ਨਿਮਰਤਾ ਦੇ ਪੁੰਜ - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

 


ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਵਿੱਚ ਠਹਿਰੇ ਹੋਏ ਸਨ । ਉੱਥੇ ਉਨ੍ਹਾਂ ਦੇ ਪਾਸ ਇਕ ਸਾਧੂਆਂ ਦੀ ਟੋਲੀ ਆ ਗਈ। ਇਹ ਸਾਧੂ ਨੌਵੇਂ ਗੁਰੂ ਨਾਨਕ ਦੀ ਅਧਿਆਤਮਿਕਤਾ ਨੂੰ ਪਰਖਣਾ ਚਾਹੁੰਦੇ ਸਨ। ਸਾਧੂਆਂ ਨੂੰ ਆਪਣੇ ਅਧਿਆਤਮਿਕ ਗਿਆਨ ਅਤੇ ਸ਼ਕਤੀ ਦਾ ਬਹੁਤ ਅਭਿਮਾਨ ਸੀ। ਇਸ ਲਈ ਉਹ ਗੁਰੂ ਜੀ ਨਾਲ ਧਾਰਮਿਕ ਗੋਸ਼ਟੀ ਕਰਨ ਲਈ ਚਲੇ ਆਏ ਸਨ।

ਘੱਟ-ਘੱਟ ਦੇ ਜਾਨਣਹਾਰ ਸਤਿਗੁਰੂ ਜੀ ਨੇ ਬਹੁਤ ਨਿਮਰ ਭਾਵ ਨਾਲ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਰੂਹਾਨੀ ਚਾਨਣ ਲਈ ਇਸ ਸ਼ਬਦ ਦਾ ਉਚਾਰਣ ਕੀਤਾ।

ਇਸ ਸ਼ਬਦ ਦੇ ਭਾਵ ਅਰਥ ਇਹ ਹਨ:-

“ਐ ਸਾਧ ਜਨੋ ! ਆਪਣੀ ਹਉਮੈਂ ਦਾ ਤਿਆਗ ਕਰੋ, ਕਾਮ ਕ੍ਰੋਧ ਅਤੇ ਬੁਰੀ ਸੰਗਤ ਤੋਂ ਦੂਰ ਰਹੋ। ਦੁੱਖ ਸੁੱਖ, ਮਾਨ ਅਪਮਾਨ ਨੂੰ ਇੱਕ ਸਮਾਨ ਹੀ ਜਾਣੋ। ਉਸਤਤ ਅਤੇ ਨਿੰਦਿਆ ਦੋਵਾਂ ਦਾ ਤਿਆਗ ਕਰੋ। ਇਹ ਬਹੁਤ ਕਠਿਨ ਮਾਰਗ ਹੈ, ਕੋਈ ਵਿਰਲਾ ਜਨ, ਗੁਰਮੁਖ ਹੀ ਇਸ ਰਾਹ ਤੇ ਚਲਦਾ ਹੈ। 

ਨਿਮਰਤਾ ਦੇ ਪੁੰਜ ਗੁਰੂ ਜੀ ਇਸ ਸ਼ਬਦ ਵਿੱਚ ਫੁਰਮਾਉਂਦੇ ਹਨ ਕਿ-

ਸੰਤ ਵਾਸਤੇ ਆਪਣੀ ਸੰਤ ਸੋਭਾ ਦਾ ਮਾਣ ਅਤੇ ਹੰਕਾਰ ਦਾ ਤਿਆਗ ਨਾ ਕਰਨਾ ਹੀ ਉਸ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ। 

ਜਿਹੜੇ ਸਾਧੂ ਲੋਕ ਆਪਣੀ ਵਿਦਿਆ, ਹੰਕਾਰ ਅਤੇ ਹਉਮੈਂ ਦੇ ਪ੍ਰੇਰੇ ਹੋਏ ਗੁਰੂ ਜੀ ਪਾਸ ਆਏ ਸਨ, ਉਹ ਗੁਰੂ ਜੀ ਦੇ ਰੂਹਾਨੀ ਬਚਨ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਗੁਰੂ ਜੀ ਦੇ ਅੱਗੇ ਸਿਰ ਨਿਵਾਇਆ ਅਤੇ ਕੋਈ ਹੋਰ ਬਚਨ ਬਿਲਾਸ ਕਰਨ ਤੋਂ ਬਗੈਰ ਹੀ ਪਰਤ ਗਏ।

