ਨਿਮਾਣਿਆਂ ਦੇ ਮਾਣ - ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।

 

ਸੰਗਤ ਤੀਜੇ ਗੁਰੂ ਨਾਨਕ ਦੇ ਅਨਮੋਲ ਬਚਨ ਸੁਨਣ ਵਾਸਤੇ ਉਸ ਮਸਤੀ ਵਿੱਚ ਤੁਰੀ ਜਾ ਰਹੀ ਹੈ। 

ਸੱਚੇ ਪਾਤਸ਼ਾਹ ਦੇ ਗੁਣ ਗਾਉਂਦੀ ਜਾ ਰਹੀ ਹੈ, ਉਸਤਤ ਕਰਦੀ ਜਾ ਰਹੀ ਹੈ। 

ਕੀ ਗਾਉਂਦੇ ਜਾ ਰਹੇ ਹਨ? 

ਜਿਹੜੇ ਵਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ ਸਨ ਸਾਰੀ ਸੰਗਤ ਮਸਤੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪੜ੍ਹਦੀ ਜਾ ਰਹੀ ਹੈ-

ਨਿਮਾਣਿਆਂ ਦੇ ਮਾਣ ਸਤਿਗੁਰੂ,
ਨਿਤਾਣਿਆਂ ਦੇ ਤਾਣ ਸਤਿਗੁਰੂ,
ਨਿਓਟਿਆਂ ਦੀ ਓਟ ਸਤਿਗੁਰੂ,
ਨਿਆਸਰਿਆਂ ਦੇ ਆਸਰੇ ਸਤਿਗੁਰੂ,
ਨਿਥਾਵਿਆਂ ਦੇ ਥਾਵ ਸਤਿਗੁਰੂ।

ਇੱਕ ਲਾਚਾਰ ਗਰੀਬ ਕੋੜ੍ਹੀ ਸੜਕ ਦੇ ਉਸ ਪਾਸੇ ਪਿਆ ਹੈ। ਉਸ ਦੇ ਕੰਨਾਂ ਦੇ ਵਿੱਚ ਇੱਕ ਮਸਤੀ ਭਰੀ ਆਵਾਜ਼ ਆਈ। ਉਸ ਮਸਤੀ ਨੂੰ ਵੇਖ ਕੇ ਉਨ੍ਹਾਂ ਦੀ ਉਸ ਵਜਿਦ ਦੀ ਹਾਲਤ ਨੂੰ ਵੇਖ ਕੇ ਉਨ੍ਹਾਂ ਦੇ ਇਹ ਇਲਾਹੀ ਸ਼ਬਦ ਸੁਣ ਕੇ...

ਨਿਮਾਣਿਆ ਦਾ ਮਾਣ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।
ਨਿਤਾਣਿਆਂ ਦਾ ਤਾਣ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।
ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।
ਨਿਆਸਰਿਆਂ ਦਾ ਆਸਰਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।
ਨਿਥਾਵਿਆ ਦਾ ਥਾਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।
ਧੰਨ ਕਹੋ ਸਭ ਧੰਨ ਕਹੋ ਗੁਰੂ ਅਮਰਦਾਸ ਨੂੰ ਧੰਨ ਕਹੋ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।

ਜਾਣੋ ਉਸ ਦੀ ਮੁਰਦਾ ਰੂਹ ਵਿੱਚ ਜਾਨ ਪੈ ਗਈ। 

ਰਸਤੇ ਵਿੱਚ ਪੁੱਛਦਾ ਹੈ ਕਿੱਥੇ ਜਾ ਰਹੇ ਹੋ? ਕਿਸ ਦੇ ਗੁਣਗਾਨ੍ਹ ਕਰ ਰਹੇ ਹੋ? 

