ਹਜ਼ੂਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ (ਭੁੱਚੋ ਕਲਾਂ ਵਾਲੇ)- ਬਾਬਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਬਾਲ ਅਵਸਥਾ
ਬਾਲ ਅਵਸਥਾ ਵਿੱਚ ਇਸ ਪਵਿੱਤਰ ਬਾਲ ਨੂੰ ਕਦੇ ਵੀ ਰੋਂਦਿਆ ਜਾਂ ਹੱਸਦਿਆਂ ਨਹੀਂ ਵੇਖਿਆ ਗਿਆ ਸੀ। ਉਸਨੇ ਰੋ ਕੇ ਦੁੱਧ ਦੀ ਭੁੱਖ ਕਦੇ ਜ਼ਾਹਰ ਨਹੀਂ ਕੀਤੀ ਸੀ।ਕਦੀ ਵੀ ਕੋਈ ਚੀਜ਼ ਖਾਣ ਲਈ ਨਹੀਂ ਮੰਗੀ ਸੀ। ਉਹ ਭੁੱਖ ਅਤੇ ਤ੍ਰੇਹ ਦੀਆਂ ਮਨੁੱਖੀ ਕਮਜ਼ੋਰੀਆਂ ਤੋਂ ਪਹਿਲਾਂ ਹੀ ਉੱਪਰ ਸਨ। ਗਰਮੀ ਸਰਦੀ ਵਲੋਂ ਮੂਲੋਂ ਹੀ ਬੇਖ਼ਬਰ, ਖੁਸ਼ੀ ਜਾਂ ਗ਼ਮੀ ਤੋਂ ਪੂਰੀ ਤਰ੍ਹਾਂ ਨਿਰਲੇਪ ਸਨ। ਉਨ੍ਹਾਂ ਦੀ ਕੋਈ ਇੱਛਾ ਨਹੀਂ ਸੀ ਤੇ ਉਹ ਸੰਸਾਰੀ ਲੋੜਾਂ ਤੋਂ ਅਜ਼ਾਦ ਸਨ। ਉਹ ਸਮਾਧੀ ਵਿੱਚ ਲੀਨ ਰਹਿੰਦੇ ਤੇ ਉਨ੍ਹਾਂ ਦਾ ਚਿਹਰਾ ਸੂਰਜ ਦੀਆਂ ਕਿਰਨਾ ਨਿਆਈਂ ਚਮਕਦਾ ਰਹਿੰਦਾ ਸੀ। ਉਹ ਪ੍ਰਭੂ-ਪ੍ਰੀਤਮ ਦੇ ਰੰਗ ਵਿੱਚ ਰੱਤੇ ਰਹਿੰਦੇ ਸਨ। ਉਨ੍ਹਾਂ ਦੇ ਚਿਹਰੇ ਤੋਂ ਪ੍ਰਕਾਸ਼ ਦੇ ਨਿਰਾਲੇ ਹੜ੍ਹ ਦੀਆਂ ਕਿਰਨਾ ਪ੍ਰਗਟ ਹੁੰਦੀਆਂ ਸਨ। ਇਕ ਵਾਰ ਆਪ ਜਿਸ ਕਮਰੇ ਵਿੱਚ ਬਿਰਾਜਮਾਨ ਸਨ, ਉਸ ਕਮਰੇ ਵਿੱਚ ਉਨ੍ਹਾਂ ਦੇ ਚਿਹਰੇ ਤੋਂ ਨਿਕਲਦੇ ਨੂਰ ਨਾਲ ਪ੍ਰਕਾਸ਼ ਹੋ ਗਿਆ ਸੀ। ਜੁਆਨ ਅਵਸਥਾ ਵਿੱਚ ਉਨ੍ਹਾ ਕੁਝ ਦਿਨ ਇਸ ਕਮਰੇ ਵਿੱਚ ਭਗਤੀ ਕੀਤੀ ਸੀ। ਭੁੱਖ ਜਾਂ ਤ੍ਰੇਹ, ਦੁੱਖ ਜਾਂ ਸੁੱਖ, ਗਰਮੀ ਜਾਂ ਸਰਦੀ ਤੋਂ ਬੇਖ਼ਬਰ, ਉਹ ਬਾਲ ਅਵਸਥਾ ਵਿੱਚ ਹੀ ਸਾਰੀਆਂ ਇੱਛਾਵਾਂ ਤੇ ਫ਼ਤਹਿ ਪਾ ਚੁੱਕੇ ਸਨ। ਉਹ ਕਦੇ ਵੀ ਗੁੱਸੇ ਵਿੱਚ ਨਹੀਂ ਆਏ ਸਨ। ਬਿਖੜੇ ਹਾਲਾਤਾਂ ਵਿੱਚ ਵੀ ਉਨ੍ਹਾਂ ਦਾ ਹਿਰਦਾ ਸ਼ਾਂਤ ਰਹਿੰਦਾ ਸੀ। ਰੂਹਾਨੀਅਤ ਨਾਲ ਦਗ਼ ਦਗ਼ ਕਰਦੇ ਉਨ੍ਹਾਂ ਦੇ ਮੁਬਾਰਕ ਚਿਹਰੇ ਤੋਂ ਉਸ ਸਦੀਵੀ ਖੇੜੇ ਦੀ ਝਲਕ ਪੈਂਦੀ ਸੀ ਜਿਸ ਰੂਹਾਨੀ ਖੇੜੇ ਵਿੱਚ ਉਨ੍ਹਾਂ ਦੀ ਆਤਮਾ ਟਿਕੀ ਹੋਈ ਸੀ।
