ਬੀਬੀ ਅਜੀਤ ਕੌਰ
ਦੂਜੀ ਪਵਿੱਤਰ ਆਤਮਾ ਮੇਰੀ ਵੱਡੀ ਭੈਣ ਬੀਬੀ ਅਜੀਤ ਕੌਰ ਹੈ, ਜਿਸ ਨੇ ਮੈਨੂੰ ਇਹ ਪੁਸਤਕ ਲਿਖਣ ਲਈ ਪ੍ਰੇਰਨਾ ਦਿੱਤੀ ਹੈ। ਉਹ ਗੁਰੂ ਨਾਨਕ ਦੇ ਦਰ ਘਰ ਦੀ ਨਿਰਾਲੀ ਸ਼ਾਨ ਨੂੰ ਸਮਝਣ ਵਾਲੀ ਧਾਰਮਿਕ ਰੂਹ ਸੀ। ਉਸ ਦਾ ਧਿਆਨ ਸਦਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਸੀ। ਉਸ ਨੂੰ ਬਾਬਾ ਜੀ ਦੇ ਪ੍ਰੇਮ ਵਿੱਚ ਕਈ ਵਾਰ ਚਮਤਕਾਰੀ ਤਜਰਬੇ ਵੀ ਹੋਏ ਸਨ, ਇਨ੍ਹਾਂ ਬਾਰੇ ਮੈਂ ਫਿਰ ਕਦੇ ਲਿਖਾਂਗਾ। ਇੱਥੇ ਮੈਂ ਕੇਵਲ 1955 ਦੀ ਇਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਦਾ ਹਾਂ।
ਪਿਤਾ ਜੀ ਨੂੰ ਉਸ ਦੇ (ਬੀਬੀ ਅਜੀਤ ਕੌਰ ਦੇ) ਪਤੀ ਵੱਲੋਂ ਇਕ ਤਾਰ ਆਈ ਕਿ ਇਕ ਵੱਡਾ ਅਪਰੇਸ਼ਨ ਕਰਨ ਲਈ ਉਸ ਨੂੰ (ਬੀਬੀ ਅਜੀਤ ਕੌਰ ਨੂੰ) ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਪਿਤਾ ਜੀ ਆਪਣੇ ਖੇਤੀ-ਫਾਰਮ ਦੇ ਕਿਸੇ ਕੰਮ ਵਿੱਚ ਫਿਰੋਜ਼ਪੁਰ ਗਏ ਹੋਏ ਸਨ। ਇਹ ਖ਼ਬਰ ਸੁਣ ਕੇ ਉਹ ਫਿਰੋਜ਼ਪੁਰ ਤੋਂ ਜੰਮੂ ਪਹੁੰਚ ਗਏ। ਉਸ ਵੇਲੇ ਬੀਬੀ ਅਜੀਤ ਕੌਰ ਦਾ ਅਪਰੇਸ਼ਨ ਹੋ ਰਿਹਾ ਸੀ।ਜਿਉਂ ਹੀ ਇਹ ਵੱਡਾ ਅਪਰੇਸ਼ਨ ਹੋ ਕੇ ਹੱਟਿਆ ਤਾਂ ਇਕ ਡਾਕਟਰ ਅਪਰੇਸ਼ਨ ਥੀਏਟਰ ਵਿੱਚੋਂ ਬਾਹਰ ਆ ਰਿਹਾ ਸੀ। ਪਿਤਾ ਜੀ ਆ ਕੇ ਉਸ ਡਾਕਟਰ ਦੇ ਚਰਨਾਂ ਤੇ ਢਹਿ ਪਏ। ਇਹ ਡਾਕਟਰ ਸਦਾ ਰਖਵਾਲੇ ਬਾਬਾ ਨੰਦ ਸਿੰਘ ਜੀ ਮਹਾਰਾਜ ਸਨ। ਬਾਬਾ ਜੀ ਨੇ ਹੀ ਅਪਰੇਸ਼ਨ ਕਰਕੇ ਉਸ ਨੂੰ ਨਵਾਂ ਜੀਵਨ ਬਖਸ਼ਿਆ ਸੀ। ਜਦੋਂ ਪਿਤਾ ਜੀ ਨੇ ਸਿਰ ਉਤਾਂਹ ਚੁੱਕਿਆ ਤਾ ਬਾਬਾ ਜੀ ਅਲੋਪ ਹੋ ਚੁੱਕੇ ਸਨ। ਪਿਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਬੱਚਿਆਂ ਵਾਂਗ ਵਿਰਲਾਪ ਕਰਨ ਲੱਗ ਪਏ। ਮੇਰੀ ਭੈਣ ਨੂੰ ਨਵਾਂ ਜੀਵਨ ਦਾਨ ਮਿਲਿਆ ਸੀ। ਇਸ ਦਿਨ ਤੋਂ ਬਾਅਦ ਉਸ ਨੂੰ ਕਮਾਲ ਦੇ ਬਾਬਾ ਜੀ ਦੇ ਦਰਸ਼ਨ ਅਤੇ ਰੂਹਾਨੀ ਅਨੁਭਵ ਹੁੰਦੇ ਰਹਿੰਦੇ ਸਨ।
ਇਸ ਅਪਰੇਸ਼ਨ ਦੌਰਾਨ ਵੀ ਉਸਨੂੰ ਰਖਵਾਲੇ ਬਾਬਾ ਜੀ ਦੀ ਸੁਖਦ-ਛੁਹ ਪ੍ਰਾਪਤ ਹੋਈ ਸੀ। ਇਹ ਅਨੋਖਾ ਅਨੁਭਵ, ਨਵੀ ਜ਼ਿੰਦਗੀ ਮਿਲਣੀ ਬਹੁਤ ਵੱਡੀ ਕਿਰਪਾ ਦੀ ਗੱਲ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਸੁਰਤ ਸਦਾ ਸਤਿਗੁਰੂ ਦੇ ਚਰਨਾਂ ਨਾਲ ਜੋੜੀ ਰੱਖੀ।ਉਹ ਹਮੇਸ਼ਾ ਬਾਬਾ ਜੀ ਦੀ ਮਿਹਰ ਦੇ ਰੰਗ ਵਿੱਚ ਰੰਗੀ ਰਹਿੰਦੀ ਸੀ।
Comments
Post a Comment