ਭੇਖ ਦੀ ਲਾਜ

ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਬਚਨ ਸੁਣਾਇਆ-


ਬਹੁਰੂਪੀਆ ਹੈ, ਸਵਾਂਗ ਧਾਰਿਆ ਹੈ, ਰਾਜੇ ਤੋਂ ਆਪਣੀ ਬਖਸਿਸ਼ ਮੰਗਦਾ ਹੈ ਅੱਗੋਂ ਰਾਜੇ ਨੇ ਕਿਹਾ ਕਿ- ਤੂੰ ਸਾਡੇ ਦਰਬਾਰ ਦਾ ਬਹੁਰੂਪੀਆ ਹੈਂ ਅਤੇ ਅਸੀਂ ਤੈਨੂੰ ਜਾਣਦੇ ਹਾਂ। ਜੇਕਰ ਕੋਈ ਐਸਾ ਸਵਾਂਗ ਵਰਤਾਵੇਂ ਜਿਸ ਨਾਲ ਅਸੀਂ ਤੈਨੂੰ ਪਛਾਣ ਨ ਸਕੀਏ, ਫਿਰ ਤੂੰ ਬਖਸ਼ਿਸ਼ ਦਾ ਹੱਕਦਾਰ ਹੈਂ"। ਸੱਤ ਬਚਨ ਕਹਿ ਕੇ ਇੱਕ ਪਾਸੇ ਹੋ ਗਿਆ।

ਕੁੱਝ ਸਮਾਂ ਲੰਘ ਗਿਆ ਵਜ਼ੀਰ ਨੇ ਆ ਕੇ ਰਾਜੇ ਪਾਸ ਬੇਨਤੀ ਕੀਤੀ ਕਿ ਇੱਕ ਸੰਤ ਆਏ ਹਨ। ਬਾਹਰ ਬਾਗ ਵਿੱਚ ਠਹਿਰੇ ਹਨ। ਉਨ੍ਹਾਂ ਦੀ ਬਹੁਤ ਉਸਤਤ ਸੁਣੀ ਹੈ। ਇੱਕ ਬੜੀ ਅਚੰਭੇ ਵਾਲੀ ਗੱਲ ਹੈ ਕਿ ਉਹ ਸੰਤ ਕਦੇ ਵੀ ਕੋਈ ਚੀਜ਼ ਪ੍ਰਵਾਨ ਨਹੀਂ ਕਰਦੇ, ਸਵੀਕਾਰ ਨਹੀਂ ਕਰਦੇ, ਕੋਈ ਚੀਜ਼ ਅੰਗੀਕਾਰ ਨਹੀਂ ਕਰਦੇ। ਕਈ ਜਾ ਕੇ ਉਨ੍ਹਾਂ ਦੇ ਚਰਨਾਂ ਵਿੱਚ ਚੀਜ਼ਾਂ ਰੱਖ ਆਉਂਦੇ ਹਨ ਅਤੇ ਕਈ ਜਾ ਕੇ ਚੁੱਕ ਲਿਆਉਂਦੇ ਹਨ। 

ਰਾਜਾ ਬੜਾ ਖੁਸ਼ ਹੋਇਆ ਕਿ ਐਸੇ ਸੰਤਾਂ ਨੇ ਸਾਡੇ ਰਾਜ ਵਿੱਚ ਚਰਨ ਪਾਏ ਹਨ, ਸਾਡੇ ਧੰਨ ਭਾਗ ਹਨ, ਚੱਲੋ ਅਸੀ ਵੀ ਚੱਲ ਕੇ ਲਾਭ ਉਠਾਈਏ। 

ਜੋ ਰਾਜੇ ਵਲੋਂ ਬਣਦਾ ਸੀ ਉਸੇ ਤਰ੍ਹਾਂ ਦੀਆਂ ਭੇਟਾਂ ਤਿਆਰ ਕੀਤੀਆਂ ਹਨ। ਹੀਰੇ, ਜਵਾਹਰਾਤ, ਕੀਮਤੀ ਬਸਤਰ, ਥਾਲ ਸਜਾ ਕੇ ਰਾਜਾ, ਅਹਿਲਕਾਰ, ਵਜ਼ੀਰ ਨਾਲ ਲੈ ਕੇ ਗਿਆ। ਜਦੋਂ ਰਾਜਾ ਪੁੱਜਿਆ, ਥਾਲ ਅੱਗੇ ਰੱਖੇ, ਬੇਨਤੀ ਕੀਤੀ ਗਰੀਬ ਨਿਵਾਜ਼ ਪ੍ਰਵਾਨ ਕਰੋ। 

ਸੰਤ ਜੀ ਨੇ ਰਾਜੇ ਵੱਲ ਵੇਖਿਆ ਅਤੇ ਕੋਈ ਚੀਜ਼ ਅੰਗੀਕਾਰ ਨਹੀ ਕੀਤੀ, ਸਵੀਕਾਰ ਨਹੀ ਕੀਤੀ। ਕੁੱਝ ਦੇਰ ਬੈਠਣ ਤੋਂ ਬਾਅਦ ਰਾਜਾ ਅਹਿਲਕਾਰ ਸਾਰੇ ਉੱਠ ਕੇ ਵਾਪਸ ਆ ਰਹੇ ਹਨ, ਸਭ ਥਾਲ ਵੀ ਚੁੱਕ ਲਿਆਏ ਹਨ ਕਿਉਂਕਿ ਉਨ੍ਹਾਂ ਨੇ ਅੰਗੀਕਾਰ ਨਹੀਂ ਕੀਤੇ। 

ਥੋੜ੍ਹੀ ਦੂਰ ਹੀ ਆਏ ਤੇ ਉਹੀ ਬਹੁਰੂਪੀਆ ਸੰਤ ਦਾ ਭੇਖ ਉਤਾਰ ਕੇ ਰਾਜੇ ਦੇ ਅੱਗੇ ਹੱਥ ਜੋੜ ਕੇ ਖੜ੍ਹਾ ਹੋ ਗਿਆ। ਰਾਜਾ ਬੜ੍ਹਾ ਹੀ ਹੈਰਾਨ ਹੋਇਆ ਕਿਹਾ ਤੂੰ ਉਹੀ ਬਹੁਰੂਪੀਆ ਹੈਂ, ਇਹ ਸੰਤ ਦਾ ਸਵਾਂਗ ਤੂੰ ਹੀ ਧਾਰਿਆ ਹੋਇਆ ਸੀ? 

