮਤੇ ਯਕ ਤਾਰਿ ਮੂਏ ਯਾਰਿ ਮਾ॥
ਹਰ ਦੋ ਆਲਮ ਇਹ ਦੀਨ ਦੁਨੀਆਂ, ਇਹ ਦੋਨੋਂ ਆਲਮ ਮੇਰੇ ਉਸ ਪਿਆਰੇ ਸਤਿਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਪਾਵਨ ਵਾਲ ਦੀ ਕੀਮਤ ਨਹੀਂ ਚੁਕਾ ਸਕਦੇ, ਇੱਕ ਵਾਲ ਬਰਾਬਰ ਵੀ ਨਹੀਂ ਹਨ।

ਪੀਰ ਸਾਹਿਬ ਕਿਸ ਤਰ੍ਹਾਂ ਦੇ ਪਿਆਰ ਦੀ ਖੇਡ, ਖੇਡ ਰਹੇ ਹਨ। ਕਿਸ ਤਰ੍ਹਾਂ ਦਾ ਪਿਆਰ ਕਰ ਰਹੇ ਹਨ, ਗੁਰੂ ਗੋਬਿੰਦ ਸਿੰਘ ਜੀ ਨਾਲ।

ਸਾਧ ਸੰਗਤ ਜੀ ਆਪਾਂ ਵੀ ਆਪਣੇ ਅੰਦਰ ਝਾਤੀਆਂ ਮਾਰ ਲਈਏ ਕਿ ਉਹ ਪੀਰ ਸਾਹਿਬ ਆਪਣਾ ਸਭ ਕੁੱਝ ਕੁਰਬਾਨ ਕਰਕੇ, ਉਨ੍ਹਾਂ ਤੋਂ ਵਾਰ ਕੇ , ਸੱਚੇ ਪਾਤਸ਼ਾਹ ਉੱਤੇ ਬਲਿਹਾਰ ਜਾ ਰਹੇ ਹਨ, ਉਸ ਚੀਜ਼ ਵਿੱਚ ਖੁਸ਼ ਹੋ ਰਹੇ ਹਨ। ਇਹ ਸਭ ਕੁੱਝ ਗੁਰੂ ਦੇ ਚਰਨਾਂ ਵਿੱਚ ਉਨ੍ਹਾਂ ਨੇ ਲਾ ਦਿੱਤਾ ਅਤੇ ਉਸ ਪ੍ਰੇਮ ਦੇ ਬਦਲੇ ਵਿੱਚ ਲਿਆ ਕੀ ?

ਹਰ ਦੋ ਆਲਮ ਕੀਮਤੇ ਯਕ ਤਾਰਿ ਮੂਏ ਯਾਰਿ ਮਾ।
ਇਹ ਦੋਨੋਂ ਆਲਮ ਉਸ ਦੇ ਇੱਕ ਪਾਵਨ ਵਾਲ ਦੀ ਕੀਮਤ ਦੇ ਬਰਾਬਰ ਵੀ ਨਹੀਂ ਹਨ।

ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਐਸੇ ਪ੍ਰੇਮ ਦੀ ਬਖਸ਼ਿਸ਼ ਉਸ ਪੀਰ ਸਾਹਿਬ ਉੱਤੇ ਕੀਤੀ ਹੋਈ ਹੈ।

ਆਪਾਂ ਵੀ ਉਸ ਪ੍ਰੇਮ ਦੇ ਖੇਡ ਨੂੰ ਯਾਦ ਕਰਕੇ, ਆਪਣੇ ਦਸਮੇਸ਼ ਪਿਤਾ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦੀ ਕੋਸਿਸ਼ ਕਰੀਏ। ਉਨ੍ਹਾਂ ਦੇ ਉਸ ਪ੍ਰੇਮ ਦੇ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰੀਏ, ਉਸ ਪ੍ਰੇਮ ਦੀ ਭੀਖ ਮੰਗੀਏ ਸੱਚੇ ਪਾਤਸ਼ਾਹ ਤੋਂ। ਉਨ੍ਹਾਂ ਨੇ ਉਸ ਪ੍ਰੇਮ ਦੇ ਉੱਤੇ ਮੋਹਰ ਲਾ ਕੇ ਫੁਰਮਾਇਆ ਹੈ-

ਸਾਚੁ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥

ਅਸੀਂ ਦਸਮੇਸ਼ ਪਿਤਾ ਦੇ ਨਾਲ ਪਿਆਰ ਕਰਨ ਦੀ ਕੋਸ਼ਿਸ ਕਰੀਏ। ਜਿਸ ਤਰ੍ਹਾਂ ਦੇ ਪੂਰਨੇ ਤੁਸੀ ਪੀਰ ਸਾਹਿਬ ਦੇ ਬਾਰੇ ਪੜ੍ਹ ਚੁੱਕੇ ਹੋ।

ਗੁਰੂ ਨਾਨਕ ਤੇ ਗੁਰੂ ਗ੍ਰੰਥ ਦਾ ਸ਼ਿੰਗਾਰ ਗੁਰੂ ਗੋਬਿੰਦ ਸਿੰਘ ਜੀ।
ਦਾਤੇ ਦੀਆਂ ਦਾਤਾਂ ਵੰਡ ਗਏ ਦਾਤਾਰ ਗੁਰੂ ਗੋਬਿੰਦ ਸਿੰਘ ਜੀ।

ਸੀਸ ਦਿਆਂ ਤੇਰੇ ਚਰਨਾਂ ਤੋਂ ਸੌ ਵਾਰ ਗੁਰੂ ਗੋਬਿੰਦ ਸਿੰਘ ਜੀ।
ਤਾਂ ਵੀ ਨਹੀਂ ਤੇਰਾ ਲਹਿ ਸਕਦਾ ਓਪਕਾਰ ਗੁਰੂ ਗੋਬਿੰਦ ਸਿੰਘ ਜੀ।
ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ

  


Comments