ਮਿਹਰਵਾਨੁ ਸਾਹਿਬੁ ਮਿਹਰਵਾਨੁ ਸਾਹਿਬੁ ਮੇਰਾ ਮਿਹਰਵਾਨੁ
ਮੇਰੇ ਪੂਜਨੀਕ ਮਾਤਾ ਜੀ ਅਤਿਅੰਤ ਬੀਮਾਰ ਸਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਵਿਗੜਦੀ ਜਾ ਰਹੀ ਸੀ | ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵਿਕਟੋਰੀਆ ਜੁਬਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ| ਉਹ ਉਸ ਸਮੇਂ ਦੇ ਅਣਵੰਡੇ ਪੰਜਾਬ ਦਾ ਇਕ ਸੁਪ੍ਰਸਿਧ ਹਸਪਤਾਲ ਸੀ | ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਦੋ ਮਾਹਿਰ ਡਾਕਟਰ ਕੇ. ਐਲ ਵਿਜ ਅਤੇ ਡਾ. ਕਰਨਲ ਗੁਰਬਖ਼ਸ਼ ਸਿੰਘ ਉਨ੍ਹਾਂ ਦਾ ਇਲਾਜ ਕਰ ਰਹੇ ਸਨ | ਉਨ੍ਹਾਂ ਨੂੰ ਇਕ ਵੱਖਰੇ ਕਮਰੇ ਵਿੱਚ ਠਹਿਰਾਇਆ ਗਿਆ ਸੀ | ਸਹੀ ਇਲਾਜ ਦੇ ਬਾਵਜੂਦ ਵੀ ਮਾਤਾ ਜੀ ਦੀ ਸਿਹਤ ਹੌਲੀ-ਹੌਲੀ ਹੋਰ ਖ਼ਰਾਬ ਹੋ ਗਈ | ਉਨ੍ਹਾਂ ਉਤੇ ਬੇਹੋਸ਼ੀ ਛਾ ਗਈ ਸੀ ਅਤੇ ਉਹ ਦੋ ਦਿਨ ਬੇਹੋਸ਼ੀ (coma) ਦੀ ਹਾਲਤ ਵਿੱਚ ਰਹੇ | ਡਾਕਟਰਾਂ ਨੂੰ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਾ ਰਹੀ | ਪਿਤਾ ਜੀ ਨੂੰ ਇਹ ਭੀ ਕਹਿ ਦਿਤਾ ਕਿ ਜੇ ਉਹ ਆਪਣੀ ਪਤਨੀ ਦੀ ਮੌਤ ਆਪਣੇ ਘਰ ਵਿੱਚ ਹੀ ਦੇਖਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ |ਅਸੀਂ ਸਾਰੇ ਉਨ੍ਹਾਂ ਦੀ ਮੌਤ ਦੇ ਪਲਾਂ ਦਾ ਇੰਤਜ਼ਾਰ ਕਰ ਰਹੇ ਸੀ| ਬੇਹੋਸ਼ੀ ਦੀ ਹਾਲਤ ਵਿੱਚ ਤੀਸਰੇ ਦਿਨ ਅਚਾਨਕ ਉਨ੍ਹਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਪਿਤਾ ਜੀ ਨੂੰ ਇਸ ਤਰ੍ਹਾਂ ਕਿਹਾ-
ਬਾਬਾ ਨੰਦ ਸਿੰਘ ਜੀ ਮਹਾਰਾਜ ਤਸ਼ਰੀਫ ਲਿਆਏ ਹਨ| ਉਨ੍ਹਾਂ ਨੇ ਆਪਣੇ ਹੱਥ ਨਾਲ ਸੱਜੇ ਪਾਸੇ ਵੱਲ ਇਸ਼ਾਰਾ ਕੀਤਾ| ਉਨ੍ਹਾਂ ਨੇ ਫਿਰ ਕਿਹਾ ਕਿ ਬਾਬਾ ਜੀ ਨੇ ਉਨ੍ਹਾਂ ਨੂੰ ਆਪਣੇ ਨਾਲ ਲਿਜਾਣ ਤੋਂ ਪਹਿਲਾਂ ਘਰ ਦੇ ਸਭ ਜੀਆਂ ਤੋਂ ਵਿਦਾਇਗੀ ਲੈਣ ਲਈ ਆਖਿਆ ਹੈ |ਮੇਰੀ ਛੋਟੀ ਭੈਣ ਬੀਬੀ ਭੋਲਾਂ ਰਾਣੀ ਨੇ ਮਹਾਨ ਬਾਬਾ ਜੀ ਵਾਸਤੇ ਇਕ ਦਮ ਧੋਤੀ ਹੋਈ ਚਿੱਟੀ ਚਾਦਰ ਨੂੰ ਸੋਫੇ ਉੱਤੇ ਜੋ ਬਿਸਤਰ ਦੇ ਸੱਜੇ ਪਾਸੇ ਪਿਆ ਹੋਇਆ ਸੀ, ਵਿਛਾਉਂਦੇ ਹੋਏ ਕਿਹਾ-
ਬੀਜੀ ਤੁਸੀਂ ਉਨ੍ਹਾਂ ਤੋਂ ਹੋਰ ਜੀਵਨ ਭੀਖ ਕਿਉਂ ਨਹੀਂ ਮੰਗ ਲੈਂਦੇ|
ਮਾਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਵੱਲ ਵੇਖਿਆ ਅਤੇ ਕਿਹਾ- ਬਾਬਾ ਜੀ ਪੁੱਛਦੇ ਹਨ ਕਿੰਨੀ ਹੋਰ?
