ਫ਼ਕੀਰਾਂ ਦੇ, ਦਰਵੇਸ਼ਾਂ ਦੇ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ

 



ਹਜ਼ਰਤ ਮੀਆਂ ਮੀਰ ਆਪਣੇ ਵਕਤ ਦੇ ਮਹਾਨ ਫ਼ਕੀਰ, ਮਹਾਨ ਦਰਵੇਸ਼ ਹੋਏ ਹਨ। ਇਹ ਉਹੀ ਮਹਾਨ ਹਸਤੀ ਸਨ ਜਿਨ੍ਹਾਂ ਤੋਂ ਗੁਰੁ ਅਰਜਨ ਪਰਤਖ੍ਹ ਹਰਿ ਮੇਰੇ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਨੀਂਵ ਰੱਖਵਾਈ ਸੀ। ਉਸ ਵਕਤ ਦੇ ਹਾਕਮ ਇਨ੍ਹਾਂ ਦੀ ਕਦਮ ਬੋਸੀ ਵਾਸਤੇ ਜਾਇਆ ਕਰਦੇ ਸਨ।

ਜਹਾਂਗੀਰ ਬਾਦਸ਼ਾਹ ਬੜੇ ਅਦਬ ਵਿਚ ਇਨ੍ਹਾਂ ਦੇ ਚਰਨਾਂ ਵਿੱਚ ਪੇਸ਼ ਹੁੰਦਾ ਸੀ। ਇੱਕ ਦਫਾ ਹਜ਼ਰਤ ਮੀਆਂ ਮੀਰ ਕੋਲੋਂ ਜਹਾਂਗੀਰ ਬਾਦਸ਼ਾਹ ਬੜੇ ਅਦਬ ਅਤੇ ਨਿਮਰਤਾ ਸਾਹਿਤ ਪੁੱਛਦਾ ਹੈ ਕਿ 

ਹਜ਼ੂਰ 'ਮੈਂ' ਦੁਨੀਆਂ ਦਾ ਬਾਦਸ਼ਾਹ ਹਾਂ। ਇਸ ਵੇਲੇ ਸਾਰਿਆਂ ਬਾਦਸ਼ਾਹਾਂ ਚੋਂ ਮੈਂ'ਨੂੰ ਸਭ ਤੋਂ ਵੱਡਾ ਬਾਦਸ਼ਾਹ ਮੰਨਿਆ ਜਾਂਦਾ ਹੈ, ਮੈਂ'ਨੂੰ ਆਲਮਗੀਰ ਕਿਹਾ ਜਾਂਦਾ ਹੈ, ਮੈਂ'ਨੂੰ ਸ਼ਹਿਨਸ਼ਾਹ ਕਿਹਾ ਜਾਂਦਾ ਹੈ, ਬਾਦਸ਼ਾਹਾਂ ਦਾ ਵੀ ਬਾਦਸ਼ਾਹ ਆਖਦੇ ਹਨ। 

ਗਰੀਬ ਨਿਵਾਜ਼ ਤੁਸੀਂ ਸਾਡੇ ਪੀਰ ਹੋ, ਤੁਸੀਂ ਇੱਕ ਮਹਾਨ ਫ਼ਕੀਰ ਹੋ, ਮਹਾਨ ਦਰਵੇਸ਼ ਹੋ, ਤੁਸੀਂ ਕਮਾਈ ਵਾਲੇ ਹੋ, ਤੁਸੀਂ ਪ੍ਰਾਪਤੀ ਵਾਲੇ ਹੋ। ਗਰੀਬ ਨਿਵਾਜ਼! ਇੱਕ ਸੋਝੀ ਪਾਓ ਕਿ ਤੁਹਾਡੇ ਫ਼ਕੀਰਾਂ ਵਿੱਚ ਵੀ, ਦਰਵੇਸ਼ਾਂ ਵਿੱਚ ਵੀ, ਤੁਹਾਡਾ ਵੀ ਇਸ ਵੇਲੇ ਕੋਈ ਸ਼ਹਿਨਸ਼ਾਹ ਹੈ ਜਿਹੜਾ ਸਭ ਤੋਂ ਵੱਡਾ ਫ਼ਕੀਰ, ਜਿਹੜਾ ਸਭ ਤੋਂ ਵੱਡਾ ਦਰਵੇਸ਼ ਹੈ।

