ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ

 


ਹਰ ਜੁਗ ਦੇ ਵਿੱਚ ਆਉਂਦਾ ਹੈ ਨਵੀਂ ਹੀ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ, ਨਵੇਂ ਹੀ ਰੰਗ ਦਿਖਾਉਂਦਾ ਹੈ।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ
ਉਹ ਬੇਅੰਤ ਹੈ ਉਸ ਦੇ ਚੋਜਾਂ, ਰੰਗਾਂ ਦਾ, ਖੇਡਾਂ ਦਾ ਕੋਈ ਅੰਤ ਨਹੀਂ।

ਭਗਵਾਨ ਰਾਮ ਤਸ਼ਰੀਫ ਲਿਆਏ ਤ੍ਰੇਤੇ ਵਿੱਚ, ਬਨਵਾਸ ਹੋ ਗਿਆ ਚਿਤਰਕੋਟ ਵਿੱਚ ਬਿਰਾਜਮਾਨ ਹਨ। ਮਾਤਾ ਸੀਤਾ ਜੀ ਨੂੰ ਇੱਕ ਦਿਨ ਆਖਦੇ ਹਨ ਕਿ- ਸੀਤਾ ਹੁਣ ਆਪਾਂ ਜਿਸ ਖੇਡ ਵਾਸਤੇ ਇਸ ਮਾਤਲੋਕ ਵਿੱਚ ਆਏ ਹਾਂ ਉਹ ਖੇਡ ਆਰੰਭ ਕਰੀਏ। ਸਾਧ ਸੰਗਤ ਜੀ ਖੇਡ ਆਰੰਭ ਹੋ ਗਿਆ ਹੈ ਦਿਲ ਨੂੰ ਹਿਲਾਉਣ ਵਾਲਾ ਖੇਡ, ਇਸ ਮਾਤ ਲੋਕ ਨੂੰ ਜਗਾਉਣ ਵਾਲਾ ਖੇਡ। ਉਸ ਖੇਡ ਦੇ ਵਿੱਚ ਭਰਤ ਜੀ, ਵਿਛੋੜੇ ਵਿੱਚ ਜਿਸ ਬਿਰਹਾ ਨੂੰ, ਵੈਰਾਗ ਨੂੰ, ਜਿਸ ਪ੍ਰੇਮ ਨੂੰ ਪ੍ਰਗਟ ਕਰਦੇ ਹਨ, ਕਿਹੜੀ ਬਿਰਹਾ? ਕਿਹੜਾ ਵੈਰਾਗ? ਕਿਹੜਾ ਪ੍ਰੇਮ? ਜਿਹੜਾ ਸਾਰੇ ਸੰਸਾਰ ਨੂੰ ਪ੍ਰਕਾਸ਼ ਕਰ ਸਕਦਾ ਹੈ। ਐਸੀ ਬਿਰਹਾ, ਐਸਾ ਪ੍ਰੇਮ, ਐਸਾ ਵੈਰਾਗ। ਜਿਸ ਤਰ੍ਹਾਂ ਲਛਮਣ ਜੀ ਆਪਣੇ ਵੀਰ ਵਾਸਤੇ, ਆਪਣੇ ਭਗਵਾਨ ਵਾਸਤੇ ਆਪਣਾ ਆਰਾਮ, ਸੁੱਖ ਸਭ ਕੁੱਝ ਤਿਆਗ ਦਿੰਦੇ ਹਨ।

ਉਹ ਰਾਮਾਇਣ, ਪ੍ਰੇਮ ਭਰੀ ਰਾਮਾਇਣ ਬਣੀ ਅਤੇ ਇੱਕ ਪ੍ਰੇਮ ਦੀ ਮਹਾਨ ਪ੍ਰੇਰਨਾ ਬਣ ਗਈ। ਇਸ ਸੰਸਾਰ ਵਾਸਤੇ ਇੱਕ ਜੀਵਨ ਪ੍ਰਦਾਨ ਕੀਤਾ ਹੈ ਅਤੇ ਇਸ ਸੰਸਾਰ ਨੂੰ ਕਰ ਰਹੀ ਹੈ।

