ਬਾਣੀ ਗੁਰੂ ਗੁਰੂ ਹੈ ਬਾਣੀ

 



ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1226

ਇਸ ਅੰਮ੍ਰਿਤ ਬਾਣੀ ਦੇ ਬਾਰੇ ਫਿਰ ਬਾਬਾ ਨੰਦ ਸਿੰਘ ਸਾਹਿਬ ਕਿਸ ਤਰ੍ਹਾਂ ਸਪਸ਼ਟ ਕਰਦੇ ਹਨ।

ਅੰਮ੍ਰਿਤ ਬਾਣੀ ਪਹਿਲੋਂ ਵੀ ਨਿਰੰਕਾਰ ਸੀ, ਅੰਮ੍ਰਿਤ ਬਾਣੀ ਹੁਣ ਵੀ ਨਿਰੰਕਾਰ ਹੈ। 
ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਕੀਤਾ ਇਸ ਅੰਮ੍ਰਿਤ ਬਾਣੀ ਦੁਆਰਾ। 
ਗੁਰੂ ਅੰਗਦ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹੁੰਦੇ ਹਨ, ਬਾਣੀ ਦੁਆਰਾ ਉਪਦੇਸ਼ ਕਰਦੇ ਹਨ। 
ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਜਾਰੀ ਰਿਹਾ। 
ਇਸੇ ਤਰ੍ਹਾਂ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਹੋ ਰਿਹਾ ਹੈ।
ਇੱਕ ਗੁਰਮੁਖ ਵਾਸਤੇ ਪ੍ਰਤੱਖ ਗੁਰੂ ਬੈਠਾ ਉਪਦੇਸ਼ ਕਰ ਰਿਹਾ ਹੈ। 
ਪ੍ਰਤੱਖ ਗੁਰੂ ਹੈ। ਪਰ ਮੂਰਖ ਵਾਸਤੇ ਇੱਕ ਪੁਸਤਕ ਇੱਕ ਕਿਤਾਬ ਹੈ। 
ਗੁਰਮੁਖੋ ! ਗੁਰਮੁਖੋ ! ਸਾਡੀ ਭਾਵਨਾ ਮੇ ਕਮਜ਼ੋਰੀ ਹੈ ਅਸੀਂ ਆਪਣੀ ਭਾਵਨਾ ਤੇ ਦ੍ਰਿਸ਼ਟੀ ਨੂੰ ਪੱਕਾ ਕਰਨਾ ਹੈ।
ਬਾਬਾ ਨੰਦ ਸਿੰਘ ਜੀ ਮਹਾਰਾਜ

ਬਾਬਾ ਨੰਦ ਸਿੰਘ ਸਾਹਿਬ ਇਸ ਤਰ੍ਹਾਂ ਸਪੱਸ਼ਟ ਕਰਦੇ ਹੋਏ ਫੁਰਮਾਉਂਦੇ ਹਨ-

ਸ੍ਰੀ ਗੁਰੂ ਗ੍ਰੰਥ ਸਾਹਿਬ... ਇਹ ਸਰੂਪ ਨਿਰੰਕਾਰ ਨੇ ਖੁਦ ਧਾਰਿਆ ਹੈ, ਆਪ ਧਾਰਿਆ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ। ਪਹਿਲਾ ਹੈ, 'ਨਿਰਾਕਾਰ',
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ
ਦੂਜਾ ਜਿਸ ਸਰੂਪ ਵਿੱਚ ਉਹ ਤਸ਼ਰੀਫ ਲਿਆਏ,
ਤੀਜਾ ਬਾਣੀ...., ਬਾਣੀ ਗੁਰੂ ਗੁਰੂ ਹੈ ਬਾਣੀ
ਇਹ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦਾ ਤੀਸਰਾ ਸਰੂਪ ਹੈ।
ਚੌਥਾ, ਸਰੂਪ ਹੈ ਨਿਮਰਤਾ ਤੇ ਗਰੀਬੀ।

