ਪਰਮ ਪਦ ਦੀ ਅਵਸਥਾ
ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ||
ਤਿਥੈ ਊਂਘ ਨਾ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ||ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ||
ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਵਾਲੇ ਗੁਰਮੁਖ ਦੀਆਂ ਆਤਮਕ ਅਵਸਥਾਵਾਂ ਬਾਰੇ ਫੁਰਮਾਇਆ ਹੈ-
ਗੁਰਮੁਖ ਸਹਿਜ ਅਤੇ ਵਿਸਮਾਦ ਵਿੱਚ ਰਹਿੰਦੇ ਹਨ |
ਗੁਰਮੁਖ ਬਖਸ਼ਿਸ਼ ਦੇ ਮੰਡਲ ਵਿੱਚ ਰਹਿੰਦੇ ਹਨ|
ਇਸ ਅਵਸਥਾ ਵਿੱਚ ਨੀਂਦ ਅਤੇ ਭੁੱਖ ਨਹੀਂ ਸਤਾਉਂਦੀ, ਜੀਵ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਫੁਹਾਰ ਵਿੱਚ ਅਨੰਦਿਤ ਰਹਿੰਦਾ ਹੈ | ਉਨ੍ਹਾਂ ਗੁਰਮੁਖਾਂ ਨੂੰ ਦੁੱਖ-ਸੁੱਖ ਡੁਲਾਉਂਦੇ ਨਹੀਂ ਜਿਹੜੇ ਆਤਮਾ ਦੀ ਰੂਹਾਨੀ ਗੁਲਜ਼ਾਰ ਵਿੱਚ ਅਨੰਦ ਮਗਨ ਰਹਿੰਦੇ ਹਨ |
ਇਕ ਸੱਚੇ ਸੰਤ ਦੀ ਆਤਮਾ ਅੰਮ੍ਰਿਤ ਨਾਮ ਦੇ ਅਨੰਦ ਵਿੱਚ ਜੁੜੀ ਹੁੰਦੀ ਹੈ | ਉਨ੍ਹਾਂ ਦਾ ਆਤਮ ਰੱਬ ਦੇ ਨੂਰ ਨਾਲ ਖਿੜਿਆ ਹੁੰਦਾ ਹੈ| ਉਹ ਪਰਮਾਤਮਾ ਨਾਲ ਇਕ ਰੂਪ ਹੋ ਚੁੱਕੇ ਹੁੰਦੇ ਹਨ | ਜਿਵੇਂ ਪਰਮਾਤਮਾ ਨੀਂਦ ਤੇ ਭੁੱਖ ਤੋਂ ਉੱਪਰ ਹੈ, ਇਸੇ ਤਰ੍ਹਾਂ ਉਸ ਨਾਲ ਇਕ-ਰੂਪ ਹੋਏ ਗੁਰਮੁੱਖ ਵੀ ਇਸੇ ਅਵਸਥਾ ਵਿੱਚ ਰਹਿੰਦੇ ਹਨ | ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਪੋਂਹਦਾ, ਇਸੇ ਤਰ੍ਹਾਂ ਉਸ ਵਿੱਚ ਲੀਨ ਗੁਰਮੁਖ, ਜਿਨ੍ਹਾਂ ਦੇ ਆਤਮੇ ਪ੍ਰਕਾਸ਼ ਹੋ ਚੁੱਕਾ ਹੁੰਦਾ ਹੈ, ਪਰਮਾਤਮਾ ਦੇ ਨੂਰ ਨਾਲ ਵਿਸਮਾਦ ਦੀ ਅਵਸਥਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਈ ਦੁੱਖ-ਸੁੱਖ ਨਹੀਂ ਵਿਆਪਦਾ |