ਇਹ ਸਵਾਲ ਪੁੱਛਦਾ ਹੈ। ਅੱਗੋਂ ਹਜ਼ਰਤ ਮੀਆਂ ਮੀਰ ਜਵਾਬ ਦੇਂਦੇ ਹਨ-

ਹਾਂ ਬਾਦਸ਼ਾਹ! ਸਾਡਾ ਫ਼ਕੀਰਾਂ ਦਾ ਵੀ, ਦਰਵੇਸ਼ਾਂ ਦਾ ਵੀ ਸ਼ਹਿਨਸ਼ਾਹ ਹੈ।

ਤਾਂ ਫਿਰ ਪੁੱਛਦਾ ਹੈ- 

ਗਰੀਬ ਨਿਵਾਜ਼! ਉਹ ਕਿਹੜਾ ਹੈ? 

ਅੱਗੋਂ ਹਜ਼ਰਤ ਮੀਆਂ ਮੀਰ ਬੜੇ ਫ਼ਕਰ ਨਾਲ ਕਹਿੰਦੇ ਹਨ-

ਸ਼ਹਿਨਸ਼ਾਹੇ ਫ਼ਕਰਾਂ ਪਿਸਰੇ ਨਾਨਕ 

ਫ਼ਕਰਾਂ, ਫ਼ਕੀਰਾਂ ਨੂੰ ਕਹਿੰਦੇ ਹਨ। 

ਗੁਰੂ ਨਾਨਕ ਪਾਤਸ਼ਾਹ ਦਾ ਸਾਹਿਬਜ਼ਾਦਾ, ਗੁਰੂ ਨਾਨਕ ਪਾਤਸ਼ਾਹ ਦਾ ਫਰਜੰਦ ਬਾਬਾ ਸ੍ਰੀ ਚੰਦ ਜੀ ਹਨ।  

ਸ਼ਹਿਨਸ਼ਾਹੇ ਫ਼ਕਰਾਂ ਪਿਸਰੇ ਨਾਨਕ  

ਸਾਡੇ ਦਰਵੇਸ਼ਾਂ ਦਾ, ਸਾਡੇ ਫ਼ਕੀਰਾਂ ਦਾ ਸਿਰਤਾਜ਼, ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਹਨ।

ਜਹਾਂਗੀਰ ਬੜਾ ਹੈਰਾਨ ਹੋਇਆ ਸੁਣ ਕੇ, ਬੜੇ ਖਿਆਲ ਦੌੜਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਦੇ ਫਰਜੰਦ ਹਨ ਜਿੰਨ੍ਹਾ ਨੇ ਸਾਡੇ ਖਾਨਦਾਨ ਦੇ ਉੱਤੇ ਮਿਹਰ ਕੀਤੀ ਸੀ। ਸਾਡੇ ਸਭ ਤੋਂ ਵੱਡੇ ਬਜੁਰਗ ਬਾਬਰ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਸੀ, ਬਖਸ਼ਿਸ ਕੀਤੀ ਸੀ। ਸੱਤ ਮੁੱਠਾਂ ਬਖਸ਼ੀਆਂ ਸਨ ਇਹ ਸੋਚਦਾ ਹੈ।

ਪਰ ਸਾਧ ਸੰਗਤ ਜੀ ! ਇੱਕ ਸੋਚਣ ਵਾਲੀ ਗੱਲ ਹੈ ਹਜ਼ਰਤ ਮੀਆਂ ਮੀਰ ਕਹਿ ਕੀ ਰਹੇ ਹਨ।

ਜਹਾਂਗੀਰ ਬਾਦਸ਼ਾਹ, ਤੂੰ ਇਸ ਫ਼ਾਨੀ ਦੁਨੀਆਂ ਦਾ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ, ਤੂੰ ਇਸ ਫਾਨੀ ਦੁਨੀਆਂ ਦੀ ਦੋ ਚਾਰ ਦਿਨ ਦੀ ਪਰਾਹੁਣੀ ਹਕੂਮਤ ਨੂੰ ਆਪਣਾ ਸਮਝਦਾ ਹੈ ਕਿ ਉਹ ਤੇਰੀ ਹੈ ਪਰ ਤੈਨੂੰ ਇਹ ਨਹੀਂ ਪਤਾ ਕਿ ਹਕੀਕੀ ਦੁਨੀਆਂ ਦਾ ਬਾਦਸ਼ਾਹ, ਸ਼ਹਿਨਸ਼ਾਹ ਕੌਣ ਹੈ? ਜਿੱਥੇ ਇਹ ਚਾਰ ਦਿਨ ਦੀਆਂ ਪਰਾਹੁਣੀਆਂ ਹਕੂਮਤਾਂ ਨੂੰ ਤੂੰ ਆਪਣਾ ਸਮਝਿਆ ਫਿਰਦਾ ਹੈ, ਅਨੰਤ ਕਾਲ ਦੇ ਬਾਦਸ਼ਾਹ ਬਾਬਾ ਸ੍ਰੀ ਚੰਦ ਜੀ ਹਨ। 

