ਮਹਾਨ ਕ੍ਰਿਪਾ

 




ਆਪੇ ਲਾਇਓ ਅਪਨਾ ਪਿਆਰੁ ||   

ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ || 

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ -240
ਇਹ ਜ਼ਿਕਰ ਸੰਨ 1941 ਦਾ ਹੈ | ਅਸੀਂ ਪਿਤਾ ਜੀ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਬਾਬਾ ਜੀ ਦੇ ਠਾਠ ਤੇ ਗਏ | 

ਪਿਤਾ ਜੀ ਸੰਨ 1937 ਵਿੱਚ ਬਾਦਸ਼ਾਹ ਦੀ ਤਾਜਪੋਸ਼ੀ ਤੇ ਗੌਰਮਿੰਟ ਵੱਲੋਂ ਪੰਜਾਬ ਪੁਲਿਸ ਨੂੰ ਰੀਪਰੈਜ਼ੈਂਟ ਕਰਨ ਲਈ ਭੇਜੇ ਗਏ ਸਨ| ਉੱਥੋਂ ਉਹ ਬੱਚਿਆਂ ਵਾਸਤੇ ਕੁਝ ਚੀਜ਼ਾਂ ਲਿਆਏ ਸਨ | ਇਕ ਸੈਦ ਰੇਸ਼ਮੀ ਰੁਮਾਲ (ਜਿਸ ਉੱਪਰ ਬਹੁਤ ਸੋਹਣੀ ਕਢਾਈ ਕੀਤੀ ਹੋਈ ਸੀ) ਮੈਨੂੰ ਬਹੁਤ ਅੱਛਾ ਲੱਗਿਆ ਅਤੇ ਮੈਂ ਸੰਭਾਲ ਕੇ ਰੱਖ ਲਿਆ | 

ਜਿਸ ਵਕਤ ਪਿਤਾ ਜੀ ਨਾਲ ਅੰਦਰ ਜਾ ਕੇ ਮੱਥਾ ਟੇਕਿਆ ਤਾਂ ਉਹੀ ਰੁਮਾਲ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ | ਬਾਬਾ ਜੀ ਨੇ ਬੜੇ ਪਿਆਰ ਨਾਲ ਮੇਰੇ ਵੱਲ ਦੇਖਿਆ ਅਤੇ ਰੁਮਾਲ ਵੀ ਦੇਖਿਆ | ਉਨ੍ਹਾਂ ਦੀ ਉਸ ਪ੍ਰੇਮ ਭਰੀ ਤੱਕਣੀ ਵਿੱਚ ਪ੍ਰਵਾਨਗੀ ਤੇ ਪ੍ਰਸੰਨਤਾ ਦੋਨੋ ਝਲਕ ਰਹੀਆਂ ਸਨ | ਜਿਸ ਵਕਤ 28 ਅਗਸਤ ਸੰਨ 1943 ਨੂੰ ਜੁਦਾਈ ਦੇ ਮੌਕੇ ਤੇ ਉਨ੍ਹਾਂ ਨੂੰ ਜਲ ਪ੍ਰਵਾਹ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਕਿਸ਼ਤੀ ਵਿੱਚ ਬਾਬਾ ਜੀ ਨੂੰ ਜਲ ਪ੍ਰਵਾਹ ਕਰਨਾ ਸੀ, ਉਹ ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਗਈ ਸੀ| ਜਿਸ ਵਕਤ ਸਤਲੁਜ ਦਰਿਆ ਤੇ ਜਾ ਕੇ ਅੰਤਿਮ ਦਰਸ਼ਨਾਂ ਵਾਸਤੇ ਮੱਥਾ ਟੇਕਿਆ ਤਾਂ ਡਿੱਠਾ ਕਿ ਬਾਬਾ ਜੀ ਦੇ ਸੱਜੇ ਹੱਥ ਦੇ ਨਾਲ ਉਹੀ ਰੁਮਾਲ ਰੱਖਿਆ ਹੋਇਆ ਸੀ, ਦੇਖ ਕੇ ਬੜਾ ਵੈਰਾਗ ਆਇਆ |
28 ਅਗਸਤ 1944 ਨੂੰ ਜਿਸ ਵਕਤ ਉਨ੍ਹਾਂ ਦਾ ਸਾਲਾਨਾ ਸਮਾਗਮ ਮਨਾਉਣ ਜਾ ਰਹੇ ਸੀ ਤਾਂ ਸੇਵਾ ਕਰਨ ਬਾਅਦ ਜਦੋਂ ਥੋੜ੍ਹੀ ਦੇਰ ਵਾਸਤੇ ਸੁੱਤਾ ਤਾਂ ਬਾਬਾ ਨੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ | ਉਸ ਵਕਤ ਅਸਚਰਜਤਾ ਦੀ ਕੋਈ ਹੱਦ ਨਹੀਂ ਰਹੀ | ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਕਰ ਕਮਲਾਂ ਵਿੱਚ, ਇਕ ਵਿੱਚ ਸਿਮਰਨਾ ਦੂਜੇ ਵਿੱਚ ਉਹੀ ਰੇਸ਼ਮੀ ਰੁਮਾਲ ਫੜ੍ਹਿਆ ਹੋਇਆ ਸੀ |
ਇਹ ਯਾਦ ਕਰਕੇ ਬੜਾ ਵੈਰਾਗ ਆਉਂਦਾ ਹੈ ਕਿ ਇਕ ਮਾਮੂਲੀ ਜਿਹੀ ਭੇਟ ਨੂੰ ਮੇਰੇ ਸ਼ਹਿਨਸ਼ਾਹ ਨੇ ਨਜ਼ਰ ਅੰਦਾਜ਼ ਨਹੀਂ ਕੀਤਾ |

ਗੁਰੂ ਨਾਨਕ ਦਾਤਾ ਬਖਸ਼ ਲੈ।
ਬਾਬਾ ਨਾਨਕ ਬਖਸ਼ ਲੈ


Comments

Popular Posts