ਬਾਬਾ ਨੰਦ ਸਿੰਘ ਜੀ ਮਹਾਰਾਜ - ਸੱਚੇ ਦਿਲੋਂ ਕੀਤੀ ਅਰਦਾਸ ਤੁਰੰਤ ਪੂਰੀ ਕਰਨੀ

 

ਇਹ ਘਟਨਾ 1945 ਦੇ ਆਸ ਪਾਸ ਦੀ ਹੈ। ਬਾਬਾ ਜੀ ਦੀ ਕੁਟੀਆ (ਬਾਬਾ ਜੀ ਦੇ ਠਾਠ) ਦੇ ਬਾਹਰ ਇੱਕ ਆਦਮੀ ਜ਼ਾਰੋ ਜ਼ਾਰ ਰੋ ਰਿਹਾ ਸੀ। ਮੇਰੇ ਪਿਤਾ ਜੀ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ, ਉਸ ਦਾ ਨਾ ਬਲਵੰਤ ਸਿੰਘ ਸੀ। ਉਹ ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਰੋ ਰਿਹਾ ਸੀ, ਉਸ ਨੇ ਸਾਨੂੰ ਇੱਕ ਆਪ ਬੀਤੀ ਘਟਨਾ ਸੁਣਾਈ- 

ਦੂਜੇ ਵਿਸ਼ਵ ਯੁੱਧ ਵਿੱਚ ਉਹ ਆਪਣੀ ਫ਼ੌਜੀ ਯੂਨਿਟ ਦੇ ਨਾਲ ਇੱਟਲੀ ਗਿਆ ਹੋਇਆ ਸੀ। ਇੱਕ ਵਾਰ ਉਹ ਪੈਟਰੋਲ ਡਿਊਟੀ ਤੇ ਦੁਸ਼ਮਣ ਦੇ ਇਲਾਕੇ ਵਿੱਚ ਦੁਸ਼ਮਣ ਦੇ ਘੇਰੇ ਵਿੱਚ ਆ ਗਿਆ, ਕਈ ਸਾਥੀ ਮਾਰੇ ਗਏ। ਉਹ ਇੱਕ ਹੋਰ ਸਾਥੀ ਨਾਲ ਭੱਜ ਕੇ ਉਸ ਪਹਾੜੀ ਇਲਾਕੇ ਵਿੱਚ ਇੱਕ ਗਾਰ ਦੇ ਵਿੱਚ ਛੁਪ ਗਏ। ਉਹ ਤਿੰਨ ਦਿਨ ਭੁੱਖਣ ਭਾਣੇ ਹੀ ਰਹੇ, ਉਨ੍ਹਾਂ ਦੀ ਹਾਲਤ ਬਹੁਤ ਪਤਲੀ ਸੀ।

ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਦੱਸਿਆ-

ਅਸੀਂ ਬਹੁਤ ਖ਼ਤਰੇ ਵਿੱਚ ਸੀ। ਮੈਂ ਪਹਿਲੀ ਵਾਰ ਆਪਣੇ ਸੱਚੇ ਤੇ ਭਰੇ ਹੋਏ ਦਿਲ ਨਾਲ ਰੱਖਿਆ ਵਾਸਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਸਾਨੂੰ ਮੌਤ ਦੇ ਮੂੰਹ ਵਿੱਚੋਂ ਬਚਾਓ। ਮੈਂ ਇੰਨੇ ਨਿਸ਼ਚੇ ਤੇ ਵਿਸ਼ਵਾਸ਼ ਨਾਲ ਪਹਿਲਾਂ ਕਦੇ ਅਰਦਾਸ ਨਹੀਂ ਕੀਤੀ ਸੀ, ਮੇਰੀ ਅਰਦਾਸ ਉਸੇ ਵੇਲੇ ਸੁਣੀ ਗਈ।