ਸਾਧ ਸੰਗਤ ਜੀ ਆਪਾਂ ਵੀ ਪਹਿਲੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਮਹਾਨ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਚਰਨਾਂ ਵਿਚ ਇਸ ਵੇਲੇ ਆਪਾਂ ਹਾਜਰੀ ਦੇਣ ਨੂੰ ਬੈਠੇ ਹਾਂ, ਆਪਾਂ ਵੀ ਉਸ ਫ਼ਕੀਰਾਂ ਦੇ ਸ਼ਹਿਨਸ਼ਾਹ ਨੂੰ, ਉਸ ਦਰਵੇਸਾਂ ਦੇ ਸ਼ਹਿਨਸ਼ਾਹ ਨੂੰ, ਉਸ ਜੋਗੀਆਂ ਦੇ ਬਾਦਸ਼ਾਹ ਨੂੰ, ਉਸ ਮਹਾਨ ਜਤੀ, ਉਸ ਮਹਾਨ ਸਤੀ, ਮਹਾਨ ਤਪਸਵੀ ਨੂੰ ਅੱਜ ਸ਼ਰਧਾਂਜਲੀ ਭੇਂਟ ਕਰੀਏ, ਉਨ੍ਹਾਂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਹੋਇਆਂ ਉਨ੍ਹਾਂ ਦੇ ਚਰਨਾਂ ਵਿਚ ਰੱਜ ਕੇ ਸੱਜਦਾ ਕਰੀਏ।

ਤੇਰੇ ਰੰਗਾਂ ਤੋਂ ਬਲਿਹਾਰ ਬਾਬਾ ਸ੍ਰੀ ਚੰਦ ਜੀ।
ਤੇਰੇ ਚਰਨਾਂ ਤੋਂ ਬਲਿਹਾਰ ਬਾਬਾ ਸ੍ਰੀ ਚੰਦ ਜੀ। 
ਤੇਰੇ ਬਚਨਾਂ ਤੋਂ ਕੁਰਬਾਣ ਬਾਬਾ ਸ੍ਰੀ ਚੰਦ ਜੀ।
ਮੈਂ' ਸਦਕੇ ਸੌ ਸੌ ਵਾਰ ਬਾਬਾ ਸ੍ਰੀ ਚੰਦ ਜੀ।

ਅਜ ਸੱਚ ਦਾ ਚੰਦਰਮਾ ਚੜ੍ਹਿਆ ਏ,
ਜਗ ਖੁਸ਼ੀ ਦੇ ਰਾਗ ਅਲਾਪ ਰਿਹਾ।
ਮਸਤੀ ਵਿੱਚ ਸਾਨੂੰ ਸਾਰਾ ਹੀ,
ਸੰਸਾਰ ਝੂੰਮਦਾ ਜਾਪ ਰਿਹਾ ।

ਜੀ ਆਇਆਂ ਨੂੰ, ਜੀ ਆਇਆਂ ਨੂੰ,
ਬਾਬਾ ਸ੍ਰੀ ਚੰਦ ਜੀ, ਜੀ ਆਇਆਂ ਨੂੰ।
ਬਾਬਾ ਸ੍ਰੀ ਚੰਦ ਜੀ, ਜੀ ਆਇਆਂ ਨੂੰ।

ਧਰਤੀ ਨੇ ਅੰਮ੍ਰਿਤ ਧੁਨੀ ਲਾਈ ਹੋਈ ਏ।
ਜੀ ਆਇਆਂ ਨੂੰ ਬਾਬਾ ਸ੍ਰੀ ਚੰਦ ਜੀ
ਕਣ ਕਣ ਨੇ ਗੂੰਜ ਪਾਈ ਹੋਈ ਏ।

(Smast Ilahi Jot Baba Nand Singh Ji Maharaj, Part 5) 

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ



Comments