ਬਚਿੱਤਰ ਲੀਲ੍ਹਾ ਦੇ ਪ੍ਰਕਾਸ਼ਮਈ ਅੰਗ

 



ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਏ। ਦਸ ਜੋਤਾਂ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੇ ਐਸੀ ਅਸਚਰਜ, ਪ੍ਰਕਾਸ਼ਮਈ ਬਚਿੱਤਰ ਲੀਲ੍ਹਾ ਰਚੀ ਹੈ ਉਸਦੇ ਕੁਝ ਪ੍ਰਕਾਸ਼ਮਈ ਅੰਗ ਆਪ ਨਾਲ ਸਾਂਝੇ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ।

ਦਸ ਜੋਤਾਂ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੇ ਇਸ ਤਰ੍ਹਾਂ ਦੇ ਮਹਾਨ ਬਲੀਦਾਨ, ਮਹਾਨ ਪੂਰਨੇ ਪਾਏ ਜਿਨ੍ਹਾਂ ਦੀ ਮਿਸਾਲ ਮਿਲਦੀ ਹੀ ਨਹੀਂ। ਜਿਸ ਤਰ੍ਹਾਂ ਚਾਰ ਸਾਹਿਬਜ਼ਾਦਿਆਂ ਨੇ ਚਾਰ ਚੰਦ ਲਗਾਏ ਹਨ। ਸਾਧ ਸੰਗਤ ਜੀ ਐਡੀ ਦਰਦਨਾਕ ਇਹ ਬਚਿੱਤਰ ਲੀਲ੍ਹਾ, ਐਡੇ ਮਹਾਨ ਬਲੀਦਾਨ ਇਹ 239 ਸਾਲ ਦਾ ਖੇਡ ਕਿਸ ਕਰਕੇ ਰਚਿਆ ? ਗੁਰੂ ਨਾਨਕ ਦੀ ਗੱਦੀ ਤੇ ਜਿਸ ਵਕਤ ਦਸਮੇਸ਼ ਪਿਤਾ, ਜਿਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਸ਼ੋਬਿਤ ਕਰਦੇ ਹਨ, ਪ੍ਰਕਾਸ਼ ਕਰਦੇ ਉਸ ਵੇਲੇ ਕਿਸ ਤਰ੍ਹਾਂ ਸਾਹਿਬ ਦੀ ਪਰਿਕ੍ਰਮਾ ਕਰਦੇ ਹਨ ਚੌਰ (ਚਵਰ) ਕਰਦੇ ਹਨ ਲਾਂਭ੍ਹੇ ਹੋ ਜਾਂਦੇ ਹਨ। ਸਿਜਦਾ ਕਰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਪ੍ਰਗਟ ਗੁਰਾਂ ਦੀ ਦੇਹ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੇ ਚਰਨ ਕਮਲਾਂ ਚ' ਸੌਂਪ ਕੇ ਆਪ ਅਲੋਪ ਹੋ ਜਾਂਦੇ ਹਨ।

ਸਾਧ ਸੰਗਤ ਜੀ ਮਹਾਨ ਸਰਬਸੰਦਾਨੀ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ। ਉਸ ਵੇਲੇ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਤੇ ਉਸ ਗੁਰੂ ਨਾਨਕ ਨਿਰੰਕਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਸ਼ਸ਼ੋਬਿਤ ਕਰਦੇ ਹਨ। ਉਸ ਵੇਲੇ ਇੱਕ ਚੀਜ਼ ਤਾਂ ਪ੍ਰਤੱਖ ਹੁੰਦੀ ਹੈ ਕਿ ਇਹ 239 ਸਾਲ ਦਾ ਮਹਾਨ ਖ਼ੇਡ ਜੋ ਖ਼ੇਡਿਆ ਹੈ ਸਾਹਿਬ ਨੇ ਉਸ ਵੇਲੇ ਸਾਡੇ ਉੱਤੇ ਦਇਆ ਅਤੇ ਤਰਸ ਕਰਦੇ ਹੋਏ, ਸਾਨੂੰ ਉਨ੍ਹਾਂ ਦੇ ਚਰਨ ਕਮਲਾਂ ਵਿੱਚ ਸੌਂਪ ਕੇ ਸਾਡੇ ਨਿਰੰਕਾਰ ਸਰੂਪ ਗੁਰੂ ਨਾਨਕ ਪਾਤਸ਼ਾਹ (ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਹਿੰਦੀ ਦੁਨੀਆਂ ਤਕ ਸਾਡੇ ਵਿੱਚ ਸਾਨੂੰ ਹੀ ਦੇ ਦਿੱਤਾ ਹੈ। ਇਹ ਖ਼ੇਡ ਗੁਰੂ ਨਾਨਕ ਆਪ ਹੀ ਦਸ ਜੋਤਾਂ ਦੇ ਵਿੱਚ ਖੇਡ ਰਿਹਾ ਹੈ।

