ਜੇਵਡੁ ਆਪਿ ਤੇਵਡੁ ਤੇਰੀ ਦਾਤਿ - ਨਿਰੰਕਾਰ ਦਾ ਦਾਨ
1
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥੧॥ ਰਹਾਉ॥
ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ॥
ਜਿਸਹਿ ਕ੍ਰਿਪਾਲ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ॥੧॥
ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ॥
ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੇ ਦਾਨੁ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1226
ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ-
ਦਾਨ ਆਪਣੀ ਵਿਤ ਅਨੁਸਾਰ ਹੁੰਦਾ ਹੈ। ਜਿਸ ਤਰ੍ਹਾਂ ਦੀ ਸਮਰੱਥਾ ਹੋਵੇ ਉਸੀ ਤਰ੍ਹਾਂ ਦਾ ਦਾਨ ਇਨਸਾਨ ਦੇ ਸਕਦਾ ਹੈ।
ਇੱਕ ਰਾਜਾ ਹੈ ਵੱਡਾ ਦਾਨ ਦੇਣਾ ਚਾਹੁੰਦਾ ਹੈ ਪਰ ਜਿਆਦਾ ਤੋਂ ਜਿਆਦਾ ਰਾਜ ਪਾਟ ਦਾਨ ਵਿੱਚ ਦੇ ਦੇਵੇਗਾ। ਜੋ ਕੁੱਝ ਉਸ ਪਾਸ ਹੈ ਉਹ ਦਾਨ ਵਿੱਚ ਦੇ ਸਕਦਾ ਹੈ ਪਰ ਕਿਸੇ ਨੇ ਨਿਰੰਕਾਰ ਦੀ ਸਮਰੱਥਾ ਦਾ ਨਾਪ ਲਿਆ ਹੈ? ਅੱਜ ਤੱਕ ਕਿਸੇ ਨੇ ਅਕਾਲ ਪੁਰਖ ਪਾਰਬ੍ਰਹਮ ਦੀ ਸਮਰੱਥਾ ਦਾ ਨਾਪ ਲਿਆ ਹੈ ? ਅੱਜ ਤੱਕ ਉਸਦਾ ਜਾਇਜ਼ਾ ਹੋ ਸਕਿਆ ਹੈ?
ਜੇਵਡੁ ਆਪਿ ਤੇਵਡੁ ਤੇਰੀ ਦਾਤਿ
ਜਿੰਨਾਂ ਵੱਡਾ ਕੋਈ ਹੋ ਸਕਦਾ ਹੈ ਉਨਾਂ ਵੱਡਾ ਦਾਨ ਉਹ ਦੇ ਸਕਦਾ ਹੈ ਪਰ ਨਿਰੰਕਾਰ ਕਿੰਨਾਂ ਕੁ ਵੱਡਾ ਹੈ?
ਗੁਰੂ ਨਾਨਕ ਪਾਤਸ਼ਾਹ ਦਾਤ ਬਖਸ਼ਣਾ ਚਾਹੁੰਦੇ ਹਨ, ਗੁਰੂ ਅੰਗਦ ਸਾਹਿਬ ਤੇ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਪ੍ਰਸੰਨ ਹੋ ਕੇ ਆਪਣੇ ਆਪ ਨੂੰ ਉਸ ਦਾਤ ਵਿੱਚ ਗੁਰੂ ਅੰਗਦ ਸਾਹਿਬ ਵਿੱਚ ਉਤਾਰ ਦਿੰਦੇ ਹਨ। ਸਾਹਿਬ ਆਪਣੇ ਆਪ ਨੂੰ ਗੁਰੂ ਅੰਗਦ ਵਿੱਚ ਪ੍ਰਕਾਸ਼ਿਤ ਕਰ ਦਿੰਦੇ ਹਨ। ਸਾਹਿਬ ਉਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਆਪਣੇ ਆਪ ਨੂੰ ਗੁਰੂ ਅਮਰਦਾਸ ਵਿੱਚ ਉਤਾਰ ਦਿੰਦੇ ਹਨ। ਗੁਰੂ ਅਮਰਦਾਸ ਜੀ ਉਸੇ ਦਾਤ ਨੂੰ ਗੁਰੂ ਰਾਮਦਾਸ ਜੀ ਵਿੱਚ ਉਤਾਰ ਦਿੰਦੇ ਹਨ। ਗੁਰੂ ਰਾਮਦਾਸ ਜੀ ਉਸ ਦਾਤ ਨੂੰ, ਬਖਸ਼ਿਸ਼ ਨੂੰ ਆਪਣੇ ਨਿਰੰਕਾਰ ਸਰੂਪ ਨੂੰ, ਗੁਰੂ ਅਰਜਨ ਸਾਹਿਬ ਵਿੱਚ ਉਤਾਰ ਦਿੰਦੇ ਹਨ।
ਹੁਣ ਸਾਹਿਬ ਗੁਰੂ ਅਰਜਨ ਪਾਤਸ਼ਾਹ...