“ਜੀ ਹਾਂ ਗਰੀਬ ਨਿਵਾਜ਼"। 

ਤੇਰੇ ਅੱਗੇ ਮੈਂ ਹੀਰੇ ਜਵਾਹਰਾਤ ਰੱਖੇ, ਇੰਨੀਆਂ ਕੀਮਤੀ ਚੀਜ਼ਾਂ ਰੱਖੀਆਂ ਤੂੰ ਉਸ ਵੇਲੇ ਉਨ੍ਹਾਂ ਨੂੰ ਚੁੱਕ ਸਕਦਾ ਸੀ ਪਰ ਹੁਣ ਤੂੰ ਥੋੜ੍ਹੀ ਜਿਹੀ ਬਖਸ਼ਿਸ਼ ਮੰਗ ਰਿਹਾ ਹੈ। ਤੂੰ ਉਹ ਕਿਉਂ ਨਹੀਂ ਚੁੱਕੀਆਂ ਮੈਨੂੰ ਇਹ ਦੱਸ ?

ਕਹਿਣ ਲੱਗਾ- ਹੇ ਰਾਜਨ ! ਇੱਕ ਪਾਵਨ, ਬੜਾ ਪਵਿੱਤਰ ਭੇਖ ਮੈਂ ਧਾਰਿਆ ਸੀ, 'ਮੈਂ' ਇੱਕ ਸੰਤ ਦਾ ਪਾਵਨ ਭੇਖ, ਸਵਾਂਗ ਬਣਾਇਆ ਸੀ। ਜੇ ਉਸ ਭੇਖ ਵਿੱਚ ਕੋਈ ਵੀ ਚੀਜ਼ ਚੁੱਕ ਲੈਂਦਾ ਤਾਂ ਸੰਤ ਦੇ ਭੇਖ ਨੂੰ ਵੱਟਾ ਲੱਗ ਜਾਣਾ ਸੀ, ਮੈਂ ਉਸ ਨੂੰ ਕਲੰਕਿਤ ਨਹੀਂ ਕਰ ਸਕਦਾ ਸੀ, ਅਗਰ ਹੁਣ ਤੁਸੀ ਥੋੜ੍ਹੀ ਜਿਹੀ ਬਖਸ਼ਿਸ਼ ਦਿਓਗੇ ਉਹ ਮੇਰੇ ਧੰਨ ਭਾਗ ਹਨ।
ਬਾਬਾ ਨੰਦ ਸਿੰਘ ਸਾਹਿਬ ਨੇ ਦੋ ਦਫਾ ਦੋਹਰਾਇਆ-

ਸੰਤ ਕੀ ਤੇ ਹੀਰੇ ਜਵਾਹਰਾਤ ਕੀ ? ਸੰਤ ਕੀ ਤੇ ਹੀਰੇ ਜਵਾਹਰਾਤ ਕੀ ?
ਇਹ ਭੇਖ ਸੰਤ ਦਾ, ਮਾਤੜ ਲੋਗ ਸੰਤ ਬਣ ਗਏ ਹਨ ਪਰ ਭੇਖ ਦੀ ਲਾਜ਼ ਨਹੀਂ ਹੈ, ਸਾਡੇ ਕੰਮ ਕੀ ਹਨ?

ਕਹਿਣ ਲੱਗੇ-

ਇਹ ਜਿਹੜਾ ਪਾਵਨ ਭੇਖ ਸਿੱਖੀ ਦਾ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ ਹੋਇਆ ਹੈ, ਅਸੀਂ ਅਖਵਾਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਤੇ ਸਾਡੇ ਕੰਮ ਕੀ ਹਨ, ਸਾਡੀਆਂ ਕਰਤੂਤਾਂ ਕੀ ਹਨ।

ਫਿਰ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਸਾਡੇ ਨਾਲੋਂ ਤਾਂ ਉਹ ਬਹੁਰੂਪੀਆ ਚੰਗਾਂ ਹੈ
ਜਿਸ ਨੂੰ ਭੇਖ ਦੀ ਲਾਜ ਹੈ, ਭੇਖ ਦੀ ਸ਼ਰਮ ਹੈ।

ਅੱਗੇ ਫੁਰਮਾਉਂਣ ਲੱਗੇ-

ਇਸ ਸਿੱਖੀ ਦੇ ਭੇਖ ਦੀ ਤਾਂ ਆਪਾਂ ਲਾਜ ਰੱਖੀਏ, ਇਸ ਦੀ ਤਾਂ ਸਾਨੂੰ ਸ਼ਰਮ ਹੋਵੇ। ਅਸੀ ਇਸਨੂੰ ਨਾ ਵੱਟਾ ਲਗਣ ਦਈਏ।

ਸਾਰੀਆਂ ਘਟਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਬੋਲਦਾ
ਮੇਰਾ ਕਲਗੀਆਂ ਵਾਲਾ ਬੋਲਦਾ
ਮੇਰਾ ਬਾਂਜਾਂ ਵਾਲਾ ਬੋਲਦਾ॥

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ॥
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ॥
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥



Comments