ਤਵ ਚਰਨਨ ਮਨ ਰਹੈ ਹਮਾਰਾ


 ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਨੇ ਦੂਜੀ ਸਾਖੀ ਸੁਣਾਈ-

ਪਹਾੜੀ ਵਜ਼ੀਰ ਹੈ, ਰਾਜੇ ਨੇ ਉਸ ਨੂੰ ਮੁਖਬਰ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਭੇਜਿਆ ਹੈ। ਕਿ ਜਾਹ ! ਜਾਕੇ ਸਾਰੀ ਫੌਜ ਦਾ, ਸ਼ਸਤਰਾਂ ਦਾ, ਹਰ ਇੱਕ ਚੀਜ਼ ਦਾ ਪਤਾ ਕਰਕੇ ਆ। ਸੰਗਤ ਵਿੱਚ ਰਲ ਗਿਆ ਹੈ। ਦਰਬਾਰ ਵਿੱਚ ਪਹੁੰਚਿਆ ਹੈ।

ਕਿਹੜੀ ਅੰਮ੍ਰਿਤ ਦ੍ਰਿਸਟੀ ਗੁਰੂ ਦੀ ਤੱਕਣੀ ਵਿੱਚ ਹੈ ?
“ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ”
ਜਿਸ ਵੱਲ ਵੀ ਸਤਿਗੁਰੂ ਅੰਮ੍ਰਿਤ ਦ੍ਰਿਸਟੀ ਪਾਉਂਦਾ ਹੈ ਉਸ ਨੂੰ ਸੰਤ ਬਣਾ ਦਿੰਦਾ ਹੈ।

ਗਿਆ ਤਾਂ ਮੁਕਖਰੀ ਕਰਨ ਵਾਸਤੇ ਸੀ, ਜਦੋਂ ਜਾ ਕੇ ਮੱਥਾ ਟੇਕਿਆ ਹੈ, ਜਦੋਂ ਸਾਹਿਬ ਵੱਲ ਵੇਖਿਆ ਹੈ ਤਾਂ ਅੰਤਰਜਾਮੀ ਪਾਤਸ਼ਾਹ ਫਿਰ ਜਿਹੜੀ ਦ੍ਰਿਸਟੀ ਉਸ ਉੱਤੇ ਪਾਉਂਦੇ ਹਨ, ਉਸ ਦ੍ਰਿਸਟੀ ਨਾਲ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨਨ ਭਗਤ ਬਣ ਗਿਆ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-

ਅਨਨ ਭਗਤ ਬਣ ਗਿਆ ਹੈ। ਸਾਧ ਸੰਗਤ ਜੀ ! ਅਨਨ ਭਗਤ ਦਾ ਮਤਲਬ ਕੀ ਹੈ ? ਜਿਸ ਵਕਤ ਪ੍ਰੇਮ ਦਾ ਨਿਸ਼ਾਨਾ ਸਿਰਫ ਇੱਕ ਹੈ, ਸਿਰਫ ਇੱਕੋ ਦੀ ਪਛਾਣ ਹੈ, ਇੱਕ ਨੂੰ ਹੀ ਦੇਖਦਾ ਹੈ, ਇੱਕ ਨੂੰ ਹੀ ਜਾਣਦਾ ਹੈ, ਉਸ ਇੱਕ ਦੇ ਇਲਾਵਾ ਇਸ ਸੰਸਾਰ ਵਿੱਚ ਦੂਜਾ ਕੋਈ ਨਹੀਂ, ਐਸਾ ਅਨਨ ਭਗਤ ਬਣਿਆ।