ਪਹਿਲਾ ਪ੍ਰਕਾਸ਼ਮਈ ਅੰਗ

ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਵਕਤ ਆਪਣੀ ਮਹਾਨ ਪ੍ਰੇਮ ਆਹੂਤੀ ਆਤਮ ਆਹੂਤੀ, ਦੇ ਕੇ ਪੂਰਾ ਗੁਰੂ ਪਰਾਇਣ ਹੋ ਕੇ ਦਸੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਦੇ ਵਿੱਚ ਜਿਸ ਵਕਤ ਨਿਰੰਕਾਰ ਦੀ ਜੋਤ ਨੂੰ ਪ੍ਰਗਟ ਕੀਤਾ ਹੈ, ਨਿਰੰਕਾਰ ਨੂੰ ਆਕਾਰ ਸਰੂਪ ਦੇ ਵਿੱਚ, ਗੁਰੂ ਨਾਨਕ ਨਿਰੰਕਾਰ ਦੇ ਸਰੂਪ ਦੇ ਵਿੱਚ ਸਾਹਮਣੇ ਉਤਾਰ ਲਿਆ ਹੈ, ਬਿਠਾ ਲਿਆ ਹੈ ਫਿਰ ਗੁਰੂ ਨਾਨਕ ਦੀ ਪ੍ਰਤੱਖ ਸੇਵਾ ਕੀਤੀ ਹੈ। ਉਸ ਵੇਲੇ ਰਹਿੰਦੀ ਦੁਨੀਆਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੋਈ ਸੰਸਾ ਨਹੀਂ ਛੱਡਿਆ ਕਿ ਗੁਰੂ ਨਾਨਕ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਾਹਮਣੇ ਬਿਰਾਜਮਾਨ ਹਨ। ਸਾਧ ਸੰਗਤ ਜੀ ਉਸ ਵੇਲੇ ਕਿਤਾਬ ਅਤੇ ਪੁਸਤਕ ਦ੍ਰਿਸ਼ਟੀ ਤੋਂ ਬਾਬਾ ਨੰਦ ਸਿੰਘ ਸਾਹਿਬ ਕਿਸ ਤਰ੍ਹਾਂ ਚੁੱਕ ਕੇ ਸਾਨੂੰ ਨਿਰੰਕਾਰ ਭਾਵਨਾ ਤੇ ਨਿਰੰਕਾਰ ਦ੍ਰਿਸ਼ਟੀ ਵਿੱਚ ਲਜਾ ਰਹੇ ਹਨ। ਜੇ ਸਾਡੀ ਇਹ ਭਾਵਨਾ ਬੱਝ ਜਾਏ ਤਾਂ ਕੋਈ ਭਟਕਣਾ ਰਹਿੰਦੀ ਹੀ ਨਹੀਂ, ਸਾਰੀ ਭਟਕਣਾ ਖਤਮ ਹੋ ਜਾਂਦੀ ਹੈ ਕਿਉਂਕਿ ਮਾਲਕ ਜਿਉਂ ਘਰ ਬੈਠਾ ਹੈ।

ਦੂਜਾ ਪ੍ਰਕਾਸ਼ਮਈ ਅੰਗ




ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-
ਇਹ ਸਿੱਖੀ ਬੜੀ ਅਨਮੋਲ ਹੈ। ਸਿੱਖ ਕਦੀ ਵੀ ਗੁਰੂ ਨਾਨਕ ਦੀ ਸਿੱਖੀ ਦਾ ਦਾਅਵਾ ਨਾ ਛੱਡੇ, ਇਹ ਸੁਆਸਾਂ ਨਾਲ ਲਈ ਹੈ ਅਤੇ ਆਖ਼ਰੀ ਸੁਆਸ ਤੱਕ ਨਿੱਭਣੀ ਚਾਹੀਦੀ ਹੈ।