ਇੱਕ ਸਿੱਖ ਨੇ ਜਵਾਬ ਦਿੱਤਾ- ਸ੍ਰੀ ਗੋਇੰਦਵਾਲ ਸਾਹਿਬ ਜਾ ਰਹੇ ਹਾਂ। ਨਿਰੰਕਾਰ, ਅਕਾਲ ਪੁਰਖ ਸਰੂਪ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਰਹੇ ਹਾਂ। ਉਨ੍ਹਾਂ ਦੇ ਗੁਣ ਗਾਉਂਦੇ ਜਾ ਰਹੇ ਹਾਂ। 

ਫਿਰ ਪੁੱਛਦਾ ਹੈ- ਕਿਹੜਾ ਰਸਤਾ ਹੈ? 

ਜਵਾਬ ਦਿੱਤਾ- ਇਹ ਰਸਤਾ ਸਿੱਧਾ ਉਨ੍ਹਾਂ ਦੇ ਦਰ ਵੱਲ ਲੈ ਜਾਂਦਾ ਹੈ। 

ਲਾਚਾਰ ਕੋੜ੍ਹੀ ਰਿੜ੍ਹ ਪਿਆ ਪਿੱਛੇ-ਪਿੱਛੇ। ਰਿੜ੍ਹਦਾ ਰਿੜ੍ਹਦਾ ਬਹੁਤ ਵਕਤ ਬਾਅਦ ਉਸ ਦਰ ਤੇ ਪਹੁੰਚਿਆ। ਸੋਚਾਂ ਸੋਚ ਰਿਹਾ ਹੈ ਕਿ ਮੈਂ' ਕੋੜ੍ਹੀ ਹਾਂ, ਮੇਰੇ ਕੋਲੋਂ ਬਦਬੂ ਆਉਂਦੀ ਹੈ, ਸੜਿਆਂਦ ਆਉਂਦੀ ਹੈ, ਦੂਰੋਂ ਹੀ ਲੋਕ ਨੱਕ ਬੰਦ ਕਰਕੇ ਲੰਘ ਜਾਂਦੇ ਹਨ।

ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਆਪ ਹੀ ਨਿਰੰਕਾਰ, ਆਕਾਰ ਬਣਾ ਕੇ ਇਸ ਜਗਤ ਦੇ ਵਿੱਚ ਆਇਆ ਹੈ। ਸੱਚੇ ਪਾਤਸ਼ਾਹ ਅੰਤਰਜਾਮੀ ਮਿਹਰ ਕਰਨਗੇ ਇਸ ਗਰੀਬ ਨੂੰ, ਇਸ ਕੋੜ੍ਹੀ ਨੂੰ ਆਪ ਹੀ ਦਰਸ਼ਨ ਦੇਣਗੇ। ਇਹ ਸੋਚ ਕੇ ਬਾਹਰ ਇੱਕ ਪਾਸੇ ਡੇਰਾ ਲਾ ਲਿਆ, ਬੈਠ ਗਿਆ ਅਤੇ ਇੰਤਜਾਰ ਕਰਨਾ ਸ਼ੁਰੂ ਕਰ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਦੇ ਬੁਲਾਵੇ ਵਾਸਤੇ, ਉਨ੍ਹਾਂ ਦੇ ਦਰਸ਼ਨਾ ਵਾਸਤੇ। 

ਕਾਫੀ ਸਮਾਂ ਲੰਘ ਗਿਆ। ਦਰਬਾਰ ਲੱਗਿਆ ਹੋਇਆ ਹੈ, ਸਾਹਿਬ ਸੱਚੇ ਪਾਤਸ਼ਾਹ ਬੈਠੇ ਹਨ, ਬਿਰਾਜਮਾਨ ਹਨ, ਸਾਰੀ ਸੰਗਤ ਬੈਠੀ ਹੈ। 

ਗਰੀਬ ਨਿਵਾਜ਼ ਪੁੱਛਦੇ ਹਨ- ਕੋਈ ਬਾਹਰ ਤਾਂ ਨਹੀਂ ਬੈਠਾ ? 