  • ਉਹ ਸਾਧੂ ਕਾਮ-ਕ੍ਰੋਧ ਨੂੰ ਕਿਵੇਂ ਜਿੱਤ ਸਕਦਾ ਹੈ, ਜਿਸ ਨੇ ਹੰਕਾਰ ਨੂੰ ਨਹੀਂ ਜਿਤਿਆ? 
  • ਉਹ ਇਸ ਦਲਦਲ ਵਿੱਚੋਂ ਕਿਵੇਂ ਨਿਕਲ ਸਕਦਾ ਹੈ? 
  • ਉਹ ਮਾਨ ਅਪਮਾਨ, ਦੁੱਖ/ਸੁੱਖ ਅਤੇ ਉਸੱਤਤ ਨਿੰਦਿਆਂ ਦੇ ਵਿਰੋਧੀ ਪੁੜਾਂ ਵਿੱਚੋਂ ਕਿਵੇਂ ਬਚ ਸਕਦਾ ਹੈ? 

ਹਉਮੈਂ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਹ ਇੱਕ ਮਹਾਂ ਰੋਗ ਹੈ ਜੋ ਮਨੁੱਖ ਦੇ ਅਮਰ ਪਦ ਤਕ ਪਹੁੰਚਣ ਵਿੱਚ ਰੁਕਾਵਟ ਬਣਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਉਂਦੇ ਹਨ-

ਜਿਸ ਨੇ ਹਉਮੈਂ ਨੂੰ ਮਾਰ ਲਿਆ ਹੈ ਉਹ ਸਭ ਵਸਤਾਂ ਦਾ ਕਰਤਾ ਪ੍ਰਭੂ ਸਿਰਜਣਹਾਰ ਨੂੰ ਹੀ ਮੰਨਦਾ ਹੈ, ਉਸ ਨੇ ਜੀਵਨ ਮੁਕਤੀ ਪ੍ਰਾਪਤ ਕਰ ਲਈ ਹੈ । (ਗੁਰੂ) ਨਾਨਕ ਸਾਹਿਬ ਫੁਰਮਾਉਂਦੇ ਹਨ ਇਹ ਪਰਮ ਸਤਿ ਹੈ ।

ਹਉਮੈਂ ਦਾ ਤਿਆਗ ਕਰਨ ਵਾਲਾ ਜਗਿਆਸੂ 'ਮੈਂ-ਮੇਰੀ' ਦੀ ਭਾਵਨਾ ਤੋਂ ਮੁਕਤ ਹੋ ਜਾਂਦਾ ਹੈ ਤੇ ਉਹ ਪਰਮਾਤਮਾ ਨੂੰ ਹੀ ਕਰਨ-ਕਰਾਵਨਹਾਰ ਜਾਣਦਾ ਹੈ । ਉਸ ਦੀ 'ਮੈਂ' ਮਰ ਚੁੱਕੀ ਹੈ । ਉਹ ਕਿਸੇ ਕੰਮ ਨੂੰ 'ਮੈਂ' ਦੀ ਭਾਵਨਾ ਨਾਲ ਨਹੀ ਕਰਦਾ । ਉਹ ਜੀਵਨ ਮੁਕਤ ਹੈ। ਜੀਵਨ ਮੁਕਤ ਦੀ ਇਸ ਅਵੱਸਥਾ ਵਿੱਚ 'ਮੈਂ' ਦੀ ਭਾਵਨਾ ਨਹੀਂ ਰਹਿੰਦੀ, ਉਹ ਪ੍ਰਭੂ ਨੂੰ ਹੀ ਕਰਨ ਕਰਾਵਨਹਾਰ ਸੁਆਮੀ ਜਾਣਦਾ ਹੈ । ਉਸ ਦੀ ਕੋਈ ਇੱਛਾ ਨਹੀ ਰਹਿੰਦੀ ਤੇ 'ਮੈਂ' ਹੋਣ ਦਾ ਕੋਈ ਖਿਆਲ ਹੀ ਨਹੀ ਆਉਂਦਾ। ਉਸ ਨੂੰ ਸਭ ਪਾਸੇ ਸਿਰਜਣਹਾਰ ਪ੍ਰਭੂ ਦੀ ਲੀਲ੍ਹਾ ਹੀ ਨਜ਼ਰ ਆਉਂਦੀ ਹੈ।

