ਰੂਹਾਨੀ ਗਿਆਨ ਅਤੇ ਮਿਹਰਾਂ ਦੇ ਸਾਗਰ



ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਸੰਗਤ ਨੂੰ ਭਗਤ ਸਧਨਾ ਜੀ ਦੇ ਅਮੋਲਕ ਵਿਚਾਰਾਂ ਦੇ ਗਿਆਨ ਦੀ ਰੌਸ਼ਨੀ ਦਾ ਵਿਖਿਆਨ ਕਰ ਰਹੇ ਸਨ-

ਭਗਤ ਸਧਨਾ ਜੀ ਕੋਲ ਬਹੁ ਗਿਣਤੀ ਵਿੱਚ ਮੁਸਲਮਾਨ ਅਤੇ ਹਿੰਦੂ ਸੇਵਕ ਆਉਣ ਲੱਗ ਪਏ ਸਨ। ਉਹ ਪਰਮਾਤਮਾ ਦੇ ਇਕ ਹੋਣ ਦਾ ਅਤੇ ਮਨੁੱਖੀ ਏਕਤਾ ਉਪਰ ਜ਼ੋਰ ਦਿੰਦੇ ਸਨ। ਉਹ ਅੱਲਾ ਅਤੇ ਰਾਮ ਦੋਨਾਂ ਦੇ ਨਾਂ ਦੀ ਸਿੱਖਿਆ ਦਿੰਦੇ ਸਨ। ਉਨ੍ਹਾਂ ਦੀ ਸ਼ਿਕਾਇਤ ਹੋਈ ਤੇ ਉਨ੍ਹਾਂ ਨੂੰ ਕਾਜ਼ੀਆਂ ਨੇ ਫਤਵਾ ਦਿੱਤਾ ਕਿ ਜਾਂ ਮੁਸਲਮਾਨ ਬਣ ਜਾ, ਜਾਂ ਫਿਰ ਮੌਤ ਕਬੂਲ ਕਰੋ। ਆਪਣਾ ਧਰਮ ਨਾ ਛੱਡਣ ਤੇ ਉਨ੍ਹਾਂ ਨੂੰ ਜਿਉਂਦਿਆਂ ਹੀ ਇੱਟਾਂ ਵਿੱਚ ਚਿਣਵਾ ਦੇਣ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ਨੇ ਇਸਲਾਮ ਧਰਮ ਨੂੰ ਨਹੀਂ ਕਬੂਲਿਆ ਅਤੇ ਜਿਉਂਦਿਆਂ ਇੱਟਾਂ ਵਿੱਚ ਚਿਣਿਆ ਜਾਣਾ ਮੰਨ ਲਿਆ।

ਉਨ੍ਹਾਂ ਨੂੰ ਬੇਹੱਦ ਤਸੀਹੇ ਦਿੱਤੇ ਗਏ ਅਤੇ ਇੱਟਾਂ ਵਿੱਚ ਚਿਣਨਾਂ ਸ਼ੁਰੂ ਕਰ ਦਿੱਤਾ ਗਿਆ। ਇਸਦੇ ਨਾਲ ਸ਼ਰੀਰਕ ਕਸ਼ਟ ਆਰੰਭ ਹੋ ਗਏ। ਦੀਵਾਰ ਨੂੰ ਚਿਣਨ ਦਾ ਕੰਮ ਆਰੰਭ ਹੋ ਗਿਆ। ਜਿਉਂ-ਜਿਉਂ ਦੀਵਾਰ ਵੱਧਦੀ ਜਾ ਰਹੀ ਸੀ ਭਗਤ ਸਧਨਾ ਜੀ ਦਾ ਕਸ਼ਟ ਵੀ ਵੱਧਦਾ ਜਾ ਰਿਹਾ ਸੀ। ਇਹ ਕਸ਼ਟ ਜਦੋਂ ਸਹਿਣਸ਼ੀਲਤਾ ਦੀ ਸੀਮਾਂ ਪਾਰ ਕਰ ਗਿਆ ਤਾਂ ਉਨ੍ਹਾਂ ਨੇ ਪਰਮਾਤਮਾ ਦੇ ਅੱਗੇ ਫਰਿਆਦ ਕਰਨੀ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਇੱਟਾਂ ਦੀ ਚਿਣਾਈ ਵਧਦੀ ਜਾ ਰਹੀ ਸੀ ਉਨੀ ਹੀ ਤੀਬ੍ਰਤਾ ਨਾਲ ਭਗਤ ਸਧਨਾ ਜੀ ਦੀ ਪਰਮਾਤਮਾ ਕੋਲੋਂ ਦਇਆ, ਮਿਹਰ ਰੂਪੀ ਭੀਖ ਦੀ ਮੰਗ ਤੀਬਰ ਹੋ ਰਹੀ ਸੀ। ਉਨ੍ਹਾਂ ਨੇ ਦਰਦ ਭਰੇ ਦਿਲ ਨਾਲ ਪਰਮਾਤਮਾ ਅੱਗੇ ਜੋ ਪ੍ਰਾਥਨਾ ਕੀਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਹੋਏ ਸ਼ਬਦ ਦੇ ਰੂਪ ਵਿੱਚ ਦਰਜ਼ ਹੈ।

