ਆਪਣੇ ਮਾਲਕ ਦੀ ਸਿਫਤ ਸਲਾਹ ਦੇ ਵਿੱਚ ਸਭ ਕੁਝ ਦਾਉ ਤੇ ਲਗਾ ਦੇਵੇ। 23 October

 


ਦਾਸ ਆਪਣੇ ਮਕਾਨ ਨੰ: 203, ਸੈਕਟਰ-33 ਏ, ਚੰਡੀਗੜ੍ਹ ਵਿਖੇ ਲਾਨ ਵਿੱਚ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਕਿ ਪਿਤਾ ਜੀ ਦੇ ਜ਼ਾਤੀ ਤਜ਼ਰਬਿਆਂ ਦੇ ਉੱਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਦੇ ਵਿੱਚ ਕਿਤਾਬ ਲਿਖਾਂ। ਉਨ੍ਹਾਂ ਦੇ ਕੁਝ ਜ਼ਾਤੀ ਤਜ਼ਰਬੇ, ਆਪਣੀਆਂ ਹੱਡਬੀਤੀਆਂ ਤੇ ਪਿਤਾ ਜੀ ਦੇ ਸੁਨਹਿਰੀ ਬਚਨ ਜੋ ਮੈਂ ਕਾਪੀਆਂ ਦੇ ਵਿੱਚ ਨੋਟ ਵੀ ਕੀਤੇ ਹੋਏ ਸਨ ਫਿਰ ਖ਼ਿਆਲ ਆਇਆ ਕਿ ਕਿਤਾਬ ਮੇਰੇ ਸਾਹਿਬ, ਮੇਰੇ ਮਾਲਿਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਦੇ ਅਨੁਕੂਲ ਹੋਣੀ ਚਾਹੀਦੀ ਹੈ। ਇਹ ਸੋਚਿਆ ਹੀ ਸੀ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਦਰਗਾਹੀ ਆਵਾਜ਼ ਸੁਣਾਈ ਦਿੱਤੀ-