ਪਰਮਾਤਮਾ ਨਾਲ ਸਦੀਵੀ ਤੌਰ ਤੇ ਜੁੜੇ ਸੱਚੇ ਪੂਰਨ ਸੰਤ ਸਰੀਰਕ ਸੁੱਖਾਂ ਤੋਂ ਉਪਰ ਉੱਠ ਚੁੱਕੇ ਹੁੰਦੇ ਹਨ | ਨੀਂਦ ਅਤੇ ਭੁੱਖ, ਹਰਖ ਤੇ ਸੋਗ, ਸੁੱਖ ਅਤੇ ਦੁੱਖ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ ਹਨ |
ਬਾਬਾ ਹਰਨਾਮ ਸਿੰਘ ਜੀ ਮਹਾਰਾਜ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ
ਜਨਮ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ |
ਅੰਮ੍ਰਿਤ - ਨਾਮ ਅਤੇ ਆਤਮ ਪ੍ਰਕਾਸ਼ ਦੇ ਵਿਸਮਾਦੀ ਅਨੰਦ ਨਾਲ ਸਬਰ-ਸ਼ੁਕਰ, ਤ੍ਰਿਪਤੀ ਅਤੇ ਸੰਤੋਖ ਦੀ ਅਵਸਥਾ ਪ੍ਰਾਪਤ ਹੁੰਦੀ ਹੈ| ਇਸ ਨਿਰਾਲੀ ਅਤੇ ਜੀਅ-ਦਾਨ ਦੇਣ ਵਾਲੀ ਰੂਹਾਨੀ ਅਵਸਥਾ ਵਿੱਚ ਨੀਂਦ ਜਾਂ ਭੁੱਖ, ਹਰਖ ਜਾਂ ਸੋਗ, ਸੁੱਖ ਜਾਂ ਦੁੱਖ ਕਦੇ ਵਿਆਪਦੇ ਹੀ ਨਹੀਂ|
ਨਾਮ-ਰਸ ਅਤੇ ਆਤਮ-ਰਸ ਦਾ ਵਿਸਮਾਦ ਸਵੈ-ਸੰਤੋਖ ਦੇ ਰੂਹਾਨੀ ਮੰਡਲ ਦੀ ਅਵਸਥਾ ਹੈ| ਇਸ ਵਿਸਮਾਦ ਤੋਂ ਜਿਸਮਾਨੀ ਵਜੂਦ ਨੂੰ ਮਿਲਦੀ ਆਤਮਕ ਖ਼ੁਰਾਕ ਦੀ ਸਰੀਰਕ ਅਰਾਮ ਨਾਲ ਕਿਣਕਾ ਮਾਤਰ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ |
ਗੁਰਮੁਖ ਵਹਿਮਾਂ-ਭਰਮਾਂ ਦੀ ਦਲਦਲ ਤੋਂ ਪਾਰ ਲੰਘ ਚੁੱਕੇ ਹੁੰਦੇ ਹਨ| ਇਸ ਅਵਸਥਾ ਵਿੱਚ ਮਾਇਆ ਉਨ੍ਹਾਂ ਨੂੰ ਭਰਮਾ ਨਹੀਂ ਸਕਦੀ, ਕਿਉਂ ਜੋ ਉਨ੍ਹਾਂ ਨੇ ਮਾਇਆ ਦਾ ਪਰਦਾ ਹਟਾ ਦਿੱਤਾ ਹੁੰਦਾ ਹੈ |
ਨਾਮ ਰਸ ਦੀ ਪਵਿੱਤਰ ਲੋਚਾ ਅਤੇ ਆਤਮ ਰਸ, ਸ਼ੁਭ ਚਿੰਤਨ ਅਤੇ ਪ੍ਰੇਮ ਰਸ ਦੀ ਸੱਚੀ ਭਾਵਨਾ ਨਾਲ ਸਾਰੀਆਂ ਸੰਸਾਰਕ ਭੁੱਖਾਂ ਅਤੇ ਤ੍ਰਿਸ਼ਨਾਵਾਂ ਦਾ ਸਮਾਧਾਨ ਹੋ ਜਾਂਦਾ ਹੈ |