'ਜੀਵਨ ਮੁਕਤ' ਜਗਿਆਸੂ ਮੌਤ ਤੋਂ ਪਹਿਲਾਂ ਹੀ ਮਰ ਚੁੱਕਾ ਹੁੰਦਾ ਹੈ। ਇਹ ਮੌਤ ਉਸ ਦੀ 'ਮੈਂ' ਦੀ ਹੁੰਦੀ ਹੈ। ਇਹ ਉਸਦੀ ਅਲਹਿਦਾ ਹੌਂਦ ਅਤੇ ਪਛਾਣ ਦੀ ਮੌਤ ਹੈ। ਇਹ ਉਸ ਦੀ ਭਟਕਦੀ ਸੋਚਣੀ ਦੀ ਮੌਤ ਹੈ। ਦਰਅਸਲ ਇਹ ਅਵੱਸਥਾ ਮਾਨਵ-ਆਤਮਾ ਦੀ ਪਰਮ ਆਤਮਾ ਨਾਲ ਅਭੇਦ ਹੋਣ ਦੀ ਅਵੱਸਥਾ ਹੈ।

ਨੋਟ:- ਇਸ ਪਾਵਨ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਸਾਧੂਆਂ ਤੇ ਸੰਤਾਂ ਨੂੰ ਇੱਕ ਅਲੌਕਿਕ ਸਿੱਖਿਆ ਦੇ ਰਹੇ ਹਨ ਕਿ ਇੱਕ ਸੰਤ ਵਾਸਤੇ ਉਸ ਨੂੰ ਆਪਣੀ ਸੰਤਾਈ ਦਾ ਮਾਣ ਛਡਣਾ ਹੀ ਸਭ ਤੋਂ ਕਠਿਨ ਹੈ । ਇਸ ਰੁਕਾਵਟ ਤੋਂ ਕੋਈ ਵਿਰਲਾ ਹੀ ਪਾਰ ਹੁੰਦਾ ਹੈ।
ਗੁਰੂ ਨਾਨਕ ਦੇ ਦਰ ਤੇ ਮੁਰਦੇ ਹੀ ਪ੍ਰਵਾਨ ਹਨ । ਸਾਧ ਮੁਰਦਾ ਹੀ ਹੋਣਾ ਚਾਹੀਦਾ ਹੈ ਤੇ ਜਿਹੜਾ ਸਾਧ ਮੁਰਦਾ ਹੋਏਗਾ ਉਸ ਵਾਸਤੇ ਉਸਤਤ ਨਿੰਦਿਆ ਦੋਵੇਂ ਹੀ ਬਰਾਬਰ ਹਨ । ਮੁਰਦੇ ਨੂੰ ਕਿਸ ਚੀਜ਼ ਦਾ ਮਾਣ ਹੈ?
ਬਾਬਾ ਨੰਦ ਸਿੰਘ ਜੀ ਮਹਾਰਾਜ 
 
      ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ

www.srigurugranthsahib.org

Comments

Popular posts from this blog

अपने स्वामी की प्रशंसा में सब कुछ दांव पर लगा दो।

ਫ਼ਕੀਰਾਂ ਦੇ, ਦਰਵੇਸ਼ਾਂ ਦੇ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ

ਭਾਵਨਾ ਦਾ ਫਲ