ਬਲੀਦਾਨ ਦਾ ਰੰਗ




ਸਾਧ ਸੰਗਤ ਜੀ 

ਜਿਸਦਾ ਮੁੱਖ ਗੁਰੂ ਵੱਲ ਹੈ, ਜਿਹੜਾ ਗੁਰੂ ਵੱਲ ਤੁਰਦਾ ਹੈ, ਗੁਰੂ ਦੀ ਸੋਚ ਵਿੱਚ ਹੈ ਉਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਇੱਕ ਫੁਰਮਾਣ ਦੇ ਰਹੇ ਹਨ-

ਸਦਾ ਰਹੈ ਨਿਹਕਾਮ ਜੇ ਗੁਰਮਤਿ ਪਾਈਐ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-752

ਇਹ ਸ਼ਬਦ, ਇਹ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ, ਮਹਾਨ ਬਾਬਾ ਨੰਦ ਸਿੰਘ ਸਾਹਿਬ ਦੇ ਤੇਰ੍ਹਾਂ ਨੇਮਾਂ ਦੇ ਪ੍ਰਕਾਸ਼ ਦੇ ਵਿੱਚ ਇਹ ਸਭ ਤੋਂ ਅੱਗੇ ਖੜੋਤਾ ਹੈ। ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਸੁਆਸ-ਸੁਆਸ, ਰੋਮ-ਰੋਮ ਵਿੱਚ ਨਿਸ਼ਕਾਮਤਾ ਸਮਾਈ ਹੋਈ ਸੀ।

ਇੰਨੇ ਮਾਸੂਮ ਸਾਹਿਬਜ਼ਾਦੇ, ਉਨ੍ਹਾਂ ਦੀ ਇੱਕ ਵੀ ਕਾਮਨਾ ਸੀ? 

ਕਿੰਨੇ ਇੱਛਿਆ ਰਹਤ ਸੀ? 

ਇੱਕ ਵੀ ਫੁਰਨਾ ਸੀ ਉਨ੍ਹਾਂ ਦਾ? 

ਉਨ੍ਹਾਂ ਨੇ ਇੱਕ ਵੀ ਅਰਦਾਸ ਕੀਤੀ, ਕੋਈ ਬੇਨਤੀ ਕੀਤੀ? 

ਕੋਈ ਜੋਦੜੀ ਕੀਤੀ ਉਨ੍ਹਾਂ ਆਪਣੇ ਵਾਸਤੇ? 

ਕੋਈ ਸ਼ਕਤੀ ਦਾ ਇਸਤੇਮਾਲ ਕੀਤਾ?

ਗੁਰੂ ਘਰ ਵਿੱਚ ਸ਼ਕਤੀ ਇਸਤੇਮਾਲ ਕਰਨਾ ਮਨ੍ਹਾਂ ਹੈ। ਸਾਧ ਸੰਗਤ ਜੀ ਸ਼ਕਤੀ ਗੁਰੂ ਦੇ, ਸਾਹਿਬ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ। ਸਾਹਿਬ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ।

ਤੁਸੀ ਤਵਾਰੀਖ ਤੋਂ ਵਾਕਫ ਹੋ ਬਾਬਾ ਅਟਲ ਜੀ, ਬਾਬਾ ਗੁਰਦਿੱਤਾ ਜੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਥੋੜ੍ਹੀ ਜਿਹੀ ਨਰਾਜ਼ਗੀ ਪ੍ਰਗਟ ਕੀਤੀ ਹੈ ਤਾਂ ਦੋਨੋਂ ਸਾਹਿਬਜ਼ਾਦਿਆਂ ਨੇ ਜਾਕੇ ਕਿਸ ਤਰ੍ਹਾਂ ਸਮਾਧੀ ਲਗਾਈ ਹੈ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਹਨ।

ਸਾਧ ਸੰਗਤ ਜੀ ਸਾਹਿਬਜਾਦਿਆਂ ਨੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ ? ਉਹ ਮਹਾਨ ਪ੍ਰਕਾਸ਼, ਉਹ ਚਿਨ੍ਹਾਂ ਤੇ ਚਲਦੇ ਹੋਏ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਇਸ ਫੁਰਮਾਣ ਨੂੰ ਕਿਸ ਤਰ੍ਹਾਂ ਪ੍ਰਕਾਸ਼ਿਤ ਕਰਦੇ ਹਨ।

ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਡੇ ਨਿਸਤਾਰੇ ਵਾਸਤੇ ਇਸ ਸੰਸਾਰ ਦੇ, ਇਸ ਜੁੱਗ ਦੇ ਨਿਸਤਾਰੇ ਵਾਸਤੇ, ਰਹਿੰਦੀ ਦੁਨੀਆਂ ਤਕ ਆਪਣੇ ਉਤੇ ਲੈਕੇ ਕਿਹੜੇ ਕਿਹੜੇ ਖੇਡ, ਖੇਡੇ ਹਨ। ਕਿਹੜੇ ਸਾਧਨ ਉਨ੍ਹਾਂ ਨੇ ਵਰਤੇ ਹਨ, ਕਿਹੜੇ ਰੰਗ ਉਨ੍ਹਾਂ ਨੇ ਆਪ ਭਰੇ ਹਨ। ਸਾਧ ਸੰਗਤ ਜੀ ਕਮਾਲ ਹੈ! ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-579

ਸਾਰਾ ਸੰਸਾਰ ਰੋਦਾਂ ਹੈ, ਇਸ ਮੈਂ ਮੇਰੀ ਦੇ ਰੰਗ ਵਿੱਚ ਰੋਦਾਂ ਹੈ ਆਪਣੇ ਪਰਿਵਾਰ ਦੀ ਖਾਤਰ, ਜਿਹੜਾ ਵੀ ਮੈਂ ਮੇਰੀ ਨੂੰ ਧੱਕਾ ਲਗਦਾ ਹੈ ਬੜਾ ਰੋਦਾਂ ਹੈ।

ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਸਾਰਾ ਹੀ ਸੰਸਾਰ ਇਹ ਵਿਸ਼ੇ ਵਿਕਾਰਾਂ ਵਿੱਚ ਆਪਣਾ ਜਨਮ ਨਸ਼ਟ ਕਰੀ ਜਾਂਦਾ ਹੈ।

ਪਰ ਸਾਹਿਬ ਜਿਹੜਾ ਤਰੀਕਾ ਦਸਦੇ ਹਨ-

ਸਤਿਗੁਰੂ ਦੀ ਖਾਤਰ ਜੇ ਕਿਤੇ ਉਸਦੇ ਪਿਆਰ ਵਿੱਚ ਰੋਵੇ, ਉਹੀ ਸਿਰਫ ਲੇਖੇ ਵਿੱਚ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-

ਇਹ ਜਿਹੜਾ ਉਸਦੇ ਪਿਆਰ ਵਿੱਚ ਰੋਣਾ ਹੈ, ਉਸਦੇ ਪਿਆਰ ਵਿੱਚ ਵੈਰਾਗ ਕਰਨਾ ਹੈ ਸਾਧ ਸੰਗਤ ਜੀ ਇਹ ਸਾਡੇ ਹਿਰਦੇ ਨੂੰ ਸਾਡੇ ਮਨ ਨੂੰ...
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ
ਕਾਲਾ ਹੋਆ ਸਿਆਹੁ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-656
...ਉਸ ਮੈਲ ਨੂੰ, ਉਸ ਕਾਲਖ ਨੂੰ ਧੋ ਦਿੰਦਾ ਹੈ।

ਜਿਸ ਵਕਤ ਵੀ ਨਿਮਰਤਾ ਤੇ ਗਰੀਬੀ ਵਿੱਚ, ਪਸਚਾਤਾਪ ਦੇ ਵਿੱਚ ਆਪਣੇ ਗੁਨਾਹਾਂ, ਪਾਪਾਂ, ਭੁੱਲਾਂ ਨੂੰ ਯਾਦ ਕਰਕੇ ਰੋਦਾਂ ਹੈ, ਇਹ ਇਸ ਤਰ੍ਹਾਂ ਦਾ ਅਸਰ ਕਰਦਾ ਹੈ ਕਿ ਧਰਮਰਾਜ ਦੇ ਪਾਸ ਜੋ ਪ੍ਰਾਣੀ ਦਾ ਖਾਤਾ ਹੈ ਉਸ ਖਾਤੇ ਵਿੱਚ ਕਾਲ ਪੈ ਜਾਂਦਾ ਹੈ, ਬਿਲਕੁੱਲ ਹੀ ਸਾਫ ਕਰ ਦਿੰਦਾ ਹੈ। 