ਦੋ ਚਾਰ ਸਿੱਖਾਂ ਨੇ ਵੇਖ ਕੇ ਕਿਹਾ-ਜੀ ਗਰੀਬ ਨਿਵਾਜ਼ ਕਿ ਇਕ ਕੋੜ੍ਹੀ ਨੇ ਆ ਡੇਰਾ ਲਾਇਆ ਹੈ। ਸੱਚੇ ਪਾਤਸ਼ਾਹ, ਬਾਹਰ ਬੜੀ ਬਦਬੂ ਆ ਰਹੀ ਹੈ। 

ਸਾਹਿਬ ਹੁਕਮ ਕਰਦੇ ਹਨ- ਜਾਓ, ਜਿਸ ਜਲ ਦੇ ਨਾਲ ਅਸੀਂ ਇਸ਼ਨਾਨ ਕਰਦੇ ਹਾਂ, ਸਾਡੇ ਇਸ਼ਨਾਨ ਤੋ ਬਾਅਦ ਜਿਹੜਾ ਜਲ ਇਸ਼ਨਾਨ ਵਾਲਾ ਉਸ ਚੁਬੱਚੇ ਵਿੱਚ ਚਲਾ ਜਾਂਦਾ ਹੈ, ਉਸ ਜਲ ਵਿੱਚ ਕੋੜ੍ਹੀ ਨੂੰ ਇਸ਼ਨਾਨ ਕਰਵਾ ਕੇ ਇੱਕ ਚਿੱਟੀ ਚਾਦਰ ਵਿੱਚ ਲਪੇਟ ਕੇ ਸਾਡੇ ਅੱਗੇ ਲੈ ਆਓ। 

ਸਿੱਖ ਗਏ ਕੋੜ੍ਹੀ ਨੂੰ ਸੱਚੇ ਪਾਤਸ਼ਾਹ ਦਾ ਸੰਦੇਸ਼ ਪਹੁੰਚਾਇਆ, ਕੋੜ੍ਹੀ ਦੇ ਅੰਦਰ ਜਾਨ ਪੈ ਗਈ।

ਸਿੱਖਾਂ ਨੇ ਕਿਹਾ- ਪ੍ਰੇਮਾ, ਤੈਨੂੰ ਸੱਚੇ ਪਾਤਸ਼ਾਹ ਯਾਦ ਕਰ ਰਹੇ ਹਨ। 

ਉਸਨੂੰ ਇਸ਼ਨਾਨ ਕਰਵਾ ਕੇ ਸਫੈਦ ਚਾਦਰ ਵਿੱਚ ਲਪੇਟ ਕੇ, ਸੱਚੇ ਪਾਤਸ਼ਾਹ ਦੇ ਚਰਨਾਂ ਅੱਗੇ ਰੱਖ ਦਿੱਤਾ। ਸ਼ੁਕਰਾਨੇ ਦੇ ਵਿੱਚ ਦਰਸ਼ਨ ਕਰ ਰਿਹਾ ਹੈ, ਦਰਸ਼ਨ ਕਰਦੇ ਹੀ ਸੁੱਧ ਬੁੱਧ ਭੁੱਲ ਗਈ। ਸੱਚੇ ਪਾਤਸ਼ਾਹ ਮਿਹਰ ਦੀ ਨਜ਼ਰ ਨਾਲ ਤੱਕ ਰਹੇ ਹਨ ਉਸ ਵੱਲ 

ਪੁੱਛਦੇ ਹਨ- ਕੀ ਚਾਹੁੰਦਾ ਹੈਂ, ਕੀ ਮੰਗਦਾ ਹੈਂ? 

ਤਾਂ ਅੱਗੋ ਫਿਰ ਪ੍ਰੇਮਾ ਕੋੜ੍ਹੀ ਕਹਿੰਦਾ ਕੀ ਹੈ?