ਦੁਆਪਰ ਆ ਗਿਆ ਭਗਵਾਨ ਕ੍ਰਿਸ਼ਨ ਆਏ। ਭਗਵਾਨ ਕ੍ਰਿਸ਼ਨ ਅਤਿ ਤੋਂ ਜ਼ਿਆਦਾ ਪ੍ਰੇਮ ਕਰਦੇ ਹਨ ਅਰਜਨ ਨੂੰ। ਅਰਜਨ ਆਪਣੀ ਸਮੱਰਥਾ ਨਾਲ ਹੱਦ ਤੋਂ ਜਿਆਦਾ ਪ੍ਰੇਮ ਕਰਦਾ ਹੈ ਆਪਣੇ ਵੀਰ ਨੂੰ, ਸਖਾ ਨੂੰ ਪਰ ਖੇਡ ਕਿਸ ਤਰ੍ਹਾਂ ਆਰੰਭ ਹੋਇਆ? ਜਿਸ ਖੇਡ ਵਾਸਤੇ ਨਾਰਾਇਣ ਤੇ ਨਰ ਆਪ ਆਏ ਹਨ ਉਹ ਖੇਡ ਕਿਸ ਤਰ੍ਹਾਂ ਆਰੰਭ ਹੁੰਦਾ ਹੈ। ਮਹਾਂਭਾਰਤ ਦੇ ਮੈਦਾਨੇ ਜੰਗ ਦੇ ਵਿੱਚ, ਤੁਸੀਂ ਆਪ ਇਤਿਹਾਸ ਤੋਂ ਵਾਕਫ ਹੋ ਕਿਸ ਤਰ੍ਹਾਂ ਉਸ ਰੱਥ ਨੂੰ ਆਪ ਚਲਾ ਰਹੇ ਹਨ, ਦੋਨਾਂ ਫੌਜਾ ਦੇ ਵਿੱਚ ਰੱਥ ਨੂੰ ਲਿਜਾ ਕੇ ਖੜ੍ਹਾ ਕਰ ਦਿੰਦੇ ਹਨ। ਅਰਜਨ ਚਾਰੋਂ ਪਾਸੇ ਦੇਖਕੇ ਆਪਣੇ ਵੀਰ ਨੂੰ, ਸਖਾ ਨੂੰ, ਭਗਵਾਨ ਨੂੰ ਪ੍ਰਸ਼ਨ ਕਰਨੇ ਸ਼ੁਰੂ ਕਰ ਦਿੰਦਾ ਹੈ। ਅਰਜਨ ਉਸ ਖੇਡ ਦੇ ਵਿੱਚ ਕਿਹੜੀ ਜੁਗਤੀ ਵਰਤਦਾ ਹੈ ਜਿਸ ਖੇਡ ਵਾਸਤੇ ਤਸ਼ਰੀਫ ਲਿਆਏ ਹਨ।

ਅਰਜਨ ਪ੍ਰੇਮ ਕਰ ਰਿਹਾ ਹੈ ਆਪਣੇ ਹੀ ਸਖਾ ਨੂੰ, ਵੀਰ ਨੂੰ, ਭਗਵਾਨ ਨੂੰ, ਉਸ ਪ੍ਰੇਮ ਦੇ ਵਿੱਚ ਉਹ ਸਵਾਲ ਕਰ ਰਿਹਾ ਹੈ ਅਤੇ ਜਵਾਬਾਂ ਦੇ ਵਿੱਚ ਆਪਣੇ ਹੀ ਪਿਆਰੇ ਦਾ, ਆਪਣੇ ਹੀ ਭਗਵਾਨ ਇਸ਼ਟ ਦਾ ਸਾਰਾ ਹੀ ਪਿਆਰ ਖਿੱਚ ਲੈਂਦਾ ਹੈ। ਉਸ ਪ੍ਰੇਮ ਨੇ ਫਿਰ ਇੱਕ ਸਰੂਪ ਇੱਕ ਰੂਪ ਅਖਤਿਆਰ ਕੀਤਾ 'ਮਾਤਾ ਗੀਤਾ' ਦਾ। ਅਰਜਨ ਦਾ ਪ੍ਰੇਮ ਭਗਵਾਨ ਦੇ ਸਾਰੇ ਦੇ ਸਾਰੇ ਪ੍ਰੇਮ ਨੂੰ “ਮਾਤਾ ਗੀਤਾ", ਦੇ ਰੂਪ ਵਿੱਚ ਖਿੱਚ ਲਿਆਂਦਾ ਹੈ।

ਫਿਰ ਅਰਜਨ, ਜੋ ਪਰਉਪਕਾਰ ਇਸ ਦੁਨੀਆਂ ਤੇ ਕਰ ਰਿਹਾ ਹੈ ਉਸ ਪ੍ਰੇਮ ਨੂੰ, ਸਾਰੇ ਹੀ ਪ੍ਰੇਮ ਨੂੰ ਖਿੱਚ ਕੇ ਭਗਵਾਨ ਕ੍ਰਿਸ਼ਨ ਦੇ ਉਸ ਪ੍ਰੇਮ ਨੂੰ ਇਸ ਸੰਸਾਰ ਵਾਸਤੇ ਇੱਕ ਅਨਮੋਲ ਗੀਤਾ ਦੇ ਰੂਪ ਵਿੱਚ ਉਹ ਪ੍ਰਕਾਸ਼, ਉਹ ਪ੍ਰਸ਼ਾਦਿ ਵੰਡ ਦਿੰਦਾ ਹੈ। ਸਾਧ ਸੰਗਤ ਜੀ ਉਹੀ ਅਨਮੋਲ ਗੀਤਾ ਇਸ ਜਗਤ ਦੇ ਪ੍ਰਾਣ ਬਣ ਜਾਂਦੀ ਹੈ ਇੱਕ ਨਿਸਤਾਰੇ ਦਾ ਮਹਾਨ ਸਾਧਨ ਬਣ ਜਾਂਦੀ ਹੈ।