ਸਾਧ ਸੰਗਤ ਜੀ,

ਐਸਾ ਖੇਡ ਭਰਿਆ ਹੈ ਸਾਹਿਬਜ਼ਾਦਿਆਂ ਨੇ ਕਮਾਲ ਕਰ ਦਿੱਤੀ ਹੈ। ਇਹ ਜਿਹੜਾ ਵੀ ਇਸ ਪਾਸੇ ਥੋੜ੍ਹਾ ਜਿਹਾ ਵੀ ਧਿਆਨ ਧਰਦਾ ਹੈ ਇਸ ਖੇਡ ਦੀ, ਇਸ ਸਾਧਨ ਦੀ ਉਹ ਮਿਕਨਾਤੀਸੀ ਤਾਕਤ, ਉ ਵੇਲੇ ਖਿੱਚ ਲੈਂਦੀ ਹੈ। ਜੋ ਕੁੱਝ ਸਾਹਿਬ ਨੇ ਆਪਣੇ ਉਤੇ ਲੈ ਕੇ ਵਰਤਿਆ ਹੈ ਉਸ ਚੀਜ਼ ਨੂੰ ਯਾਦ ਕਰਕੇ ਜਿਹੜਾ ਇਨਸਾਨ ਰੋਦਾਂ ਹੈ ਸਾਧ ਸੰਗਤ ਜੀ ਉਹ ਇਨਸਾਨ ਇਸ ਵਿਨਾਸ਼ ਵਿੱਚੋਂ ਨਿਕਲ ਕੇ ਉਸ ਅਬਿਨਾਸੀ ਦੇ ਪਿਆਰ ਵਿੱਚ ਚਲਾ ਜਾਂਦਾ ਹੈ, ਉਸ ਪ੍ਰਕਾਸ਼ ਦੇ ਵਿੱਚ ਚਲਾ ਜਾਂਦਾ ਹੈ।

ਇਸ ਅੰਧਕਾਰ ਜੁਗ ਦੇ ਵਿੱਚ ਜੋ ਰੰਗ ਸਾਹਿਬ ਨੇ ਪ੍ਰਕਾਸ਼ ਵਿੱਚ ਭਰੇ ਹਨ, ਇਸ ਧਰਮ ਦੇ ਪ੍ਰਕਾਸ਼ ਵਿੱਚ, ਇਸ ਸਮੇਂ ਦੇ ਪ੍ਰਕਾਸ਼ ਵਿੱਚ ਸਾਹਿਬ ਨੇ ਭਰੇ ਹਨ..., 

ਕਿਤੇ ਆਪਾਂ ਭੁੱਲ ਨਾ ਜਾਈਏ ਕਿ ਪੂਜਯ ਮਾਤਾ ਗੁਜਰੀ ਜੀ ਨੇ ਉਨ੍ਹਾਂ ਵਿੱਚ ਕਿਹੜਾ ਰੰਗ ਭਰਿਆ ਹੈ। ਉਹ ਮਾਤਾ ਗੁਜਰੀ ਜੀ ਸਨ ਜਿਨ੍ਹਾਂ ਨੇ ਖਿੱੜੇ ਮੱਥੇ ਆਪਣੇ ਸਰਤਾਜ ਨਿਰੰਕਾਰ ਸਰੂਪ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਹਾਨ ਬਲੀਦਾਨ ਵਾਸਤੇ ਵਿਦਾ ਕੀਤਾ ਹੈ। ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਬਾਲਕ ਅਵੱਸਥਾ ਦੇ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਜਵਾਬ ਦਿੰਦੇ ਹੋਏ ਫੁਰਮਾਇਆ ਸੀ ਕਿ- 

ਸੱਚੇ ਪਾਤਸ਼ਾਹ ਜੇ ਇੱਕ ਮਹਾਪੁਰਸ਼ ਦੇ ਮਹਾਨ ਬਲੀਦਾਨ ਦੀ ਲੋੜ ਹੈ ਤੇ ਆਪ ਨਾਲੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ। 