ਬੀਬੀ ਭੋਲਾਂ ਰਾਣੀ ਨੇ ਤੁਰੰਤ ਕਿਹਾ- ਬੀਜੀ ਛੇ ਮਹੀਨੇ ਹੋਰ |
ਬੀਬੀ ਭੋਲਾਂ ਰਾਣੀ ਨੇ ਤੁਰੰਤ ਕਿਹਾ- ਬੀਜੀ ਛੇ ਮਹੀਨੇ ਹੋਰ |
ਬੀਜੀ ਨੇ ਫਿਰ ਬਾਬਾ ਜੀ ਵੱਲ ਦੇਖਿਆ ਅਤੇ ਕਿਹਾ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਨੂੰ ਛੇ ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਹੈ ਅਤੇ ਉਹ ਛੇ ਮਹੀਨੇ ਬਾਅਦ ਫਿਰ ਆਉਣਗੇ | ਇਸ ਤਰ੍ਹਾਂ ਕਹਿਣ ਉਪਰੰਤ ਮਾਤਾ ਜੀ ਉੱਠ ਕੇ ਬਿਸਤਰੇ ਉੱਤੇ ਬੈਠ ਗਏ | ਅਸੀਂ ਸਾਰੇ ਸ਼ਰਧਾ ਅਤੇ ਹੈਰਾਨੀ ਨਾਲ ਭਰਪੂਰ ਸੀ | ਅਸੀਂ ਸਾਰਿਆਂ ਨੇ ਅਨੁਭਵ ਕੀਤਾ ਕਿ ਬਾਬਾ ਜੀ ਦੀ ਪਵਿੱਤਰ ਆਮਦ ਅਤੇ ਉਪਸਥਿਤੀ ਸਮੇਂ ਸਾਰਾ ਵਾਤਾਵਰਣ ਹੀ ਦਿਵਤਾ ਭਰਪੂਰ ਸੀ |
ਪਿਤਾ ਜੀ ਨੇ ਆਪਣੀ ਕਾਰ ਮੰਗਵਾਈ ਅਤੇ ਪੁਲਿਸ ਇੰਸਪੈਕਟਰ ਸ. ਮਿਹਰ ਸਿੰਘ ਨੂੰ ਬਿਲਾਂ ਦਾ ਭੁਗਤਾਨ ਕਰਨ ਵਾਸਤੇ ਕਿਹਾ ਅਤੇ ਅਸੀਂ ਮਾਤਾ ਜੀ ਨੂੰ ਲੈ ਕੇ ਲੁਧਿਆਣੇ ਵੱਲ ਚਲ ਪਏ|
ਮਾਤਾ ਜੀ ਨੇ ਘਰ ਆ ਕੇ ਆਮ ਕੰਮ ਕਾਰ ਸ਼ੁਰੂ ਕਰ ਦਿੱਤੇ | ਸਾਰੇ ਹੀ ਬਹੁਤ ਪ੍ਰਸੰਨ ਸਨ | ਬੀਬੀ ਭੋਲਾਂ ਰਾਣੀ ਨੇ ਮਾਤਾ ਜੀ ਨੂੰ ਸੁਝਾਉ ਦਿੱਤਾ ਕਿ ਇਸ ਵਾਰੀ ਬਾਬਾ ਜੀ ਕੋਲ ਫਿਰ ਲੰਬੀ ਉਮਰ ਲਈ ਬੇਨਤੀ ਕਰਾਂਗੇ | ਫਿਰ ਬਾਬਾ ਜੀ ਨੇ ਇਕ ਵਾਰ ਮਾਤਾ ਜੀ ਨੂੰ ਦਰਸ਼ਨ ਦਿੱਤੇ| ਉਨ੍ਹਾਂ ਨੇ ਮਾਤਾ ਜੀ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਉਹ ਜਿੰਨੀ ਚਾਹੇ ਉਨੀ ਉਮਰ ਪ੍ਰਾਪਤ ਕਰ ਸਕਦੀ ਹੈ ਪ੍ਰੰਤੂ ਉਨ੍ਹਾਂ ਨੂੰ (ਮਾਤਾ ਜੀ ਨੂੰ) ਘਟੋ ਘਟ ਉਹ ਥਾਂ ਤੇ ਦੇਖ ਲੈਣੀ ਚਾਹੀਦੀ ਹੈ ਜਿਥੇ ਬਾਬਾ ਜੀ ਉਨ੍ਹਾਂ ਨੂੰ ਲਿਜਾਣਾ ਚਾਹੁੰਦੇ ਹਨ|
ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਦੇ ਦੀਦਾਰ ਕਰਨ ਤੋਂ ਬਾਅਦ ਮਾਤਾ ਜੀ ਦੇ ਦ੍ਰਿਸ਼ਟੀਕੋਣ ਵਿੱਚ ਹੈਰਾਨੀਜਨਕ ਤਬਦੀਲੀ ਦਿੱਸਣ ਲੱਗ ਪਈ | ਉਹ ਤਾਂ ਇਕ ਅਨੋਖੇ ਸਬਰ, ਬਖਸ਼ਿਸ਼ ਅਤੇ ਇਲਾਹੀ ਪਿਆਰ ਭਰਪੂਰ, ਸੰਸਾਰ ਵਿੱਚ ਵਿੱਚਰਨ ਲੱਗ ਪਏ |
