ਪਵਿੱਤਰ ਸ੍ਰੀ ਹਰਿਮੰਦਰ ਸਾਹਿਬ

 


ਸ੍ਰੀ ਗੁਰੂ ਅਰਜਨ ਸਾਹਿਬ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੀਵੀਂ ਕੁਰਸੀ ਰੱਖ ਕੇ ਕੀਤੀ ਸੀ। ਹੋਰਨਾਂ ਧਾਰਮਿਕ ਅਸਥਾਨਾਂ ਦੇ ਉਲਟ ਜਿੱਥੇ ਕਿ ਸ਼ਰਧਾਲੂਆਂ ਨੂੰ ਮੱਥਾ ਟੇਕਣ ਤੇ ਪੂਜਾ ਕਰਨ ਲਈ ਉਪਰ ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ, ਇੱਥੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਹੇਠਾਂ ਵੱਲ ਉਤਰਨਾ ਪੈਂਦਾ ਹੈ ।

ਰੱਬ ਦਾ ਇਹ ਬੇਮਿਸਾਲ ਮੰਦਰ ਸਭ ਤੋਂ ਹੇਠਲੀ ਸਤਹ ਤੇ ਬਣਾਇਆ ਗਿਆ ਹੈ, ਕਿਉਂ ਜੋ ਇਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਦੀ ਗਵਾਹੀ ਭਰਦਾ ਹੈ। ਪਰਤਖ੍ਹ ਹਰਿ ਗੁਰੂ ਅਰਜਨ ਸਾਹਿਬ ਨੇ ਇਸ ਸਭ ਤੋਂ ਨੀਵੀਂ ਸਤਹ ਨੂੰ ਚੁਣਿਆ ਸੀ, ਕਿਉਂ ਜੋ ਇਸ ਪਰਮ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਦੀਵੀ ਆਸਣ ਸਜਾਉਂਣਾ ਸੀ।

ਉਸ ਸਮੇਂ ਸਿੱਖ-ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਕੁਰਸੀ ਆਸ ਪਾਸ ਦੀਆਂ ਇਮਾਰਤਾਂ ਤੋਂ ਉੱਚੀ ਰੱਖਣਾ ਚਾਹੁੰਦੀਆਂ ਸਨ ਅਤੇ ਸੰਗਤ ਨੇ ਅਜਿਹਾ ਕਰਨ ਲਈ ਗੁਰੂ ਜੀ ਨਾਲ ਖੂਬ ਵਿਚਾਰਾਂ ਵੀ ਕੀਤੀਆਂ ਸਨ। ਪਰੰਤੂ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ  ਸਾਹਿਬ ਜੀ ਦੇ ਰੂਹਾਨੀ ਚੋਜ ਵੀ ਨਿਆਰੇ ਸਨ। ਉਨ੍ਹਾਂ ਨੇ ਫੁਰਮਾਇਆ-

ਗਰੀਬੀ ਗਦਾ ਹਮਾਰੀ  

ਖੰਨਾ ਸਗਲ ਰੇਨੁ ਛਾਰੀ 

ਇਸੁ ਆਗੈ ਕੋ ਨ ਟਿਕੈ ਵੇਕਾਰੀ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 628

ਗਰੀਬੀ (ਨਿਮਰਤਾ) ਸਾਡਾ ਗੁਰਜ ਹੈ ਸਭ ਦੇ ਚਰਨਾਂ ਦੀ ਧੂੜ ਬਣਨਾ ਸਾਡੀ ਤਲਵਾਰ ਹੈ, ਇਨ੍ਹਾਂ ਹਥਿਆਰਾਂ ਸਾਹਮਣੇ ਕੋਈ ਵੀ ਬੁਰਿਆਰ ਨਹੀਂ ਠਹਿਰ ਸਕਦਾ ।

ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ 

ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 529

ਮੈਂ ਉਸ ਦੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ ਹਾਂ, ਮੈਂ ਉਸ ਦੇ ਦਾਸਾਂ ਦੀ ਟਹਿਲ ਕਰਦਾ ਹਾਂ। ਇਸ ਨਾਲ ਮੈਨੂੰ ਸੱਚੀ ਖੁਸ਼ੀ ਅਤੇ ਮਾਣ ਪ੍ਰਾਪਤ ਹੁੰਦਾ ਹੈ ਮੈਂ ਪ੍ਰਭੂ ਦੇ ਅੰਮ੍ਰਿਤ ਨਾਮ ਦੇ ਸਿਮਰਨ ਨਾਲ ਹੀ ਜੀਉਂਦਾ ਹਾਂ।

  • ਇਸ ਸ੍ਰੇਸ਼ਟ ਮੰਦਰ ਦੇ ਚਾਰੇ ਦਰਵਾਜ਼ੇ ਚਾਰੋਂ ਦਿਸ਼ਾਵਾਂ ਵੱਲ ਖੁਲ੍ਹਦੇ ਹਨ। 
  • ਇਸ ਦੇ ਦਰਵਾਜ਼ੇ ਸਾਰੇ ਧਰਮਾਂ ਦੇ ਪੈਰੋਕਾਰਾਂ ਲਈ; ਅਮੀਰ-ਗਰੀਬ, ਉੱਚੇ ਨੀਵੇਂ ਅਤੇ ਦੱਬੀਆਂ ਕੁਚਲੀਆਂ ਜਾਤਾਂ ਆਦਿ ਸਭ ਲਈ ਖੁਲ੍ਹੇ ਹਨ। 
  • ਰੱਬ ਦੇ ਇਸ ਘਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਰਿਆਂ ਨੂੰ ਆਦਰ-ਮਾਣ ਮਿਲਦਾ ਹੈ। ਗਰੀਬਾਂ, ਨੀਵਿਆਂ-ਨਿਮਾਣਿਆਂ ਤੇ ਨਿਆਸਰਿਆਂ ਨੂੰ ਇੱਥੇ ਆ ਕੇ ਰੱਬ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ।


ਸਾਰੇ ਧਰਮਾਂ ਵਿੱਚ ਰੱਬ ਦੇ ਪ੍ਰੇਮੀ ਹੋਏ ਹਨ। ਇੱਕ ਮੁਸਲਮਾਨ ਫ਼ਕੀਰ  (ਖ਼ੁਦਾ ਦਾ ਸੱਚਾ ਆਸ਼ਕ) ਹਜ਼ਰਤ ਮੀਆਂ ਮੀਰ ਜੀ ਆਪਣੇ ਜੀਵਨ ਕਾਲ ਵਿੱਚ ਰੂਹਾਨੀ ਉੱਚ ਜੀਵਨ ਵਾਲੇ ਫ਼ਕੀਰ ਵਜੋਂ ਜਾਣੇ, ਸਤਿਕਾਰੇ ਜਾਂਦੇ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਰੱਬ ਦੇ ਇਸ ਸਰਬ ਸਾਂਝੇ ਘਰ ਦੀ ਨੀਂਹ ਰੱਖਣ ਲਈ ਬੁਲਾਇਆ ਸੀ। ਇਸ ਸਿਧਾਂਤ ਨੂੰ ਵਧੇਰੇ ਸਪਸ਼ਟ ਕਰਨ ਲਈ ਕਿ ਇਹ ਹਰਿਮੰਦਰ ਸਾਹਿਬ ਸਾਰਿਆਂ ਦਾ ਸਾਂਝਾ ਹੈ। 

ਸ੍ਰੀ ਗੁਰੂ ਅਰਜਨ ਸਾਹਿਬ ਧਰਮ ਬਾਰੇ ਫੁਰਮਾਉਂਦੇ ਹਨ-

ਸਰਬ ਧਰਮ ਮਹਿ ਸ੍ਰੇਸਟ ਧਰਮੁ 

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 266

ਸਾਰੇ ਧਰਮਾਂ ਵਿੱਚੋਂ ਉੱਤਮ ਧਰਮ ਨੇਕ ਕਰਮ ਕਰਨੇ ਅਤੇ ਪ੍ਰਭੂ ਦਾ ਨਾਮ ਜਪਣਾ ਹੈ।

 ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈwww.SriGuruGranthSahib.org

Comments