ਗੁਰਮੁਖ ਤੇ ਸਨਮੁਖ - ਸਤਿਗੁਰੁ ਮੇਰਾ ਮਾਰਿ ਜੀਵਾਲੈ॥


ਬਾਬਾ ਨੰਦ ਸਿੰਘ ਸਾਹਿਬ, 'ਨਾਮ' ਨੂੰ ਉਜ਼ਾਗਰ ਕਰ ਰਹੇ ਹਨ। 

ਨਾਮ ਦੇ ਉੱਤੇ ਸਾਹਿਬ ਨੇ ਇੱਕ ਪਾਵਨ ਸਾਖਾ ਸੁਣਾਇਆ ਉਹ ਆਪ ਦੇ ਨਾਲ ਸਾਂਝਾ ਕਰਦਾ ਹਾਂ।

ਇੱਕ ਪਿੰਡ ਦੇ ਵਿੱਚ ਦੋ ਸਿੱਖ ਰਹਿੰਦੇ ਹਨ ਨਾਮ ਹੈ 'ਗੁਰਮੁਖ' ਤੇ 'ਸਨਮੁਖ'। 'ਤਰਨਤਾਰਨ ਸਾਹਿਬ' ਕਾਰ ਸੇਵਾ ਖੁੱਲ੍ਹੀ ਹੋਈ ਹੈ। ਦੋਵੇਂ ਆਪਸ ਵਿੱਚ ਸਲਾਹ ਕਰਦੇ ਹਨ ਕਿ ਆਪਾਂ 15 ਦਿਨ ਵਾਸਤੇ ਚੱਲੀਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ, ਉਨ੍ਹਾਂ ਦੇ ਚਰਨਾਂ ਦੇ ਵਿੱਚ 15 ਕੁ ਦਿਨ ਕਾਰ ਸੇਵਾ ਕਰਕੇ ਆਪਣਾ ਜਨਮ ਸਫਲ ਕਰੀਏ। ਘਰਵਾਲੀਆਂ ਨਾਲ ਸਲਾਹ ਕੀਤੀ ਉਹ ਬਹੁਤ ਖੁਸ਼ ਹੋਈਆਂ। ਉਨ੍ਹਾਂ ਦਾ ਸਮਾਨ ਬੰਨ੍ਹ ਦਿੱਤਾ ਅਤੇ ਰਸਤੇ ਵਾਸਤੇ ਪਰਸ਼ਾਦਾ ਤਿਆਰ ਕਰਕੇ ਹੱਥ ਵਿੱਚ ਫੜਾ ਦਿੱਤਾ। ਚਾਲੇ ਪਾਏ ਹਨ, ਸ਼ਾਮ ਵੇਲੇ ਹਨੇਰਾ ਹੋਇਆ ਤਾਂ ਇੱਕ ਪਿੰਡ ਪਹੁੰਚੇ ਹਨ, ਜਦੋਂ ਅੱਗੇ ਤੁਰਨ ਲੱਗੇ ਤਾਂ ਇੱਕ ਸੱਜਣ ਮਿਲਿਆ। ਉਸਨੇ ਕਿਹਾ ਕਿ ਤੁਸੀਂ ਇਸ ਵੇਲੇ ਰਾਤ ਨੂੰ ਕਿਉਂ ਸਫਰ ਕਰਦੇ ਹੋ, ਮੇਰੇ ਘਰ ਠਹਿਰੋ ਸਵੇਰੇ ਅੰਮ੍ਰਿਤ ਵੇਲੇ ਤੁਰ ਪੈਣਾ। ...ਸਲਾਹ ਕੀਤੀ ਅਤੇ ਉਸ ਪਾਸ ਰੁਕ ਗਏ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਉਹ ਚੋਰ ਸੀ, ਨੀਅਤ ਉਸਦੀ ਖ਼ਰਾਬ ਸੀ। ਉਹ ਘਰ ਲੈ ਗਿਆ, ਘਰਵਾਲੀ ਨੂੰ ਕਹਿੰਦਾ ਹੈ ਕਿ ਅੱਜ ਮਾਲ ਚੰਗਾ ਹੱਥ ਆਇਆ ਹੈ, ਇਨ੍ਹਾਂ ਦੇ ਪਾਸ ਚੰਗਾ ਮਾਲ ਲੱਗਦਾ ਹੈ, ਇਨ੍ਹਾਂ ਨੂੰ ਖਾਣੇ ਵਿੱਚ ਜ਼ਹਿਰ ਪਾ ਕੇ ਇਨ੍ਹਾਂ ਨੂੰ ਲੁੱਟ ਲਵਾਂਗੇ। ਉਹ ਮੰਨੇ ਨਾ, ਮਜ਼ਬੂਰ ਕੀਤਾ, ਮਜ਼ਬੂਰਨ ਉਸ ਤੋਂ ਜ਼ਹਿਰ ਪਵਾ ਦਿੱਤਾ। ਉਹ ਸੌਂ ਗਏ ਅਤੇ ਪ੍ਰਾਣ ਤਿਆਗ਼ ਦਿੱਤੇ, ਮਰ ਗਏ। ਫਿਰ ਉਨ੍ਹਾਂ ਨੂੰ ਇੱਕ-ਇੱਕ ਕਰਕੇ ਚੁੱਕ ਕੇ ਰਸਤੇ ਵਿੱਚ ਰਾਤ ਬਰਾਤੇ ਸੁੱਟ ਆਇਆ। ਸਵੇਰੇ ਪਿੰਡ ਵਾਲਿਆਂ ਨੇ ਵੇਖਿਆ ਦੋ ਯਾਤਰੀ ਮਰੇ ਹੋਏ ਹਨ। ਆਪਸ ਵਿੱਚ ਸਾਰਿਆਂ ਨੇ ਸਲਾਹ ਕਰਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ। 