ਇਸ ਸੰਸਾਰ ਦੇ ਵਿੱਚ ਅਜੇ ਤਕ ਕੋਈ ਐਸਾ ਕਾਗਜ਼ ਨਹੀਂ ਬਣਿਆ ਜਿਸ ਉੱਤੇ ਰੱਬ ਨੂੰ ਉਤਾਰਿਆ ਜਾ ਸਕਦਾ ਹੈ।
ਦਿਲ ਵਿੱਚ ਬਹੁਤ ਅਫਸੋਸ ਹੋਇਆ ਕਿ ਬੜੀ ਗਲਤ ਗੱਲ ਸੋਚੀ ਗਈ।
ਫਿਰ ਬਾਬਾ ਜੀ ਦੀ ਰੱਬੀ ਆਵਾਜ਼ ਆਈ-
ਹਾਂ ਇਕ ਕਾਗਜ਼ ਐਸਾ ਹੈ ਜਿਸਦੇ ਉੱਤੇ ਰੱਬ ਨੂੰ ਉਤਾਰਿਆ ਜਾ ਸਕਦਾ ਹੈ, ਉਹ ਹੈ ਆਤਮ, ਸਿਰਫ ਆਤਮ ਉੱਤੇ ਹੀ ਪਰਮਾਤਮਾ ਨੂੰ ਉਤਾਰਿਆ ਜਾ ਸਕਦਾ ਹੈ।
ਫਿਰ ਖਿਆਲ ਆਇਆ ਕਿ ਇਹ ਤਾਂ ਭਗਤੀ ਦੀ ਸਭ ਤੋਂ ਉੱਚੀ ਅਵਸਥਾ ਹੈ ਕਿਉਂਕਿ ਆਤਮ ਤਕ ਪਹੁੰਚਣਾ ਤੇ ਆਤਮ ਰਸ ਲੈਣਾ ਇਕ ਸਾਧਾਰਨ ਪੁਰਸ਼ ਵਾਸਤੇ ਬਹੁਤ ਹੀ ਅਸੰਭਵ ਗੱਲ ਹੈ।
ਸਚੁ ਤਾਂ ਪਰੁ ਜਾਣੀਐ
ਜਾ ਆਤਮ ਤੀਰਥਿ ਕਰੇ ਨਿਵਾਸੁ ||
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 468
ਆਤਮ ਰਸ ਜਿਹ ਜਾਨਹੀ
ਸੋ ਹੈ ਖ਼ਾਲਸ ਦੇਵ ||
ਪ੍ਰਭ ਮਹਿ ਮੋ ਮਹਿ ਤਾਸ ਮਹਿ
ਰੰਚਕ ਨਾਹਨ ਭੇਵ ||
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਇਨ੍ਹਾਂ ਸੋਚਾਂ ਵਿੱਚ ਡੁੱਬਿਆ ਹੀ ਪਿਆ ਸਾਂ ਕਿ ਫਿਰ ਮਹਾਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਆਕਾਸ਼ ਬਾਣੀ ਹੋਈ-
ਹਾਂ, ਇਕ ਵਾਰੀ ਰੱਬ ਆਪ ਆਇਆ ਤੇ ਰੱਬ ਨੂੰ ਕਾਗਜ਼ ਤੇ ਆਪ ਉਤਾਰ ਗਿਆ (ਇਸ਼ਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਸੀ) ਪਰ ਦੁਨੀਆਂ ਅਜੇ ਤਕ ਉਸਨੂੰ (ਇਕ ਕਾਗਜ਼) ਕੇਵਲ ਕਿਤਾਬ ਹੀ ਸਮਝਦੀ ਹੈ
ਇਹ ਦ੍ਰਿਸ਼ਟਾਂਤ ਖਤਮ ਹੋ ਗਿਆ। ਕੁਝ ਦਿਨਾਂ ਬਾਅਦ ਦਾਸ ਉਸੇ ਜਗ੍ਹਾ ਤੇ ਬੈਠਾ ਸੀ ਕਿ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੀ ਆਕਾਸ਼ ਬਾਣੀ ਹੋਈ-
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕਦੀ ਆਪਣੀ ਸਿਰਫ ਸਲਾਹ ਦੀ ਆਗਿਆ ਨਹੀਂ ਦੇਣੀ ਪਰ ਇਕ ਸ਼ਿਸ਼ ਦਾ ਸਭ ਤੋਂ ਵੱਡਾ ਫਰਜ਼ ਇਹ ਬਣਦਾ ਹੈ ਕਿ ਆਪਣੇ ਇਸ਼ਟ, ਆਪਣੇ ਮਾਲਕ ਦੀ ਸੋਤ ਸਲਾਹ ਦੇ ਵਿੱਚ ਸਭ ਕੁਝ ਦਾਉ ਤੇ ਲਗਾ ਦੇਵੇ।
ਇਹ ਸੁਣ ਕੇ ਬਹੁਤ ਹੀ ਹੌਂਸਲਾ ਵਧਿਆ। ਇਵੇਂ ਮਹਿਸੂਸ ਹੋਇਆ ਕਿ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਇਸ ਸ਼ੁਭ ਕੰਮ ਵਾਸਤੇ ਮੇਰਾ ਸਰੀਰ, ਮਨ ਤੇ ਆਤਮਾ ਆਪਣੀ ਪ੍ਰਕਾਸ਼ਮਈ ਸ਼ਕਤੀ ਨਾਲ ਭਰ ਦਿੱਤਾ ਹੋਵੇ।
ਮੈਂ ਇਸ ਖੇੜੇ ਅਤੇ ਖੁਸ਼ੀ ਦੀ ਘੜੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਸਾਂ। 
ਪਿਤਾ ਜੀ ਦੀ ਦਿਲ ਨੂੰ ਦਿਲਾਸਾ ਦੇਣ ਵਾਲੀ ਰੱਬੀ ਆਵਾਜ਼ ਆਈ-
ਅਸੀਂ ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕੁੱਤੇ ਅਸੀਂ ਆਪਣੇ ਮਾਲਕ ਦੇ ਪਿਆਰ ਵਿੱਚ ਭੌਂਕਣਾ ਹੀ ਭੌਂਕਣਾ ਹੈ | ਕਿਤਾਬ ਲਿਖ ਪਰ ਅਤੀ ਨਿਮਰਤਾ ਤੇ ਪ੍ਰੇਮ ਵਿੱਚ ਲਿਖੀ। ਯਾਦ ਰੱਖੀਂ ਕਾਗਜ਼ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ, ਸ਼ਕਤੀ ਵਰਤੇਗੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਤੇ ਉਹ ਸ਼ਕਤੀ ਦਾ ਚਤਮਕਾਰ ਇਨਸਾਨੀ ਦਿਮਾਗ ਦੀ ਪਕੜ ਤੋਂ ਬਹੁਤ ਉੱਚਾ ਹੈ।
ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਪੁਸਤਕਾਂ ਤੁਹਾਡੇ ਹੱਥਾਂ ਵਿੱਚ ਪਹੁੰਚ ਰਹੀਆਂ ਹਨ। ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਨਾਮ ਸਭ ਤੋਂ ਪਾਕ ਨਾਮ ਹੈ ਅਤੇ ਲੇਖਕ ਦੇ ਹੱਥ ਸਭ ਤੋਂ ਨਾਪਾਕ ਹਨ ਪਰ ਫਿਰ ਵੀ ਜੇ ਪੜ੍ਹਦੇ ਹੋਏ ਦਿਲ ਵਿੱਚ ਤਰਸ ਆਏ ਤਾਂ ਸਾਰੀਆਂ ਨਾ-ਕਾਬਲੇ ਮਾਫੀ ਊਣਤਾਈਆਂ, ਭੁੱਲਾਂ ਅਤੇ ਕਮੀਆਂ ਨੂੰ ਅਣਡਿੱਠ ਕਰਦੇ ਹੋਏ ਇਸ ਕੂਕਰ ਨੂੰ ਬਖਸ਼ ਦੇਣਾ।

Comments

Popular Posts