ਦਰਗਾਹੀ ਭੋਜਨ

 


ਸ੍ਰੀ ਗੁਰੂ ਅਰਜਨ ਸਾਹਿਬ ਨਿਜਾਤ (ਮੁਕਤੀ) ਦਾ ਰਸਤਾ ਇਉਂ ਦਰਸਾਉਂਦੇ ਹਨ :



ਥਾਲ ਵਿਚਿ ਤਿੰਨਿ ਵਸਤੂ ਪਈਓ
ਸਤੁ ਸੰਤੋਖੁ ਵੀਚਾਰੋ ||
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ
ਜਿਸ ਕਾ ਸਭਸੁ ਅਧਾਰੋ ||
ਜੇ ਕੋ ਖਾਵੈ ਜੇ ਕੋ ਭੁੰਚੈ
ਤਿਸ ਕਾ ਹੋਇ ਉਧਾਰੋ ||
ਏਹ ਵਸਤੁ ਤਜੀ ਨਹ ਜਾਈ
ਨਿਤ ਨਿਤ ਰਖੁ ਉਰਿ ਧਾਰੋ ||
ਤਮ ਸੰਸਾਰੁ ਚਰਨ ਲਗਿ ਤਰੀਐ
ਸਭੁ ਨਾਨਕ ਬ੍ਰਹਮ ਪਸਾਰੋ ||

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1429


ਇਸ ਪਵਿੱਤਰ ਥਾਲ (ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਤਿੰਨ ਪਵਿੱਤਰ ਵਸਤੂਆਂ ਸਤੁ, ਸੰਤੋਖ ਅਤੇ ਵੀਚਾਰ ਪਈਆਂ ਹੋਈਆਂ ਹਨ | ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ, ਸਾਰਿਆਂ ਤੋਂ ਉਪੱਰ ਰੱਖਿਆ ਗਿਆ ਹੈ ਕਿਉਂਕਿ ਇਹ ਸੱਭ ਦਾ ਆਸਰਾ ਹੈ |

ਇਸ ਭੋਜਨ ਨੂੰ ਖਾਣ ਵਾਲਾ ਪਾਰ ਹੋ ਜਾਂਦਾ ਹੈ | ਇਹ ਪਵਿੱਤਰ ਭੋਜਨ ਕੀਮਤੀ ਹੈ, ਇਸ ਨੂੰ ਤਜਿਆ ਨਹੀਂ ਜਾ ਸਕਦਾ, ਇਸ ਨੂੰ ਹਮੇਸ਼ਾ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ | ਪਰਮਾਤਮਾ ਦੇ ਪਵਿੱਤਰ ਚਰਨਾਂ ਦਾ ਆਸਰਾ ਲੈਣ ਨਾਲ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕਦੇ ਹਾਂ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਾ ਪ੍ਰੇਮੀ ਹਮੇਸ਼ਾ ਹੀ ਨਾਮ ਦੀ ਖੁਮਾਰੀ, ਸਦੀਵੀ ਸਤੁ, ਸੰਤੋਖ ਅਤੇ ਇਲਾਹੀ ਗਿਆਨ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ|

ਨਾਮ, ਮਨ ਨੂੰ ਤ੍ਰਿਪਤ ਕਰਦਾ ਹੈ, ਨਾਮ, ਆਨੰਦ ਪ੍ਰਦਾਨ ਕਰਦਾ ਹੈ| 

ਆਨੰਦ ਇਕ ਦੁਰਲੱਭ ਇਲਾਹੀ ਬਖਸ਼ਿਸ਼ ਹੈ | ਪਵਿੱਤਰ ਗੁਰਬਾਣੀ ਰਾਹੀਂ ਪਵਿੱਤਰ ਨਾਮ ਦੁਆਰਾ ਸਦੀਵੀ ਆਨੰਦ ਦੀ ਬਖਸ਼ਿਸ਼ ਨਿਰੰਤਰ ਹੁੰਦੀ ਰਹਿੰਦੀ ਹੈ | ਉਨ੍ਹਾਂ ਨੂੰ ਦੁਨੀਆਂ ਭਰ ਦੀ ਦੌਲਤ ਅਤੇ ਰਾਜ ਭਾਗ ਵੀ ਵਿਅਰਥ ਜਾਪਣ ਲਗ ਪੈਂਦੇ ਹਨ |

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਵਿੱਤਰ ਸਦੀਵੀ ਭੋਜਨ ਨੂੰ ਗ੍ਰਹਿਣ ਕਰਨ ਵਾਲਾ ਆਪ ਸੰਸਾਰ ਵਾਸਤੇ ਇਕ ਵਰਦਾਨ ਬਣ ਜਾਂਦਾ ਹੈ | ਇਸ ਪਵਿੱਤਰ ਆਹਾਰ ਨੂੰ ਪ੍ਰਾਪਤ ਕਰਨ ਵਾਲਾ ਆਪ ਆਪਣੇ ਚਾਰੇ ਪਾਸੇ ਸ਼ਾਂਤੀ ਪਸਾਰਨ ਲਗਦਾ ਹੈ ਅਤੇ ਉਸਦਾ ਆਪਣਾ ਚਿਹਰਾ ਵੀ ਪ੍ਰਕਾਸ਼ਮਾਨ ਹੋ ਜਾਂਦਾ ਹੈ |


ਇਸ ਤਰ੍ਹਾਂ ਜਿਹੜੇ ਇਸ ਦਰਗਾਹੀ ਭੋਜਨ ਨੂੰ ਪ੍ਰਾਪਤ ਕਰ ਲੈਂਦੇ ਹਨ ਉਹ ਦੂਸਰਿਆਂ ਲਈ ਵਰਦਾਨ ਸਿੱਧ ਹੁੰਦੇ ਹਨ | 

ਜੇਕਰ ਅਠਾਹਟ ਤੀਰਥ ਅਸਥਾਨਾਂ ਦੀ ਪਵਿੱਤਰ ਯਾਤਰਾ ਵੀ ਕੀਤੀ ਜਾਵੇ ਤਾਂ ਉਸ ਤੋਂ ਮਿਲਣ ਵਾਲਾ ਫਲ ਵੀ ਇਸ ਦੇ ਸਾਹਮਣੇ ਤੁੱਛ ਹੋਵੇਗਾ |


ਆਓ, ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਦਾ ਆਸਰਾ ਲਈਏ ਅਤੇ ਨਾਮ ਰੂਪੀ ਅੰਮ੍ਰਿਤ ਛਕੀਏ | ਇਹ ਹੀ ਸਦੀਵੀ ਸੱਤ, ਸਦੀਵੀ ਆਨੰਦ ਅਤੇ ਬ੍ਰਹਮ ਗਿਆਨ ਦਾ ਅੰਮ੍ਰਿਤ ਹੈ ਜੋ ਕਿ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਦੇ ਪਵਿੱਤਰ ਕਰ-ਕਮਲਾਂ ਰਾਹੀਂ ਪ੍ਰਾਪਤ ਹੁੰਦਾ ਹੈ |

ਗੁਰਬਾਣੀ ਅਸਲੀ ਖੇੜਾ ਬਖਸ਼ਦੀ ਹੈ ਅਤੇ ਇਹ ਕਦੇ ਵੀ ਨਿਸਤੇਜ ਨਹੀਂ ਹੁੰਦਾ |

ਗੁਰੂ ਨਾਨਕ ਦਾਤਾ ਬਖਸ਼ ਲੈ।

ਬਾਬਾ ਨਾਨਕ ਬਖਸ਼ ਲੈ॥

Comments

Popular Posts