15 ਦਿਨ ਹੋ ਗਏ, 20 ਦਿਨ ਹੋ ਗਏ, 25 ਦਿਨ ਹੋ ਗਏ, ਘਰਵਾਲੀਆਂ ਸੋਚ ਰਹੀਆਂ ਹਨ ਕਿ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਕਿਸ ਦਾ ਦਿਲ ਕਰੇਗਾ ਆਉਂਣ ਨੂੰ, ਉਸ ਕਾਰ ਸੇਵਾ ਨੂੰ ਛੱਡ ਕੇ ਕੌਣ ਸਫਰ ਚਾਹੇਗਾ, ਆਪਾਂ ਦੋਨੋਂ ਕਿਉਂ ਨਾ ਚੱਲੀਏ ? ਆਪਾਂ ਵੀ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾ ਦਾ ਲਾਭ ਉਠਾਈਏ, ਜਾ ਕੇ ਕਾਰ ਸੇਵਾ ਵਿੱਚ ਸੇਵਾ ਕਰੀਏ, ਆਪਣੇ ਹੱਥ ਸਫਲ ਕਰੀਏ ਤੇ ਆਉਂਦੇ ਹੋਏ ਉਨ੍ਹਾਂ ਨੂੰ ਲੈ ਆਵਾਂਗੀਆਂ। 

ਉਸੇ ਪਿੰਡ ਉਨ੍ਹਾਂ ਨੂੰ ਹਨੇਰਾ ਹੋ ਗਿਆ, ਰਾਤ ਹੋ ਗਈ। ਉਹ ਪੁੱਛਦੀਆਂ ਜਾ ਰਹੀਆਂ ਹਨ ਤੇ ਉਸੇ ਪਿੰਡ ਵਾਲਿਆਂ ਨੇ ਦਸਿਆ ਬੀਬੀਓ ਜਿਹੜੀਆਂ ਤੁਸੀਂ ਸ਼ਕਲਾ ਦੱਸ ਰਹੀਆਂ ਹੋ, ਜਿਹੜੇ ਤੁਸੀਂ ਲਿਬਾਸ ਦੱਸ ਰਹੀਆਂ ਹੋ, ਇੱਦਾਂ ਦੇ ਦੋ ਯਾਤਰੀ ਕੋਈ 25 ਦਿਨ ਹੋ ਗਏ ਐਥੇ ਮਰੇ ਪਏ ਸਨ। ਬੜੀਆਂ ਹੈਰਾਨ ਹੋਈਆਂ ਉਹ ਕਹਿੰਦੀਆਂ ਸਾਨੂੰ ਉਨ੍ਹਾਂ ਦੇ ਅੰਗੀਠੇ ਤੇ ਲੈ ਜਾ ਸਕਦੇ ਹੋ? ਉਨ੍ਹਾਂ ਨੇ ਕਿਹਾ ਅਸੀਂ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਸੀ। ਕਹਿਣ ਲੱਗੇ- ਬੀਬਾ ਤੁਸੀਂ ਰਾਤ ਸਾਡੇ ਪਿੰਡ ਵਿੱਚ ਠਹਿਰੋ ਕਿਉਂਕਿ ਇਸ ਵੇਲੇ ਤਾਂ ਹਨੇਰਾ ਹੈ ਉੱਥੇ ਤਾਂ ਸੜੀਆਂ ਹੱਡੀਆਂ ਹੀ ਪਈਆਂ ਹਨ, ਇਸ ਵੇਲੇ ਉੱਥੇ ਤਾਂ ਹੋਰ ਕੁਝ ਨਹੀਂ। ਅਸੀਂ ਸਵੇਰੇ ਤੁਹਾਨੂੰ ਉੱਥੇ ਲੈ ਜਾਵਾਂਗੇ।