ਕਹਿਣ ਲੱਗਾ- ਸੱਚੇ ਪਾਤਸ਼ਾਹ! ਗਰੀਬ ਨਿਵਾਜ, ਮੈਂ' ਦੁਨੀਆਂ ਦਾ ਸਭ ਤੋਂ ਧਿਰਕਾਰਿਆ ਹੋਇਆ ਇਨਸਾਨ ਹਾਂ। ਸੱਚੇ ਪਾਤਸ਼ਾਹ! ਗਰੀਬ ਨਿਵਾਜ, ਮੈਂ' ਅਪਾਹਿਜ, ਮੈਂ' ਸਰਾਪਿਆ ਹੋਇਆ ਐਸਾ ਇਨਸਾਨ ਹਾਂ, ਜਿਸ ਨੂੰ ਲੋਕਾਂ ਨੇ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ। ਦੂਜਿਆਂ ਦਾ ਤਾਂ ਕੋਈ 'ਮਾਨ' ਹੋਵੇਗਾ ਗਰੀਬ ਨਿਵਾਜ਼, ਮੇਰਾ ਇਸ ਦੁਨੀਆਂ ਵਿੱਚ ਕੋਈ 'ਮਾਨ' ਨਹੀਂ। ਸੱਚੇ ਪਾਤਸ਼ਾਹ! ਦੂਜਿਆਂ ਦਾ ਤਾਂ ਕੋਈ ਤਾਣ ਹੋਇਗਾ,ਪਰ ਗਰੀਬ ਨਿਵਾਜ਼, ਮੇਰਾ ਕੋਈ ਤਾਣ ਨਹੀਂ, ਸੱਚੇ ਪਾਤਸ਼ਾਹ! ਦੂਜਿਆਂ ਦੀ ਪੱਤ ਹੋਵੇਗੀ, ਪਰ ਗਰੀਬ ਨਿਵਾਜ, ਇਸ ਅਪਾਹਿਜ ਦੀ ਕੋਈ ਪੱਤ ਨਹੀਂ, ਕੋਈ ਗੱਤ ਨਹੀਂ। ਗਰੀਬ ਨਿਵਾਜ਼, ਦੂਜਿਆਂ ਦੀ ਕੋਈ ਥਾਂ ਹੋਵੇਗੀ, ਪਰ ਇਹ ਪ੍ਰੇਮਾ ਨਿਥਾਵਾਂ ਹੈ। ਸੱਚੇ ਪਾਤਸ਼ਾਹ! ਹਰ ਇੱਕ ਦਾ ਕੋਈ ਨਾ ਕੋਈ ਹੈ, ਪਰ ਮੇਰਾ ਕੋਈ ਨਹੀਂ।