ਭਗਤ ਜੀ ਪਰਮਾਤਮਾ ਦੀ ਸਹਾਇਤਾ ਲੈਣ ਲਈ ਦਰਦ ਭਰੀ ਬੇਨਤੀ ਕਰਦੇ ਹਨ ਅਤੇ ਆਪਣੇ ਉੱਤੇ ਰਹਿਮ ਲਈ ਕਈ ਦਲੀਲਾਂ ਪੇਸ਼ ਕਰਦੇ ਹਨ। ਉਨ੍ਹਾਂ ਨੇ ਰਾਜ ਕੁਮਾਰੀ ਦੀ ਉਹ ਗੱਲ ਦੁਹਰਾਈ ਜਿਸ ਵਿੱਚ ਉਸਨੇ ਚਤਰਭੁਜ ਨਾਲ ਵਿਆਹ ਰਚਾਉਂਣ ਲਈ ਨਿਸ਼ਚਾ ਕਰ ਲਿਆ ਸੀ।

ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ॥

ਇਕ ਧੋਖੇਬਾਜ਼ ਆਦਮੀ ਚਤਰਭੁਜ (ਵਿਸ਼ਨੂੰ) ਦਾ ਭੇਖ ਧਾਰਨ ਕਰਕੇ ਮਹੱਲ ਅੰਦਰ ਉਤਰਿਆ ਅਤੇ ਰਾਜ ਕੁਮਾਰੀ ਦਾ ਉਸ ਨਾਲ ਵਿਆਹ ਕਰ ਦਿੱਤਾ ਗਿਆ। ਜਦੋਂ ਉਸ ਰਾਜ ਉੱਤੇ ਇਕ ਵਾਰੀ ਹਮਲਾ ਹੋਣ ਲੱਗਾ ਤਾਂ ਉਸ ਢੋਂਗੀ ਚਤਰਭੁਜ ਨੇ ਆਤਮ ਹੱਤਿਆ ਕਰਨੀ ਚਾਹੀ ਤਾਂ ਉਸੇ ਵੇਲੇ ਹੀ ਅਸਲੀ ਵਿਸ਼ਨੂੰ ਪ੍ਰਗਟ ਹੋ ਗਏ। ਉਨ੍ਹਾਂ ਨੇ ਉਸਨੂੰ ਬਚਾ ਲਿਆ ਅਤੇ ਯੁੱਧ ਵਿੱਚ ਉਸਦੀ ਮਦਦ ਕੀਤੀ। ਕਿਉਂਕਿ ਪਰਮਾਤਮਾ ਤਾਂ ਭੇਖੀਆਂ ਦੀ ਵੀ ਮਦਦ ਕਰਦਾ ਹੈ। ਅਜਿਹਾ ਕਰਕੇ ਉਹ ਆਪਣੇ ਨਾਮ ਅਤੇ ਭੇਖ ਨੂੰ ਬਚਾਉਂਦਾ ਹੈ। 

ਹੇ ! ਪਰਮਾਤਮਾ ਤੂੰ ਤਾਂ ਭੇਖੀਆਂ ਦੀ ਵੀ ਮਦਦ ਕਰਦਾ ਹੈ ਕਿਉਂਕਿ ਅਜਿਹਾ ਕਰਕੇ ਤੂੰ ਆਪਣੇ ਭੇਖ ਨੂੰ ਬਚਾ ਲਿਆ ਹੈ। 

ਭਗਤ ਜੀ ਦੀ ਅੰਤਰ-ਆਤਮਾ ਵਿੱਚੋਂ ਜਿਵੇਂ ਹੀ ਇਹ ਦਰਦਭਰੀ ਪੁਕਾਰ ਨਿਕਲੀ ਤਾਂ ਇਕ ਅਕਾਸ਼ਵਾਣੀ ਹੋਈ-

ਭਗਤ ਜੀ, ਸਭ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਭਗਤ ਹੋਣ ਦੇ ਨਾਤੇ ਇਸ ਵੰਗਾਰ ਨੂੰ ਦਲੇਰੀ ਨਾਲ ਸਵੀਕਾਰ ਕਰੋ। 