ਅੱਗੋਂ ਜਵਾਬ ਕੀ ਦਿੰਦੀਆਂ ਹਨ, ਉਨ੍ਹਾਂ ਨੂੰ ਕਹਿੰਦੀਆਂ ਹਨ- ਉਹ ਸੜੀਆਂ ਹੋਈਆਂ ਹੱਡੀਆਂ ਨਹੀਂ ਹਨ, ਸਾਡੇ ਪਤੀਆਂ ਨੂੰ ਪੂਰਾ ਸਤਿਗੁਰੂ ਮਿਲਿਆ ਹੈ, ਉਨ੍ਹਾਂ ਦੇ ਰੋਮ-ਰੋਮ ਵਿੱਚੋਂ ਸਾਹਿਬ ਸਤਿਗੁਰੂ ਦੇ ਬਖਸ਼ੇ ਹੋਏ ਨਾਮ ਦੀ ਧੁਨੀਂ ਗੂੰਜਦੀ ਸੀ।

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 941

ਉਹ ਦੋਨਾਂ ਦੇ ਰੋਮਾਂ ਦੇ ਵਿੱਚੋਂ ਸਾਹਿਬ ਦੇ ਬਖਸ਼ੇ ਹੋਏ ਨਾਮ ਦੀ ਧੁਨੀ ਗੂੰਜਦੀ ਸੀ। ਉਨ੍ਹਾਂ ਹੱਡੀਆਂ ਦੇ ਵਿੱਚ ਵੀ ਜਿਨ੍ਹਾਂ ਨੂੰ ਤੁਸੀਂ ਸੜੀਆਂ ਹੋਈਆਂ ਕਹਿੰਦੇ ਹੋ, ਉਨ੍ਹਾਂ ਫੁੱਲਾਂ ਦੇ ਵਿੱਚ ਵੀ ਛੇਕ ਹੋਣਗੇ ਅਤੇ ਉਨ੍ਹਾਂ ਵਿੱਚੋਂ ਓਹੀ ਧੁਨੀਂ ਦੀ ਆਵਾਜ਼ ਨਿਕਲਦੀ ਹੋਏਗੀ। ਅਸੀਂ ਆਪਣੇ ਆਪਣੇ ਪਤੀ ਦੇ ਫੁੱਲਾਂ ਨੂੰ ਪਛਾਣ ਲਵਾਂਗੀਆਂ। ਬੜੇ ਹੈਰਾਨ ਹੋਏ ਕਹਿਣ ਲੱਗੇ- ਅੱਛਾ ਬੀਬੀ ਸਵੇਰੇ ਚਲਾਂਗੇ। ...ਬੀਬੀਆਂ ਨਾਲ ਤੁਰ ਪਏ ਹਨ।

ਹੁਣ ਬਾਬਾ ਨੰਦ ਸਿੰਘ ਸਾਹਿਬ ਕੀ ਅੰਮ੍ਰਿਤ ਬਚਨ ਕਰਦੇ ਹਨ?