ਉਸ ਖਿੱੜੇ ਮੱਥੇ ਨਾਲ ਵਿਦਾ ਕਰਕੇ ਪੂਜਯ ਮਾਤਾ ਗੁਜਰੀ ਜੀ ਨੇ ਆਪਣੇ ਨਿਰੰਕਾਰ ਸਰੂਪ ਪੁਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਸੀਨੇ ਨਾਲ ਲਗਾ ਲਿਆ। ਸਾਧ ਸੰਗਤ ਜੀ ਉਹੀ ਜਗਤ ਮਾਤਾ ਕਿਹੜੇ ਰੰਗ ਭਰ ਰਹੀ ਹੈ। ਜਿਸ ਵਕਤ ਉਸ ਠੰਡੇ ਬੁਰਜ ਦੇ ਵਿੱਚ ਫਤਿਹਗੜ੍ਹ ਸਾਹਿਬ ਕੈਦ ਹੈ। ਜਿਹੜੀ ਸਿੱਖਿਆ ਮਾਤਾ ਗੁਜਰੀ ਜੀ ਦਿੰਦੇ ਰਹੇ ਹਨ, ਜਿਹੜਾ ਪ੍ਰਕਾਸ਼ ਆਪਣੇ ਹੀ ਪੋਤਰਿਆਂ (ਸਾਹਿਬਜ਼ਾਦਿਆਂ) ਦੇ ਵਿੱਚ ਵੰਡਦੇ ਰਹੇ ਹਨ, ਕਿਹੜੀ ਸਿੱਖਿਆ ਦਿੱਤੀ ਹੈ ਉਨ੍ਹਾਂ ਨੇ ਉਸ ਵੇਲੇ। ਉਹ ਦੋਵੇਂ ਸਾਹਿਬਜ਼ਾਦੇ ਇੰਨੇ ਕੋਮਲ, ਇੰਨੇ ਲਾਡਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਤੇ ਇੰਨੇ ਪਿਆਰੇ ਲਾਡਲੇ ਮਾਤਾ ਗੁਜਰੀ ਜੀ ਦੇ ਫਿਰ ਜਿਸ ਖਿੱੜੇ ਮੱਥੇ ਨਾਲ ਉਨ੍ਹਾਂ ਨੂੰ ਤਿਆਰ ਕਰਕੇ ਮਹਾਨ ਬਲੀਦਾਨ ਵਾਸਤੇ ਤੋਰਿਆ ਹੈ।