ਉਸ ਵੇਲੇ ਫੁਰਮਾਇਆ ਕਿ-

ਬੜੇ ਲੋਕ ਕਿਤਾਬਾਂ ਲਿਖ ਗਏ ਹਨ ਕਿ ਉੱਤਮ ਕਰਮ ਕੀ ਹੈ ਤੇ ਮੰਦਾ ਕਰਮ ਕੀ ਹੈ? ਫੁਰਮਾਉਂਣ ਲੱਗੇ ਸਿੱਖ ਦੀ ਗੁਰੂ ਤੇ ਸਤਿਗੁਰੂ ਦੇ ਚਰਨ ਕਮਲਾਂ ਨਾਲ ਨਿਭ ਜਾਏ, ਸਤਿਗੁਰੂ ਦੇ ਚਰਨ ਕਮਲਾਂ ਨਾਲ ਬਣ ਆਵੇ ਇਸ ਤੋਂ ਉੱਤਮ ਕਰਮ ਹੋਰ ਕੋਈ ਨਹੀਂ। ਸਤਿਗੁਰੂ ਦੇ ਚਰਨ ਕਮਲਾਂ ਨਾਲ ਨਾ ਬਣ ਸਕੇ, ਨਾ ਨਿਭ ਸਕੇ ਇਸ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ। ਸਿੱਖ ਗੁਰੂ ਨਾਨਕ ਦਾ ਬਣਿਆ ਰਹੇ ਸਿੱਖੀ ਦਾ ਦਾਅਵਾ ਕਦੀ ਨਾ ਛੱਡੇ।

ਫਿਰ ਜਿਸ ਨਿਮਰਤਾ ਤੇ ਗਰੀਬੀ 'ਚ ਫੁਰਮਾਇਆ ਕਿ-

ਅਸੀ ਸਿੱਖ ਬਣਨ ਦਾ ਬੜਾ ਯਤਨ ਕੀਤਾ ਹੈ ਪਰ ਹਾਲੇ ਤਕ ਪੂਰਾ ਨਹੀਂ ਬਣ ਸਕੇ।
ਤੀਜਾ ਪ੍ਰਕਾਸ਼ਮਈ ਅੰਗ

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ-

ਸਤਿਗੁਰੂ ਭਾਵਨਾ ਅਤੇ ਪ੍ਰੇਮ ਦਾ ਭੁੱਖਾ ਹੈ।
ਗੋਬਿੰਦ ਭਾਉ ਭਗਤਿ ਦਾ ਭੁਖਾ॥
ਜਦ ਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਉਹ ਹਾਜ਼ਰ ਨਾਜ਼ਰ-ਪ੍ਰਗਟ ਗੁਰਾਂ ਦੀ ਦੇਹ ਦੀ ਭਾਵਨਾ ਨਹੀਂ ਬੱਝਦੀ, ਉਦੋਂ ਤਕ ਭਟਕਣਾ ਹੈ, ਜਿਸ ਵਕਤ ਇਹ ਭਾਵਨਾ ਬੱਝ ਜਾਏ ਕਿ ਗੁਰੂ ਨਾਨਕ ਨਿਰੰਕਾਰ ਸਾਡੇ ਵਿੱਚ, ਸਾਡੇ ਸਾਹਮਣੇ ਬੈਠਾ ਹੈ, ਉਸ ਵੇਲੇ ਕੋਈ ਭਟਕਣਾ ਨਹੀਂ ਕਿਉਂਕਿ ਮਾਲਕ ਜੋ ਘਰ 'ਚ ਬੈਠਾ ਹੈ, ਗੁਰੂ ਨਾਨਕ ਜਿਉ ਸਾਡੇ ਸਾਮ੍ਹਣੇ ਘਰ 'ਚ ਬੈਠਾ ਹੈ
ਚੌਥਾ ਪ੍ਰਕਾਸ਼ਮਈ ਅੰਗ

ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਫੁਰਮਾ ਰਹੇ ਹਨ-

ਜੋ ਜਨਮੇ ਸੇ ਰੋਗਿ ਵਿਆਪੇ॥ 
ਹਉਮੈਂ' ਮਾਇਆ ਦੂਖਿ ਸੰਤਾਪੇ॥ 
ਸੇ ਜਨ ਬਾਚੇ ਜੋ ਪ੍ਰਭਿ ਰਾਖੇ॥ 
ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-352
ਸਤਿਗੁਰੂ ਦੀ ਸੇਵਾ ਕੀ ਹੈ ?
ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-286
ਸਤਿਗੁਰੁ ਸੇਵੇ ਤਿਲੁ ਨ ਤਮਾਇ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-361
ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਪੂਰੀ ਨਿਸ਼ਕਾਮਤਾ ਵਿੱਚ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਹਰ ਇੱਕ ਚੀਜ਼ ਨਿਸ਼ਕਾਮਤਾ 'ਚ ਕੀਤੀ ਹੈ।

ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਦਾ ਫੁਰਮਾਣ ਹੈ-

ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ॥
ਗੁਰਮੱਤ ਦਾ ਸੁਨਿਹਰੀ ਅਸੂਲ ਨਿਸ਼ਕਾਮਤਾ ਹੈ।
ਸਾਧ ਸੰਗਤ ਜੀ ਸਤਿਗੁਰੂ ਦੇ ਰੋਮ-ਰੋਮ ਵਿੱਚ ਉਹ ਅੰਮ੍ਰਿਤ ਵਹਿੰਦਾ ਹੈ, ਸਤਿਗੁਰੂ ਦੇ ਰੋਮ-ਰੋਮ ਚੋਂ ਉਹ ਅੰਮ੍ਰਿਤ ਦੀ ਵਰਖ਼ਾ ਹੁੰਦੀ ਹੈ।
ਪਿਤਾ ਜੀ ਉਸ ਵੇਲੇ ਕਹਿਣ ਲੱਗੇ ਕਿ ਕਿਹੜਾ ਅੰਮ੍ਰਿਤ ?
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ॥
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ॥
ਸ੍ਰੀ ਗੁਰੂ ਅਰਜਨ ਦੇਵ ਜੀ

ਅਸੀਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, 

ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਬੈਠੇ ਹਾਂ, 

ਉਨ੍ਹਾਂ ਦੇ ਚਰਨ ਕਮਲਾਂ 'ਚ ਬੈਠੇ ਹਾਂ ਅਤੇ 

ਇੱਕ ਬੂੰਦ ਅੰਮ੍ਰਿਤ ਦੀ ਜਿਹੜਾ ਸਤਿਗੁਰੂ ਬਖਸ਼ਿਸ਼ ਕਰਦਾ ਹੈ, 

ਉਸਦੇ ਨਾਲ... ਕਿਉਂਕਿ ਇਹ ਮ੍ਰਿਤ ਲੋਕ ਹੈ ਜਿੱਥੇ ਹਰ ਚੀਜ਼ ਤਤ ਵਿਨਾਸ਼ੀ ਹੈ, 

ਇਸ ਵਿਨਾਸ਼ ਚੋਂ ਕੱਢ ਕੇ ਸਤਿਗੁਰੂ ਦਾ ਉਹ ਅੰਮ੍ਰਿਤ ਸਦਾ ਲਈ ਅਮਰ ਕਰ ਦਿੰਦਾ ਹੈ।


ਪਿਤਾ ਜੀ ਫਿਰ ਫੁਰਮਾਉਂਣ ਲੱਗੇ ਕਿ-
ਜਿਸਨੂੰ ਵੀ ਸਤਿਗੁਰੂ ਅੰਮ੍ਰਿਤ ਦੀ ਇਹ ਇੱਕ ਬੂੰਦ ਬਖਸ਼ ਦਿੰਦਾ ਹੈ ਉਹਨੂੰ ਸਦਾ ਲਈ ਸੁਰਜੀਤ ਕਰ ਦਿੰਦਾ ਹੈ।

ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-

ਜਿਸਨੇ ਵੀ ਇਹ ਅੰਮ੍ਰਿਤ ਰਸ... 
ਸਤਿਗੁਰੂ ਸੇਵਿ ਅੰਮ੍ਰਿਤ ਸਰੁ ਚਾਖੇ॥ 
...ਚੱਖ ਲਿਆ ਹੈ ਉਸਦੀ ਅਡਰੀ ਹਸਤੀ ਰਹਿੰਦੀ ਹੀ ਨਹੀਂ।

ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ॥



Nanak Leela Part 2

Comments