ਦੋਵਾਂ ਨੇ ਜਾਂਦਿਆ ਹੀ ਉਸ ਅੰਗੀਠੇ ਨੂੰ ਬੜੇ ਸਤਿਕਾਰ ਨਾਲ ਮੱਥਾ ਟੇਕਿਆ। ਮੱਥਾ ਟੇਕ ਕੇ ਫਿਰ ਅੰਦਰ ਵੜ ਕੇ ਵੇਖ ਕਿਸ ਤਰ੍ਹਾਂ ਰਹੀਆਂ ਹਨ ? ਇੱਕ ਇੱਕ ਫੁੱਲ ਨੂੰ ਚੁੱਕਦੀਆਂ ਹਨ, ਆਪਣੇ ਕੰਨ ਨਾਲ ਲਾਉਂਦੀਆਂ ਹਨ, ਜਿਸ ਦੇ ਵਿੱਚੋਂ 'ਵਾਹਿਗੁਰੂ' ਸ਼ਬਦ ਦੀ ਧੁਨੀਂ ਸੁਣਦੀ ਹੈ ਉਸ ਨੂੰ ਉਹ ਬੀਬੀ ਆਪਣੇ ਮਸਤਕ ਤੇ ਲਾਉਂਦੀ ਹੈ, ਮੱਥਾ ਟੇਕਦੀ ਹੈ ਅਤੇ ਇਕ ਪੋਟਲੀ ਵਿੱਚ ਰੱਖ ਦਿੰਦੀ ਹੈ। ਜਿਸ ਦੇ ਵਿੱਚੋਂ 'ਸਤਿਨਾਮ' ਦੀ ਧੁਨੀਂ ਸੁਣਦੀ ਹੈ ਦੂਜੀ ਬੀਬੀ ਉਸੇ ਤਰ੍ਹਾਂ ਸਤਿਕਾਰ ਨਾਲ ਮਸਤਕ ਤੇ ਲਾਉਂਦੀ ਹੈ ਅਤੇ ਪੋਟਲੀ ਵਿੱਚ ਰੱਖ ਦਿੰਦੀ ਹੈ। ਉਹੀ ਚੋਰ ਜਿਸਨੇ ਮਾਰਿਆ ਸੀ ਉਸੇ ਪਿੰਡ ਦਾ ਸੀ, ਉਸ ਨੂੰ ਪਤਾ ਲਗ ਗਿਆ, ਉਸ ਨੇ ਟਟੀਰੀ ਦੀਆਂ ਹੱਡੀਆਂ ਵਿੱਚ ਮਿਲਾ ਦਿੱਤੀਆਂ ਕਿਉਂਕਿ ਉਨ੍ਹਾਂ ਵਿੱਚ ਵੀ ਛੇਕ ਹੁੰਦੇ ਹਨ। ਜਿਸ ਵਕਤ ਉਸ ਹੱਡੀ ਨੂੰ ਪਛਾਣ ਰਹੀਆਂ ਹਨ, ਪਰਖ਼ ਰਹੀਆਂ ਹਨ, ਕੰਨ ਨਾਲ ਲਾ ਕੇ ਆਵਾਜ਼ ਨੂੰ ਸੁਨਣ ਦੀ ਕੋਸ਼ਿਸ਼ ਕਰਦੀਆਂ ਹਨ, ਇੱਕ ਪਾਸੇ ਰੱਖ ਦਿੰਦੀਆਂ ਹਨ ...ਕਿਸੇ ਹੋਰ ਦੀ ਹੈ ਇਹ ਮੇਰੇ ਪਤੀ ਦੀ ਨਹੀਂ ਹੈ।

ਅਸਤੀਆਂ ਇਕੱਠੀਆਂ ਕਰਕੇ ਪੋਟਲੀਆਂ ਸੀਸਾਂ ਤੇ ਰੱਖੀਆਂ ਅਤੇ ਗੁਰੂ ਘਰ ਵੱਲ ਤੁਰ ਪਈਆਂ ਹਨ। ਜਦੋਂ ਪਹੁੰਚੀਆਂ ਹਨ ਜਾ ਕੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ, ਦਰਬਾਰ ਵਿੱਚ, ਦੋਵੇਂ ਪੋਟਲੀਆਂ ਰੱਖ ਦਿੱਤੀਆਂ ਤੇ ਮੱਥਾ ਟੇਕ ਕੇ ਦੋਵੇਂ ਬੀਬੀਆਂ ਪਿੱਛੇ ਬੈਠ ਗਈਆਂ ਹਨ। ਹੁਣ ਉੱਥੇ ਇੱਕ ਅਜੀਬ ਕੌਤਕ ਸ਼ੁਰੂ ਹੋਇਆ। ਇੱਕ ਦੂਜੇ ਵੱਲ ਸਾਰੇ ਮੁੜ ਕੇ ਵੇਖਦੇ ਹਨ ਕਿ ਇਹ ਧੁਨੀਆਂ ਆ ਕਿੱਥੋਂ ਰਹੀਆਂ ਹਨ। ਸਾਹਿਬ ਦੇ ਚਰਨਾਂ ਵਿੱਚ ਦੋ ਪੋਟਲੀਆਂ ਪਈਆਂ ਹਨ, ਉਨ੍ਹਾਂ ਵਿੱਚੋਂ ਦੋ ਮਧੁਰ ਧੁਨੀਆਂ ਉੱਠ ਰਹੀਆਂ ਹਨ। ਇਕ ਵਿੱਚੋਂ ਵਾਹਿਗੁਰੂ ਦੀ, ਇਕ ਵਿੱਚੋਂ ਸਤਿਨਾਮ ਦੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਦੀਆਂ ਧੁਨੀਆਂ ਉੱਠ ਰਹੀਆਂ ਹਨ ਅਤੇ ਸਾਰੇ ਲੋਕ ਸੋਚ ਰਹੇ ਹਨ ਇਸ ਤਰ੍ਹਾਂ ਦੀਆਂ ਮਧੁਰ ਧੁਨੀਆਂ ਅਲਾਪ ਕੌਣ ਰਿਹਾ ਹੈ। ਫਿਰ ਗੁਰੂ ਸਾਹਿਬ ਨੂੰ ਪੁੱਛਦੇ ਹਨ, ਜਦੋਂ ਦੇਖਿਆ ਕਿ ਇਹ ਤਾਂ ਪੋਟਲੀਆਂ ਵਿੱਚੋਂ ਆਵਾਜ਼ ਆ ਰਹੀ ਹੈ, ਸੱਚੇ ਪਾਤਸ਼ਾਹ ਇਹ ਕੌਤਕ ਸਮਝ ਨਹੀਂ ਆ ਰਿਹਾ। ਦੋ ਬੀਬੀਆਂ ਆਈਆਂ ਸੀ, ਇਹ ਦੋ ਪੋਟਲੀਆਂ ਚਰਨਾਂ ਵਿੱਚ ਰੱਖ ਗਈਆਂ ਅਤੇ ਇਨ੍ਹਾਂ ਵਿੱਚੋਂ 'ਸਤਿਨਾਮ' 'ਵਾਹਿਗੁਰੂ', 'ਸਤਿਨਾਮ' 'ਵਾਹਿਗੁਰੂ' ਦੀਆਂ ਇਹ ਮਧੁਰ ਧੁਨੀਆਂ ਉੱਠ ਰਹੀਆਂ ਹਨ।

ਗੁਰੂ ਸਾਹਿਬ ਨੇ ਫੁਰਮਾਇਆ- ਬੀਬੀਆਂ ਨੂੰ ਬੁਲਾ ਲਿਆਓ। 
ਦੋਵੇਂ ਬੀਬੀਆਂ ਨੂੰ ਬੁਲਾਇਆ, ਦੋਵੇਂ ਆ ਕੇ ਹੱਥ ਜੋੜ ਕੇ ਖੜ੍ਹੀਆਂ ਹੋ ਗਈਆਂ। 

ਸਾਹਿਬ ਪੁੱਛਦੇ ਹਨ- ਬੀਬੀ ਕਿੱਥੋਂ ਆਈਆਂ ਹੋ? 