ਭਗਤ ਜੀ ਨੇ ਜਲਦੀ ਨਾਲ ਇਕ ਹੋਰ ਦਲੀਲ ਪੇਸ਼ ਕੀਤੀ। ਸਿਰੋ ਆਪਣੀ ਪ੍ਰਾਥਨਾ ਨੂੰ ਸਹੀ ਸਿੱਧ ਕਰਨ ਲਈ। ਉਨ੍ਹਾਂ ਨੇ ਕਿਹਾ ਕਿ-

ਤੇਰੀ ਸ਼ਰਨਾਗਤੀ ਦਾ ਕੀ ਲਾਭ ਜੇ ਉਹ ਕਰਮਾਂ ਦਾ ਚੱਕਰ ਖਤਮ ਨਹੀਂ ਕਰਦੀ। ਇਕ ਸ਼ੇਰ ਦੀ ਸ਼ਰਨ ਵਿੱਚ ਆਉਣ ਨਾਲ, ਕੀ ਗਿੱਦੜ ਮੈਨੂੰ ਖਾਣ ਦਾ ਹੌਂਸਲਾ ਕਰ ਸਕਦੇ ਹਨ ?

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ 
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ। ਰਹਾਉ॥

ਤਾਂ ਪਰਮਾਤਮਾ ਵੱਲੋਂ ਇਕ ਹੋਰ ਆਕਾਸ਼ਵਾਣੀ ਹੋਈ :

ਭਗਤ ਜੀ, ਮੇਰੇ ਸੇਵਕ ਸਦਾ ਭੈ ਤੋਂ ਨਿਰਲੇਪ ਹੁੰਦੇ ਹਨ। ਹੌਂਸਲਾ ਰੱਖੋ, ਤੁਹਾਡੇ ਬਚਾਓ ਦਾ ਕੋਈ ਸਾਧਨ ਜ਼ਰੂਰ ਕੀਤਾ ਜਾਵੇਗਾ।

ਇੱਟਾਂ ਦੀ ਉਸਾਰੀ ਲਗਾਤਾਰ ਵੱਧਦੀ ਜਾ ਰਹੀ ਸੀ ਅਤੇ ਸਧਨਾ ਜੀ ਦਾ ਕਸ਼ਟ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ। ਇਸ ਤੇ ਉਨ੍ਹਾਂ ਨੇ ਇਕ ਹੋਰ ਦਲੀਲ ਦਿੱਤੀ ਕਿ-

ਪੰਛੀ ਚਾਤ੍ਰਿਕ ਇਕ ਸਵਾਂਤੀ ਬੂੰਦ ਲਈ ਤਰਸਦਾ ਹੈ। ਜੇਕਰ ਮੌਤ ਤੋਂ ਬਾਅਦ ਉਸਨੂੰ ਸਵਾਂਤ ਦਾ ਸਮੁੰਦਰ ਵੀ ਮਿਲ ਜਾਵੇ ਤਾਂ ਉਸਨੂੰ ਉਸਦਾ ਕੀ ਲਾਭ ਹੋਵੇਗਾ।

ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ।
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ।

ਫਿਰ ਇਕ ਇਲਾਹੀ ਆਵਾਜ਼ ਸੁਣਾਈ ਦਿੱਤੀ :

ਭਗਤ ਜੀ ! ਭਗਤਾਂ ਦੇ ਹੌਸਲੇ ਬਹੁਤ ਵੱਡੇ ਹੁੰਦੇ ਹਨ ਤੁਸੀਂ ਵੀ ਤਕੜੇ ਹੋਵੋ ਤੁਹਾਡੀ ਰੱਖਿਆ ਹੋਵੇਗੀ।

ਜਦੋਂ ਇੱਟਾਂ ਦੀ ਉਚਾਈ ਨੱਕ ਤਕ ਪਹੁੰਚ ਗਈ ਤਾਂ ਬੇਆਸ ਭਗਤ ਜੀ ਨੇ ਆਪਣੀ ਸਹਾਇਤਾ ਲਈ ਇਕ ਵਾਰੀ ਪੂਰੇ ਜ਼ੋਰ ਨਾਲ ਬੇਨਤੀ ਕੀਤੀ:

ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ॥
ਮੇਰੇ ਸਰੀਰ ਵਿੱਚੋਂ ਮੇਰੇ ਪ੍ਰਾਣ ਨਿਕਲ ਰਹੇ ਹਨ। ਮੈਂ ਮਰਨ ਕਿਨਾਰੇ ਹਾਂ। ਇਸ ਹਾਲਤ ਵਿੱਚ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਹੌਂਸਲਾ ਦੇਵਾਂ। ਮੇਰੇ ਡੁਬ ਜਾਣ ਤੋਂ ਬਾਅਦ ਜੇ ਤੁਸੀਂ ਇਕ ਬੇੜੀ ਭੇਜ ਵੀ ਦਿਉਗੇ ਤਾਂ ਉਸਦਾ ਮੈਨੂੰ ਕੀ ਲਾਭ ਹੋਏਗਾ ?

