ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥

ਸਾਧ ਸੰਗਤ ਜੀ, ਇਹ ਕੈਸੀ ਸਿੱਖੀ ਹੈ!
ਇਕ ਵਾਕਿਆਤ ਹੰਡ ਬੀਤੀ ਜਿਹੜੀ ਮੈਂ' ਤੁਹਾਨੂੰ ਸੁਣਾ ਰਿਹਾ ਹਾਂ ਜਿਹਦੇ ਕਰਕੇ ਇਹ ਸਭ ਚੀਜਾਂ ਸਮਝ ਆਈਆਂ, ਸੋਝੀ ਪਈ, ਇਸ ਪ੍ਰੇਮ ਰਸ ਦਾ ਪਤਾ ਲੱਗਿਆ ਹੈ।
ਜਿੱਥੇ ਮੈਂ' ਇਸ ਵੇਲੇ ਖੜ੍ਹਾ ਹਾਂ, ਇਸ ਘਰ ਦੇ ਵਿੱਚ ਪੂਜੀਯ ਪਿਤਾ ਜੀ ਆਪਣਾ ਰੋਜ਼ ਦਾ ਨਿਤਨੇਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚੋਂ ਬਾਹਰ ਆਏ ਹਨ ਅਤੇ ਇੱਥੇ ਹੀ ਆ ਕੇ ਬੈਠੇ ਹਨ। ਕਮਲਜੀਤ ਸੇਵਾ ਦੇ ਵਿੱਚ ਸੀ, ਨਾਸ਼ਤਾ ਲੈਕੇ ਆਇਆ, ਨਾਸ਼ਤਾ ਰੱਖਿਆ, ਅਸੀਂ ਵੀ ਆ ਕੇ ਬਾਹਰ ਬੈਠ ਗਏ। ਮੈਂ' ਤੇ ਮੇਰੀਆਂ ਦੋਨੋਂ ਭੈਣਾਂ ਬੀਬੀ ਭੋਲਾਂ ਤੇ ਬੀਬੀ ਅਜੀਤ ਤੇ ਸੰਗਤ ਦੇ ਪੰਜ ਕੁ ਜਣੇ ਹੋਰ ਸੀ ਅਸੀਂ ਬੈਠੇ ਸਾਂ।
ਜਦੋਂ ਨਾਸ਼ਤਾ ਆਇਆ ਹਸਬ ਦਸਤੂਰ ਪਿਤਾ ਜੀ ਨੇ ਹੱਥ ਜੋੜ ਕੇ ਬਾਬਾ ਨੰਦ ਸਿੰਘ ਸਾਹਿਬ ਨੂੰ ਚੇਤੇ ਕੀਤਾ। ਐਸਾ ਵੈਰਾਗ ਸ਼ੁਰੂ ਹੋਇਆ ਕਿ ਪਿਤਾ ਜੀ ਦੇ ਹੰਝੂ ਵਹਿਣੇ ਸ਼ੁਰੂ ਹੋ ਗਏ। ਅਸੀਂ ਦੇਖ ਰਹੇ ਹਾਂ ਨਾਸ਼ਤਾ ਠੰਡਾ ਹੋ ਗਿਆ। ਅੱਧਾ ਪੌਣਾ ਘੰਟਾ ਬੀਤ ਗਿਆ ਉਸ ਵੈਰਾਗ ਨੂੰ, ਅਸੀਂ ਚੁੱਪ ਕਰਕੇ ਸਾਰੇ ਉਸ ਅਵਸਥਾ ਨੂੰ ਦੇਖ ਰਹੇ ਹਾਂ।
ਭੋਲਾਂ ਰਾਣੀ ਮੇਰੀ ਛੋਟੀ ਭੈਣ ਮੈਂਨੂੰ ਹੌਲੀ ਦੇ ਕੇ ਕਹਿੰਦੀ ਹੈ ਕਿ ਪਾਪਾ ਜੀ ਦੇ ਤਾਂ ਸਾਰੇ ਬਸਤਰ ਭਿੱਜ ਗਏ ਹਨ। ਪਰ ਪ੍ਰਤਾਪ ਇਕ ਚੀਜ਼ ਤਾਂ ਵੇਖ ਉਹ ਹੰਝੂ ਤਾਂ ਥੱਲੇ ਨੂੰ ਵਹਿ ਰਹੇ ਹਨ ਉਨ੍ਹਾਂ ਦੀ ਤਾਂ ਦਸਤਾਰ ਵੀ ਭਿੱਜੀ ਹੋਈ ਹੈ। ਦਸਤਾਰ ਭਿੱਜੀ ਨੂੰ ਵੇਖ ਕੇ ਮੈਂ' ਅਤੇ ਬੀਬੀ ਅਜੀਤ ਦੋਨੋ ਹੀ ਹੈਰਾਨ ਹੋ ਗਏ ਕਿ ਦਸਤਾਰ ਕਿੱਦਾਂ ਭਿੱਜ ਗਈ।