ਸਾਧ ਸੰਗਤ ਜੀ ਜਗਤ ਮਾਤਾ ਨੇ ਅੱਤ ਕਰ ਦਿੱਤੀ ਹੈ ਉਸ ਰੰਗ ਦੀ, ਜੋ ਪ੍ਰਕਾਸ਼ ਦੇ ਵਿੱਚ ਭਰਿਆ ਹੈ। 

ਜਿਸ ਵਕਤ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਸਰਬੰਸ ਸਮੇਤ ਇੱਕ ਪੂਰਨ ਪ੍ਰਕਾਸ਼ਮਈ ਰੰਗ ਭਰ ਰਹੇ ਹਨ ਉਸ ਵੇਲੇ ਜਗਤ ਮਾਤਾ, ਪੂਜਯ ਮਾਤਾ ਗੁਜਰੀ ਜੀ ਜਿਸ ਤਰ੍ਹਾਂ ਉਸ ਖੇਡ ਦੇ ਵਿੱਚ ਉਹ ਪ੍ਰਕਾਸ਼ ਭਰ ਗਏ ਹਨ, ਉਹ ਪ੍ਰਕਾਸ਼ ਜਿਸ ਤਰ੍ਹਾਂ ਦਾ ਇਸ ਜੁਗ ਦੇ ਵਿੱਚ ਭਰਿਆ ਹੈ ਉਸ ਤਰ੍ਹਾਂ ਦਾ ਪ੍ਰਕਾਸ਼ ਪਹਿਲੇ ਕਿਧਰੇ ਨਜ਼ਰ ਨਹੀਂ ਆਉਂਦਾ। ਕਿਉਂਕਿ ਜਗਤ ਮਾਤਾ ਇੱਕ ਵਿਲੱਖਣ ਹੀ ਪ੍ਰਕਾਸ਼ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਲਾਡ ਲਡਾ ਰਹੀ ਹੈ ਅਤੇ ਜਿਸ ਤਰ੍ਹਾਂ ਹੁਣ ਲਾਡ ਲਡਾ ਰਹੀ ਹੈ ਉਸੇ ਤਰ੍ਹਾਂ ਉਹ ਆਪਣੇ ਸਾਰੇ ਬੱਚਿਆਂ ਦੇ... ਕਿਉਂਕਿ ਜਗਤ ਮਾਤਾ ਸਾਰੇ ਬੱਚਿਆਂ ਦੀ ਮਾਤਾ ਹੈ ਅਤੇ ਉਹ ਲਾਡ ਲਡਾਇਆ ਹੀ ਨਹੀਂ ਹੈ ਬਲਕਿ ਰਹਿੰਦੀ ਦੁਨੀਆਂ ਤਕ ਇਹ ਲਾਡ ਹਮੇਸ਼ਾ ਹੀ ਲਡਾਉਂਦੀ ਰਹੇਗੀ। ਜੋ ਸਿੱਖਿਆ ਉਹ ਇਸ ਲਾਡ ਵਿੱਚ ਦੇ ਗਈ ਹੈ ਉਸ ਸਿੱਖਿਆ ਦਾ ਪ੍ਰਕਾਸ਼ ਹਮੇਸ਼ਾ ਹੀ ਸੂਰਜ ਵਾਕਨ ਚਮਕਦਾ ਰਹੇਗਾ।

ਸਾਧ ਸੰਗਤ ਜੀ 
ਇਹ ਨਿਰੰਕਾਰ ਦਾ ਤੇ ਨਿਰੰਕਾਰ ਦੇ ਰੰਗ, ਜੋ ਉਹ ਭਰ ਗਏ ਹਨ ਇਸ ਦੇ ਵਿੱਚ ਜਿਸ ਤਰ੍ਹਾਂ ਆਪਣੇ ਸਾਰੇ ਬੱਚਿਆਂ ਨਾਲ ਲਾਡ ਲਡਾ ਗਏ ਹਨ ਇਹ ਪ੍ਰਕਾਸ਼ ਜਿਹੜਾ ਥਿੱਰ ਹੈ, ਅਟਲ ਹੈ, ਅਭੰਗ ਹੈ, ਇਹ ਪ੍ਰੇਮ ਪ੍ਰਕਾਸ਼ ਜਿਸ ਦੇ ਵਿੱਚ ਉਹ ਲਾਡ ਲਡਾ ਕੇ ਗਏ ਹਨ, ਇਹ ਸਦਾ ਹੀ ਸਾਡੇ ਨਾਲ ਲਾਡ ਲਡਾਉਂਦਾ ਰਹੇਗਾ। ਇਹ ਪ੍ਰਕਾਸ਼ ਜੁਗੋ ਜੁਗ ਅਟਲ ਹੈ, ਥਿਰ ਹੈ, ਅਭੰਗ ਹੈ ਅਖੰਡ ਹੈ, ਅਬਿਨਾਸੀ ਹੈ ਅਤੇ ਇਹ ਸਾਨੂੰ ਵਿਨਾਸ਼ੀਆਂ ਨੂੰ ਜਿਹੜੇ ਅਸੀ ਜੰਮਣ, ਮਰਣ ਦੀ ਕੈਦ ਵਿੱਚ ਫਸੇ ਹੋਏ ਹਾਂ, ਜੰਮਣ ਮਰਣ ਦੇ ਚੱਕਰ ਵਿੱਚ ਫਸੇ ਹੋਏ ਹਾਂ ਇਹ ਸਾਨੂੰ ਕੱਢ ਕੇ ਉਹ ਜਿਹੜਾ ਪ੍ਰਕਾਸ਼ ਥਿਰ ਹੈ ਉਸਦੇ ਵਿੱਚ ਲੈ ਜਾਏਗਾ

Comments