ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ 239 ਸਾਲ ਹੋਏ ਹਨ। ਆਪਾਂ ਸਾਰੇ ਹੀ ਇਸ ਸੰਸਾਰ ਵਿੱਚ ਇਕ ਦੂਸਰੇ ਕੋਲੋਂ ਸੁੱਖ ਲੱਭਦੇ ਹਾਂ। ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 57
ਆਪਾਂ ਸਾਰੇ ਹੀ ਮੈਲ ਨਾਲ ਭਰੇ ਹੋਏ ਹਾਂ। ਅਗਰ ਆਪਾਂ ਆਪਣੀ ਮੈਲ ਲਾਹਣਾ ਵੀ ਚਾਹੁੰਦੇ ਹਾਂ ਤਾਂ ਇਕ ਦੂਸਰੇ ਕੋਲੋਂ ਲਹਾਉਣਾ ਚਾਹੁੰਦੇ ਹਾਂ। ਇਕ ਦੁਖੀ ਦੂਜੇ ਦੁਖੀ ਕੋਲੋਂ ਮੰਗ ਰਿਹਾ ਹੈ ਕਿ ਮੈਨੂੰ ਸੁੱਖ ਦੇਵੇ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ-
'ਮੈਂ- ਮੇਰੀ' ਦੀ ਪੋਟ ਨੂੰ ਸੀਸ ਤੋਂ ਲਾਹ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦਿਓ।
ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 918
ਇਹ ਜਿੰਨੇ ਕਰਮ ਹਨ ਇਹ ਸਾਰੇ ਇਹ ਮਨ, ਇਹ ਸ਼ਰੀਰ, ਤਨ ਤੇ ਧਨ ਕਰਕੇ ਹੁੰਦੇ ਹਨ।
ਫੁਰਮਾਇਆ- ਇਸੇ ਪੋਟ ਨੂੰ ਤਾਂ ਸਾਰੇ ਦੁੱਖ ਚਿਮੜੇ ਹਨ। ਇਹਨੂੰ ਹੀ ਤਾਂ ਕਾਮ, ਕਰੋਧ, ਲੋਭ, ਮੋਹ, ਹੰਕਾਰ ਚਿਮੜੇ ਹੋਏ ਹਨ। ਇਹ ਪੋਟ ਆਪਣੇ ਪਾਸ ਕਿਉਂ ਰਖਣੀ ਹੈ। ਇਸਨੂੰ ਗੁਰੂ ਦੇ ਚਰਨਾਂ 'ਚ ਰੱਖ ਦਿਓ।
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 646
ਸਾਹਿਬ ਫੁਰਮਾ ਰਹੇ ਹਨ ਕਿ ਆਪਣੀ ਆਸਾ-ਮਨਸਾ ਨੂੰ ਅੱਗ ਲਗਾ ਕੇ ਇਸ ਦੁਨੀਆਂ ਵਿੱਚ ਮਹਿਮਾਨ ਬਣ ਕੇ ਰਹਿ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ -
ਗੁਰੂ ਨਾਨਕ ਦੇ ਬਣ ਜਾਓ,ਇਕ ਦੇ ਬਣ ਜਾਓ ਤੇ ਰੋ ਕੇ ਅਰਦਾਸ ਕਰੋ,ਸਾਡੇ ਪਾਸ ਆਉਣ ਦੀ ਲੋੜ ਨਹੀਂ।
ਮੇਰੇ ਬਾਬਾ ਨੰਦ ਸਿੰਘ ਸਾਹਿਬ ਨੇ ਕਦੀ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ।
ਬਾਬਾ ਨੰਦ ਸਿੰਘ ਸਾਹਿਬ ਨੇ ਸਾਰੇ ਦੁੱਖ ਹੀ ਮੰਗੇ ਹਨ। ਇਕ ਸੁੱਖ ਨਹੀਂ ਲਿਆ। ਜਿਹੜੇ ਵੀ ਪਿਤਾ ਜੀ ਨੇ ਦੁੱਖ ਲਏ ਹਨ ਉਹ ਬਾਬਾ ਨੰਦ ਸਿੰਘ ਸਾਹਿਬ ਤੋਂ ਆਪਣੀ ਝੋਲੀ 'ਚ ਪਵਾਏ ਹਨ।