ਸਤਿ ਮਾਰਗ ਦੇ ਪਾਂਧੀ ਨਾਮ ਅਭਿਆਸ ਕਮਾਈ ਵਾਸਤੇ ਭੋਜਨ ਅਤੇ ਨੀਂਦ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ | ਸੁਆਦ ਦੀਆਂ ਤ੍ਰਿਸ਼ਨਾਵਾਂ ਅਤੇ ਇੰਦਰਿਆਵੀ ਸੁੱਖਾਂ ਉਪਰ ਕਾਬੂ ਪਾਉਂਣ ਲਈ ਕਈ ਕਈ ਜੀਵਨ ਘਾਲਣਾਵਾਂ ਘਾਲਣੀਆਂ ਪੈਂਦੀਆ ਹਨ | ਇਕ ਵਾਰ ਇਨ੍ਹਾਂ ਨੂੰ ਦਬਾ ਲੈਣ ਬਾਅਦ ਵੀ ਇਹ ਦੱਬੀਆ ਘੁੱਟੀਆਂ ਰਹਿੰਦੀਆਂ ਹਨ ਅਤੇ ਸਮਾਂ ਪਾ ਕੇ ਫਿਰ ਭਗਤੀ ਵਿੱਚ ਵਿਘਨ ਪਾਉਂਦੀਆਂ ਹਨ | ਕੋਈ ਗੁਰਮੁਖ ਜਾਂ ਜਗਿਆਸੂ ਗੁਰੂ ਦੀ ਮਿਹਰ ਨਾਲ ਇਨ੍ਹਾਂ ਨੂੰ ਸਦਾ ਵਾਸਤੇ ਕਾਬੂ ਕਰਕੇ ਨਾਮ-ਰਸ ਅਤੇ ਆਤਮ-ਰਸ ਦਾ ਅਨੰਦ ਮਾਣ ਸਕਦਾ ਹੈ|
ਗੁਰਮੁਖ ਦੇ ਨੂਰਾਨੀ ਚਿਹਰੇ ਤੇ ਚਮਕਦੀ ਸ਼ਾਂਤੀ, ਅਡੋਲਤਾ, ਸਹਿਜ, ਨਾਮ-ਰਸ ਅਤੇ ਆਤਮ-ਰਸ ਦੇ ਪਰਤਾਪ ਸਦਕਾ ਸੱਚੇ ਜਗਿਆਸੂਆਂ ਦੇ ਮਨਾਂ ਵਿੱਚੋਂ ਸੰਸਾਰਕ ਤ੍ਰਿਸ਼ਨਾਵਾਂ ਆਪਣੇ ਆਪ ਅਲੋਪ ਹੋ ਜਾਂਦੀਆਂ ਹਨ | ਇਹ ਸਤਿ ਪੁਰਖਾਂ ਦੇ ਨੂਰਾਨੀ ਚਿਹਰਿਆਂ ਤੇ ਚਮਕਦੀ ਰੂਹਾਨੀਅਤ ਦੀ ਵਿਲੱਖਣ ਸ਼ਕਤੀ ਹੈ |
ਜਦੋਂ ਕੋਈ ਜਗਿਆਸੂ ਇਕ ਵਾਰ ਇਸ ਪਰਮ ਪਦ ਦੀ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਤਾਂ ਫਿਰ ਇਹ ਅਵਸਥਾ ਕਦੇ ਘੱਟਦੀ ਨਹੀਂ, ਸਗੋਂ ਪ੍ਰਭੂ-ਪ੍ਰੀਤਮ ਵਿੱਚ ਅਭੇਦਤਾ ਦੀ ਇਹ ਅਵਸਥਾ ਸਦੀਵ ਕਾਲ ਤਕ ਬਣੀ ਰਹਿੰਦੀ ਹੈ |
ਸੂਰਜ ਕਦੇ ਡੁੱਬਦਾ ਨਹੀਂ, ਇਸੇ ਤਰ੍ਹਾਂ ਸੱਚੇ ਗੁਰਮੁਖ ਦੇ ਹਿਰਦੇ ਵਿੱਚ ਨਾਮ ਰਸ ਅਤੇ ਆਤਮ-ਰਸ ਦਾ ਪ੍ਰਕਾਸ਼ ਸਦਾ ਬਣਿਆ ਰਹਿੰਦਾ ਹੈ| ਨਾਮ-ਰਸ ਚੱਖਣ ਅਤੇ ਰੂਹਾਨੀ ਸਰੋਵਰ ਵਿੱਚ ਨਿੱਤ ਚੁੱਭੀਆਂ ਲਾਉਂਣ ਵਾਲਾ ਗੁਰਮੁਖ ਸਦਾ ਜਾਗਤ ਅਵਸਥਾ ਵਿੱਚ ਰਹਿੰਦਾ ਹੈ, ਜਦ ਕਿ ਦੁਨੀਆਂਦਾਰੀ ਕੰਮਾਂ ਵਿੱਚ ਹੁਸ਼ਿਆਰੀ ਨਾਲ ਕਮਾਈ ਕਰਨ ਵਾਲਾ ਮਨੁੱਖ ਅਸਲ ਵਿੱਚ ਸੁੱਤਾ ਤੇ ਆਤਮਕ ਤੌਰ ਤੇ ਮਰ ਚੁੱਕਾ ਹੁੰਦਾ ਹੈ |
Comments
Post a Comment