ਅਜੇ ਮੈਂ ਅਰਦਾਸ ਕੀਤੀ ਹੀ ਸੀ ਕਿ ਥੋੜ੍ਹੀ ਦੇਰ ਬਾਅਦ ਉੱਥੇ ਸਾਨੂੰ ਇੱਕ ਇਸਤਰੀ ਦੀ ਅਵਾਜ਼ ਸੁਣਾਈ ਦਿੱਤੀ, ਜੋ ਸਾਨੂੰ ਬੁਲਾ ਰਹੀ ਸੀ। ਪਹਿਲਾਂ ਤਾਂ ਅਸੀਂ ਡਰ ਹੀ ਗਏ, ਫਿਰ ਉਸ ਨੇ ਸਾਨੂੰ ਵਿਸ਼ਵਾਸ਼ ਦੁਆਇਆ ਕਿ ਉਸ ਨੂੰ ਉਨ੍ਹਾ ਦੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਭੇਜਿਆ ਹੈ। ਅਸੀਂ ਆਪਣੀ ਛੁਪਣ ਵਾਲੀ ਥਾਂ ਤੋਂ ਬਾਹਰ ਆ ਗਏ ਤੇ ਵੇਖਿਆ ਕਿ ਇੱਕ ਬਜ਼ੁਰਗ ਇਸਤਰੀ ਭੋਜਨ ਅਤੇ ਪਾਣੀ ਲੈ ਕੇ ਖੜ੍ਹੀ ਸੀ। ਉਸ ਨੇ ਸਾਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਭੋਜਨ ਛਕਾਇਆ। ਉਹ ਨਜ਼ਦੀਕ ਦੇ ਪਿੰਡ ਦੀ ਈਸਾਈ ਪੁਜਾਰਨ ਸੀ, ਉਸ ਨੂੰ ਸਾਡੇ ਰਖਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਸਨ ਤੇ ਬਾਬਾ ਜੀ ਨੇ ਉਸ ਨੂੰ ਸਾਡੇ ਵਾਸਤੇ ਭੋਜਨ-ਪਾਣੀ ਲਿਜਾਣ ਤੇ ਛਕਾਣ ਲਈ ਹੁਕਮ ਕੀਤਾਭੋਜਨ ਛਕਾਉਂਣ ਤੋਂ ਬਾਅਦ ਉਹ ਸਾਨੂੰ ਆਪਣੇ ਘਰ ਲੈ ਗਈ, ਬਾਅਦ ਵਿੱਚ ਅਗਲੀ ਰਾਤ ਉਸ ਨੇ ਸਾਨੂੰ ਯੂਨਿਟ ਵਿੱਚ ਪਹੁੰਚਾਉਂਣ ਦਾ ਪ੍ਰਬੰਧ ਕਰ ਦਿੱਤਾ।

ਇਹ ਕਥਨਯੋਗ ਹੈ ਕਿ ਉਹ ਇਸਤ੍ਰੀ ਲਾਰਡ ਕਰਾਈਸਟ ਦੀ ਪੁਜਾਰਨ ਸੀ ਅਤੇ ਕਾਫ਼ੀ ਦੇਰ ਤੋਂ ਉਹ ਲਾਰਡ ਕਰਾਈਸਟ ਦੇ ਦਰਸ਼ਨ ਕਰਨ ਦੀ ਤਾਂਘ ਰੱਖ ਰਹੀ ਸੀ। ਜਦੋਂ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸ ਨੂੰ ਦਰਸ਼ਨ ਦੇ ਕੇ ਬਲਵੰਤ ਸਿੰਘ ਅਤੇ ਉਸ ਦੇ ਸਾਥੀ ਵਾਸਤੇ ਭੋਜਨ ਲੈ ਕੇ ਜਾਣ ਵਾਸਤੇ ਹੁਕਮ ਕੀਤਾ ਤਾਂ ਉਸੇ ਵਕਤ ਉਹ ਲਾਰਡ ਕਰਾਈਸਟ ਦੇ ਸਰੂਪ ਵਿੱਚ ਹੋ ਗਏ ਤੇ ਫਿਰ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸਰੂਪ ਧਾਰ ਲਿਆ। ਉਸਨੇ ਰੋ ਰੋ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਕਿਰਪਾ ਨਾਲ ਉਸਨੂੰ ਲਾਰਡ ਕਰਾਈਸਟ ਦੇ ਦਰਸ਼ਨ ਹੋਏ ਹਨ ਤੇ ਇਹ ਗਿਆਨ ਹੋਇਆ ਕਿ ਮੇਰੇ ਪ੍ਰਭੂ ਲਾਰਡ ਕਰਾਈਸਟ ਤੇ ਤੁਹਾਡੇ ਬੰਦੀਛੋੜ ਬਾਬਾ ਨੰਦ ਸਿੰਘ ਜੀ ਮਹਾਰਾਜ ਇੱਕੋ ਹੀ ਹਨ।

ਜਿਉਂ ਜਿਉਂ ਉਹ ਆਪਣੀ ਹੱਡ-ਬੀਤੀ ਸੁਣਾ ਰਿਹਾ ਸੀ, ਤਿਉਂ ਤਿਉਂ ਹੀ ਉਹ ਮਹਾਨ ਰਖਵਾਲੇ, ਮਾਰ-ਜਿਵਾਉਂਣ ਦੇ ਮਾਲਕ ਬਾਬਾ ਜੀ ਦੀ ਯਾਦ ਵਿੱਚ ਬੱਚਿਆਂ ਵਾਂਗ ਰੋਈ ਜਾ ਰਿਹਾ ਸੀ। ਉੱਥੇ ਹੋਰ ਵੀ ਸੰਗਤ ਇਕੱਠੀ ਹੋ ਗਈ ਸੀ, ਮੇਰੇ ਪਿਤਾ ਜੀ ਨੇ ਉਸ ਨੂੰ ਪਿਆਰ ਦਿਲਾਸਾ ਦਿੱਤਾ।