ਜਿਸ ਤਰ੍ਹਾਂ ਸਾਹਿਬ ਫੁਰਮਾਉਂਦੇ ਹਨ-

ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-517

ਫਿਰ ਉਹ ਅੰਤਰ ਮੁਖੀ ਵੀ ਗੁਰੂ ਗੋਬਿੰਦ ਸਾਹਿਬ ਦੇ ਚਰਨਾਂ ਨੂੰ ਵਸਾਈ ਬੈਠਾ ਹੈ ਅਤੇ ਨੇਤਰਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵਸਾਈ ਬੈਠਾ ਹੈ। ਅੰਤਰਮੁੱਖੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਕਰ ਰਿਹਾ ਹੈ, ਬਾਹਰਮੁਖੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਕਰ ਰਿਹਾ ਹੈ। ਉਸ ਦੀਆਂ ਅੱਖਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੀਆਂ ਰੱਜਦੀਆਂ ਨਹੀਂ, ਉਸਦੇ ਕੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਨਮੋਲ ਬਚਨ ਸੁਣਦੇ ਥੱਕਦੇ ਨਹੀਂ, ਉਸ ਦੀ ਰਸਨਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੀ ਥੱਕਦੀ ਨਹੀਂ।

ਕਾਫੀ ਦੇਰ ਹੋ ਗਈ ਹੋਸ਼, ਸੁੱਧ-ਬੁੱਧ ਭੁੱਲੀ ਹੋਈ ਹੈ। ਉਸ ਪਾਸੇ ਰਾਜੇ ਨੇ ਦਰਬਾਰ ਵਿੱਚ ਕਿਹਾ ਕਾਫੀ ਦੇਰ ਹੋ ਗਈ ਅਜੇ ਆਇਆ ਨਹੀਂ। ਇੱਕ ਹੋਰ ਨੂੰ ਮੁਖਬਰ ਬਣਾ ਕੇ ਭੇਜਿਆ ਹੈ ਕਿ ਜਾ, ਉਸ ਨੂੰ ਚਿਤਾਵਨੀ ਦੇ ਹੁਣ, ਸਭ ਪਤਾ ਕਰ ਲਿਆ ਹੋਵੇਗਾ ਹੁਣ ਵਾਪਸ ਆ ਜਾਏ। ਜਦ ਸੰਗਤ ਵਿੱਚ ਆਇਆ ਉਸ ਨੇ ਕਿਹਾ ਕਿ ਰਾਜੇ ਨੇ ਤੁਹਾਨੂੰ ਵਾਪਸ ਬੁਲਾਇਆ ਹੈ। 

ਆਗਿਆ ਲੈ ਕੇ ਗਿਆ ਦਰਬਾਰ ਦੇ ਵਿੱਚ। ਰਾਜੇ ਨੇ ਉਸ ਦੇ ਔਹਦੇ ਦੇ ਹਿਸਾਬ ਨਾਲ ਬਿਠਾਇਆ ਹੈ, ਸਤਿਕਾਰ ਕੀਤਾ ਹੈ। ਪੁੱਛਿਆ ਹੈ ਕਿ ਤੁਸੀਂ ਬੜੀ ਦੇਰ ਲਗਾ ਦਿੱਤੀ। ਹੁਣ ਸਾਰਾ ਪਤਾ ਜੋ ਲੈ ਕੇ ਆਏ ਹੋ, ਦੱਸੋ।

 ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਆਸ਼ਿਕ, ਉਹ ਚਰਨਾਂ ਵਿੱਚ ਕੈਦ ਹੋਇਆ ਦੇਵੀ ਚੰਦ ਵਜ਼ੀਰ ਜਿਹੜੇ ਬਚਨ ਕਰਦਾ ਹੈ, ਫਿਰ ਉਹ ਗੁਰੂ ਦਾ ਪ੍ਰੇਮ.... 