ਗਰੀਬ ਨਿਵਾਜ਼, ਸੱਚੇ ਪਾਤਸ਼ਾਹ ਤੂੰ ਰੱਖਿਆ ਕੀਤੀ ਗਜ (ਹਾਥੀ), ਜਿਸ ਨੂੰ ਤਦੂੰਆ ਪਾਣੀ ਵਿੱਚ ਖਿੱਚ ਕੇ ਲੈਜਾ ਰਿਹਾ ਸੀ। ਪਰ ਉਹ ਬੜਾ ਬਲਵਾਨ ਸੀ, ਉਸ ਨੇ ਆਪਣਾ ਪੂਰਾ ਬਲ ਲਾਇਆ, ਉਸ ਨੇ ਆਪਣਾ ਪੂਰਾ ਜੋਰ ਲਾਇਆ, ਪੂਰੀ ਤਾਕਤ ਲਾਈ। ਪਰ ਜਿਸ ਵਕਤ ਉਸ ਦੀ ਕੋਈ ਵਾਹ ਨਾ ਚੱਲੀ, ਸੱਚੇ ਪਾਤਸ਼ਾਹ, ਉਸਦਾ ਬਲ ਕੰਮ ਨਾ ਆਇਆ ਤਾਂ ਫਿਰ ਉਸਨੇ ਬਿਰਤੀ ਦੁਆਰਾ ਤੈਨੂੰ ਯਾਦ ਕੀਤਾ, ਗਰੀਬ ਨਿਵਾਜ ਤੇਰੇ ਚਰਨਾਂ ਵਿੱਚ ਉਸ ਨੇ ਆਪਣੀ ਸੁੰਡ ਦੇ ਨਾਲ ਫੁੱਲ ਤੋੜ ਕੇ ਰੱਖਿਆ, ਤੂੰ ਉਸੇ ਵੇਲੇ ਉਸਦੀ ਰੱਖਿਆ ਕੀਤੀ। ਗਰੀਬ ਨਿਵਾਜ, ਗਜ ਗਰਾਹ ਤੇ ਛੂਟਾ, ਸੱਚੇ ਪਾਤਸ਼ਾਹ ਮੇਰੇ ਤਾਂ ਹੱਥ ਵੀ ਨਹੀਂ ਕੰਮ ਕਰਦੇ, ਗਰੀਬ ਨਿਵਾਜ਼ ਮੈਂ' ਤਾਂ ਤੇਰੇ ਚਰਨਾਂ ਵਿੱਚ ਫੁੱਲ ਵੀ ਨਹੀਂ ਰੱਖ ਸਕਦਾ। ਉਨ੍ਹਾਂ ਦਾ ਤਾਂ ਕੁੱਝ ਨਾ ਕੁੱਝ ਸੀ, ਕੋਈ ਨਾ ਕੋਈ ਸੀ, ਉਨ੍ਹਾਂ ਦਾ ਬੱਲ ਸੀ, 'ਮਾਨ' ਸੀ, ਸੱਚੇ ਪਾਤਸ਼ਾਹ ਨਾ ਮੇਰਾ ਕੋਈ 'ਮਾਨ' ਹੈ, ਨਾ ਮੇਰੇ ਵਿੱਚ ਕੋਈ ਤਾਣ ਹੈ, ਨਾ ਮੇਰੇ ਵਿੱਚ ਕੋਈ ਬੱਲ ਹੈ ਸੱਚੇ ਪਾਤਸ਼ਾਹ ਮੇਰਾ ਤਾਂ ਕੋਈ ਨਹੀਂ।

ਜਿਸ ਵਕਤ ਰੋ ਰੋ ਕੇ ਉਹ ਇਹ ਬੇਨਤੀਆਂ ਕਰ ਰਿਹਾ ਹੈ, ਇਹ ਅਰਦਾਸ ਕਰ ਰਿਹਾ ਹੈ ਉਸ ਵੇਲੇ ਸਾਹਿਬ ਦੀ ਨਜ਼ਰ ਉਸਦੇ ਉੱਤੇ ਪੈ ਰਹੀ ਹੈ। ਗੁਰੂ ਨਾਨਕ ਦੀ ਤੱਕਣੀ ਵਿੱਚ ਮੁਕਤੀ ਹੈ, ਗੁਰੂ ਨਾਨਕ ਦੀ ਤੱਕਣੀ ਵਿਚ ਦਰਗਾਹ ਦੀਆਂ ਸਾਰੀਆਂ ਮਿਹਰਾਂ (ਬਰਕਤਾਂ) ਹਨ ਪਰ ਉਹ ਮਿਹਰਾਂ ਉਸ ਵੇਲੇ ਵਗ ਰਹੀਆਂ ਸਨ, ਉਹ ਬਰਸ ਰਹੀਆਂ ਸਨ, ਅਤੇ ਪ੍ਰੇਮਾ ਕੋੜ੍ਹੀ ਉੱਤੇ ਪੈ ਰਹੀਆਂ ਸਨ “ਨਾਨਕ ਨਦਰੀ ਨਦਰਿ ਨਿਹਾਲ।” 