ਜਿਸ ਵਕਤ ਪਿਤਾ ਜੀ ਆਪਣੇ ਵੈਰਾਗ ਤੋਂ ਆਪਣੀ ਉਸ ਅਵਸਥਾ ਵਿੱਚ ਆਏ ਫਿਰ ਨਾਸ਼ਤਾ ਉਨ੍ਹਾਂ ਨੇ ਸ਼ੁਰੂ ਕੀਤਾ ਤਾਂ ਬੀਬੀ ਅਜੀਤ, ਬੀਬੀ ਭੋਲਾਂ ਪੁੱਛੇ ਬਗੈਰ ਰਹਿ ਨਹੀਂ ਸਕੀਆਂ ਕਿ ਪਾਪਾ ਜੀ ਤੁਸੀਂ ਇਹ ਬਸਤਰ ਬਦਲ ਲਵੋ ਇਹ ਸਾਰੇ ਭਿੱਜ ਗਏ ਹਨ। ਪਾਪਾ ਜੀ ਇਕ ਚੀਜ ਨਹੀਂ ਸਮਝ ਆ ਰਹੀ ਕਿ ਇਹ ਤੁਹਾਡੀ ਦਸਤਾਰ ਕਿਸ ਤਰ੍ਹਾਂ ਭਿੱਜ ਗਈ, ਤੁਹਾਡੇ ਹੰਝੂ ਤਾਂ ਥੱਲੇ ਨੂੰ ਵਹਿ ਰਹੇ ਸਨ।
ਫਿਰ ਪਿਤਾ ਜੀ ਨੇ ਜੋ ਦੱਸਿਆ ਹੈ ਸਾਧ ਸੰਗਤ ਜੀ ਉਹ ਇਹ ਸੀ-
ਕਹਿਣ ਲੱਗੇ- ਜਿਸ ਵਕਤ ਅਸੀਂ ਬਾਬਾ ਨੰਦ ਸਿੰਘ ਸਾਹਿਬ ਦਾ ਚਿੰਤਨ ਕੀਤਾ, ਬਾਬਾ ਨੰਦ ਸਿੰਘ ਸਾਹਿਬ ਉੱਥੇ ਪ੍ਰਗਟ ਹੋ ਗਏ।
ਅਸੀਂ ਨਾਸ਼ਤਾ ਚਰਨਾਂ ਵਿੱਚ ਪੇਸ਼ ਕੀਤਾ ਕਿ ਛਕੋ ਸੱਚੇ ਪਾਤਸ਼ਾਹ! ਨਾਲ ਹੀ ਵੈਰਾਗ ਸ਼ੁਰੂ ਹੋ ਗਿਆ। ਜਦੋਂ ਹੀ ਅਸੀਂ ਬਾਬਿਆਂ ਦੇ ਦਰਸ਼ਨ ਕੀਤੇ ਕਹਿੰਦੇ ਸਾਡੇ ਹੰਝੂ ਵਹਿਣੇ ਸ਼ੁਰੂ ਹੋ ਗਏ। ਅਸੀਂ ਉਨ੍ਹਾਂ ਦੇ ਚਰਨਾਂ ਵਿੱਚ ਵਹਾਣੇ ਸ਼ੁਰੂ ਕਰ ਦਿੱਤੇ।
ਬਾਬੇ ਫੁਰਮਾਉਣ ਲੱਗੇ- ਪੁੱਤ ਵੈਰਾਗ ਨਾ ਕਰ।
ਸਾਡਾ ਹੋਰ ਵੈਰਾਗ ਸ਼ੁਰੂ ਹੋ ਗਿਆ। ਸਾਡੇ ਉਹ ਕੋਈ ਵਸ ਵਿੱਚ ਥੋੜਾ ਸੀ? ਜਿਸ ਵਕਤ ਹੋਰ ਸ਼ੁਰੂ ਹੋ ਗਿਆ ਤਾਂ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ- ਪੁੱਤ ਤੂੰ ਇਹ ਪ੍ਰੇਮ ਦੇ ਹੰਝੂਆਂ ਦੀ ਕੀਮਤ ਨੂੰ ਜਾਣਦਾ ਹੈ? ਤਾਂ ਅਸੀ ਵੈਰਾਗ ਨਾਲ ਚਰਨ ਧੋਈ ਜਾ ਰਹੇ ਹਾਂ।