ਪਿਤਾ ਜੀ ਸਮਝਾਉਂਦੇ ਹੋਏ ਕਹਿਣ ਲੱਗੇ ਸਾਹਿਬ ਫੁਰਮਾਉਂਦੇ ਹਨ-

ਪ੍ਰਭ ਜੀ ਬਸੈ ਸਾਧ ਕੀ ਰਸਨਾ
ਪ੍ਰਭੂ ਜੀ ਵਸਦੇ ਹਨ, ਸਾਧ ਦੀ ਰਸਨਾ ਤੇ।

ਪਰ ਇਸਦਾ ਅਸਰ ਕੀ ਹੁੰਦਾ ਹੈ ? ਜਿਹੜੇ ਵੀ ਉਸ ਮਹਾਂਪੁਰਖ ਦੀ ਰਸਨਾ ਤੋਂ ਪ੍ਰਭੂ ਦੇ ਬਚਨ ਸੁਣਦੇ ਹਨ, ਉਨ੍ਹਾਂ ਸੁਣਨ ਵਾਲਿਆ ਨੂੰ, ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।

“ਗੁਰ ਰਸਨਾ ਅੰਮ੍ਰਿਤ ਬੋਲਦੀ”

ਇਹ ਸਾਰੀ ਅੰਮ੍ਰਿਤ ਬਾਣੀ, ਇਹ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਹੀ ਆਈ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਹੈ

ਫਿਰ ਪਿਤਾ ਜੀ ਕਹਿਣ ਲੱਗੇ ਕਿ-

ਅੰਮ੍ਰਿਤ ਬਾਣੀ ਗੁਰ ਕੀ ਮੀਠੀ॥
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ॥
ਸ੍ਰੀ ਗੁਰੂ ਅਮਰਦਾਸ ਜੀ

ਇਹ ਸਾਹਿਬ ਦੀ ਰਸਨਾ ਤੋਂ ਉਚਾਰੀ ਹੋਈ ਬਾਣੀ ਕਿੰਨੀ ਕੁ ਮਿੱਠੀ ਹੈ ਹਰ ਇੱਕ ਜਣੇ ਨੂੰ ਇਸ ਮਿਠਾਸ ਦਾ ਪਤਾ ਕਿਉਂ ਨਹੀਂ ਲੱਗਦਾ।

“ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕਉ ਜਾਣੈ ਸੋਇ”

ਫਿਰ ਪਿਤਾ ਜੀ ਸਮਝਾਉਂਣ ਲੱਗੇ ਕਿ-

ਜਿਸ ਵਕਤ ਉਹ ਗੁਰਮੁਖ ਮਹਾਂਪੁਰਖ ਜਿਸ ਨੇ ਇਸ ਅੰਮ੍ਰਿਤ ਬਾਣੀ ਦੀ ਕਮਾਈ ਕੀਤੀ ਹੋਈ ਹੈ, ਜਿਸ ਨੇ ਸਾਹਿਬ ਨਾਲ ਪ੍ਰੇਮ ਕੀਤਾ ਹੈ, ਜਿਸ ਨੂੰ ਇਸ ਬਾਣੀ ਦੀ ਸੋਝੀ ਆਪ ਗੁਰੂ ਨਾਨਕ ਪਾਤਸ਼ਾਹ ਨੇ ਪਾਈ ਹੋਈ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਇਸ ਅੰਮ੍ਰਿਤ ਬਾਣੀ ਵਿੱਚ ਰੰਗਿਆ ਪਇਆ ਹੈ, ਜਿਸ ਵਕਤ ਉਹ ਮਹਾਂਪੁਰਖ ਸੰਗਤ ਦੇ ਸਤਹ, ਲੈਵਲ ਤੇ ਆ ਕੇ ਫਿਰ ਬਚਨ ਕਰਦਾ ਹੈ, ਉਨ੍ਹਾਂ ਬਚਨਾਂ ਦਾ ਫਿਰ ਅਸਰ ਦੱਸ ਰਹੇ ਹਨ।

ਜੋ ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਦਾ ਸੰਗਤ ਵਿੱਚ ਸਮਝਾਇਆ ਹੈ ਕਿ-

ਜਿਹੜਾ ਕਮਾਈ ਵਾਲਾ ਮਹਾਂਪੁਰਖ ਹੈ ਜਿਸ ਨੇ ਸਾਹਿਬ ਦੀ ਇਸ ਅੰਮ੍ਰਿਤ ਬਾਣੀ ਦੀ ਕਮਾਈ ਕੀਤੀ ਹੈ...