ਪ੍ਰੇਮਾ ਕੋੜ੍ਹੀ ਨੂੰ ਇਹ ਪਤਾ ਹੀ ਨਹੀਂ ਕਿ ਉਹ ਇਹ ਬੇਨਤੀਆਂ ਕਰ ਰਿਹਾ ਹੈ, ਉਹ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਰਿਹਾ ਹੈ ਉਹ ਚੀਕਾਂ ਮਾਰ ਕੇ ਆਪਣੀ ਹਾਲਤ ਦੱਸ ਰਿਹਾ ਹੈ ਕਿ ਉਸਦਾ ਕੋਈ ਵੀ ਨਹੀਂ। ਜਿਸ ਵਕਤ ਇਹ ਕਹਿ ਰਿਹਾ ਹੈ ਉਸ ਵੇਲੇ ਉਸਦੇ ਉੱਤੇ ਜੋ ਬੀਤ ਰਹੀ ਸੀ ਸੰਗਤ ਵੇਖ ਰਹੀ ਹੈ ਉਹ ਨਵਾਂ ਨਰੋਆ ਹੋ ਕੇ ਖੜ੍ਹਾ ਹੋ ਗਿਆ। ਇੱਕ ਐਸਾ ਖ਼ੂਬਸੂਰਤ ਨੌਜਵਾਨ, ਓਹੀ ਨੌਜਵਾਨ ਜਿਸ ਦੀ ਹਾਲਤ ਕੋੜ੍ਹ ਹੋਣ ਤੋਂ ਪਹਿਲਾਂ ਕੀ ਸੀ, ਉਹ ਖ਼ੂਬਸੂਰਤ ਨੌਜਵਾਨ ਰੋਈ ਜਾ ਰਿਹਾ ਹੈ, ਉਸ ਨੂੰ ਇਹ ਪਤਾ ਹੀ ਨਹੀਂ ਕਿ ਉਸ ਤੱਕਣੀ ਦਾ ਉਸ ਦੇ ਉੱਤੇ ਕੀ ਅਸਰ ਹੋਇਆ ਸੀ। 

ਜਿਸ ਵਕਤ ਸੰਗਤ ਦੇ ਵਿੱਚੋਂ ਕਿਸੇ ਨੇ ਉਸਨੂੰ ਹੱਥ ਲਾ ਕੇ ਕਿਹਾ ਆਪਣੇ ਆਪ ਨੂੰ ਤਾਂ ਵੇਖ। ਜਿਸ ਵਕਤ ਪ੍ਰੇਮਾ ਕੋੜ੍ਹੀ ਨੇ ਆਪਣੇ ਆਪ ਨੂੰ ਵੇਖਿਆ ਤੇ ਸ਼ੁਕਰਾਨੇ ਵਿੱਚ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਲਿਪਟ ਗਿਆ, ਉਸ ਵੇਲੇ ਫਿਰ ਜਦੋਂ ਸਿਰ ਉੱਚਾ ਕਰਕੇ ਵੇਖ ਰਿਹਾ ਹੈ ਤਾਂ ਸੱਚੇ ਪਾਤਸ਼ਾਹ ਪੁੱਛ ਰਹੇ ਹਨ ਪ੍ਰੇਮਾ ! ਹੁਣ ਦੱਸ ਤੇਰਾ ਕੋਈ ਨਹੀਂ ਤਾਂ ਪ੍ਰੇਮਾ ਅੱਗੋਂ ਕੀ ਕਹਿੰਦਾ ਹੈ,

ਮੇਰੇ ਸਤਿਗੁਰੂ ਜੀ ਮੇਰਾ ਤਾਂ ਸਭ ਕੁੱਝ ਤੂੰਹੀਓ ਤੂੰ
ਹੇ ਸੱਚੇ ਪਾਤਸ਼ਾਹ ਮੇਰਾ ਤਾਂ ਸਭ ਕੁੱਝ ਤੂੰਹੀਓ ਤੂੰ।
ਬਾਬਾ ਜੀ ਮੇਰਾ ਤਾਂ ਸਭ ਕੁੱਝ ਤੂੰਹੀਓ ਤੂੰ।

ਜਿਸ ਵਜਿਦ ਵਿੱਚ ਫਿਰ ਉਹ ਆਪਣੇ ਦਿਲੋਂ ਇਹ ਪੁਕਾਰ ਕਰਦਾ ਹੈ ਉਸ ਵੇਲੇ ਫਿਰ ਸੰਗਤ ਵੀ ਉਸ ਵਜਿਦ ਵਿੱਚ ਰੋ ਕੇ ਉਹਦੇ ਨਾਲ ਪੜ੍ਹਦੀ ਹੈ, ਆਓ ਸਾਧ ਸੰਗਤ ਜੀ ਆਪਾਂ ਵੀ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਪੜ੍ਹ ਕੇ ਹਾਜ਼ਰੀ ਲਵਾਈਏ।