ਜਿਹੜਾ ਗੁਰੂ ਦਾ ਆਸ਼ਿਕ ਹੋਵੇ ਉਸ ਤੋਂ ਤਾਂ ਸਿਵਾਏ ਪ੍ਰੇਮ ਦੇ, ਆਪਣੇ ਗੁਰੂ ਦੀ ਉਸਤਤ ਅਤੇ ਉਸ ਦੀ ਵਡਿਆਈ ਦੇ ਹੋਰ ਕੀ ਬਚਨ ਹੋਣੇ ਸੀ ? ਜਿਸ ਵਕਤ ਉਸ ਰੰਗਤ ਦੇ ਵਿੱਚ ਰੰਗਿਆ ਹੋਇਆ ਗੁਰੂ ਦੇ ਪ੍ਰੇਮ ਨੂੰ ਪ੍ਰਗਟ ਕਰਦਾ ਹੈ, ਰਾਜਾ ਹੰਕਾਰ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ ਅਤੇ ਹੁਕਮ ਦਿੱਤਾ ਇਸਨੂੰ ਤਸੀਹਾ ਦੇਵੋ, ਇਹ ਸ਼ਤਰੂ ਨਾਲ ਮਿਲ ਗਿਆ ਹੈ। ਇਸ ਨੂੰ ਬਾਹਰ ਪਹਾੜੀ ਤੇ ਲੈ ਜਾਵੋ, ਦੋ ਸਲਾਖਾਂ ਭਖਦੀਆਂ ਲਾਲ ਕਰਕੇ ਇਸ ਦੇ ਨੇਤਰਾਂ ਵਿੱਚ ਚੋਭ ਦਿਉ, ਇਸ ਨੂੰ ਅੰਨ੍ਹਾ ਕਰਕੇ ਬਾਹਰ ਸੁਟ ਆਓ, ਇਸ ਨੂੰ ਪਤਾ ਲੱਗੇ ਸ਼ਤਰੂ ਨਾਲ ਮਿਲਣ ਦੀ ਕੀ ਸਜ਼ਾ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-

ਮੂਰਖ ਲੋਕ ਉਸੇ ਤਰ੍ਹਾਂ ਉਹ ਸਲਾਖਾਂ ਉਸਦੇ ਨੇਤਰਾਂ ਵਿੱਚ ਖੋਭਦੇ ਹਨ, ਉਸ ਨੂੰ ਉਥੇ ਸੁੱਟ ਕੇ ਵਾਪਸ ਆ ਗਏ। ਹੁਣ ਥੋੜ੍ਹੀ ਦੇਰ ਬਾਅਦ ਵਜੀਰ ਉਠਦਾ ਹੈ ਜਦੋਂ ਨੇਤਰ ਖੋਲ੍ਹਦਾ ਹੈ, ਨੇਤਰ ਨੌ ਬਰ ਨੌ ਹਨ। ਜਿਹੜੇ ਸਾਹਿਬ ਦੇ ਚਰਨ ਨੇਤਰਾਂ ਵਿੱਚ ਵਸਾਏ ਹੋਏ ਸੀ ਉਸਦੀ ਪ੍ਰੀਤੀ ਦੇ ਵਿੱਚ ਅਨੰਦਪੁਰ ਸਾਹਿਬ ਵੱਲ ਤੁਰ ਪਿਆ ਹੈ।

 ਪਹੁੰਚਿਆ ਹੈ, ਦਰਬਾਰ ਸਜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਬਿਰਾਜਮਾਨ ਹਨ ਆਪਣੇ ਆਸਣ ਤੇ। ਜਾ ਚਰਨਾਂ ਤੇ ਮਸਤਕ ਰੱਖਿਆ ਪਰ ਬੜਾ ਹੈਰਾਨ ਹੋ ਕੇ ਸਾਹਿਬ ਦੇ ਮੁੱਖ ਵੱਲ ਵੇਖ ਕੇ ਕਹਿੰਦਾ ਹੈ-

ਸੱਚੇ ਪਾਤਸ਼ਾਹ ਇਹ ਚਰਨ ਤਾਂ ਹਰ ਵੇਲੇ ਮੇਰੇ ਨੇਤਰਾਂ ਵਿੱਚ ਵਸੇ ਹੋਏ ਹਨ, ਇਹ ਹਰ ਵੇਲੇ ਮੇਰੇ ਹਿਰਦੇ ਵਿੱਚ ਵੱਸੇ ਹੋਏ ਹਨ ਫਿਰ ਜਿਹੜੇ ਚਰਨ ਵੱਸੇ ਹੋਏ ਸੀ ਇਨ੍ਹਾਂ ਦੀ ਫੋਟੋ ਸਾਫ ਸੀ, ਇਹ ਪੱਟੀਆਂ ਨਹੀਂ ਸੀ ਬੰਨ੍ਹੀਆਂ ਹੋਈਆਂ। 