ਭਗਤ ਸਧਨਾ ਜੀ ਨੇ ਅਚਾਨਕ ਅਨੁਭਵ ਕੀਤਾ ਕਿ ਆਪਣੇ ਬਚਾਉ ਲਈ ਪੇਸ਼ ਕੀਤੀਆਂ ਦਲੀਲਾਂ ਫਜ਼ੂਲ ਹਨ। ਆਖਿਰ ਵਿੱਚ ਉਨ੍ਹਾਂ ਦੀ ਇਕ ਨਿਮਰਤਾ ਭਰੀ ਪੁਕਾਰ ਉਨ੍ਹਾਂ ਦੀ ਰੂਹ ਵਿੱਚੋਂ ਇਸ ਪ੍ਰਕਾਰ ਉੱਠੀ:-

ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ॥
ਮੈਂ ਨਹੀਂ, ਮੈਂ ਕੋਈ ਵੀ ਸ਼ੈ ਨਹੀਂ
ਅਤੇ ਮੇਰਾ ਕੁੱਛ ਵੀ ਨਹੀਂ,
ਸਵਾਮੀ ਮੈਂ ਤੇਰਾ, ਸਧਨਾ ਤੇਰਾ।
ਹੇ ਪ੍ਰਭੂ ਆਪਣੇ ਬਿਰਦ ਦੀ ਲਾਜ ਰੱਖ।

ਭਗਤ ਜੀ ਨੇ ਆਪਣੀ ਸੋਚ, ਆਪਣੀ ਬੁੱਧੀ ਅਤੇ ਸਭ ਦਲੀਲਾਂ ਛੱਡ ਦਿੱਤੀਆਂ। ਉਨ੍ਹਾਂ ਦੀ ਆਤਮਾ ਵਿੱਚੋਂ ਨਿਕਲੀ ਨਿਮਰਤਾ ਭਰੀ ਪੁਕਾਰ ਤੇ ਫਰਿਆਦ ਦੇ ਵਿੱਚ ਉਨ੍ਹਾਂ ਦੀ “ਮੈਂ” ਪ੍ਰਭੂ ਚਰਨਾਂ ਵੱਲ ਵਹਿ ਗਈ। “ਮੈਂ” ਨਿਕਲਦੇ ਹੀ ਇੱਟਾਂ ਫਟੀਆਂ ਤੇ ਤਸੀਹੇ ਦੇਣ ਵਾਲੇ ਜ਼ਾਲਮਾਂ ਨੂੰ ਜਾ ਲਗੀਆਂ।

ਇਸ ਅਣਹੋਣੇ ਅਤੇ ਹੈਰਾਨੀਜਨਕ ਕਰਤਵ ਨਾਲ ਸਾਰੇ ਵਿਰੋਧੀ ਭਗਤ ਜੀ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਸਾਰੇ ਪਾਸੇ ਭਗਤ ਜੀ ਦੀ ਜੈ ਜੈਕਾਰ ਹੋਣ ਲੱਗੀ।

ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ॥

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫੁਰਮਾਇਆ ਕਿ-

ਸਿੱਖ ਸਤਿਗੁਰੂ ਅੱਗੇ ਦਲੀਲਾਂ ਪੇਸ਼ ਨਹੀਂ ਕਰਦਾ। ਸਿੱਖ ਸਤਿਗੁਰੂ ਨੂੰ ਪਿਛਲੇ ਪੂਰਨੇ ਯਾਦ ਨਹੀਂ ਕਰਾਉਂਦਾ। ਸਿੱਖ ਇਕ ਮਿੱਟੀ ਦੀ ਮੁੱਠ ਹੈ। ਸਿੱਖ ਨਿਮਾਣਾ, ਨਿਤਾਣਾ, ਨਿਓਟਾ ਅਤੇ ਨਿਆਸਰਾ ਬਣਕੇ ਗੁਰੂ ਸ਼ਰਨ ਵਿੱਚ ਡਿਗਿਆ ਰਹਿੰਦਾ ਹੈ। ਆਪਣੀ ਭਗਤੀ ਤੇ ਸੇਵਾ ਦਾ ਫਲ ਨਹੀਂ ਮੰਗਦਾ। ਸਿਰੋ ਬਖਸ਼ਿਸ਼ ਹੀ ਮੰਗਦਾ ਹੈ।

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥  

Comments