ਫੁਰਮਾਉਣ ਲੱਗੇ- ਪੁੱਤ ਤੇਰੇ ਇਹ ਵੈਰਾਗ ਦੇ ਦੋ ਹੰਝੂ ਸਾਰੇ ਕਲਿਯੁਗ ਦੇ ਪਾਪਾਂ ਨੂੰ ਧੋ ਸਕਦੇ ਹਨ।
ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਨੇ ਇਹ ਗੱਲ ਕਹੀ, ਕਹਿਣ ਲੱਗੇ ਉਸ ਵੇਲੇ ਉਨ੍ਹਾਂ ਦੇ ਹੰਝੂਆ ਦੀ ਅੰਮ੍ਰਿਤ ਧਾਰਾ ਚਲ ਪਈ। ਬਾਬਾ ਨੰਦ ਸਿੰਘ ਸਾਹਿਬ ਦਾ ਵੈਰਾਗ ਜੋ ਸਾਡੇ ਨਾਲੋਂ ਬਹੁਤ ਜਿਆਦਾ ਸੀ ਜਿਸ ਵਕਤ ਉਹ ਸ਼ੁਰੂ ਹੋਇਆ ਹੈ ਸਾਡੀ ਸਾਰੀ ਦਸਤਾਰ ਭਿੱਜ ਗਈ ਹੈ। ਇਹ ਜਿਹੜੇ ਸਾਡੇ ਕਪੜੇ ਭਿੱਜੇ ਹਨ ਕਿਉਂਕਿ ਅਸੀਂ ਤਾਂ ਚਰਨਾਂ ਨੂੰ ਇਸ਼ਨਾਨ ਕਰਵਾ ਰਹੇ ਸੀ। ਪਰ ਸਾਹਿਬ ਦੇ ਪਾਵਨ ਹੰਝੂ, ਵੈਰਾਗ ਦੇ ਹੰਝੂ ਸਾਡੇ ਉਪਰ ਬਰਸ ਰਹੇ ਸਨ।
ਸਾਧ ਸੰਗਤ ਜੀ ਪਤਾ ਹੀ ਉਦੋਂ ਲੱਗਿਆ ਕਿ ਇਹ ਹੰਝੂ ਹੈ ਕੀ?
ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਪ੍ਰੇਮ ਦਾ ਸ਼ਿਖਰ ਕੀ ਹੈ?
- ਜੇ ਪ੍ਰੇਮੀ ਸੌਂ ਨਹੀਂ ਸਕਦਾ ਤਾਂ ਤੁਹਾਡਾ ਕੀ ਖਿਆਲ ਹੈ ਕਿ ਪਿਆਰਾ ਸੌਂ ਸਕਦਾ ਹੈ?
- ਜੇ ਪ੍ਰੇਮੀ ਤੜਪ ਰਿਹਾ ਹੈ ਤਾਂ ਪਿਆਰਾ ਨਹੀਂ ਤੜਪ ਰਿਹਾ?
- ਜੇ ਪ੍ਰੇਮੀ, ਪ੍ਰੇਮ ਰਸ ਪੀ ਰਿਹਾ ਹੈ ਤਾਂ ਉਹ ਜਿਹੜਾ ਸਵਾਮੀ ਹੈ, ਮੁਰਸ਼ਦ ਹੈ, ਜਿਹੜਾ ਸਤਿਗੁਰੂ ਹੈ ਉਸ ਪ੍ਰੇਮ ਰਸ ਨੂੰ ਆਪਣੀ ਅਥਾਹ ਸ਼ਕਤੀ ਨਾਲ ਬਹੁਤ ਜਿਆਦਾ ਪੀ ਰਿਹਾ ਹੈ।
- ਉਹ ਪ੍ਰੇਮ ਵੱਸ ਹੈ, ਜਿਸ ਨੂੰ ਵੀ ਪ੍ਰੇਮ ਦੀ ਦਾਤ ਬਖਸ਼ ਦਿੰਦਾ ਹੈ ਉਸ ਦੇ ਅਧੀਨ ਹੋ ਜਾਂਦਾ ਹੈ।
- ਉਹ, ਉਸਦਾ ਪ੍ਰੇਮ ਰਸ ਸਾਡੇ ਨਾਲੋਂ ਬਹੁਤ ਜਿਆਦਾ ਚਖਦਾ ਹੈ।
Comments
Post a Comment