ਇਨ੍ਹਾਂ ਦੋ ਸਾਖੀਆਂ ਦਾ ਖ਼ਾਸ ਮਹੱਤਵ ਹੈ। ਇਨ੍ਹਾ ਤੋਂ ਮਹਾਨ ਬਾਲ ਵਿੱਚ ਰੱਬੀ ਸ਼ਕਤੀ ਦੇ ਤਪ-ਤੇਜ਼ ਦਾ ਪਤਾ ਲਗਦਾ ਹੈ।
ਇਕ ਵਾਰ ਕੋਈ ਸੰਤ ਉਨ੍ਹਾਂ ਦੇ ਘਰ ਅੱਗੋਂ ਦੀ ਲੰਘ ਰਿਹਾ ਸੀ। ਉਸ ਨੇ ਇਸ ਬਾਲ ਨੂੰ ਮੰਜੇ ਉੱਤੇ ਸਮਾਧੀ ਦੀ ਅਵਸਥਾ ਵਿੱਚ ਵੇਖਿਆ। ਬਾਬਾ ਜੀ ਦੇ ਚਿਹਰੇ ਤੇ ਰੱਬੀ ਨੂਰ ਚਮਕਦਾ ਵੇਖ ਕੇ ਉਹ ਹੈਰਾਨ ਰਹਿ ਗਿਆ।ਉਹ ਸੰਤ ਅੰਦਰ ਲੰਘ ਆਇਆ ਅਤੇ ਇਸ ਮਹਾਨ ਬਾਲ ਦੇ ਚਰਨਾ ਵੱਲ ਹੇਠਾਂ ਬੈਠ ਗਿਆ।
ਇਕ ਵਾਰ ਉਦਾਸੀ ਸੰਪਰਦਾ ਦੇ ਇਕ ਮਹਾਤਮਾ ਜੀ ਨੇ ਆਪਣੇ ਚੇਲਿਆਂ ਨਾਲ ਪਿੰਡ ਤੋਂ ਬਾਹਰ ਪੜਾਅ ਕੀਤਾ ਹੋਇਆ ਸੀ। ਸ਼ਾਮ ਵੇਲੇ ਪਿੰਡ ਦੇ ਸਾਰੇ ਲੋਕ ਉਨ੍ਹਾਂ ਦੀ ਸੰਗਤ ਵਿੱਚ ਮਹਾਤਮਾ ਜੀ ਦੇ ਪ੍ਰਵਚਨ ਸੁਣਨ ਜਾਇਆ ਕਰਦੇ ਸਨ। ਇਕ ਵਾਰ ਇਸ ਹੋਣਹਾਰ ਬਾਲ ਦੇ ਭਾਗਸ਼ੀਲ ਪਿਤਾ ਇਸ ਬਾਲ ਨੂੰ ਕੁੱਛੜ ਚੁੱਕ ਕੇ ਉਸ ਮਹਾਤਮਾ ਜੀ ਦੇ ਸਤਿਸੰਗ ਵਿੱਚ ਲੈ ਗਏ ਤੇ ਉਨ੍ਹਾਂ ਦੇ ਨਜ਼ਦੀਕ ਹੀ ਬੈਠ ਗਏ।ਜਿਉਂ ਹੀ ਉਸ ਮਹਾਤਮਾ ਜੀ ਦੀਆਂ ਨਜ਼ਰਾਂ ਉਸ ਬਾਲ ਤੇ ਪਈਆਂ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਕਾਫ਼ੀ ਦੇਰ ਤੱਕ ਉਸ ਬਾਲ ਵੱਲ ਨਿਗਾਹ ਟਿਕਾਈ ਰੱਖੀ। ਇਨ੍ਹਾਂ ਸਾਖੀਆਂ ਵਿੱਚ ਦੋਵੇਂ ਸਾਧੂਆਂ ਨੇ ਪਵਿੱਤਰ ਬਾਲ ਦੇ ਰੂਹਾਨੀ ਚਿਹਰੇ ਦੇ ਰੱਜ ਕੇ ਦੀਦਾਰ ਕੀਤੇ ਸਨ। ਉਨ੍ਹਾਂ ਨੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਇਸ ਦੁਰਲੱਭ ਰੱਬੀ ਜੋਤ ਬਾਰੇ ਕੁਝ ਬਚਨ ਕੀਤੇ ਜਿਸ ਦੇ ਉਨ੍ਹਾਂ ਨੇ ਆਪਣੀ ਸਾਰੀ ਉਮਰ ਵਿੱਚ ਪਹਿਲੀ ਵਾਰ ਦਰਸ਼ਨ ਕੀਤੇ ਸਨ।