ਜਦੋਂ ਗੁਰੂ ਨਾਨਕ ਤੁੱਠਦਾ ਹੈ ਤਾਂ ਮਿਹਰਾਂ ਨਾਲ ਝੋਲੀਆਂ ਭਰ ਦਿੰਦਾ ਹੈ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥
ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ - 544

ਪ੍ਰੇਮਾ ਕੋੜ੍ਹੀ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ ਹੈ। ਕਿਸ ਤਰ੍ਹਾਂ ਮੇਰੇ ਸਾਹਿਬ, ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਆਪਣੇ ਕੰਠ੍ਹ ਨਾਲ ਲਾ ਲੈਂਦੇ ਹਨ, ਕਿਸ ਤਰ੍ਹਾਂ ਮਿਹਰਾਂ ਲੁਟਾਉਂਦੇ ਹਨ।

ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ॥
ਸਤਿਗੁਰੁ ਕੋਟਿ ਪੈਂਡਾ ਆਗੇ ਹੋਇ ਲੇਤ ਹੈ॥
ਭਾਈ ਗੁਰਦਾਸ ਜੀ

ਗੁਰੂ ਅਮਰਦਾਸ ਜੀ ਦੇ ਚਰਨਾਂ ਵੱਲ ਤੁਰਿਆ ਹੈ, ਲੁੜਕ ਪਿਆ ਹੈ, ਰੁੜ੍ਹਦਾ-ਰੁੜ੍ਹਦਾ ਚਰਨਾਂ ਵਿੱਚ ਪਹੁੰਚ ਗਿਆ ਹੈ ਤੇ ਸਾਹਿਬ ਕਿਸ ਤਰ੍ਹਾਂ ਕਿੰਨੇ ਕਰੋੜ ਪੈਂਡੇ, ਕਿੰਨੀ ਦੂਰ ਜਾ ਕੇ ਉਸ ਪ੍ਰੇਮਾ ਕੋੜ੍ਹੀ ਨੂੰ ਆਪਣੇ ਕੰਠ ਨਾਲ ਲਾ ਲੈਂਦੇ ਹਨ।

ਸਾਧ ਸੰਗਤ ਜੀ ਇਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ, ਧੰਨ ਹੈ ਉਹ ਰਿਸ਼ਤਾ ਤੇ ਧੰਨ ਹਨ ਜਿਹੜੇ ਸਿੱਖਾਂ ਨੇ ਉਸ ਰਿਸ਼ਤੇ ਨੂੰ ਮਹਿਸੂਸ ਕੀਤਾ ਹੈ, ਇਸ ਰਿਸ਼ਤੇ ਨੂੰ ਕਮਾਇਆ ਹੈ।

ਸਾਧ ਸੰਗਤ ਜੀ ਇਹ ਉਹ ਖੁਸ਼ਕਿਸਮਤ ਸੰਗਤ ਹੀ ਦੱਸ ਸਕਦੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ, ਮੇਰੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਇਹ ਤਾਂ ਪ੍ਰੇਮਾ ਕੋੜ੍ਹੀ ਹੀ ਦੱਸ ਸਕਦਾ ਹੈ ਕਿ ਉਸ ਨੂੰ ਕੀ ਅਨੰਦ ਪ੍ਰਾਪਤ ਹੋਇਆ ਹੈ। 

