ਨਾਮ ਦੀ ਅਨਮੋਲ ਅਤੇ ਅਜ਼ਰ ਦਾਤ
ਰਿਸ਼ੀ ਸੁਖਦੇਵ ਥੋੜ੍ਹੇ ਵੱਡੇ ਹੋਏ ਤਾਂ ਆਪਣੇ ਪੂਜਯ ਪਿਤਾ ਰਿਸ਼ੀ ਵੇਦ ਵਿਆਸ ਜੀ ਕੋਲੋਂ ਨਾਮ ਦੀ ਦਾਤ ਦੀ ਬੇਨਤੀ ਕੀਤੀ। ਰਿਸ਼ੀ ਵੇਦ ਵਿਆਸ ਨੇ ਸੋਚਿਆ ਕਿ ਪਿਤਾ ਹੋਣ ਦੇ ਨਾਤੇ ਪੁੱਤਰ ਦਾ ਵਿਸ਼ਵਾਸ ਗੁਰੂ ਸਮਝ ਕੇ ਪੂਰਾ ਨਹੀਂ ਬੱਝਣਾ। ਇਹ ਸੋਚ ਕੇ ਪੁੱਤਰ ਨੂੰ ਕਿਹਾ-
ਜਾਓ! ਜਾ ਕੇ ਰਾਜਾ ਜਨਕ ਤੋਂ ਨਾਮ ਦੀ ਦਾਤ ਲਵੋ।
ਉਹ ਤੁਰ ਪਏ ਅਤੇ ਰਸਤੇ ਵਿੱਚ ਸੋਚਦੇ ਗਏ ਮੈਂ ਆਪ ਰਿਸ਼ੀ ਹਾਂ ਅਤੇ ਮਹਾਰਿਸ਼ੀ ਦਾ ਪੁੱਤਰ ਹਾਂ ਪਰ ਨਾਮ ਦੀ ਦਾਤ ਵਾਸਤੇ ਇਕ ਰਾਜੇ ਪਾਸ ਜਾ ਰਿਹਾ ਹਾਂ।
ਰਿਸ਼ੀ ਸੁਖਦੇਵ ਰਾਜਾ ਜਨਕ ਜੀ ਪਾਸ ਪਹੁੰਚੇ। ਰਾਜਾ ਜਨਕ ਜੀ ਨੇ ਦਰਬਾਰ ਦੇ ਅੰਦਰ ਬੁਲਾਇਆ, ਸਤਿਕਾਰ ਕੀਤਾ ਅਤੇ ਪੁੱਛਗਿਛ ਕੀਤੀ। ਰਿਸ਼ੀ ਸੁਖਦੇਵ ਜੀ ਨੇ ਆਪਣਾ ਆਉਣ ਦਾ ਮੰਤਵ ਅਤੇ ਆਪਣੇ ਪਿਤਾ ਜੀ ਦਾ ਆਦੇਸ਼ ਖੋਲ੍ਹ ਕੇ ਦੱਸਿਆ।
ਰਿਸ਼ੀ ਸੁਖਦੇਵ ਜੀ ਦੇ ਮਨ ਦੀ ਅਵਸਥਾ ਦੇਖਣ ਵਾਸਤੇ ਰਾਜਾ ਜਨਕ ਜੀ ਨੇ ਇਕ ਅਜੀਬ ਖੇਲ ਵਰਤਾਇਆ। ਬਾਹਰੋਂ ਦਰਬਾਨ ਭਜਦਾ ਆਇਆ ਤੇ ਰਾਜਾ ਜਨਕ ਜੀ ਪਾਸ ਬੇਨਤੀ ਕੀਤੀ-
ਮਹਾਰਾਜ ਮਹੱਲਾਂ ਨੂੰ ਅੱਗ ਲਗ ਗਈ ਹੈ।
ਅੱਗੋਂ ਰਾਜਾ ਜਨਕ ਜੀ ਫੁਰਮਾਉਂਦੇ ਹਨ-
ਦੇਖ ਨਹੀਂ ਰਿਹਾ ਅਸੀਂ ਇਕ ਰਿਸ਼ੀ ਨਾਲ ਗੱਲ ਬਾਤ ਕਰ ਰਹੇ ਹਾਂ, ਇਸ ਵਕਤ ਸਾਡੀ ਗੱਲ ਬਾਤ ਵਿੱਚ ਵਿਘਨ ਨਾ ਪਾਉ।
ਰਾਜਾ ਜਨਕ ਜੀ ਰਿਸ਼ੀ ਜੀ ਨਾਲ ਉਸੇ ਸਤਿਕਾਰ ਵਿੱਚ ਗੱਲ ਬਾਤ ਕਰਦੇ ਰਹੇ। ਦਰਬਾਨ ਥੋੜ੍ਹੀ ਦੇਰ ਬਾਅਦ ਫਿਰ ਭੱਜ ਕੇ ਆਇਆ-
ਮਹਾਰਾਜ ਅੱਗ ਤਾਂ ਦਰਵਾਜੇ ਤੇ ਪਹੁੰਚ ਗਈ ਹੈ।
ਇਹ ਸੁਣ ਕੇ ਰਿਸ਼ੀ ਸੁਖਦੇਵ ਭੱਜ ਕੇ ਆਪਣੀ ਬੈਰਾਗਣ ਤੇ ਭੂਰੀ (ਜੋ ਕਿ ਬਾਹਰ ਦਰਬਾਨ ਪਾਸ ਛੱਡ ਕੇ ਆਏ ਸਨ) ਚੁੱਕ ਲਿਆਇਆ।
ਇਹ ਦੇਖ ਕੇ ਰਾਜਾ ਜਨਕ ਜੀ ਹੱਸ ਪਏ ਤੇ ਫੁਰਮਾਇਆ-