ਤਤੁ ਬੀਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1408
ਉਹ ਨਿਰੰਕਾਰ ਆਪ ਅਵਤਾਰ ਲੈ ਕੇ ਆਇਆ ਹੈ ਪਰ ਜਗਤ ਦੇ ਤਾਰਨੇ ਨੂੰ।
ਸਾਧ ਸੰਗਤ ਜੀ
ਜਿਸ ਵਕਤ ਵੀ ਉਹ ਕਿਸੇ ਮਹਾਂਪੁਰਸ਼ ਨੂੰ ਭੇਜਦਾ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅਰਜਨ ਪਾਤਸ਼ਾਹ ਕਿਸੇ ਮਹਾਂਪੁਰਖ ਨੂੰ ਇਸ ਸੰਸਾਰ ਵਿੱਚ ਭੇਜਦੇ ਹਨ, ਉਹ ਆਪਣੇ ਵਾਸਤੇ ਕੁੱਝ ਕਮਾਉਣ ਵਾਸਤੇ, ਕੁੱਝ ਇਕੱਠਾ ਕਰਣ ਵਾਸਤੇ ਨਹੀਂ ਆਉਂਦਾ, ਕੁੱਝ ਨਾਲ ਲਿਜਾਉਣ ਵਾਸਤੇ ਨਹੀਂ ਆਉਂਦਾ।
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੇਨਿ ਮਿਲਾਏ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 748
ਉਹ ਸਿਰਫ ਦੇਣ ਵਾਸਤੇ ਹੀ ਆਉਂਦਾ ਹੈ ਲੈਂਦਾ ਕੁੱਝ ਨਹੀਂ। ਸਾਹਿਬ ਸੰਸਾਰ ਦੇ ਤਾਰਨੇ ਨੂੰ ਆਏ ਤੇ ਫਿਰ ਆਪਣੀ ਵਿਤ ਅਨੁਸਾਰ, ਆਪਣੀ ਸਮਰੱਥਾ ਅਨੁਸਾਰ ਹੁਣ ਜਗਤ ਦੇ ਤਾਰਨ ਵਾਸਤੇ ਕਿਹੜਾ ਤਾਰਨਹਾਰ ਜਹਾਜ਼ ਬਣਾਉਂਦੇ ਹਨ, ਜਿਸ ਵਿੱਚ ਆਪਣੇ ਆਪ ਨੂੰ, ਗੁਰੂ ਨਾਨਕ ਪਾਤਸਾਹ ਨੂੰ...
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1409
...ਉਸ ਜੋਤ ਰੂਪ ਹਰੀ ਨੂੰ, ਨਿਰੰਕਾਰ ਨੂੰ, ਗੁਰੂ ਨਾਨਕ ਨੂੰ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਤਾਰਦੇ ਹਨ ਅਤੇ ਫਿਰ ਉਸ ਦਾ ਪਹਿਲਾ ਪ੍ਰਕਾਸ਼ ਕਰਦੇ ਹਨ।
Comments
Post a Comment