ਉਨ੍ਹਾਂ ਨੇ ਪਿਤਾ ਜੀ ਨੂੰ ਇਸ ਦ੍ਰਿਸ਼ਟਾਂਤ ਬਾਰੇ ਸਭ ਕੁਝ ਦੱਸਿਆ ਅਤੇ ਕਿਹਾ ਕਿ ਉਹ ਇਸ ਸੰਸਾਰ ਨੂੰ ਤਿਆਗਣ ਦੀ ਇੱਛਾ ਰਖਦੇ ਹਨ |
ਛੇ ਮਹੀਨੇ ਪੂਰੇ ਹੋਣ ਬਾਅਦ ਪਿਤਾ ਜੀ ਨੇ ਕੀਰਤਨ ਦਾ ਪ੍ਰਬੰਧ ਕੀਤਾ| ਨਿਯਮਤ ਸਮਾਂ ਆਣ ਪਹੁੰਚਿਆ|
ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸਮੇਂ ਅਨੁਸਾਰ ਕਿਰਪਾ ਹੋਈ | ਪਿਤਾ ਜੀ ਮਾਤਾ ਜੀ ਨੂੰ ਉਨ੍ਹਾਂ ਦੀ ਆਖ਼ਰੀ ਇੱਛਾ ਬਾਰੇ ਪੁੱਛਿਆ | ਉਨ੍ਹਾਂ ਨੇ ਆਪਣੀ ਖਾਹਿਸ਼ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਾਰੇ ਗਹਿਣੇ (ਜੇਵਰ) ਅਤੇ ਪੰਜ ਹਜ਼ਾਰ ਰੁਪਏ ਜੋ ਉਨ੍ਹਾਂ ਨੇ ਆਪ ਜਮ੍ਹਾਂ ਕੀਤੇ ਸਨ, ਉਨ੍ਹਾਂ ਦੇ ਜੀਵਨ ਮੁਕਤ ਹੋਣ ਤੇ, ਮਹਾਨ ਬਾਬਾ ਜੀ ਦੀ ਸੇਵਾ ਵਿੱਚ ਲਾ ਦਿੱਤੇ ਜਾਣ |
ਮੇਰੀ ਵੱਡੀ ਭੈਣ ਬੀਬੀ ਅਜੀਤ ਕੌਰ ਦੇ ਇਲਾਵਾ ਬਾਕੀ ਸਾਰੇ ਬੱਚੇ ਜਿਨ੍ਹਾਂ ਵਿੱਚ ਮੇਰੀਆਂ ਦੋ ਛੋਟੀਆਂ ਭੈਣਾਂ ਵੀ ਸ਼ਾਮਿਲ ਸਨ, ਵਿਆਹੁਣ ਵਾਲੇ ਸਨ | ਉਨ੍ਹਾਂ ਦੇ ਮਨ ਵਿੱਚ ਸੰਸਾਰੀ ਰਿਸ਼ਤਿਆਂ ਦਾ ਮੋਹ ਨਾਂ ਮਾਤਰ ਵੀ ਦਿਖਾਈ ਨਹੀਂ ਦੇ ਰਿਹਾ ਸੀ |
ਮਹਾਨ ਬਾਬਾ ਜੀ ਨੇ ਉਨ੍ਹਾਂ ਨੂੰ ਸਭ ਸੰਸਾਰਕ ਮੋਹ-ਮਾਇਆ ਦੇ ਜਾਲ ਵਿੱਚੋਂ ਮੁਕਤ ਕਰ ਦਿੱਤਾ ਸੀ | ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਿਆਰ ਵਿੱਚ ਦੁਨੀਆਂ ਨੂੰ ਭੁੱਲ ਗਏ ਸਨ|
ਇਹ ਇਕ ਸ਼ਾਨਦਾਰ ਯਾਤਰਾ ਸੀ | ਇਕ ਦਰਗਾਹੀ ਪਾਲਕੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਅਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋਏ ਮਾਤਾ ਜੀ ਇਸ ਮਿਰਤਲੋਕ ਨੂੰ ਤਿਆਗ ਗਏ | ਇਹ ਸੱਚਖੰਡ ਦੀ ਸੱਚੀ ਯਾਤਰਾ ਦਾ ਇਕ ਅਨੰਦਮਈ ਸੱਚਾ ਦ੍ਰਿਸ਼ਟਾਂਤ ਸੀ| ਖੇੜਾ ਅਤੇ ਅਨੰਦ ਮਾਤਾ ਜੀ ਦੇ ਚਿਹਰੇ ਤੇ ਦੁਨੀਆਂ ਨੂੰ ਤਿਆਗਣ ਵੇਲੇ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਨਿਵਾਸ ਕਰਨ ਵਕਤ ਬੜੇ ਅਲੌਕਿਕ ਤੇ ਅਸਚਰਜ ਤਰੀਕੇ ਨਾਲ ਜ਼ਾਹਿਰ ਹੋ ਰਿਹਾ ਸੀ|
ਉਸ ਵੇਲੇ ਮਾਤਾ ਜੀ ਦੇ ਦਰਸ਼ਨ ਇਕ ਮਹਾਨ ਦੇਵੀ ਮਾਤਾ ਦੇ ਦਰਸ਼ਨ ਸਨ | ਉਹ ਦੇਵੀ ਮਾਤਾ ਜਿਹੜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਨਿਵਾਸ ਰੱਖ ਰਹੀ ਸੀ | ਇਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਤੇ ਉਨ੍ਹਾਂ ਦੀ ਬਖਸ਼ਿਸ਼ ਦਾ ਕਮਾਲ ਸੀ | ਸਾਡੇ ਸਾਰਿਆਂ ਵਾਸਤੇ ਇਕ ਹੈਰਾਨੀ ਭਰਿਆ ਅਨੁਭਵ ਸੀ ਅਤੇ ਮੇਰੇ ਦੋਸਤ ਸ. ਰਜਿੰਦਰ ਸਿੰਘ ਦੇ ਪਿਤਾ ਜੀ ਵਾਸਤੇ ਵੀ, ਜੋ ਘਰ ਵਿੱਚ ਪਹਿਲੀ ਵਾਰ ਆਏ ਸਨ ਅਤੇ ਸੰਗਤ ਵਿੱਚ ਬੈਠੇ ਹੋਏ ਸਨ | ਉਨ੍ਹਾਂ ਨੇ ਵੀ ਪਵਿੱਤਰ ਕੀਰਤਨ ਸਰਵਣ ਕਰਦਿਆਂ ਇਹ ਸਾਰਾ ਬ੍ਰਿਤਾਂਤ ਆਪਣੀਆਂ ਅੱਖਾਂ ਨਾਲ ਦੇਖਿਆ | ਉਨ੍ਹਾਂ ਨੇ ਇਸ ਬ੍ਰਿਤਾਂਤ ਨੂੰ ਠੀਕ ਉਸ ਤਰ੍ਹਾਂ ਹੀ ਸੁਣਾਇਆ ਜਿਸ ਤਰ੍ਹਾਂ ਅਸੀਂ ਦੇਖਿਆ ਸੀ|
ਕਬੀਰ ਜਿਸੁ ਮਰਨੇ ਤੇ ਜਗੁ ਡਰੈਮੇਰੇ ਮਨਿ ਆਨੰਦੁ ||ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ||
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1365
“ਕਾਲ” ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਹੱਦ ਅੰਦਰ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ ਕਿਉਂਕਿ ਕਾਲ ਮਹਾਨ ਬਾਬਾ ਜੀ ਦੇ ਹੁਕਮ ਅਤੇ ਆਗਿਆ ਦੇ ਅਧੀਨ ਸੀ, ਹੈ ਅਤੇ ਰਹੇਗਾ |
ਬਾਬਾ ਨਰਿੰਦਰ ਸਿੰਘ ਜੀ
ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ॥
Comments
Post a Comment