ਇਹ ਵੀ ਫੁਰਮਾਇਆ ਕਿ-

ਬਾਣੀ ਪੜ੍ਹਨੀ ਅਤੇ ਸੁਣਨੀ ਸੌਖੀ ਹੈ, ਬਾਣੀ ਤੇ ਵਿਚਾਰ ਕਰਨਾ ਬਹੁਤ ਔਖਾ ਹੈ ਇਸ ਤੇ ਅਮਲ ਕਰਨਾ ਅਤਿ ਕਠਿਨ ਹੈ।

ਫਿਰ ਬਾਬਾ ਜੀ ਫੁਰਮਾਉਂਦੇ ਹਨ-

ਉਹ ਗੁਰਮੁਖ, ਮਹਾਂਪੁਰਖ ਜਿਸ ਨੇ ਇਸ ਨੂੰ ਕਮਾਇਆ ਹੈ, ਉਸ ਦੇ ਮੁਖੋਂ ਇਹੀ ਬਾਣੀ ਸੁਣਨ ਵਾਲਿਆਂ ਨੂੰ ਬੜੀ ਮਿੱਠੀ ਲਗਦੀ ਹੈ।

ਫਿਰ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-

ਇਸੇ ਬਾਣੀ ਦੀ ਸੋਝੀ ਪੈਂਦੀ ਹੈ। ਇਹ ਸਮਝ ਮੇਂ ਆਉਂਦੀ ਹੈ। 
ਫਿਰ ਤੀਜਾ ਅਸਰ...,
ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ-
ਇਹੀ ਬਾਣੀ ਘਰ ਕਰ ਜਾਂਦੀ ਹੈ, ਕਲੇਜੇ ਨੂੰ ਛਲਨੀ ਕਰ ਜਾਂਦੀ ਹੈ, ਪੂਰਾ ਅਸਰ ਕਰ ਜਾਂਦੀ ਹੈ। ਚੌਥਾ ਅਸਰ ਬਾਬਾ ਨੰਦ ਸਿੰਘ ਸਾਹਿਬ ਜੀ ਫੁਰਮਾਉਂਣ ਲੱਗੇ, ਇਹ ਕਮਾਈ ਵਾਲਾ ਮਹਾਂਪੁਰਖ ਜਿਸ ਵਕਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੀ ਗੱਲ ਕਰ ਰਹਿਆ ਹੁੰਦਾ ਹੈ, ਉਹੀਂ ਬਚਨ ਉਹ ਅੰਮ੍ਰਿਤ ਬਾਣੀ ਭਾਗ ਲਾ ਜਾਂਦੀ ਹੈ।

ਇਹ ਬਚਨ ਕਰਦੇ ਹੋਏ ਪਿਤਾ ਜੀ ਕਹਿਣ ਲੱਗੇ-

ਜੋ ਕੁੱਝ ਅਸੀਂ ਇਸ ਮਿਠਾਸ ਦੀ ਮਸਤੀ ਲੈ ਰਹੇ ਹਾਂ। ਜੋ ਕੁੱਝ ਵੀ ਸਾਨੂੰ ਸੋਝੀ ਪਈ ਹੈ, ਜੋ ਕੁੱਝ ਵੀ ਸਾਡੇ ਉੱਤੇ ਅਸਰ ਹੋਇਆ ਹੈ, ਸਾਨੂੰ ਭਾਗ ਲੱਗੇ ਹਨ, ਅਸੀਂ ਬਾਬਾ ਨੰਦ ਸਿੰਘ ਸਾਹਿਬ ਦੇ ਮੁਖਾਰਬਿੰਦ ਤੋਂ ਇਹ ਸਭ ਚੀਜਾਂ ਹਾਸਿਲ ਕੀਤੀਆਂ ਹਨ, ਇਹ ਸਭ ਕੁੱਝ ਸਾਨੂੰ ਉਨ੍ਹਾਂ ਦੀ ਸੰਗਤ ਤੋਂ, ਉਨ੍ਹਾਂ ਦੇ ਚਰਨ ਕਮਲਾਂ ਚੋਂ ਮਿਲਿਆ ਹੋਇਆ ਹੈ।
ਅੰਮ੍ਰਿਤੁ ਵਰਸੈ ਸਹਜਿ ਸੁਭਾਏ
ਗੁਰਮੁਖਿ ਵਿਰਲਾ ਕੋਈ ਜਨੁ ਪਾਏ
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ
ਕਿਰਪਾ ਤ੍ਰਿਸਨਾ ਬੁਝਾਵਣਿਆ

ਸ੍ਰੀ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 119

ਰੇ ਮਨ ਮੇਰੇ ਭਰਮੁ ਨ ਕੀਜੈ
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 153

(Nanak Leela, Part 1)

ਗੁਰੂ ਨਾਨਕ ਦਾਤਾ ਬਖਸ਼ ਲੈ ਬਾਬਾ ਨਾਨਕ ਬਖਸ਼ ਲੈ

Comments