ਦਰੋਪਦੀ ਨੇ ਦਰਯੋਧਨ ਦੇ ਦਰਬਾਰ ਵਿੱਚ ਬੇਬਸੀ ਦੀ ਹਾਲਤ ਵਿੱਚ ਆਪਣੇ ਰਖਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਸੰਕਟ ਸਮੇਂ ਯਾਦ ਕੀਤਾ ਤਾਂ ਭਗਵਾਨ ਨੇ ਉਸਨੂੰ ਉਸੇ ਵਕਤ ਬਚਾ ਲਿਆ ਸੀ। ਜਦੋਂ ਮੱਖਣ ਸ਼ਾਹ ਲੁਬਾਣੇ ਦੇ ਕੀਮਤੀ ਸਮਾਨ ਨਾਲ ਭਰੇ ਜਹਾਜ਼ ਤੂਫ਼ਾਨੀ ਸਮੁੰਦਰ ਵਿੱਚ ਘਿਰ ਗਏ ਸਨ ਤਾਂ ਉਸ ਨੇ ਇਸ ਔਖੀ ਘੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਇਆ ਸੀ। ਨੌਵੇਂ ਗੁਰੂ ਜੀ ਨੇ ਉਸੇ ਵਕਤ ਉਸ ਦੇ ਡੁਬਦੇ ਜਹਾਜ਼ ਨੂੰ ਆਪਣੀ ਮਿਹਰ ਨਾਲ ਬਚਾ ਲਿਆ ਸੀ।

ਬਲਵੰਤ ਸਿੰਘ ਦੇ ਹਿਰਦੇ ਵਿੱਚੋਂ ਵੀ ਸੰਕਟ ਦੀ ਘੜੀ ਵਿੱਚ ਰੱਖਿਆ ਲਈ ਅਰਦਾਸ ਨਿਕਲੀ ਸੀ। ਇਹ ਕਿੰਨੇ ਅਜੀਬ, ਵਿਲੱਖਣ ਅਤੇ ਆਲੌਕਿਕ ਤਰੀਕੇ ਹਨ ਜਿਨ੍ਹਾਂ ਰਾਹੀਂ ਸਤਿਗੁਰੂ ਜੀ ਆਪਣੇ ਪਿਆਰਿਆਂ ਦੀਆਂ ਸੰਕਟ ਦੀਆਂ ਘੜੀਆਂ ਵਿੱਚ ਸਹਾਈ ਹੁੰਦੇ ਹਨ। ਬਲਵੰਤ ਸਿੰਘ ਦੇ ਇਸ ਤਜਰਬੇ ਤੋਂ ਪਤਾ ਲਗਦਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਚਮਤਕਾਰੀ ਢੰਗ ਨਾਲ ਸਹਾਰਾ ਦਿੰਦੀ ਸੀ।

ਉਨ੍ਹਾਂ ਦਾ ਪਵਿੱਤਰ ਨਾ ਲੈਣ ਨਾਲ ਹੀ ਡੁਬਦੇ ਤਰ ਜਾਂਦੇ ਹਨ, ਮਰਨ ਵਾਲੇ ਮੁਕਤ ਹੋ ਜਾਂਦੇ ਹਨ ਅਤੇ ਨਿਰਜਿੰਦ ਹੋਈਆਂ ਆਤਮਾਵਾਂ ਚੜ੍ਹਦੀਕਲਾ ਵਿੱਚ ਹੋ ਜਾਂਦੀਆਂ ਹਨ। ਉਨ੍ਹਾਂ ਦੀ ਯਾਦ ਵਿੱਚ ਹਿਰਦੇ ਪਵਿੱਤਰ ਹੋ ਜਾਂਦੇ ਹਨ, ਰੂਹ ਦੀ ਚੜ੍ਹਦੀਕਲਾ ਅਤੇ ਜੀਵ ਮੁੱਕਤੀ ਨੂੰ ਪ੍ਰਾਪਤ ਹੋ ਜਾਂਦਾ ਹੇ। ਉਨ੍ਹਾਂ ਦੇ ਪਵਿੱਤਰ ਨਾ ਅਤੇ ਸਰਗੁਣ ਸਰੂਪ ਦੀ ਪਵਿੱਤਰਤਾ ਵਿੱਚ ਏਨੀ ਸ਼ਕੀਤਸ਼ਾਲੀ ਖਿੱਚ ਹੈ।

ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ॥
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ॥
ਸੇਵਕ ਕਉ ਨਿਕਟੀ ਹੋਇ ਦਿਖਾਵੈ॥

ਸਤਿਗੁਰੂ ਆਪਣੇ ਸੇਵਕ ਦੀ ਆਪ ਰੱਖਿਆ ਕਰਦੇ ਹਨ ਅਤੇ ਆਪ ਹੀ ਨਾਮ ਨੂੰ ਉਸ ਦੇ ਜੀਵਨ ਦਾ ਅਧਾਰ ਬਣਾਉਂਦੇ ਹਨ। ਜਿੱਥੇ ਵੀ ਸੇਵਕ ਨੂੰ ਸਤਿਗੁਰੂ ਜੀ ਦੀ ਲੋੜ ਪੈਂਦੀ ਹੈ ਉੱਥੇ ਹੀ ਯਕ ਦਮ ਪਹੁੰਚ ਜਾਂਦੇ ਹਨ ਤੇ ਨੇੜੇ ਹੋ ਕੇ ਉਸਨੂੰ ਦਰਸ਼ਨ ਦਿੰਦੇ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸ਼ਲੋਕ ਵਿੱਚ ਸਤਿਗੁਰੂ ਅਤੇ ਸੇਵਕ ਦੇ ਸਬੰਧਾਂ ਦੀ ਵਡਿਆਈ ਕਰਦੇ ਹਨ। ਬਾਬਾ ਜੀ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਦਿਲੋਂ ਕੀਤੀ ਅਰਦਾਸ ਨੂੰ ਵੀ ਉਸੇ ਵਕਤ ਸੁਣਦੇ ਤੇ ਪੂਰੀ ਕਰਦੇ ਸਨ। ਉਨ੍ਹਾਂ ਦੇ ਸਰੀਰਕ ਚੋਲਾ ਤਿਆਗਣ ਬਾਅਦ ਵੀ ਜੇ ਕਿਸੇ ਨੇ ਉਨ੍ਹਾਂ ਅੱਗੇ ਸੱਚੇ ਦਿਲ ਨਾਲ ਅਰਦਾਸ ਕੀਤੀ ਤਾਂ ਉਹ ਉਸੇ ਵਕਤ ਸੁਣੀ ਜਾਂਦੀ ਸੀ ਤੇ ਹੁਣ ਵੀ ਸੁਣੀ ਜਾਂਦੀ ਹੈ।

ਇਹ ਘਟਨਾ ਕਿੰਨੀ ਅਸਚਰਜ ਹੈ ਅਤੇ ਉਨ੍ਹਾਂ ਦੇ ਹਾਜ਼ਰ ਨਾਜ਼ਰ ਅਤੇ ਸਦਾ ਜਿਉਂਦੇ ਰਹਿਣ ਦੇ ਵਿਸ਼ਵਾਸ ਵਿੱਚ ਵਾਧਾ ਕਰਦੀ ਹੈ। 

ਬਾਬਾ ਜੀ ਦੇ, ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਆਪਣੇ ਸੇਵਕਾਂ ਦੀ ਰੱਖਿਆ ਕਰਨ ਦੇ ਚੋਜ ਵੀ ਨਿਆਰੇ ਹਨ। ਭਾਵੇਂ ਉਨ੍ਹਾਂ ਨੂੰ ਸਰੀਰਕ ਰੂਪ ਵਿੱਚ ਅਲੋਪ ਹੋਇਆਂ 69 ਵਰ੍ਹੇ ਗੁਜ਼ਰ ਚੁੱਕੇ ਹਨ ਪਰ ਇਹੋ ਜਿਹੀਆਂ ਘਟਨਾਵਾਂ ਉਨ੍ਹਾਂ ਦੇ ਸਦਾ ਜੀਵਤ ਹੋਣ ਦੀ ਸਾਖੀ ਭਰਦੀਆਂ ਹਨ। ਇਸ ਘਟਨਾ ਤੋਂ ਇਸ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਕਿ ਉਨ੍ਹਾਂ ਦੀ ਰੂਹਾਨੀ ਸ਼ਕਤੀ ਇਸ ਸਾਰੀ ਸ੍ਰਿਸ਼ਟੀ ਵਿੱਚ ਵਿਦਮਾਨ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ।

ਬਾਬਾ ਨਾਨਕ ਬਖਸ਼ ਲੈ॥  

Comments

Popular Posts