ਮਾਤਾ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਹਨ। ਪਰ ਦੁੱਖ ਕਿਉਂ ਨਹੀਂ ਦੇਖ ਸਕਦੇ ਕਿਉਂਕਿ ਸਭ ਤੋਂ ਵੱਡੀ ਸਿੱਖਿਆ ਗੁਰੂ ਅਮਰਦਾਸ ਜੀ ਦੁੱਖ ਦੀ ਹੀ ਦੇ ਰਹੇ ਹਨ। ਸਾਰੀ ਜਿੰਦਗੀ ਉਨ੍ਹਾਂ ਨੇ ਦੁੱਖ ਹੀ ਝੇਲਿਆ ਹੈ।
ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਬਿਰਧ ਹੋ ਗਏ ਹਨ। ਚੌਕੀ ਤੇ ਬੈਠੇ ਹਨ ਅਤੇ ਮਾਤਾ ਭਾਨੀ ਜੀ ਇਸ਼ਨਾਨ ਕਰਵਾ ਰਹੇ ਹਨ, ਉਸ ਵੇਲੇ ਚੌਕੀ ਦਾ ਇਕ ਪਾਵਾ ਟੁੱਟਣ ਲੱਗਾ ਜਿਹੜਾ ਕਮਜ਼ੋਰ ਸੀ। ਉਸੇ ਵਕਤ ਮਾਤਾ ਭਾਨੀ ਜੀ ਨੇ ਉਸ ਪਾਵੇ ਦੀ ਜਗ੍ਹਾ ਆਪਣਾ ਹੱਥ ਕਰ ਦਿੱਤਾ ਤਾਕਿ ਸੱਚੇ ਪਾਤਸ਼ਾਹ ਨੂੰ ਇਸ਼ਨਾਨ ਕਰਨ ਵਿੱਚ ਤਕਲੀਫ਼ ਨਾ ਹੋਵੇ। ਇਸ਼ਨਾਨ ਹੋਣ ਦੇ ਬਾਅਦ ਜਿਸ ਵਕਤ ਗੁਰੂ ਸਾਹਿਬ ਬਸਤਰ ਪਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਜਿਹੜਾ ਵੀ ਇਸ਼ਨਾਨ ਦਾ ਜਲ ਚੁਬੱਚੇ ਵਿੱਚ ਜਾ ਰਿਹਾ ਹੈ ਉਸਦਾ ਰੰਗ ਲਾਲ ਸੀ। ਜਿਸ ਵਕਤ ਮਾਤਾ ਭਾਨੀ ਜੀ ਵੱਲ ਵੇਖਿਆ ਤਾਂ ਉਨ੍ਹਾਂ ਦਾ ਹੱਥ ਲਹੂ-ਲੋਹਾਨ ਸੀ। ਮਾਤਾ ਭਾਨੀ ਜੀ ਆਪਣੇ ਨਿਰੰਕਾਰ ਪਿਤਾ ਦਾ ਦੁੱਖ ਨਹੀਂ ਝੇਲ ਸਕਦੇ ਸੀ। ਉਨ੍ਹਾਂ ਨੇ ਆਪਣੇ ਆਪ ਉਹ ਦੁੱਖ ਆਪਣੇ ਉਪਰ ਲੈ ਲਿਆ।
ਜਿਸ ਵਕਤ ਗੁਰੂ ਅਮਰਦਾਸ ਜੀ ਪ੍ਰਸੰਨ ਹੋਇ ਹਨ ਫੁਰਮਾਇਆ- ਅੱਜ ਮੰਗ ਪੁੱਤ ਕੀ ਮੰਗਦੀ ਹੈ।
ਉਸ ਵੇਲੇ ਆਪਣਾ ਪੱਲਾ ਅੱਗੇ ਕਰਕੇ ਕਹਿਣ ਲੱਗੇ- ਗਰੀਬ ਨਿਵਾਜ਼! ਇਹ ਜੋ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਘਰ ਵਿੱਚ ਹੀ ਰਹੇ।
ਉਸ ਵਕਤ ਗੁਰੂ ਅਮਰਦਾਸ ਜੀ ਨੇ ਫੁਰਮਾਇਆ- ਦੇਖ ਭਾਨੀ! ਇਹ ਬਖਸ਼ਿਸ਼ ਦੁੱਖਾਂ ਭਰੀ ਹੈ, ਗੁਰੂ ਨਾਨਕ ਨੇ ਸਾਰੇ ਦੁੱਖ ਆਪਣੇ ਉਪਰ ਲਏ ਹਨ, ਇਹ ਦੁੱਖ ਹੀ ਦੁੱਖ ਹੈ।
ਮਾਤਾ ਭਾਨੀ ਜੀ ਅੱਗੋਂ ਕਹਿਣ ਲੱਗੇ- ਇਹ ਗੁਰੂ ਨਾਨਕ ਦੇ ਸਾਰੇ ਦੁੱਖ ਮੇਰੀ ਝੋਲੀ ਵਿੱਚ ਪਾ ਦਿਓ।
ਸਾਧ ਸੰਗਤ ਜੀ ਕਮਾਲ ਹੈ ਕਿ ਦੁੱਖਾਂ ਵਾਲੀ ਗੱਲ........।
ਗੁਰੂ ਅਮਰਦਾਸ ਜੀ ਤੀਜੇ ਗੁਰੂ ਨਾਨਕ, ਨਿਰੰਕਾਰ ਨੂੰ ਬੇਨਤੀ ਕੀ ਕਰਦੇ ਹਨ-
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 853