ਸਾਧ ਸੰਗਤ ਜੀ, ਫਿਰ ਮਿਹਰ ਕੀਤੀ, ਪ੍ਰੇਮਾ ਤੇ ਮਿਹਰ ਕੀਤੀ ਐਸੀ ਮਿਹਰ ਕੀਤੀ ਉੱਥੇ ਹੀ ਇੱਕ ਗੁਰਮੁਖ, ਇੱਕ ਗੁਰਸਿੱਖ ਦੀ ਜਵਾਨ ਲੜਕੀ ਨਾਲ ਆਪਣਾ ਪੁੱਤ ਬਣਾ ਕੇ ਵਿਆਹ ਰਚਾਇਆ, ਉਸ ਨੂੰ ਨਾਮ ਬਖਸ਼ਿਆ ਅਤੇ ਉਸ ਦੇ ਬਾਅਦ ਉਸ ਨੂੰ ਦੂਜਿਆਂ ਨੂੰ ਨਾਮ ਦੇਣ ਜੋਗਾ ਬਣਾ ਦਿੱਤਾ, ਉਸ ਨੂੰ ਸੰਤ ਬਣਾ ਦਿੱਤਾ।

ਸਾਧ ਸੰਗਤ ਜੀ ਮੇਰਾ ਸਾਹਿਬ ਜਿਸ ਵਕਤ ਤੁੱਠਦਾ ਹੈ ਤਾਂ ਇਸ ਤਰ੍ਹਾਂ ਦੀਆਂ ਮਿਹਰਾਂ ਲੁਟਾ ਦਿੰਦਾ ਹੈ।
ਸਾਧ ਸੰਗਤ ਜੀ ਕੀ ਸਾਨੂੰ ਕੋੜ੍ਹ ਨਹੀ ਹੋਇਆ?
ਮੇਰੇ ਵਰਗੇ ਨੂੰ ਕੋੜ੍ਹ ਨਹੀਂ ਹੋਇਆ ?
ਸਾਨੂੰ ਵੀ ਵਿਸ਼ੇ ਵਿਕਾਰਾ ਦਾ ਕੋੜ੍ਹ ਹੋਇਆ ਹੈ, ਸਾਨੂੰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਕੋੜ੍ਹ ਹੋਏ ਹਨ। ਸੱਚੇ ਪਾਤਸ਼ਾਹ! ਸਾਨੂੰ ਵੀ ਬਖਸ਼ ਦਿਓ।


ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ - 918

ਸੱਚੇ ਪਾਤਸ਼ਾਹ ਗਰੀਬ ਨਿਵਾਜ ਮਿਹਰਾਂ ਦੇ ਸਾਈਂ ਆਪ ਹੀ ਇੱਕ ਹੋਰ ਜਗ੍ਹਾ ਫਰਮਾਉਂਦੇ ਹਨ-

ਐਸੋ ਗੁਨੁ ਮੇਰੋ ਪ੍ਰਭ ਜੀ ਕੀਨ॥
ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ - 716
ਸੱਚੇ ਪਾਤਸ਼ਾਹ ਮਿਹਰ ਕਰੋ ਦਯਾ ਕਰੋ, ਗਰੀਬ ਨਿਵਾਜ ਇਹ ਸਾਡੇ ਕੋੜ੍ਹ ਵੀ ਦੂਰ ਕਰ ਦਿਓ।

ਪਰ ਸਾਡਾ ਫਰਜ਼ ਫਿਰ ਬਣਦਾ ਕੀ ਹੈ? 
ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਪ੍ਰੇਮਾ ਕੋੜ੍ਹੀ ਦੇ ਪਿਛੇ ਖੜ੍ਹੇ ਹੋ ਕੇ, ਸਾਧ ਸੰਗਤ ਦੇ ਚਰਨਾਂ ਵਿੱਚ ਬੈਠ ਕੇ, ਗੁਰੂ ਦੇ ਅੱਗੇ ਉਸ ਨਿਮਰਤਾ ਦੇ ਵਿੱਚ ਇਹ ਅਰਦਾਸ ਅੰਤਰ ਆਤਮੇ ਵਿੱਚੋਂ ਕਰਨੀ ਬਣਦੀ ਹੈ, ਸਾਡੀ ਰੂਹ ਵਿੱਚੋਂ ਇਕ ਫਰਿਆਦ ਉੱਠੇ।

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ

(Nanak Leela, Part 1)

Comments