ਕਲਿਜੁਗ ਆਇਆ, ਇਸ ਭਿਆਨਕ ਕਲਿਜੁਗ ਦੇ ਵਿੱਚ ਫਿਰ ਨਿਰੰਕਾਰ ਕਿਹੜਾ ਨਵਾਂ ਹੀ ਚੋਜ ਖੇਡਦਾ ਹੈ, ਨਵਾਂ ਹੀ ਰੰਗ ਚੜਾਉਂਦਾ ਹੈ, ਇੱਕ ਨਵਾਂ ਹੀ ਰੂਪ ਸਜਾਉਂਦਾ ਹੈ।

ਸਾਧ ਸੰਗਤ ਜੀ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਜੋ ਵਿਸਾਖੀ ਦਸ ਸਾਲ ਪਹਿਲੇ ਆਈ। ਸਾਹਿਬ ਦੇ ਇਸ਼ਾਰੇ, ਹੁਕਮ ਦੇ ਵਿੱਚ ਸੇਵਾ ਆਰੰਭ ਕੀਤੀ ਹੈ ਉਹ ਸ਼ਤਾਬਦੀ ਤੇ ਇਸੇ ਸਾਲ ਉਸੇ ਪ੍ਰਕਾਸ਼ ਦੀ ਇੱਕ ਹੋਰ ਸ਼ਤਾਬਦੀ ਹੈ, ਉਹਦੇ ਬਾਅਦ ਇੱਕ ਤੀਜੀ ਸ਼ਤਾਬਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਦੀ ਸ਼ਤਾਬਦੀ।

ਉਸਦੇ ਬਾਅਦ ਨਾਲ ਹੀ ਉਹ ਨਿਰੰਕਾਰ ਜਿਹੜੇ ਸਰੂਪ ਨੂੰ ਧਾਰ ਕੇ ਇਸ ਸੰਸਾਰ ਵਿੱਚ 'ਇੱਕ' ਤੋਂ 'ਦੋ' ਬਣ ਕੇ ਆਇਆ ਸੀ। ਜਿਸ ਨੇ ਇਸ ਕਲੂ ਦੇ ਵਿੱਚ ਨਵਾਂ ਹੀ ਖੇਡ ਖੇਡਿਆ ਹੈ, ਧਰਮ ਨੂੰ ਨਵਾਂ ਹੀ ਰੰਗ ਚੜ੍ਹਾਇਆ ਹੈ। ਉਸ ਦੀ ਅਕਾਲ ਗਮਨ ਦੀ ਤਿੰਨ ਸੌ ਸਾਲਾ ਉਹ ਸ਼ਤਾਬਦੀ। ਇਹ ਦਸ ਸਾਲ ਉਹ ਹਨ ਜਿਹੜੇ ਮੇਰੇ ਦਸ਼ਮੇਸ਼ ਪਿਤਾ ਨੇ ਖੇਡ ਖੇਡੇ ਹਨ। ਇਹ ਮੇਰੇ ਨਿਰੰਕਾਰ ਦੇ ਪ੍ਰਕਾਸ਼ ਦੇ ਤਿੰਨ ਅਲਿਹਦਾ ਪੱਖ ਹਨ।

ਪਹਿਲਾ ਪੱਖ ਜਿਹੜਾ ਪ੍ਰਕਾਸ਼ ਉਸ ਵੇਲੇ ਪ੍ਰੇਮ ਦਾ ਕੇਸਗੜ੍ਹ ਸਾਹਿਬ ਖੇਡਿਆ ਹੈ। ਜਿਸ ਤਰ੍ਹਾਂ ਉਸ ਪ੍ਰਕਾਸ਼ ਨੂੰ ਇਸ ਸੰਸਾਰ ਵਿੱਚ ਪ੍ਰਗਟ ਕੀਤਾ ਹੈ ਅਤੇ ਉਸ ਦੇ ਬਾਅਦ ਜਿਸ ਤਰ੍ਹਾਂ ਸਾਰੇ ਸਰਬੰਸ ਨੂੰ ਉਸ ਪ੍ਰਕਾਸ਼ ਵਿੱਚ ਲੁਟਾਇਆ।