 -ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਤੁਸੀਂ ਅੰਤਰਜਾਮੀ ਹੋ, ਸਭ ਜਾਣਦੇ ਹੋ। 
ਫੁਰਮਾਇਆ- ਨਹੀਂ ਬੀਬੀ ! ਵਿੱਥਿਆ ਕਹੋ (ਵਿਸਥਾਰ ਵਿੱਚ ਦਸੋਂ) ਸਭ ਦੇ ਸਾਹਮਣੇ ਕਹੋ। 
ਉਹ ਵਿੱਥਿਆ ਸੁਣਾਉਂਦੀਆਂ ਹਨ ਕਿ ਗਰੀਬ ਨਿਵਾਜ਼ ਇਸ ਤਰ੍ਹਾਂ ਹੋਇਆ ਸੀ ਉਹ ਸਾਰੀ ਵਿਥਿਆ ਸੁਣਾਈ। ਗਰੀਬ ਨਿਵਾਜ਼ ਇਹ ਤੁਹਾਡੇ ਸਿੱਖ ਹਨ, ਇਹ ਤੁਹਾਡੀ ਅਮਾਨਤ ਹੈ, ਤੇਰੇ ਚਰਨਾਂ ਵਿੱਚ ਤੇਰੀ ਅਮਾਨਤ ਸੌਂਪਣ ਆਈਆਂ ਹਾਂ। ਸਾਹਿਬ ਦੇਖ ਰਹੇ ਹਨ, ਸੰਗਤ ਸੁਣ ਰਹੀ ਹੈ, ਉਸ ਵੇਲੇ ਸਾਹਿਬ ਬੜ੍ਹੀ ਪ੍ਰਸੰਨਤਾ ਵਿੱਚ ਆਏ, ਸਾਹਿਬ ਦੀ ਨਦਰ ਜਿਸ ਵਿੱਚ ਦਰਗਾਹ ਦੀਆਂ ਸਾਰੀਆਂ ਬਰਕਤਾਂ ਵਹਿੰਦੀਆਂ ਹਨ ਉਨ੍ਹਾਂ ਤੇ ਪੈ ਰਹੀ ਹੈ। ਉਸ ਵੇਲੇ ਫਿਰ ਹੁਕਮ ਕੀ ਕਰਦੇ ਹਨ?

ਫੁਰਮਾਇਆ- ਦੋ ਚਿੱਟੀਆਂ ਚਾਦਰਾਂ ਲਿਆਓ ਇਨ੍ਹਾਂ ਪੋਟਲੀਆਂ ਨੂੰ ਵੱਖ ਵੱਖ ਰੱਖ ਦਿਉ। ਚਾਦਰਾਂ ਤਾਣ ਦਿੱਤੀਆਂ।

ਫਿਰ ਸਾਹਿਬ ਹੁਣ ਇੱਕ ਨਵਾਂ ਹੀ ਖੇਡ ਖੇਡ ਰਹੇ ਹਨ।

“ਕਦੇ ਨਾਮ ਨੂੰ ਵੀ ਕੋਈ ਅੱਗ ਜਲਾ ਸਕਦੀ ਹੈ, ਨਾਮ ਨੂੰ ਵੀ ਕੋਈ ਪਾਣੀ ਡਬੋ ਸਕਦਾ ਹੈ, ਨਾਮ ਨੂੰ ਵੀ ਕੋਈ ਪਵਨ ਉਡਾ ਸਕਦੀ ਹੈ। ”
ਗੁਰ ਕਾ ਬਚਨੁ ਬਸੈ ਜੀਅ ਨਾਲੇ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ
ਭਾਹਿ ਨ ਸਾਕੈ ਜਾਲੇ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 679
ਨਾਮ ਦੇ ਆਸਰੇ ਤਾਂ ਸਾਰੀ ਮਾਇਆ ਖੜ੍ਹੀ ਹੈ, ਉਸ ਦੀ ਆਗਿਆ ਅਤੇ ਭੈ ਵਿੱਚ ਹੈ।
ਆਗਿਆਕਾਰੀ ਕੀਨੀ ਮਾਇਆ॥
ਸ੍ਰੀ ਸੁਖਮਨੀ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 294

ਉਹ ਅਸਥੀਆਂ ਪਈਆਂ ਹਨ ਅਤੇ ਉਨ੍ਹਾਂ ਵਿੱਚੋਂ ਨਾਮ ਦੀਆਂ ਮਧੁਰ ਧੁਨੀਆਂ ਗੂੰਜ ਰਹੀਆਂ ਹਨ। ਸਾਹਿਬ ਨੇ ਫੁਰਮਾਇਆ ਦੋਨੋ ਪੋਟਲੀਆਂ ਨੂੰ ਵੱਖ ਵੱਖ ਰੱਖ ਕੇ ਦੋ ਚਿੱਟੀਆਂ ਚਾਦਰਾਂ ਤਾਣ ਦਿਓ। ਚਿਟੀਆਂ ਚਾਦਰਾਂ ਤਾਣ ਦਿੱਤੀਆਂ ਗਈਆਂ, ਫਿਰ ਮੇਰੇ ਸਾਹਿਬ ਉਸ ਵੇਲੇ ਹੁਕਮ ਕੀ ਕਰਦੇ ਹਨ-