ਸਾਡੇ ਧੰਨ ਭਾਗ ਹਨ, ਜਿਨ੍ਹਾਂ ਨੇ ਇਸ ਬਾਲ ਦੇ ਰੂਪ ਵਿੱਚ ਰੱਬ ਦੇ ਦਰਸ਼ਨ ਕੀਤੇ ਹਨ। ਉਹ ਮਾਪੇ ਧੰਨ ਹਨ, ਜਿਨ੍ਹਾਂ ਦੇ ਘਰ ਇਸ ਪਵਿੱਤਰ ਬਾਲ ਨੇ ਜਨਮ ਲਿਆ ਹੈ। ਉਹ ਪਿੰਡ ਧੰਨ ਹੈ, ਉਹ ਸ਼ਹਿਰ ਧੰਨ ਹੈ ਤੇ ਇਸ ਸਾਰੀ ਧਰਤੀ ਦੇ ਵੱਡੇ ਭਾਗ ਹਨ ਜਿੱਥੇ ਇਹ ਰੱਬ ਦੀ ਸੂਰਤ ਜਾਵੇਗੀ ਅਤੇ ਠਹਿਰੇਗੀ।
ਦੋਵਾਂ ਸਾਧੂਆਂ ਨੇ ਇਸ ਬਾਲ ਦੇ ਚਿਹਰੇ ਤੇ ਰੱਬੀ ਨੂਰ ਅਤੇ ਰੂਹਾਨੀ ਜਲਾਲ ਨੂੰ ਵੇਖਿਆ ਸੀ। ਉਨ੍ਹਾਂ ਨੇ ਰੱਬੀ ਨੂਰ ਅਤੇ ਚਿਹਰੇ ਤੇ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਨੂਰ ਵੇਖ ਕੇ ਸਜਦਾ ਕੀਤਾ ਸੀ। ਦੋਨੋਂ ਮਹਾਂਪੁਰਸ਼ਾਂ ਨੇ ਮਾਂ-ਬਾਪ ਨੂੰ ਸੱਚੇ ਦਿਲੋਂ ਵਧਾਈਆਂ ਦਿੱਤੀਆਂ।
ਇੱਥੇ ਹੀ ਤਪੱਸਿਆ ਦੇ ਸੁਆਮੀ ਸਾਲ ਭਰ ਸਮਾਧੀ ਵਿੱਚ ਲੀਨ ਰਹੇ ਸਨ। ਇਕ ਵਾਰ ਸਮਾਧੀ ਤੋਂ ਉੱਠੇ ਤੇ ਫਿਰ ਹੋਰ ਦੋ ਸਾਲ ਸਮਾਧੀ ਵਿੱਚ ਲੀਨ ਹੋ ਗਏ। ਹਜ਼ੂਰ ਨੇ ਫਿਰ ਆਪਣੀ ਮੁਬਾਰਕ ਸਮਾਧੀ ਖੋਲ੍ਹੀ ਅਤੇ ਫਿਰ ਹੋਰ ਦੋ ਸਾਲ ਸਮਾਧੀ ਇਸਥਿਤ ਰਹੇ। ਬਾਬਾ ਨੰਦ ਸਿੰਘ ਜੀ ਦੇ ਮਾਲਕ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਇਸ ਅਸਥਾਨ ਦੀ ਇਕਾਂਤ ਵਿੱਚ ਲਗਾਤਾਰ ਪੰਜ ਸਾਲ ਨਿਰਵਿਘਨ ਸਮਾਧੀ ਵਿੱਚ ਰਹਿਣ ਬਾਅਦ ਇਸ ਥਾਂ ਤੋਂ ਚਾਲੇ ਪਾ ਦਿੱਤੇ ਸਨ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ “ਤਪ” ਦੀ ਮੂਰਤ ਸਨ। ਉਨ੍ਹਾਂ ਦੇ ਚਿਹਰੇ ਤੇ ਝਲਕਦੇ ਤਪ ਅਤੇ ਨੂਰ ਦਾ ਪ੍ਰਤਾਪ ਝੱਲਿਆ ਨਹੀਂ ਜਾਂਦਾ ਸੀ। ਵੱਡੇ ਵੱਡੇ ਸਾਧੂ ਫ਼ਕੀਰ ਵੀ ਇਸ ਤਪ-ਤੇਜ਼ ਨੂੰ ਸਹਾਰ ਨਹੀਂ ਸਕਦੇ ਸਨ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਮਾਂਦਰੂ ਅਧਿਆਤਮਕ ਸਮਰਾਟ ਸਨ। ਆਪ ਬਚਪਨ ਤੋਂ ਹੀ ਸਮਾਧੀ ਵਿੱਚ ਲੀਨ ਰਹਿੰਦੇ ਸਨ। ਉਨ੍ਹਾਂ ਦੀ ਰੂਹਾਨੀ ਆਨੰਦ ਦੀ ਇਸ ਨਿਰੰਤਰ ਸਮਾਧੀ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਿਆ ਸੀ। ਇਸ ਅਵਸਥਾ ਵਿੱਚ ਗਰਮੀ-ਸਰਦੀ, ਭੋਜਨ, ਸੁੱਖ-ਆਰਾਮ ਅਤੇ ਤਕਲੀਫ਼ਾਂ ਮਹਿਸੂਸ ਹੀ ਨਹੀਂ ਹੁੰਦੀਆਂ ਸਨ। ਉਹ ਪਦਾਰਥਕ ਜਗਤ ਦੇ ਦੂਜੇ ਭਾਓ ਤੋਂ ਨਿਰਲੇਪ ਸਨ। ਕਾਮ, ਕ੍ਰੋਧ, ਲੋਭ,
ਮੋਹ,
ਹੰਕਾਰ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ ਸਨ।
ਬਾਬਾ ਜੀ ਨੇ ਆਪਣੇ ਮੁਬਾਰਕ ਮੁੱਖ ਤੋਂ ਫੁਰਮਾਇਆ- ਜਿਵੇਂ ਸੂਰਜ ਸਾਹਮਣੇ ਹਨੇਰਾ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰਕਾਸ਼ਮਾਨ ਪਰਮ ਜੋਤ ਵਿੱਚ ਲੀਨ ਰੱਬੀ ਜੋਤ ਸਾਹਮਣੇ ਹਜ਼ਾਰਾ ਸੂਰਜਾਂ, ਚੰਦਰਮਿਆਂ ਦਾ ਪ੍ਰਕਾਸ਼ ਤੁੱਛ ਰਹਿ ਜਾਂਦਾ ਹੈ। ਸੂਰਜ ਦਾ ਇਹ ਪ੍ਰਕਾਸ਼ ਆਪਣਾ ਨਹੀਂ ਹੈ, ਇਹ ਪਰਮ ਜੋਤ ਦੀ ਇਕ ਕਿਰਨ ਹੈ। ਸਤਿ ਪੁਰਖ ਇਸ ਪਰਮਜੋਤ ਨਾਲ ਜੁੜੇ ਰਹਿੰਦੇ ਹਨ। ਹਜ਼ਾਰਾਂ ਚੰਨ ਸੂਰਜ ਅਗਿਆਨਤਾ ਦੇ ਅੰਧਕਾਰ ਅਤੇ ਮਾਇਆ ਦੇ ਪਰਛਾਵਿਆਂ ਨੂੰ ਮਿਟਾ ਨਹੀਂ ਸਕਦੇ, ਪਰੰਤੂ ਪੂਰਨ ਪੁਰਖਾਂ ਦੀ ਇਕ ਨਦਰ ਨਾਲ ਇਹ ਅਲੋਪ ਹੋ ਜਾਂਦੇ ਹਨ।
ਬਾਬਾ ਹਰਨਾਮ ਸਿੰਘ ਜੀ ਇਕ ਅਜਿਹੀ ਮਹਾਨ ਆਤਮਾ ਸਨ ਜਿਨ੍ਹਾਂ ਨੂੰ ਪਰਮਾਤਮਾ ਨੇ ਮਨੁੱਖਤਾ ਦੇ ਭਲੇ, ਹਿੱਤ ਲਈ ਇਸ ਧਰਤੀ ਤੇ ਭੇਜਿਆ ਸੀ।
ਬਾਬਾ ਨੰਦ ਸਿੰਘ ਜੀ ਮਹਾਰਾਜ

Comments
Post a Comment