ਦੂਜਾ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਧਰਮ ਦੀ ਖਾਤਿਰ, ਸੇਵਾ ਦੀ ਖਾਤਿਰ ਸਾਹਿਬ ਆਏ ਹਨ ਫਿਰ ਜਿਸ ਤਰ੍ਹਾ ਦੀਆਂ ਪ੍ਰੇਮ ਆਹੂਤੀਆਂ ਦਿੱਤੀਆਂ ਹਨ ਅਤੇ ਉਸ ਪ੍ਰੇਮ ਆਹੂਤੀ ਵਿੱਚ, ਉਸ ਪ੍ਰੇਮ ਦੇ ਵਿੱਚ ਜੋ ਸਿਖ਼ਰ ਦੇ ਰੰਗ ਖੇਡੇ ਹਨ, ਰੰਗ ਚੜ੍ਹਾਏ ਹਨ, ਚੋਜ ਵਰਤੇ ਹਨ, ਮਹਾਨ ਆਹੂਤੀਆਂ ਦੀ ਸੇਜ ਬਣਾਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ।

ਫਿਰ ਸਾਧ ਸੰਗਤ ਜੀ ਉਨ੍ਹਾਂ ਦਾ ਤੀਜਾ ਪੱਖ ਜਿਸ ਤਰ੍ਹਾਂ ਨਿਰੰਕਾਰ ਇਸ ਸੰਸਾਰ ਵਿੱਚ, ਇਸ ਮਾਤਲੋਕ ਵਿੱਚ ਨਿਸਤਾਰੇ ਦੀ ਖ਼ਾਤਿਰ ਸਭ ਕੁੱਝ ਆਪਣਾ ਕੁਰਬਾਨ ਕਰੀ ਜਾ ਰਿਹਾ ਹੈ। ਉਸ ਵੇਲੇ ਆਪਣੇ ਆਪ ਨੂੰ ਬਿਲਕੁਲ ਅਲੋਪ ਕਰਕੇ, ਅਲਿਹਦਾ ਕਰਕੇ ਸਾਹਿਬ ਦੇ ਚਰਨਾਂ ਵਿੱਚ ਸਭ ਨੂੰ ਸਮਰਪਣ ਕਰਕੇ ਫਿਰ ਕਿਸ ਤਰ੍ਹਾ ਉਸ ਪ੍ਰਕਾਸ਼ ਦੇ ਵਿੱਚ ਅਲੋਪ ਹੋ ਜਾਂਦੇ ਹਨ। 

ਸਾਧ ਸੰਗਤ ਜੀ ਇਹ ਅਕਥ ਕਥਾ ਹੈ। ਜਿਸ ਨੂੰ ਆਪ ਨਾਲ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਹੈ।

ਇਕ ਨਵਾਂ ਹੀ ਚੋਜ ਦਿਖਾਇਆ ਏ,
ਇਕ ਨਵਾਂ ਹੀ ਰੰਗ ਚੜ੍ਹਾਇਆ ਏ।
ਇਕ ਨਵਾਂ ਹੀ ਖੇਡ ਰਚਾਇਆ ਏ,
ਇਕ ਨਵਾ ਹੀ ਰੂਪ ਸਜਾਇਆ ਏ।

ਤਿੰਨ ਸੌ ਸਾਲ ਹੋਏ ਗੁਰੂ ਨਾਨਕ ਨੇ,
ਇਕ ਨਵਾਂ ਹੀ ਚੋਜ ਦਿਖਾਇਆ ਏ।
ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ,
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ,
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਨੀਤ ਨਵਾਂ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ।
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰੁ।

ਇਕ ਨਵਾਂ ਹੀ ਚੋਜ ਦਿਖਾਇਆ ਏ,
ਇਕ ਨਵਾਂ ਹੀ ਰੰਗ ਚੜ੍ਹਾਇਆ ਏ।
ਨਵਾਂ ਹੀ ਖੇਡ ਰਚਾਇਆ ਏ,
ਇੱਕਨਵਾਂ ਹੀ ਰੂਪ ਸਜਾਇਆ ਏ।

ਇਹ ਕੌਣਤੇਜਸਵੀ ਹੈ ਜਿਸ ਨੇ
ਹੱਸ ਕੇ ਸਰਬੰਸ ਲੁਟਾਇਆ ਏ।
ਨਿਰੰਕਾਰ ਰੂਪ ਗੁਰੂ ਗ੍ਰੰਥ ਦੇ
ਚਰਨਾਂ ਤੇ ਸੀਸ ਟਿਕਾਇਆ ਏ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।

ਤਿੰਨ ਸੌ ਸਾਲ ਹੋਏ ਗੁਰੂ ਨਾਨਕ ਨੇ
ਇੱਕ ਨਵਾਂ ਹੀ ਚੋਜ ਦਿਖਾਇਆ ਏ।

Comments

Popular Posts