ਦਸ਼ਮੇਸ਼ ਪਿਤਾ ਨੂੰ ਪੁੱਛਦਾ ਹੈ ਕਿ ਤੁਹਾਡੇ ਦੋਨਾਂ ਚਰਨਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਇਹ ਪੱਟੀਆਂ ਨਹੀਂ ਸੀ ਬੰਨ੍ਹੀਆਂ ਹੋਈਆਂ। ਸਿੱਖ ਦਾ ਪਿਆਰ ਵੇਖੋ ਉਹ ਪ੍ਰੇਮ ਦੁਆਰਾ, ਉਸ ਧਿਆਨ ਦੇ ਵਿੱਚ ਜਿਹੜੇ ਚਰਨ ਉਸ ਦੀਆਂ ਅੱਖਾਂ ਦੇ ਵਿੱਚ ਵੱਸੇ ਹੋਏ ਹਨ, ਉਹ ਫੋਟੋ ਸਾਫ ਹੈ।

ਗੁਰੂ ਗੋਬਿੰਦ ਸਿੰਘ ਸਾਹਿਬ ਉਸ ਵੱਲ ਵੇਖ ਕੇ ਮੁਸਕਰਾਏ ਹਨ। ਕਹਿੰਦ- ਓਏ ਗੁਰਸਿੱਖਾ ਇਹ ਤੇਰੀ ਹੀ ਮਿਹਰਬਾਨੀ ਹੈ। ਹੈਰਾਨ ਹੋ ਕੇ ਵੇਖ ਰਿਹਾ ਹੈ। ਫੁਰਮਾਉਂਣ ਲੱਗੇ- ਓਏ ਤੂੰ ਕੀ ਕਿਹਾ, ਵਸਾਏ ਕਿੱਥੇ ਹੋਏ ਸਨ ? ਸੱਚੇ ਪਾਤਸ਼ਾਹ ! ਨੇਤਰਾਂ ਵਿੱਚ।

ਇੱਕ ਗੁਰਮੁਖ ਦੀ ਅਵਸਥਾ ਕੀ ਹੈ ? ਇੱਕ ਗੁਰਸਿੱਖ ਦੀ ਕੀ ਅਰਦਾਸ ਹੈ ? ਕੀ ਬੇਨਤੀ ਹੈ ? ਕੀ ਅਰਜੋਈ ਹੈ ? ਕੀ ਉਤਸ਼ਾਹ ਹੈ?

ਦਿਨਸੁ ਰੈਣਿ ... ਦਿਨ ਰਾਤ, ਸਵਾਸ ਸਵਾਸ, ਸੱਚੇ ਪਾਤਸ਼ਾਹ ਤੇਰੇ ਦਰਸ਼ਨ ਹੁੰਦੇ ਰਹਿਣ। ਤੇਰੇ ਚਰਨ ਕਮਲ ਮੇਰੇ ਨੇਤਰਾਂ ਵਿੱਚ ਵਸੇ ਰਹਿਣ। ਇਹ ਨੇਤਰ ਤੇਰੇ ਚਰਨਾਂ ਦਾ ਨਿਵਾਸ ਅਸਥਾਨ ਬਣ ਜਾਣ, ਘਰ ਬਣ ਜਾਏ।

ਫਿਰ ਫੁਰਮਾਉਂਣ ਲੱਗੇ- ਕਿੱਥੇ ਵਸਾਏ ਹਨ? 

-ਜੀ 'ਨੇਤਰਾਂ ਵਿੱਚ' 

ਇੱਕ ਦਮ ਸਮਝਿਆ ਫਿਰ ਉਹ ਭਖਦੀਆਂ ਸਲਾਖਾਂ, ਉਹ ਭਖਦੇ ਤੂੰਬੇ ਖੁੱਭੇ ਕਿੱਥੇ ਹਨ? 