ਤੁਹਾਡੇ ਨਾਲ ਗੱਲ ਬਾਤ ਕਰਦੇ ਹੋਏ ਅਸੀਂ ਮਹੱਲਾਂ ਦੇ ਰਾਖ ਹੋਣ ਦੀ ਪ੍ਰਵਾਹ ਨਹੀਂ ਕੀਤੀ ਪਰ ਤੁਸੀਂ ਨਾਮ ਦੀ ਦਾਤ ਮੰਗਦੇ ਹੋਏੇ ਆਪਣੀ ਬੈਰਾਗਣ ਅਤੇ ਭੂਰੀ ਦਾ ਐਡਾ ਮੋਹ ਕੀਤਾ। ਸਾਨੂੰ ਆਪਣੇ ਸਾਰੇ ਰਾਜ ਨਾਲ ਕੋਈ ਮੋਹ ਨਹੀਂ ਹੈ ਤੇ ਤੁਸੀਂ ਆਪਣੀਆਂ ਇਨ੍ਹਾਂ ਦੋ ਵਸਤਾਂ ਦਾ ਵੀ ਮੋਹ ਨਹੀਂ ਛੱਡ ਸਕੇ। ਆਪ ਹੀ ਦੱਸੋ ਤੁਸੀਂ ਨਾਮ ਦੇ ਅਧਿਕਾਰੀ ਹੋ ਜਾਂ ਨਹੀਂ।
ਰਿਸ਼ੀ ਸੁਖਦੇਵ ਜੀ (ਜਿਨ੍ਹਾਂ ਦਾ ਸਾਰਾ ਅੰਦਰ ਦਾ ਮਾਨ ਟੁੱਟ ਗਿਆ ਸੀ) ਚਰਨਾਂ ਤੇ ਡਿੱਗ ਪਏ ਤੇ ਬੇਨਤੀ ਕੀਤੀ -
ਗਰੀਬ ਨਿਵਾਜ਼ ਜਿਵੇਂ ਕਿਵੇਂ ਬਖਸ਼ ਦਿਉ।
ਰਾਜਾ ਜਨਕ ਦਇਆ ਵਿੱਚ ਆਏ ਤੇ ਫੁਰਮਾਇਆ-
ਕੁਝ ਦਿਨਾਂ ਬਾਅਦ ਬ੍ਰਹਮ ਭੋਜ ਹੈ। ਉੱਥੇ ਜਿਹੜੀ ਜਗ੍ਹਾ ਜੂਠੇ ਪੱਤਲ ਸੁੱਟਣ ਵਾਸਤੇ ਬਣਾਈ ਹੈ ਉਸ ਦੇ ਵਿੱਚ ਜਾ ਕੇ ਲੇਟ ਜਾਣਾ।
ਰਿਸ਼ੀ ਸੁਖਦੇਵ ਜੀ ਉਸੇ ਤਰ੍ਹਾਂ ਜਾ ਕੇ ਲੇਟ ਗਏ। ਬ੍ਰਹਮ ਭੋਜ ਦੇ ਬਾਅਦ ਉਹ ਸਾਰੀ ਜਗ੍ਹਾ ਜੂਠੇ ਪੱਤਲਾਂ ਨਾਲ ਭਰ ਗਈ। ਰਾਜਾ ਜਨਕ ਜੀ ਨੇ ਆਦੇਸ਼ ਦਿੱਤਾ ਕਿ ਰਿਸ਼ੀ ਸੁਖਦੇਵ ਜੀ ਨੂੰ ਕੱਢਿਆ ਜਾਵੇ।ਜੂਠੇ ਪੱਤਲਾਂ ਦੀ ਜੂਠ ਨਾਲ ਲੱਥ ਪੱਥ ਹੋਏ ਰਿਸ਼ੀ ਸੁਖਦੇਵ ਜੀ ਨੂੰ ਬਾਹਰ ਕੱਢਿਆ ਗਿਆ।
ਰਿਸ਼ੀ ਸੁਖਦੇਵ ਹੱਥ ਜੋੜ ਕੇ ਰਾਜਾ ਜਨਕ ਦੇ ਚਰਨਾਂ ਵਿੱਚ ਢਹਿ ਪਏ।
ਅੱਗੋਂ ਰਾਜਾ ਜਨਕ ਜੀ ਫੁਰਮਾਉਂਦੇ ਹਨ-
ਸੁਖਦੇਵ ਜਿਸ ਨਿਮਰਤਾ ਅਤੇ ਗਰੀਬੀ ਦੇ ਕੇਸਰ ਵਿੱਚ ਤੂੰ ਇਸ਼ਨਾਨ ਕਰਕੇ ਸਾਡੇ ਸਾਹਮਣੇ ਖੜ੍ਹਾ ਹੈਂ, ਲੈ ਹੁਣ ਨਾਮ ਦੀ ਦਾਤ।
ਤੇ ਇਲਾਹੀ 'ਨਾਮ' ਬਖਸ਼ ਦਿੱਤਾ।
ਜੂਠਨ ਜੂਠਿ ਪਈ ਸਿਰ ਊਪਰਿ ਖਿਨੁ ਮਨੂਆ ਤਿਲੁ ਨ ਡੁਲਾਵੈਗੋ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1309
ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥
(Smast Ilahi Jot Baba Nand Singh Ji Maharaj, Part 3)
Comments
Post a Comment