ਜਿਸ ਧਰਮ ਰਾਹੀਂ ਵੀ ਕੋਈ ਨਿਕਲ ਰਿਹਾ ਹੈ ਸੱਚੇ ਪਾਤਸ਼ਾਹ ਸੜਦੇ ਬਲਦੇ ਸੰਸਾਰ ਨੂੰ ਰੱਖ ਲਓ।
ਫਿਰ ਮਾਤਾ ਭਾਨੀ ਜੀ ਨੇ ਜੋ ਮੰਗਿਆ ਸੀ ਉਹ ਖੇਡ ਸ਼ੁਰੂ ਹੋ ਗਿਆ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-
ਫਿਰ ਗੁਰੂ ਅਰਜਨ ਪਾਤਸ਼ਾਹ ਨੇ ਇਕ ਤਾਰਨਹਾਰ ਜਹਾਜ਼ ਤਿਆਰ ਕਰਕੇ ਸਸ਼ੋਭਿਤ ਕਰ ਦਿੱਤਾ ਹੈ ਅਤੇ ਆਪ ਅੱਗ ਦੇ ਵਿੱਚ ਆਸਨ ਲਾ ਲੈਂਦੇ ਹਨ।
- ਉਸ ਵੇਲੇ ਜਲਦੇ-ਬਲਦੇ ਸੰਸਾਰ ਨੂੰ ਠੰਡ ਕਿੱਦਾਂ ਦੀ ਪਹੁੰਚਾ ਕੇ ਗਏ ਹਨ।
- ਰਹਿੰਦੀ ਦੁਨੀਆਂ ਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਹੈ।
ਜਿਸ ਵਕਤ ਸਤਿਗੁਰੂ ਆਉਂਦਾ ਹੈ ਉਹ ਦੁਨੀਆਂ ਦੇ ਦੁੱਖ ਲੈਣ ਵਾਸਤੇ ਆਉਂਦਾ ਹੈ।
ਜਿਸ ਵਕਤ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਗਏ ਹਨ ਉਸ ਵਕਤ ਸਾਰੇ ਪਾਸੇ ਪਲੈਗ ਫੈਲ ਗਈ ਹੈ। ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੀ ਈਸਾਈ, ਮੇਰੇ ਸਾਹਿਬ ਨੇ ਕਿਸੇ ਦਾ ਮਜ਼੍ਹਬ ਨਹੀਂ ਦੇਖਿਆ। ਕਦੀ ਖੁਦਾ ਦਾ ਨੂਰ ਵੀ, ਕਦੀ ਰਾਮ-ਰਹੀਮ ਵੀ ਕਿਸੇ ਇੱਕਲੇ ਦਾ ਹੋ ਸਕਦਾ ਹੈ?
ਜੇ ਸੂਰਜ ਦੀ ਰੋਸ਼ਨੀ ਸਭ ਦੇ ਲਈ ਸਾਂਝੀ ਹੈ ਤਾਂ ਉਸਦਾ ਨੂਰ ਵੰਡਿਆ ਨਹੀਂ ਜਾ ਸਕਦਾ, ਉਹ ਸਭ ਦੇ ਲਈ ਸਾਂਝਾ ਹੈ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544
ਤੁਸੀਂ ਸਾਰੇ ਹੀ ਗੁਰੂ ਨਾਨਕ ਦੀ ਸ਼ਰਣ ਵਿੱਚ ਆਏ ਹੋ, ਆਪਣਾ ਸਾਰਾ ਦੁੱਖ ਗੁਰੂ ਨਾਨਕ ਨੂੰ ਦੇ ਦਿਓ।
ਸਾਰਾ ਦੁੱਖ ਸਾਹਿਬ ਨੇ ਆਪਣੇ ਉੱਤੇ ਲੈ ਲਿਆ।
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ ਜਿਸ ਵਕਤ ਵੀ ਉਹ ਆਉਂਦਾ ਹੈ ਦੁਨੀਆਂ ਦੇ ਦੁੱਖਾਂ ਦਾ ਭੁਗਤਾਨ ਕਰਦਾ ਹੈ।
ਫੁਰਮਾਇਆ -
ਉਹ ਕਾਹਦਾ ਸਿੱਖ ਹੈ ਜਿਹੜਾ ਗੁਰੂ ਕੋਲੋਂ ਆਪਣਾ ਸੁੱਖ ਮੰਗੇ, ਸਿੱਖ ਕੀ ਤੇ ਸੁੱਖ ਕੀ।
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 5)
Comments
Post a Comment