ਇਸ ਪਾਸੇ ਕੀ ਹੋਇਆ ਉਸ ਵੇਲੇ, ਜਿਸ ਵਕਤ ਉਸਦੇ ਸੱਜੇ ਅਤੇ ਖੱਬੇ ਨੇਤਰਾਂ ਵਿੱਚ ਉਹ ਖੁਭ ਰਹੇ ਹਨ ਉਸੇ ਵੇਲੇ ਮੇਰੇ ਸਾਹਿਬ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚੋਂ ਸੱਜੇ ਅਤੇ ਖੱਬੇ ਪਾਸੇ ਤੋਂ ਖੂਨ ਦੇ ਦੋ ਫੁਹਾਰੇ ਫੁੱਟੇ ਹਨ ਤਾਂ ਸੰਗਤ ਵੇਖ ਰਹੀ ਹੈ ਕਿ ਅਚਾਨਕ ਕੀ ਹੋਇਆ ਹੈ ਅਤੇ ਭੱਜੀ ਹੈ ਭੱਜ ਕੇ ਪੱਟੀਆਂ ਕੀਤੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਤੇ। ਸੰਗਤ ਪੁੱਛਦੀ ਹੈ ਇਹ ਕੀ ਕੌਤਕ ਹੈ ? ਸੱਚੇ ਪਾਤਸ਼ਾਹ, ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਉਥੇ ਹੁਣ ਸੰਗਤ ਸਮਝ ਗਈ ਹੈ ਕਿ ਇਸ ਨੂੰ ਇਹ ਸਜਾ ਮਿਲੀ ਹੈ ਅਤੇ ਇਹ ਘਟਨਾ ਜਦੋਂ ਵਰਤੀ ਹੈ, ਉਥੇ ਉਸ ਵੇਲੇ ਚਰਨਾਂ ਵਿੱਚੋਂ ਕੀ ਭਾਣਾ ਵਰਤਿਆ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਫੁਰਮਾਉਂਦੇ ਹਨ-

ਰੈਣਿ ਦਿਨਸੁ ਗੁਰ ਚਰਣ ਅਰਾਧੀ
ਦਇਆ ਕਰਹੁ ਮੇਰੇ ਸਾਈ॥
ਨਾਨਕ ਕਾ ਜੀਉ ਪਿੰਡੁ ਗੁਰੂ ਹੈ
ਗੁਰ ਮਿਲਿ ਤ੍ਰਿਪਤਿ ਅਘਾਈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-758
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ
ਵਿਚਿ ਅਖੀ ਗੁਰ ਪੈਰ ਧਰਾਈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-758
ਚਰਨ ਕਮਲ ਸਿਉ ਲਾਗੀ ਪ੍ਰੀਤਿ॥
ਗੁਰ ਪੂਰੇ ਕੀ ਨਿਰਮਲ ਰੀਤਿ॥

ਭਉ ਭਾਗਾ ਨਿਰਭਉ ਮਨਿ ਬਸੈ॥
ਅੰਮ੍ਰਿਤ ਨਾਮੁ ਰਸਨਾ ਨਿਤ ਜਪੈ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-893
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ॥
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-814
ਗੁਰ ਕੇ ਚਰਨ ਹਿਰਦੈ ਵਸਾਏ॥
ਮਨ ਚਿੰਤਤ ਸਗਲੇ ਫਲ ਪਾਏ॥

ਅਗਨਿ ਬੁਝੀ ਸਭ ਹੋਈ ਸਾਂਤਿ॥
ਕਰਿ ਕਿਰਪਾ ਗੁਰਿ ਕੀਨੀ ਦਾਤਿ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-395
ਰਾਜੁ ਨ ਚਾਹਉ ਮੁਕਤਿ ਨ ਚਾਹਉ
ਮਨਿ ਪ੍ਰੀਤਿ ਚਰਨ ਕਮਲਾਰੇ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ
ਮੋਹਿ ਠਾਕੁਰ ਹੀ ਦਰਸਾਰੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-534
ਮਾਈ ਚਰਨ ਗੁਰ ਮੀਠੇ॥
ਵਡੈ ਭਾਗਿ ਦੇਵੈ ਪਰਮੇਸੁਰ
ਕੋਟਿ ਫਲਾ ਦਰਸਨ ਗੁਰ ਡੀਠੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-717

Comments

Popular Posts