ਗੁਰਮੁਖੋ! ਉੱਠੋ ! ਤੁਹਾਡੇ ਘਰਵਾਲੀਆਂ ਤੁਹਾਨੂੰ ਲੈਣ ਲਈ ਆਈਆਂ ਹਨ। ਜਿਸ ਵਕਤ ਇਹ ਫੁਰਮਾਇਆ, ਇੰਨਾ ਕਹਿੰਦੇ ਹੀ ਉਨ੍ਹਾਂ ਚਾਦਰਾਂ ਦੇ ਥੱਲੇ ਇੱਕ ਜੁੰਬਸ਼ ਹੋਈ ਹੈ ਅਤੇ ਨਾਲ ਹੀ 'ਗੁਰਮੁਖ' ਤੇ 'ਸਨਮੁਖ' ਦੋਵੇਂ ਹੀ ਉੱਠ ਕੇ ਸਾਹਿਬ ਦੇ ਚਰਨਾਂ ਨੂੰ ਲਿਪਟ ਗਏ ਹਨ।

ਫਿਰ ਸੰਗਤ ਉਸ ਵੇਲੇ ਜਿਸ ਪਿਆਰ ਦੇ ਵਿੱਚ, ਜਿਸ ਵੈਰਾਗ ਵਿੱਚ ਪੜ੍ਹ ਰਹੀ ਹੈ।

ਸਤਿਗੁਰੁ ਮੇਰਾ ਬੇਮੁਹਤਾਜੁ॥
ਸਤਿਗੁਰ ਮੇਰੇ ਸਚਾ ਸਾਜੁ॥
ਸਤਿਗੁਰੁ ਮੇਰਾ ਸਭਸ ਕਾ ਦਾਤਾ॥
ਸਤਿਗੁਰੁ ਮੇਰਾ ਪੁਰਖੁ ਬਿਧਾਤਾ॥
ਗੁਰ ਜੈਸਾ ਨਾਹੀ ਕੋ ਦੇਵ॥
ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ॥
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥
ਸਤਿਗੁਰੁ ਮੇਰਾ ਮਾਰਿ ਜੀਵਾਲੈ॥
ਸਤਿਗੁਰ ਮੇਰੇ ਕੀ ਵਡਿਆਈ॥
ਪ੍ਰਗਟ ਭਈ ਹੈ ਸਭਨੀ ਥਾਈ॥
ਸਤਿਗੁਰੁ ਮੇਰਾ ਤਾਣੁ ਨਿਤਾਣੁ॥
ਸਤਿਗੁਰੁ ਮੇਰਾ ਘਰਿ ਦੀਬਾਣੁ॥
ਸਤਿਗੁਰ ਕੈ ਹਉ ਸਦ ਬਲਿ ਜਾਇਆ॥
ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ॥
ਜਿਨਿ ਗੁਰ ਸੇਵਿਆ ਤਿਸੁ ਭਉ ਨ ਬਿਆਪੈ॥
ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ॥
ਨਾਨਕ ਸੋਧੇ ਸਿੰਮ੍ਰਿਤਿ ਬੇਦ॥
ਪਾਰਬ੍ਰਹਮ ਗੁਰ ਨਾਹੀ ਭੇਦ॥

ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਗ 1142
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ॥
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 155
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ॥
ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ354
ਕਹਤ ਨਾਨਕੁ ਮਾਰਿ ਜੀਵਾਲੇ ਸੋਇ॥
ਐਸਾ ਬੂਝਹੁ ਭਰਮਿ ਨ ਭੂਲਹੁ ਕੋਇ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1128
ਕਰੇ ਕਰਾਏ ਆਪਿ ਪ੍ਰਭੁ ਸਭ ਕਿਛੁ ਤਿਸ ਹੀ ਹਾਥਿ॥
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ॥
ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 48
ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ 
(Nanak Leela, Part 2)

Comments